ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Sunday, 5 June, 2011- 01:50 am

ਪਾਪ ਪੁੰਨ ਕੀ ਸਾਰ ਨ ਜਾਣੇ..
 ਪਾਪ ਤੇ ਪੁੰਨ ਦੀ ਵਿਆਖਿਆ ਇੰਜ ਹੀ ਹੈ ਜਿਵੇਂ ‘ਧਾਰਮਿਕ ਗ੍ਰੰਥਾਂ’ ਨੇ ਸਵਰਗ ਦੀ ਨਰਕ ਦੀ ਕੀਤੀ ਹੈ। ਗਰਮ ਮੁਲਕ ਵਿਚ ਰਹਿਣ ਵਾਲੇ ਦੀ ਕਲਪਨਾ ਵਿਚ ਸਵਰਗ ਠੰਢਾ ਹੈ, ਉੱਥੇ ਠੰਢੇ ਜਲ ਦੇ ਝਰਨੇ ਵਗਦੇ ਹਨ, ਠੰਢੀਆਂ ਹਵਾਵਾਂ ਚੱਲਦਿਆਂ ਹਨ, ਰਹਿਣ ਲਈ ਬਾਗ਼ ਹਨ, ਬਗੀਚੇ ਹਨ। ਕਾਰਨ ਕਿ ਉੱਥੋਂ ਵਾਲੇ ਗਰਮੀ ਵਿਚ ਰਹਿ ਰਹਿ ਅੱਕੇ ਪਏ ਸਨ ਤੇ ਮਨੁੱਖ ਨੂੰ ਤਬਦੀਲੀ ਚਾਹੀਦੀ ਹੈ ਅਤੇ ਤਬਦੀਲੀ ਤਾਂ ਫਿਰ ਗਰਮੀ ਦੇ ਮੁਕਾਬਲੇ ਠੰਢੀ ਹੀ ਹੋਵੇਗੀ। ਪਰ ਇੱਧਰ ਠੰਢੇ ਤੇ ਬਰਫ਼ ਪੈਂਦੇ ਮੁਲਕਾਂ ਦੇ ਸਵਰਗ ਦੀ ਕਲਪਨਾ ਵਿਚ ਗਰਮ ਇਲਾਕੇ ਹਨ, ਬੀਚਾਂ ਹਨ, ਸਮੁੰਦਰ ਦੇ ਕੰਡੇ ਹਨ, ਖਾਣ ਅਤੇ ਰਹਿਣ ਲਈ ਗਰਮ ਚੀਜ਼ਾਂ ਦੀ ਕਲਪਨਾ ਹੈ।
 ਹੁਣ ਦੱਸੋ ਸਵਰਗ ਬਣਾਉਣ ਵਾਲਾ ਕਿਸ ਦੇ ਆਖੇ ਲੱਗ ਕੇ ਸਵਰਗ ਦੀ ਸਿਰਜਨਾ ਕਰੇਗਾ। ਗਰਮ ਸਵਰਗ ਵਾਲਿਆਂ ਦੇ ਆਖੇ ਲੱਗੇ ਜਾਂ ਠੰਢੇ ਵਾਲਿਆਂ ਦੇ। ਬੰਦੇ ਦੋਵੇਂ ਉਸ ਦੇ ਨੇ!
 ਪਾਪ-ਪੁੰਨ ਦੀ ਗੱਲ ਕਰ ਲਓ। ਇੱਕ ਲਈ ਗਾਂ ਦੀ ਪੂਜਾ ਕਰਨੀ ਪੁੰਨ ਹੈ ਅਤੇ ‘ਸਵਰਗ’ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਤੇ ਇੱਕ ਗਾਂ ਵੱਢ ਕੇ ਖਾ ਜਾਂਦੇ ਹਨ ਪੁੰਨ ਤਾਂ ਕਿਧਰ ਰਿਹਾ ਉਨ੍ਹਾਂ ਲਈ ਗਾਂ ਵੱਢਣੀ ਵੀ ਕੋਈ ਪਾਪ ਨਹੀਂ। ਹੁਣ ਹਿੰਦੂ ਲਈ ਜਿਹੜਾ ਪੁੰਨ ਹੈ ਮੁਸਲਮਾਨ ਜਾਂ ਵੈਸਟ ਲਈ ਕੋਈ ਪੁੰਨ ਨਹੀਂ। ਸੂਰ ਦਾ ਨਾਂ ਲੈਣਾ ਵੀ ਇੱਕ ਲਈ ਪਾਪ ਹੈ ਪਰ ਦੂਜਾ ਉਸ ਨੂੰ ਵੱਢ ਕੇ ਛਕਣ ਲਗਾ ਮਿੰਟ ਨਹੀਂ ਲਾਉਂਦਾ।
 ਡਿਸਕਵਰੀ ਉੱਪਰ ਜੰਗਲ ਦੀ ਜ਼ਿੰਦਗੀ ਬਾਰੇ ਆ ਰਿਹਾ ਸੀ। ਸ਼ੇਰ ਇੱਕ ਬੜੇ ਨਾਜ਼ੁਕ ਜਿਹੇ ਹਿਰਨ ਦੀ ਧੌਣ ਮਰੋੜ ਰਹੇ ਸਨ। ਇੱਕ ਤਗੜਾ ਸੰਢਾ ਕਈਆਂ ਸ਼ੇਰਾਂ ਨੇ ਫੜਿਆ ਹੋਇਆ ਸੀ। ਕੋਈ ਧੌਣ ਨੂੰ, ਕੋਈ ਸ਼ਾਹ ਰਗ ਨੂੰ ਤੇ ਕੋਈ ਉਸ ਦੀ ਪਿੱਠ ਤੇ ਚੜ੍ਹਿਆ ਉਸ ਦੀਆਂ ਲੀਰਾਂ ਕਰੀ ਜਾ ਰਿਹਾ ਸੀ। ਦੇਖਣ ਵਾਲੇ ਦੀ ਹਮਦਰਦੀ ਕੁਦਰਤੀਂ ਮਾਰੇ ਜਾਣ ਵਾਲੇ ਨਾਲ ਹੋਣੀ ਹੈ। ਪਤਨੀ ਮੇਰੀ ਕਹਿਣ ਲੱਗੀ ਕਿ ਦੇਖੋ ਕਿਵੇਂ ਇਸ ਗ਼ਰੀਬ ਦੀ ਸੰਘੀ ਮਰੋੜੀ ਜਾ ਰਹੀ ਹੈ ਜੇ ਕੋਈ ਇਨ੍ਹਾਂ ਦੀ ਮਰੋੜੇ?
 ਕਮਲ਼ੀਏ! ਤੂੰ ਖ਼ਾਹ-ਮਖ਼ਾਹ ਪ੍ਰੇਸ਼ਾਨ ਨਾ ਹੋ ਇਨ੍ਹਾਂ ਨੂੰ ਕਿਹੜਾ ਕਿਸੇ ਪੀਜਾ-ਬਰਗਰ ਬਣਾ ਕੇ ਦੇਣਾ ਇਨ੍ਹਾਂ ਇਹੀ ਖਾਣਾ। ਇੱਥੇ ਹਰੇਕ ਜੀਵ ਦੂਜੇ ਜੀਵ ਉੱਪਰ ਨਿਰਭਰ ਹੈ। ਜੇ ਇਹ ਇਸ ਨੂੰ ਨਾ ਖਾਣ ਤਾਂ ਆਪ ਮਰਨਗੇ। ਵੱਡੀ ਮੱਛੀ ਛੋਟੀ ਨੂੰ ਨਾ ਖਾਵੇ ਤਾਂ ਉਹ ਜਿਉਂਦੀ ਨਹੀਂ ਰਹਿ ਸਕਦੀ। ਅਸੀਂ-ਤੁਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਦੂਜੇ ਉੱਪਰ ‘ਪਾਪ’ ਕਰ ਕੇ ਹੀ ਜੀਓ ਰਹੇ ਹਾਂ।
 ਲੈ ਹਾਂ! ਅਸੀਂ ਕਿਸੇ ਨੂੰ ਵੱਢ ਕੇ ਥੋੜੋਂ ਖਾਂਦੇ ਹਾਂ। ਅਸੀਂ ਭਲਾ ਜੀਵਾਂ ਨੂੰ ਕੀ ਦੁੱਖ ਦਿੰਦੇ ਹਾਂ..?
 ਮੈ ਤਾਂ ਹਾਲੇ ਬੋਲਿਆ ਨਹੀਂ ਮੇਰਾ ਬੇਟਾ ਬੋਲ ਪਿਆ।
 ਮਾਂ! ਤੁਸੀਂ ਹਾਲੇ ਕੱਲ੍ਹ ਕਹਿ ਰਹੇ ਸੀ ਦਵਾਈ ਪਾਉਣੀ, ਮੈਨੂੰ ਅੰਦਰ 3-4 ਕੀੜੀਆਂ ਦਿਸੀਆਂ ਹਨ..?
 ਲੈ ਉਹ ਤਾਂ ਅਪਣਾ ਨੁਕਸਾਨ ਕਰਦੀਆਂ!
 ਪਰ ਮਕਸਦ ਤਾਂ ਆਪਣੇ ਆਪ ਨੂੰ ਬਚਾਉਣਾ ਹੀ ਏ ਨਾ।
 ਪਰ ਆਪਾਂ ਕੀੜੀਆਂ ਖਾਂਦੇ ਥੋੜੋਂ ਆਂ।
 ਮਾਰ ਕੇ ਤਾਂ ਸੁੱਟਦੇ ਹਾਂ। ਪਰ ਚਲੋ ਆਪਾਂ ਜਾਨੋਂ ਵੀ ਨਹੀਂ ਮਾਰਦੇ ਪਰ ਮੈਨੂੰ ਯਾਦ ਏ ਚਾਚਾ ਮੇਰਾ ਗੱਡਾ ਕਣਕ ਦਾ ਸ਼ਹਿਰ ਲੈ ਕੇ ਜਾਂਦਾ ਹੁੰਦਾ ਸੀ ਗੱਡੇ ਦੇ ਇੱਕ ਪਾਸੇ ਸੰਢਾ ਜੁਪਿਆ ਹੁੰਦਾ ਸੀ ਤੇ  ਰਾਹ ਵਿਚ ਇੱਕ ਨਹਿਰ ਅਤੇ ਦੂਜਾ ਫਾਟਕ ਵਾਲੀ ਚੜ੍ਹਾਈ ਪੈਂਦੀ ਸੀ ਉਸ ਵੇਲੇ ਉੱਪਰੋਂ ਗੱਡਾ ਕਣਕ ਦਾ ਲੱਦਿਆ, ਦੂਜਾ ਚੜ੍ਹਾਈ ਤੇ ਤੀਜਾ ਉੱਪਰੋਂ ਬੈਂਤ ਦੀ ਪਰਾਣੀ। ਤੇ ਜਦ ਬਾਅਦ ਦੁਪਹਿਰ ਖ਼ਾਲੀ ਗੱਡਾ ਘਰ ਮੁੜਦਾ ਸੀ ਤਾਂ ਸੰਡੇ ਵਿਚਾਰੇ ਦਾ ਮਾਸ ਪਿੰਡੇ ਤੋਂ ਉੱਡਿਆ ਹੁੰਦਾ ਸੀ ਦੱਸ ਉਹ ਜੀਅ ਤੇ ਜ਼ੁਲਮ ਨਹੀਂ ਸੀ? ਇਕੇ ਵਾਰ ਮਾਰ ਦੇਣਾ ਵੱਡਾ ‘ਪਾਪ’ ਏ ਜਾਂ ਰੋਜ਼ਾਨਾ ਹਲਾਲ ਕਰਨਾ? ਹੁਣ ਤਾਂ ਚਲੋ ਮਸ਼ੀਨਰੀ ਆ ਗਈ ਪਰ ਹਾਲੇ ਕੱਲ੍ਹ ਦੀਆਂ ਗੱਲਾਂ ਹੱਲੇ ਜੁੱਤੇ ਪਸ਼ੂਆਂ ਦਾ ਸਾਡੇ ਬਜ਼ੁਰਗ ਕੀ ਹਾਲ ਕਰਦੇ ਸਨ। ਬੇਸ਼ੱਕ ਉਹ ਜਾਣ ਬੁਝ ਕੇ ਨਹੀਂ ਸਨ ਕਰਦੇ ਪਰ ਆਪਣੇ ਜਿਉਂਣ ਲਈ ਉਨ੍ਹਾਂ ਨੂੰ ਇਹ ‘ਜ਼ੁਲਮ’ ਕਰਨਾ ਹੀ ਪੈਂਦਾ ਸੀ।
 ਸਾਡੇ ਗੁਆਂਢੀ ਕੋਲ ਇੱਕ ਖੋਤੀ ਹੁੰਦੀ ਸੀ। ਸੀ ਉਹ ਮਾੜੀ ਪਰ ਪੰਡ ਚਰ੍ਹੀ ਦੀ ਉਹ ਭਾਰੀ ਲੱਦ ਦਿੰਦਾ ਸੀ ਤੇ ਖੋਤੀ ਬਹੁਤੀ ਵਾਰੀ ਰਾਹ ਵਿਚ ਹੀ ਬੈਠ ਜਾਂਦੀ ਸੀ ਤੇ ਗੁਆਂਢੀ ਢਾਹ-ਢਾਹ ਕੇ ਉਸ ਦੀ ਛਿੱਲ ਲਾਹੁੰਦਾ ਹੁੰਦਾ ਸੀ। ਮਾਮਾ ਮੇਰਾ ਜੇਠੂਵਾਲੀਆਂ ਦਾ ਚੇਲਾ ਹੈ ਉਹ ਵੀ ਜੀਵਾਂ ਦੇ ਵੱਢ ਵੱਡਈਏ ਤੇ ਬੜਾ ਨੱਕ ਫੜਦਾ ਪਰ ਉਸ ਕੋਲੇ ਬੂਰਾ ਸੰਢਾ ਹੁੰਦਾ ਸੀ ਤੇ ਉਸ ਦੀ ਹਾਲਤ? ਊਠਣੀ ਹੁੰਦੀ ਸੀ ਉਸ ਕੋਲੇ ਇੱਕ ਪਿੰਡੋਂ ਰੂੜੀ ਲੱਦਣੀ ਤੇ ਖੇਤੋਂ ਚਰ੍ਹੀ ਜਾਂ ਕਣਕ ਲੱਦ ਲਿਆਉਣੀ। ਸ਼ਾਮ ਤੱਕ ਉਸ ਤੁਰਨਾ ਨਾ ਤੇ ਆਖ਼ਰ ਕਈ ਚਿਰ ‘ਲੇਖਾ’ ਦਿੰਦੀ ਅਰੜਾਉਂਦੀ ਹੀ ਉਹ ਮਰ ਗਈ ਜਾਂ ਮਾਰ ਦਿੱਤੀ ਗਈ।
 ਅਸੀਂ ਜਿੰਮੀਦਾਰੇ ਨਾਲ ਸਬੰਧਿਤ ਹਾਂ ਅਸੀਂ ਆਪਣੇ ਬਚਣ ਲਈ ਜਾਨਵਰਾਂ ਉੱਪਰ ਜ਼ੁਲਮ ਕਰਦੇ ਰਹੇ ਹਾਂ। ਇਸ ਨੂੰ ਕਿਹੜੇ ਪਾਪ ਦੇ ਖਾਤੇ ਜਾਂ ਜੀਵ ਹੱਤਿਆ ਦੇ ਖਾਤੇ ਪਾਵਾਂਗੇ। ਪਰ ਸਾਨੂੰ ਆਪਣੇ ਜਿਉਂਣ ਲਈ ਕਿਸੇ ਦੂਜੇ ਉੱਪਰ ‘ਜ਼ੁਲਮ’ ਕਿਸੇ ਨਾ ਕਿਸੇ ਰੂਪ ਵਿੱਚ ਕਰਨਾ ਹੀ ਪੈਣਾ ਹੈ।
 ਹੁਣ ਅਸੀਂ ਸਿੱਧੇ ਨਹੀਂ ਪਰ ਅਸਿੱਧੇ ਤੌਰ ਤੇ ਜੀਆਂ ਉੱਪਰ ਜ਼ੁਲਮ ਕਰਦੇ ਹਾਂ। ਮੇਰੇ ਤੱਕ ਜਿਹੜੀ ਕਣਕ ਦਾ ਆਟਾ ਪਹੁੰਚਦਾ ਹੈ ਉਹ ਪਤਾ ਨਹੀਂ ਕਿੰਨੇ ਜੀਆਂ ਉੱਪਰ ਜ਼ੁਲਮ ਹੋ ਕੇ ਮੇਰੇ ਤੱਕ ਪਹੁੰਚਦਾ ਹੈ। ਜ਼ਮੀਨ ਨੂੰ ਵਉਂਦਿਆਂ ਹੀ ਪਤਾ ਨਹੀਂ ਧਰਤੀ ਵਿਚ ਪਲ ਰਹੇ ਕਿੰਨੇ ਜੀਵ-ਜੰਤ ਬਾਹਰ ਆ ਕੇ ਮਰ ਜਾਂਦੇ ਹਨ ਜਾਂ ਦੂਜੇ ਜੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਣਕ ਉੱਪਰ ਪਾਈਆਂ ਗਈਆਂ ਸਪਰੇਆਂ ਪਤਾ ਨਹੀਂ ਕਿੰਨੇ ਜੀਵਾਂ ਦੀ  ਮੌਤ ਦਾ ਕਾਰਨ ਬਣਦੀਆਂ ਹਨ। ਚੌਲ ਪੈਦਾ ਕਰਨ ਲਈ ਕਿੰਨੇ ਜੀਆਂ ਦਾ ਕਤਲ ਹੁੰਦਾ ਹੈ। ਖੰਡ-ਗੁੜ ਮੈਂ ਰੋਜ਼ਾਨਾ ਵਰਤਦਾ ਹਾਂ ਕਮਾਦ ਨੂੰ ਲੱਗੇ ਪਤਾ ਨਹੀਂ ਕਿੰਨੇ ਚੂਹਿਆਂ ਨੂੰ ਮੈਨੂੰ ਮੌਤ ਦੇ ਘਾਟ ਉਤਾਰਨਾ ਪੈਂਦਾ ਹੈ। ਦੁੱਧ ਮੈਂ ਰੋਜ਼ਾਨਾ ਵਰਤਦਾ ਹਾਂ। ਮਾਂ ਦਾ ਦੁੱਧ ਉਸ ਦੇ ਬੱਚੇ ਦੇ ਮੂੰਹ ਵਿਚੋਂ ਕੱਢ ਕੇ ਮੈਂ ਆਪਣੇ ਬੱਚਿਆਂ ਦੇ ਮੂੰਹ ਪਾਉਂਦਾ ਹਾਂ। ਮੈਨੂੰ ਯਾਦ ਏ ਮੱਝ ਦੀ ਕੱਟੀ ਹੋਣੀ ਤਾਂ ਬੱਚ ਜਾਣੀ ਪਰ ਕੱਟਾ ਕਦੇ ਘੱਟ-ਵੱਧ ਹੀ ਬੱਚਿਆ ਸੀ ਕਾਰਨ ਕਿ ਕੱਟੇ ਦੀ ਲੋੜ ਨਾ ਹੋਣ ਕਾਰਨ ਉਸ ਨੂੰ ਦੁੱਧ ਨਹੀਂ ਸੀ ਛੱਡਿਆ ਜਾਂਦਾ ਤੇ ਉਹ ਭੁੱਖੋਂ ਹੀ ਤੜਫ਼ ਤੜਫ਼ ਕੇ ਮਰ ਜਾਂਦਾ ਸੀ ਯਾਨੀ ਮਾਰ ਦਿੱਤਾ ਜਾਂਦਾ ਸੀ।
 ਅੱਜ-ਕੱਲ੍ਹ ਦਵਾਈਆਂ ਟੀਕੇ ਹਰੇਕ ਦੂਜਾ-ਤੀਜਾ ਵਰਤਦਾ ਉਹ ਕਾਹਦੇ ਬਣਦੇ? ਬਹੁਤੀਆਂ ਦਵਾਈਆਂ ਅਤੇ ਟੀਕੇ ਜੀਦੇਂ ਜੀਵਾਂ ਦੀ ਚਰਬੀ, ਮਿਹਦੇ ਜਾਂ ਲਹੂ ਮਿੱਝ ਤੋਂ ਜਾਂ ਕਿਸੇ ਹੋਰ ਅੰਗ ਤੋਂ ਬਣਦੀਆਂ ਹਨ ਪਰ ਮਰਨ ਲਗਾ ਕੌਣ ਨਹੀਂ ਵਰਤਦਾ ਉਨ੍ਹਾਂ ਨੂੰ? ਮੇਰਾ ਇੱਕ ਰਿਸ਼ਤੇਦਾਰ ਏ ਉਹ ਮੱਛੀ ਦੇ ਕੈਪਸੂਲ ਰੋਜ਼ਾਨਾ ਵਰਤਦਾ ਹੈ ਉਂਝ ਉਹ ਵੈਸ਼ਨੋ ਹੈ। ਮੈਂ ਕਿਹਾ ਇਹ ਵੀ ਮੱਛੀ ਨੂੰ ਮਾਰ ਕੇ ਹੀ ਬਣਾਏ ਜਾਂਦੇ ਹਨ। ਉਹ ਕਹਿੰਦਾ ਲੈ ਵੇਖ ਕੇ ਮੱਖੀ ਥੁੜੋ ਨਿਗਲ ਹੁੰਦੀ। ਹੁਣ ਇਸ ਦਾ ਕੀ ਜਵਾਬ ਹੈ। ਆਪਣੇ ਆਪ ਨੂੰ ਬਚਾਉਣ ਲਈ ਦੂਜੇ ਨੂੰ ਮੈਨੂੰ ਮਾਰਨਾ ਹੀ ਪਵੇਗਾ!! ਸੱਪ ਦੀ ਜ਼ਹਿਰ ਪਤਾ ਹੀ ਨਹੀਂ ਕਿੰਨੀਆਂ ਦਵਾਈਆਂ ਵਿਚ ਪੈਂਦੀ ਹੈ ਪਰ ਕੀ ਸੱਪ ਭਲਮਾਣਸੀ ਨਾਲ ਹੀ ਜ਼ਹਿਰ ਦੇ ਦਿੰਦਾ ਹੈ?
 ਮੁਰਗ਼ੇ ਵੱਢਣਾ ਜੇ ਪਾਪ ਹੈ ਤਾਂ ਚੂਹੇ ਨੂੰ ਮਾਰਨਾ ਪੁੰਨ ਕਿਵੇਂ ਹੋਇਆ? ਸੁੰਡੀਆਂ, ਕਾਕਰੋਚ,ਕੀੜੀਆਂ, ਸੱਪ, ਠੂਹੇਂ ਆਦਿ ਉਹ ਵੀ ਤਾਂ ਜੀਵ ਹਨ। ਦਰਅਸਲ ਦੋਹਾਂ ਰੂਪਾਂ ਵਿਚ ਹੀ ਬਚਾਉਣਾ ਮੈਂ ਆਪਣੇ ਆਪ ਨੂੰ ਹੀ ਚਾਹੁੰਦਾ ਹਾਂ। ਇੱਕ ਨੂੰ ਮਾਰਨ ਵੇਲੇ ਮੇਰੀ ਹੋਰ ਦਲੀਲ ਹੈ ਦੂਜੇ ਲਈ ਹੋਰ। ਇੱਕ ਨੂੰ ਮਾਰਨ ਲਈ ਲਫ਼ਜ਼ ਮੈ ਆਪਣੀ ਹਿਫ਼ਾਜ਼ਤ ਜਾਂ ‘ਐਕਸੀਡੈਂਟ’ ਘੜ ਲੈਂਦਾ ਹਾਂ ਦੂਜੇ ਲਈ ਪਾਪ। ਯਾਨੀ ਪਾਪ ਅਤੇ ਪੁੰਨ ਮੇਰੇ ਮਨ ਦੀਆਂ ਖੇਡਾਂ ਹਨ। ਜਿਹੜੀ ਗੱਲ ਮੈਨੂੰ ਜਾਂ ਮੇਰੇ ਮਿਲੇ ਸੰਸਕਾਰਾਂ ਨੂੰ ਚੰਗੀ ਨਹੀਂ ਲੱਗਦੀ ਉਸ ਨੂੰ ਮੈਂ ਪਾਪ ਕਹਿ ਲੈਂਦਾ ਹਾਂ ਦੂਜੀ ਨੂੰ ਪੁੰਨ। ਜੈਨੀ ਲਈ ਖੁੱਲ੍ਹੀ ਹਵਾ ਵਿਚ ਸਾਹ ਲੈਣਾ ਵੀ ਪਾਪ ਹੈ, ਪਾਣੀ ਨਾਲ ਨਾਹੁਣਾ ਵੀ ਪਾਪ ਹੈ, ਖੁੱਲ੍ਹੇ ਮੂੰਹ ਰਹਿਣਾ ਵੀ ਪਾਪ ਹੈ ਪਰ ਆਮ ਬੰਦੇ ਲਈ ਕੋਈ ਪਾਪ ਨਹੀਂ। ਸਿੱਖਾਂ ਵਿਚ ਅਜਿਹੇ ਗਰੁੱਪ ਵੀ ਹਨ ਉਨ੍ਹਾਂ ਨੂੰ ਗੁਰੂ ਘਰੋਂ ਪ੍ਰਸਾਦ ਲੈਣਾ ਵੀ ‘ਪਾਪ’ ਹੈ, ਆਪਣੇ ਵਰਗੇ ਦੁਮਾਲਿਆਂ ਵਾਲਿਆਂ ਤੋਂ ਬਿਨਾ ਪਰਸ਼ਾਦਾ ਛਕਣਾ ਵੀ ‘ਪਾਪ’ ਹੈ, ਉਹ ਬਾਹਰ ਗਏ ਵੀ ਆਪਣੇ ਹੀ ਲੋਹੇ ਦੇ ਬਾਟੇ ਖੜਕਾਉਂਦੇ ਸਾਹੋ ਸਾਹੀ ਹੋਏ ਫਿਰਦੇ ਰਹਿੰਦੇ ਹਨ ਸਾਰਾ ਜ਼ੋਰ ਉਨ੍ਹਾਂ ਦਾ ‘ਅਪਣਾ’ ਕੜਾਹ ਪ੍ਰਸਾਦ ਬਣਾਉਣ ਤੇ ਹੀ ਲੱਗਾ ਹੁੰਦਾ। ਹੁਣ ਕੀ ਆਮ ਸਿੱਖ ਵੀ ਇਸ ਨੂੰ ‘ਪਾਪ’ ਹੀ ਮੰਨੇ ਤੇ ਹਰੇਕ ਆਪਣੇ ਆਪਣੇ ਬਾਟੇ ਖੜਕਾਉਂਦਾ ਤੁਰਿਆ ਫਿਰੇ ਕਿ ਮੈਂ ਪੁੰਨ ਦਾ ਕੰਮ ਕਰ ਰਿਹਾ ਹਾਂ!
 ਇਸ ਤੋਂ ਵੱਡਾ ਪਾਪ ਕਿਹੜਾ ਹੈ ਜਿਹੜਾ ਚੋਲ਼ਿਆਂ ਵਾਲੇ ਚੂਹੜੇ-ਚਮਾਰ ਦੇ ਨਾਂ ਤੇ ਕਰਦੇ ਹਨ। ਇੱਕ ਬੰਦੇ ਨੂੰ ਤੁਸੀਂ ਕੁੱਤਿਆਂ ਵਾਂਗ ਦੁਰਕਾਰ ਦਿਓ ਕੀ ਇਹ ਪੁੰਨ ਹੈ? ਕਦੇ ਕਿਸੇ ਨੇ ਉਸ ਦਾ ਬਾਟਾ ਅੱਡ ਲਾਉਣ ਲੱਗਿਆਂ ਜਾਂ ਪੰਗਤ ਅਲਹਿਦਾ ਕਰਨ ਲੱਗਿਆਂ ਉਸ ਦੇ ਮਨ ਅੰਦਰ ਦੀ ਪੀੜਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ? ਇੱਕ ਮਨੁੱਖੀ ਮਨ ਉੱਪਰ ਤੁਸੀਂ ਆਪਣੇ ਉੱਚੇ ਹੋਣ ਦਾ ‘ਬੁਲਡੋਜਰ’ ਫੇਰ ਕੇ ਉਸ ਨੂੰ ਤੜਫ਼ਦਾ ਕਰ ਦਿਓ ਕੀ ਇਹ ਮੁਰਗ਼ਾ ਵੱਢਣ ਨਾਲੋਂ ਘੱਟ ਪਾਪ ਹੈ? ਇੱਕ ਲੋਹੇ ਦੇ ਬਾਟੇ ਵਾਲਾ ਜਦ ਦੂਜੇ ਗੁਰਸਿੱਖ ਦੇ ਘਰੋਂ ਉਸ ਦੇ ਪਿਆਰ ਨਾਲ ਪੱਕੇ ਪ੍ਰਸ਼ਾਦੇ ਨੂੰ ਠੁੱਡਾ ਮਾਰ ਕੇ ਲੰਘ ਜਾਏ ਕੀ ਇਹ ਪਾਪ ਨਹੀਂ? ਉਸ ਦੇ ਘਰੋਂ ਮਿਲੇ ਪ੍ਰਸ਼ਾਦ ਨੂੰ ਹੀ ਚਿੜੀਆਂ ਨੂੰ ਪਾ ਦਏ ਜਾਂ ਗਾਰ ਗੇਜ ਕਰ ਦਈਏ ਕਦੇ ਸੋਚਿਆ ਕੇ ਉਸ ਦੇ ਮਨ ਦੀ ਕੀ ਹਾਲਤ ਹੁੰਦੀ ਹੋਵੇਗੀ ਕੀ ਇਹ ਪੁੰਨ ਦਾ ਕੰਮ ਹੈ? ਅਸੀਂ ਕੌਮ ਦੇ ਵੱਧਣ-ਫੁੱਲਣ ਦੇ ਰਾਹ ਬੰਦ ਕਰ ਰਹੇ ਹਾਂ ਉਸ ਕੌਮ ਦੇ ਜਿਸ ਖ਼ਾਤਰ ਗੁਰੂ ਸਾਹਿਬਾਨ, ਸਿੱਖ ਸੂਰਬੀਰਾਂ ਯੋਧਿਆਂ ਹਿੱਕਾਂ ਡਾਹੀਆਂ, ਪੁੱਠੀਆਂ ਖੱਲਾਂ ਲੁਹਾਈਆਂ, ਆਰਿਆਂ ਹੇਠ ਸਿਰ ਦਿੱਤੇ ਕੀ ਇਹ ਘੋਰ ਪਾਪ ਨਹੀਂ?
 ਸਾਡਾ ਇਹ ਪਾਪ ਪੁੰਨ ਦਾ ਸਿਲਸਿਲਾ ਉਸ ਬਾਣੀਏ ਵਰਗਾ ਹੈ ਜਿਹੜਾ ਕੀੜੀਆਂ ਨੂੰ ਤਾਂ ਸਵੇਰੇ ਸਵੇਰੇ ਆਟਾ-ਚੌਲ ਪਾ ਕੇ ਪੁੰਨ ਕਰ ਰਿਹੈ ਪਰ ਮਨੁੱਖ ਨਾਲ ਸ਼ੂਦਰ ਕਹਿ ਕੁੱਤਿਆਂ ਨਾਲੋਂ ਵੀ ਭੈੜਾ ਸਲੂਕ ਕਰ ਰਿਹੈ। ਗਾਂ ਦੀ ਤਾਂ ਪੂਜਾ ਕਰ ਰਿਹੈ ਉਸ ਲਈ ਗਊਸ਼ਾਲਾ ਖੋਲ੍ਹੀ ਫਿਰਦਾ, ਮਹਿੰਗੇ ਪੱਠੇ ਖ਼ਰੀਦ ਕੇ ਪਾ ਰਿਹੈ, ਉਸ ਉੱਪਰ ਝੁੱਲ ਦੇ ਰਿਹੈ ਪਰ ਉਸੇ ਗਊਸ਼ਾਲਾ ਦੇ ਸਾਹਵੇਂ ਇੱਕ ਮਨੁੱਖ ਭੁੱਖਾ, ਯਖ਼ ਠੰਦ ਵਿੱਚ ਫੁੱਟਪਾਥ ਤੇ ਗੋਡਿਆਂ ਵਿੱਚ ਸਿਰ ਦਈ ਪਿਆ ਹੈ ਉਸ ਨਾਲ ਉਸ ਦੀ ਕੋਈ ਹਮਦਰਦੀ ਨਹੀਂ।
  ਚੋਲ਼ਿਆਂ ਵਾਲੇ ਮਾਸ ਮਾਸ ਕਹਿ ਨੱਕ ਫੜਦੇ ਨਹੀਂ ਥੱਕਦੇ ਪਰ ਜੋ ਗੰਦ ਭੋਰਿਆਂ ਵਿੱਚ ਇੰਨ੍ਹਾ ਪਾਇਆ ਕੀ ਉਹ ਪੁੰਨ ਹੈ? ਪੁੱਤਰਾਂ ਦੇ ਦਾਨੀ ਗੁਰੂ ਨਾਲ ਜੋ ਗੰਦ ਇੰਨ੍ਹਾ ਜੋੜਿਆ ਕੀ ਉਹ ਪੁੰਨ ਹੈ? ਇਹ ਜ਼ੁਲਮ ਨਹੀਂ? ਇਹ ਘੋਰ ਨਿਰਾਦਰ ਨਹੀਂ? ਦਰਅਸਲ ਮੈਂ ਪਾਪ ਅਤੇ ਪੁੰਨ ਦੀ ਸਾਰ ਜਾਣੀ ਹੀ ਨਹੀਂ ਮੈਨੂੰ ਹੋਰ ਹੋਰ ਗੱਲਾਂ ਉੱਪਰ ਉਲਝਾ ਕੇ ਪਾਪੀ ਕਰ ਦਿੱਤਾ ਗਿਆ ਤੇ ਖ਼ੁਦ ਜਿਹੜੇ ਘੋਰ ਪਾਪੀ ਸਨ ਉਹ ‘ਬ੍ਰਹਮ-ਗਿਆਨੀ’ ਬਣਾ ਕੇ ਮੇਰੇ ਅੱਗੇ ਪਰੋਸ ਦਿੱਤੇ ਗਏ ਜਿਹੜੇ ਮੇਰੀ ਕੌਮ ਨੂੰ ਅੱਜ ਕੋਹੜ ਦਾ ਰੂਪ ਹੋ ਕੇ ਚਿੰਬੜੇ ਪਏ ਹਨ।
 ਗੁਰਦੇਵ ਸਿੰਘ ਸੱਧੇਵਾਲੀਆ
 sgurdev@hotmail.com

 

© 2011 | All rights reserved | Terms & Conditions