ਹਰਪਾਲ ਸਿੰਘ ਚੀਮਾ
Submitted by Administrator
Monday, 6 June, 2011- 02:09 am

ਸਾਕਾ ਨੀਲਾ ਤਾਰਾ ਤੋਂ ਬਾਅਦ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਅਟੱਲ: ਭਾਈ ਚੀਮਾ
ਫ਼ਤਿਹਗੜ੍ਹ ਸਾਹਿਬ, 5 ਜੂਨ (2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਵੀ ਹੋਰਨਾਂ ਸਾਕਿਆਂ ਵਾਂਗ ਆਜ਼ਾਦ ਸਿੱਖ ਰਾਜ ਦੀ ਅਟੱਲ ਸਥਾਪਤੀ ਦਾ ਆਧਾਰ ਬਣੇਗਾ। ਉਨ੍ਹਾਂ ਕਿਹਾ ਕਿ ਇਸ ਸਾਕੇ ਦਾ ਦਰਦ ਅੱਜ ਵੀ ਸਿੱਖ ਕੌਮ ਅੰਦਰ ਓਨਾ ਹੀ ਹੈ ਜਿੰਨਾ 27 ਸਾਲ ਪਹਿਲਾਂ 1984 ਵਿਚ ਸੀ ਅਤੇ ਕੌਮ ਇਸ ਨੂੰ ਕਦੇ ਵੀ ਨਹੀਂ ਭੁੱਲ ਸਕੇਗੀ। ਸਾਡੇ ਇਤਿਹਾਸ ਵਿੱਚ ਸਾਕਿਆਂ ਤੋਂ ਬਾਅਦ ਹਮੇਸ਼ਾ ਸਿੱਖ ਕੌਮ ਵਿੱਚ ਉਭਾਰ ਆਇਆ ਹੈ।ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਾਕਾ ਸਰਹਿੰਦ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿਖਾ ਨੇ ਖ਼ਾਲਸਾ ਰਾਜ ਕਾਇਮ ਕੀਤਾ ਇਸ ਤੋਂ ਬਾਅਦ ਵਾਪਰੇ ਛੋਟੇ ਤੇ ਵੱਡੇ ਸਾਕਿਆਂ ਅਤੇ ਘੱਲੂਘਾਰਿਆਂ ਬਾਅਦ ਵੱਖ ਵੱਖ ਸਿੱਖ ਮਿਸਲਾਂ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ ਨੇ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਸਾਕਾ ਨੀਲਾ ਤਾਰਾ ਤੋਂ ਬਾਅਦ ਵੀ ਸਿੱਖ ਕੌਮ ਵੱਲੋਂ ਆਜ਼ਾਦ ਸਿੱਖ ਰਾਜ ਦੀ ਕਾਇਮੀ ਲਈ ਜੱਦੋ-ਜਹਿਦ ਜਾਰੀ ਹੈ।
ਭਾਈ ਚੀਮਾ ਨੇ ਕਿਹਾ ਕਿ ਇਸ ਸਾਕੇ ਨੇ ਸਿੱਖ ਕੌਮ ਦੇ ਹਿੰਦੁਸਤਾਨ ਨਾਲ ਸੰਬੰਧਾਂ ਨੂੰ ਇੱਕ ਵੱਖਰਾ ਮੋੜ ਦਿੱਤਾ ਹੈ ਅਤੇ ਸਿੱਖ ਨੌਜਵਾਨੀ ਅੰਦਰ ਆਪਣੀ ਹਿੰਦੁਸਤਾਨ ਤੋਂ ਵੱਖਰੀ ਹਸਤੀ ਦਾ ਅਹਿਸਾਸ ਵਧਿਆ ਹੈ ਅਤੇ ਸਮੁੱਚੀ ਦੁਨੀਆ ਵਿੱਚ ਸਿੱਖ ਕੌਮ ਦੀ ਹਿੰਦੁਸਤਾਨ ਤੋਂ ਵੱਖਰੀ ਹੋਂਦ ਦੀ ਗੱਲ ਪਹੁੰਚੀ ਹੈ ਜੂਨ 84 ਤੋਂ ਬਾਅਦ ਸਿੱਖ ਕੌਮ ਦੇ ਅੱਜ ਤੱਕ ਡੁੱਲ੍ਹੇ ਖ਼ੂਨ ਦੀ ਪਿੱਠ-ਭੂਮੀ ਇਹ ਸਾਕਾ ਹੀ ਹੈ। ਭਾਈ ਚੀਮਾ ਨੇ ਕਿਹਾ ਕਿ ਇਸ ਦੇਸ਼ ਨਾਲ ਸਿੱਖ ਕੌਮ ਦੇ ਮੌਜੂਦਾ ਵਿਵਹਾਰਿਕ ਤੇ ਸਿਧਾਂਤਕ ਸਬੰਧ ਇਸ ਸਾਕੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਜ਼ਰੂਰ ਹਨ ਤੇ ਸਦਾ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤੀ ਨਿਜ਼ਾਮ ਵੱਲੋਂ ਇਸ ਸਾਕੇ ਅਤੇ ਦੋ ਦਹਾਕਿਆਂ ਦੌਰਾਨ ਵਹਾਏ ਗਏ ਸਿੱਖਾਂ ਦੇ ਖ਼ੂਨ ਨੂੰ ਭੁੱਲ ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਪਰ ਕਦੇ ਵੀ ਇਸ ਪ੍ਰਤੀ ਪਛਤਾਵਾ ਪ੍ਰਗਟ ਨਹੀਂ ਕੀਤਾ ਗਿਆ। ਭਾਵੇਂ ਦੇਸ਼ ਦੇ ‘ਥਿੰਕ ਟੈਂਕਾਂ’ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਨੱਪੇ ਤੁਲੇ ਸ਼ਬਦਾਂ ਵਿੱਚ ‘ਮੁਆਫ਼ੀ’ ਜ਼ਰੂਰ ਮੰਗਵਾਈ ਗਈ ਹੈ ਪਰ ਇਸ ਮੁਆਫ਼ੀ ਵਿੱਚ ਹੀ ‘ਪਰ’ ਲਫ਼ਜ਼ ਵਰਤ ਕੇ ਹਮਲੇ ਦੀ ਇਸ ਘਿਣਾਉਣੀ ਕਾਰਵਾਈ ਨੂੰ ਜਾਇਜ਼ ਵੀ ਠਹਿਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੋ ਦਹਾਕੇ ਮਾਰ ਖਾ ਚੁੱਕੀ ਸਿੱਖ ਕੌਮ ਨੇ ਆਪਣੇ ਭਵਿੱਖੀ ਟੀਚਿਆਂ ਦਾ ਫ਼ੈਸਲਾ 2 ਜੂਨ 1984 ਨੂੰ ਹੀ ਕਰ ਲਿਆ ਸੀ ਤੇ ਇਸ ਤੋਂ ਸਿੱਖਾਂ ਨੂੰ ਕੋਈ ਡੁਲਾ ਨਹੀਂ ਸਕੇਗਾ। ਭਾਰਤੀ ਨਿਜ਼ਾਮ ‘ਅੱਤਵਾਦ’ ਦਾ ਲੇਬਲ ਲਗਾ ਕੇ ਸਿੱਖਾਂ ਦੀ ਕਤਲੋਗਾਰਤ ਨੂੰ ਜਾਇਜ਼ ਠਹਿਰਾ ਰਿਹਾ ਹੈ ਜਿਸ ਨਾਲ ਸਿੱਖ ਨੌਜਵਾਨਾਂ ਅੰਦਰ ਆਪਣੇ ਸੁਤੰਤਰ ਰਾਜ ਦੀ ਭਾਵਨਾ ਹੋਰ ਪ੍ਰਚੰਡ ਹੋ ਰਹੀ ਹੈ।
Harpal Singh Cheema
 

© 2011 | All rights reserved | Terms & Conditions