ਭਾਰਤ ਵਿਚਲੇ ਸਿੱਖ ਰਾਜਸੀ ਗੁਲਾਮ ਤਾਂ ਹਨ ਹੀ ਪਰ ਧਾਰਮਿਕ ਤੌਰ 'ਤੇ ਵੀ ਕਿੰਨੇ ਕੁ ਆਜ਼ਾਦ ਹਨ? : Dr. Amarjit Singh washington D.C
Submitted by Administrator
Thursday, 29 June, 2017- 08:32 pm
ਭਾਰਤ ਵਿਚਲੇ ਸਿੱਖ ਰਾਜਸੀ ਗੁਲਾਮ ਤਾਂ ਹਨ ਹੀ ਪਰ ਧਾਰਮਿਕ ਤੌਰ 'ਤੇ ਵੀ ਕਿੰਨੇ ਕੁ ਆਜ਼ਾਦ ਹਨ?  :  Dr. Amarjit Singh washington D.C

ਭਾਰਤ ਨੂੰ ਚੀਨ ਵਲੋਂ ਸਿੱਧੀ ਧਮਕੀ- 'ਸਿੱਕਮ ਸੈਕਟਰ 'ਚ ਫੌਜ ਵਾਪਸ ਕੱਢੋ ਨਹੀਂ ਤਾਂ ਪਹਿਲਾਂ ਵਾਲ਼ਾ ਇਤਿਹਾਸਕ ਸਬਕ ਯਾਦ ਕਰ ਲਓ!'
ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਚੀਨੀ ਵਸਤਾਂ ਦੇ ਬਾਈਕਾਟ ਦੀ ਅਪੀਲ!
ਪਾਕਿਸਤਾਨ ਜਾ ਰਹੇ 300 ਸਿੱਖਾਂ ਦੇ ਜਥੇ ਨੂੰ ਅਟਾਰੀ ਬਾਰਡਰ 'ਤੇ ਰੋਕ ਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਨਾ ਦੇਣਾ ਸਿੱਖ ਧਰਮ ਦੇ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ!
ਸੁਰੱਖਿਆ ਦਸਤਿਆਂ ਦੇ 30 ਹਜ਼ਾਰ ਸਿਪਾਹੀਆਂ ਦੀ ਛਤਰਛਾਇਆ ਹੇਠ, 2280 ਹਿੰਦੂ ਯਾਤਰੀ ਅਮਰਨਾਥ ਗੁਫਾ ਲਈ ਰਵਾਨਾ!
ਭਾਰਤ ਵਲੋਂ 50 ਹਿੰਦੂ ਯਾਤਰੀਆਂ ਨੂੰ ਚੀਨ ਵਿਚਲੀ ਮਾਨ ਸਰੋਵਰ ਝੀਲ ਦੀ ਯਾਤਰਾ ਦੀ ਆਗਿਆ ਲਈ ਚੀਨੀ ਸਰਕਾਰ 'ਤੇ ਦਬਾਅ!
           ਵਾਸ਼ਿੰਗਟਨ, ਡੀ. ਸੀ. (1 ਜੁਲਾਈ, 2017) -ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਭਾਰਤ ਤੇ ਚੀਨ ਵਿਚਕਾਰ ਖਿੱਚੋਤਾਣ ਦਾ ਮਾਹੌਲ ਬਣਿਆ ਹੋਇਆ ਸੀ। ਚੀਨ ਵਲੋਂ ਭਾਰਤ ਤੇ ਇਹ ਦੋਸ਼ ਲਾਇਆ ਗਿਆ ਸੀ ਕਿ ਭਾਰਤ, ਸਿੱਕਮ ਸੈਕਟਰ ਵਿੱਚ, ਜਿੱਥੇ ਕਿ ਚੀਨ ਦੀ ਹੱਦ ਭੂਟਾਨ ਨਾਲ ਲਗਦੀ ਹੈ, ਆਪਣੀ ਫੌਜੀ ਸ਼ਕਤੀ ਦਾ ਵਿਖਾਵਾ ਕਰ ਰਿਹਾ ਹੈ। ਜਦੋਂ ਕਿ ਭਾਰਤ ਵਲੋਂ ਜਵਾਬੀ ਦੋਸ਼ ਲਾਇਆ ਗਿਆ ਕਿ ਚੀਨੀ ਫੌਜ ਭੂਟਾਨ ਦੀ ਸੀਮਾ 'ਤੇ ਇੱਕ ਸੜਕ ਦਾ ਨਿਰਮਾਣ ਕਰ ਰਹੀ ਹੈ, ਜਿਸ ਕਰਕੇ ਉਹ ਮਿੱਤਰ ਦੇਸ਼ ਭੂਟਾਨ ਦੀ ਮਦਦ 'ਤੇ ਆਇਆ ਹੈ। ਜਿਸ ਖੇਤਰ ਵਿੱਚ ਇਹ ਟਕਰਾਅ ਦੀ ਸਥਿਤੀ ਬਣੀ, ਉਸ ਨੂੰ ਡੋਕਾ ਲਾ ਕਿਹਾ ਜਾਂਦਾ ਹੈ।
           26 ਜੂਨ ਨੂੰ ਜਦੋਂ ਮੋਦੀ, ਅਮਰੀਕੀ ਪ੍ਰਧਾਨ ਡੋਨਲਡ ਟਰੰਪ ਨਾਲ ਮੁਲਾਕਾਤ ਕਰ ਰਿਹਾ ਸੀ, ਚੀਨੀ ਫੌਜ ਨੇ ਸਰਹੱਦੀ ਲਾਈਨ - 'ਲਾਈਨ ਆਫ ਐਕਚੂਅਲ ਕੰਟਰੋਲ' ਨੂੰ ਪਾਰ ਕਰਕੇ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕੀਤਾ ਅਤੇ ਦੋ ਫੌਜੀ ਬੰਕਰਾਂ ਨੂੰ ਤਬਾਹ ਕਰ ਦਿੱਤਾ। ਇਸ ਦੀ ਵੀਡੀਓ ਬਣਾ ਕੇ ਅੱਪਲੋਡ ਕੀਤੀ ਗਈ ਅਤੇ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ। ਯਾਦ ਰਹੇ ਸਾਲ 2008 ਵਿੱਚ ਵੀ ਚੀਨ ਨੇ ਇਸੇ ਥਾਂ ਤੋਂ ਸਰਹੱਦ ਪਾਰ ਕਰਕੇ ਭਾਰਤੀ ਫੌਜ ਦੇ ਬੰਕਰ ਤਬਾਹ ਕੀਤੇ ਸਨ। ਭਾਵੇਂ ਇਸ ਸਿੱਕਮ ਸੈਕਟਰ ਵਿੱਚ ਚੀਨ ਤੇ ਭਾਰਤ ਦੀ ਸਰਹੱਦ ਸਬੰਧੀ ਕੋਈ ਝਗੜਾ ਨਹੀਂ ਹੈ ਪਰ ਚੀਨ ਤੇ ਭੂਟਾਨ ਵਿਚਾਲੇ ਇੱਥੋਂ ਦੀ ਚੰਬੀ ਵੈਲੀ ਨੂੰ ਲੈ ਕੇ ਆਪਣੇ-ਆਪਣੇ ਦਾਅਵੇ ਹਨ। ਸੋ ਜਾਪਦਾ ਹੈ ਕਿ ਭਾਰਤ ਵਲੋਂ ਭੂਟਾਨ ਦੇ ਹੱਕ ਵਿੱਚ ਕੁਝ ਜ਼ਿਆਦਾ ਦਿਲ-ਵਧੀ ਵਿਖਾਈ ਗਈ, ਜਿਸ ਦਾ ਚੀਨ ਨੇ ਫੌਰਨ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਇਸ ਸਬੰਧੀ ਭਾਰਤ ਕੋਲ ਆਪਣਾ ਪ੍ਰੋਟੈਸਟ ਵੀ ਦਰਜ ਕਰਵਾਇਆ ਹੈ।
            ਮੋਦੀ-ਟਰੰਪ ਮਿਲਣੀ ਅਤੇ ਸਮਝੌਤਿਆਂ 'ਤੇ ਵੀ ਚੀਨ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਅਮਰੀਕਾ ਵਲੋਂ ਭਾਰਤ ਨੂੰ ਦੋ ਬਿਲੀਅਨ ਡਾਲਰ ਦੀ ਕੀਮਤ ਦੇ ਖੁਫੀਆ ਜਾਣਕਾਰੀ ਇਕੱਠੇ ਕਰਨ ਵਾਲੇ ਚਾਲਕ ਰਹਿਤ ਡਰੋਨ ਵੇਚਣ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਹੈ। ਇਨ੍ਹਾਂ ਡਰੋਨਾਂ ਦਾ ਇਸਤੇਮਾਲ ਭਾਰਤੀ ਸਮੁੰਦਰ ਅਤੇ ਸਾਊਥ ਚਾਈਨਾ ਸੀਅ 'ਤੇ ਕੀਤਾ ਜਾਣਾ ਹੈ। ਚੀਨ ਵਲੋਂ ਸਪੱਸ਼ਟਤਾ ਨਾਲ ਕਿਹਾ ਗਿਆ ਹੈ ਕਿ ਜੇ ਭਾਰਤ-ਅਮਰੀਕੀ ਸਾਂਝ, ਚੀਨ ਨੂੰ ਨੁੱਕਰੇ ਲਾਉਣ ਦੀ ਨੀਤੀ ਤਹਿਤ ਹੈ ਤਾਂ ਇਸ ਦੇ ਨਤੀਜੇ 'ਭਾਰੀ ਤਬਾਹਕੁੰਨ' ਹੋਣਗੇ। ਚੀਨ ਵਲੋਂ ਪਾਕਿਸਤਾਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਕਿਸੇ ਦਹਿਸ਼ਤਗਰਦੀ ਲਈ ਦੋਸ਼ੀ ਦੱਸਣਾ ਠੀਕ ਨਹੀਂ ਹੈ। ਇਸ ਦੇ ਉਲਟ ਪਾਕਿਸਤਾਨ ਅੱਗੇ ਹੋ ਕੇ, ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਖਿਲਾਫ ਜੰਗ ਲੜ ਰਿਹਾ ਹੈ। ਚੀਨ ਨੇ ਭਾਰਤ ਨੂੰ ਨਿਊਕਲੀਅਰ ਸਪਲਾਇਰ ਗਰੁੱਪ ਵਿੱਚ ਨਾ ਵੜਨ ਦੇਣ ਦਾ ਆਪਣਾ ਫੈਸਲਾ ਮੁੜ ਦੁਹਰਾਇਆ ਹੈ।
           ਪਿਛਲੇ ਦਿਨੀਂ ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਗੱਪ ਮਾਰੀ ਸੀ ਕਿ ਭਾਰਤ ਇੱਕੋ ਵੇਲੇ ਚੀਨ, ਪਾਕਿਸਤਾਨ ਅਤੇ ਅੰਦਰੂਨੀ ਦਹਿਸ਼ਤਗਰਦੀ ਨਾਲ ਜੰਗ ਲਈ ਤਿਆਰ ਬਰ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਵਲੋਂ ਫੌਰਨ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂਅ ਕਾਂਗ ਵੋ ਵਲੋਂ ਦਿੱਤੇ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ, 'ਭਾਰਤੀ ਫੌਜ ਸਿੱਕਮ ਸੈਕਟਰ ਦੇ ਡੌਂਗਲੌਂਗ ਖੇਤਰ ਵਿੱਚੋਂ ਫੌਰਨ ਬਾਹਰ ਨਿੱਕਲੇ। ਸੀਮਾ ਵਿਵਾਦ ਸਬੰਧੀ ਕਿਸੇ ਵੀ ਅਰਥ ਭਰਪੂਰ ਗੱਲਬਾਤ ਦੀ ਇਹ ਪਹਿਲੀ ਸ਼ਰਤ ਹੈ। ਭਾਰਤੀ ਫੌਜ ਦੀ ਇਹ ਦਿਲਵਧੀ ਖਾਹਮਖਾਹ ਇੱਕ ਟਕਰਾਅ ਦਾ ਮਾਹੌਲ ਸਿਰਜ ਰਹੀ ਹੈ। ਚੀਨੀ ਫੌਜ ਆਪਣੀ ਸੀਮਾ ਦੇ ਅੰਦਰ ਹੈ, ਜਦੋਂ ਕਿ ਭਾਰਤ ਵਲੋਂ ਸੀਮਾ ਦੀ ਉਲੰਘਣਾ ਕੀਤੀ ਗਈ ਹੈ।' ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂਅ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਭਾਰਤੀ ਫੌਜੀ ਮੁਖੀ ਰਾਵਤ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਇਸ ਨੂੰ 'ਬਹੁਤ ਹੀ ਗੈਰਜ਼ਿੰਮੇਵਰਾਨਾ' ਦੱਸਦਿਆਂ ਕਿਹਾ, 'ਜਨਰਲ ਰਾਵਤ, ਜੰਗ ਲਈ ਬੇਤਾਬ ਨਾ ਹੋਵੋ। ਇਸ ਸਬੰਧੀ ਜਿਹੜਾ ਤੁਹਾਨੂੰ ਇਤਿਹਾਸਕ ਸਬਕ ਮਿਲਿਆ ਹੋਇਆ ਹੈ, ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਉ।' ਅਸੀਂ ਚੀਨ ਸਰਕਾਰ ਦੇ ਸਟੈਂਡ ਦੀ ਹਮਾਇਤ ਕਰਦਿਆਂ ਭਾਰਤ ਦੇ ਹਿੰਦੂਤਵੀ ਕਾਇਰ ਜੰਗਬਾਜ਼ਾਂ ਨੂੰ ਫੋਕੀਆਂ ਧਮਕੀਆਂ ਦੀ ਰਾਜਨੀਤੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦੇ ਹਾਂ।
           ਯਾਦ ਰਹੇ 1962 ਵਿੱਚ ਇਹੋ ਜਿਹੀ ਹੈਂਕੜਬਾਜ਼ੀ ਦੇ ਸ਼ਿਕਾਰ ਪੰਡਿਤ ਨਹਿਰੂ ਨੇ ਚੀਨ ਨਾਲ ਪੰਗਾ ਲਿਆ ਸੀ। ਨਤੀਜੇ ਵਜੋਂ 70 ਹਜ਼ਾਰ ਵਰਗ ਮੀਲ ਇਲਾਕਾ ਗਵਾ ਕੇ ਅਤੇ ਹਜ਼ਾਰਾਂ ਫੌਜੀ ਮਰਵਾ ਕੇ ਹਾਰ ਦੀ ਡੂੰਘੀ ਨਮੋਸ਼ੀ ਦਾ ਸ਼ਿਕਾਰ ਨਹਿਰੂ 27 ਮਈ, 1964 ਨੂੰ ਚੱਲ ਵਸਿਆ ਸੀ। ਜੇ 7 ਲੱਖ ਭਾਰਤੀ ਫੌਜ, ਕਸ਼ਮੀਰ ਵਾਦੀ ਦੇ ਕੁਝ ਦਰਜਨ ਜਾਂਬਾਜ਼ ਖਾੜਕੂਆਂ ਦੇ ਸਾਹਮਣੇ ਦਿਲ ਹਾਰ ਬੈਠੀ ਹੈ ਤਾਂ ਚੀਨ ਦੀ ਫੌਜ ਦੀ ਮੁਕਾਬਲਾ ਕਰਨ ਦਾ ਇਸ ਵਿੱਚ ਕਿੰਨਾ ਕੁ ਦਮ ਹੋਵੇਗਾ, ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬ੍ਹਾ ਨਹੀਂ ਹੋਣਾ ਚਾਹੀਦਾ।
           ਭਾਰਤੀ ਹਿੰਦੂਤਵੀਆਂ ਦਾ ਇੱਕੋ ਇੱਕ ਸਫਲ ਹਥਿਆਰ ਨਫਰਤ, ਉਹ ਪੂਰੀ ਸਫਲਤਾ ਨਾਲ ਵਰਤ ਰਹੇ ਹਨ। ਭਾਰਤ ਵਿਚਲੀਆਂ ਘੱਟਗਿਣਤੀਆਂ- ਮੁਸਲਮਾਨਾਂ, ਇਸਾਈਆਂ, ਦਲਿਤਾਂ, ਆਦਿਵਾਸੀਆਂ, ਸਿੱਖਾਂ, ਬੋਧੀਆਂ ਵਿੱਚ ਇਸ ਨਫਰਤ ਅਤੇ ਇਸ ਵਿੱਚੋਂ ਨਿੱਕਲੀ ਹਿੰਸਾ ਨਾਲ ਇਨ੍ਹਾਂ ਨੇ ਦਹਿਸ਼ਤਗਰਦੀ ਦਾ ਇੱਕ ਪੂਰਾ ਦ੍ਰਿਸ਼ ਸਿਰਜਿਆ ਹੋਇਆ ਹੈ। ਪਾਕਿਸਤਾਨ ਦੇ ਖਿਲਾਫ ਹਿੰਦੂਤਵੀ ਗਰੁੱਪਾਂ ਦੀ ਨਫਰਤ ਦੀ ਕੋਈ ਸੀਮਾ ਨਹੀਂ ਹੈ। ਹੁਣ ਇਨ੍ਹਾਂ ਦੇ ਘੇਰੇ ਵਿੱਚ ਚੀਨ ਵੀ ਆ ਗਿਆ ਹੈ। ਆਰ. ਐਸ. ਐਸ. ਨਾਲ ਸਬੰਧਿਤ ਪ੍ਰਮੁੱਖ ਸੰਸਥਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਨੇਤਾ ਸੁਰੇਂਦਰ ਜੈਨ ਨੇ ਇਸ ਸਬੰਧੀ ਸਪੱਸ਼ਟ ਦਿਸ਼ਾ ਨਿਰਦੇਸ਼ ਦੇਂਦਿਆਂ ਕਿਹਾ ਹੈ- 'ਚੀਨ ਦੀ ਇਲਾਕੇ ਜਿੱਤਣ ਦੀ ਭੁੱਖ ਕਾਬੂ ਤੋਂ ਬਾਹਰ ਹੈ। ਤਿੱਬਤ 'ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਤੋਂ ਬਾਅਦ ਹੁਣ ਚੀਨ ਹੋਰ ਇਲਾਕੇ ਹੜੱਪਣ ਲਈ ਧਮਕੀਆਂ ਭਰੀ ਹਮਲਾਵਰ ਪਹੁੰਚ ਅਪਣਾ ਰਿਹਾ ਹੈ। ਭਾਰਤ ਸਰਕਾਰ ਚੀਨ ਦੀ ਇਸ ਵਧੀ ਹੋਈ ਭੁੱਖ ਦਾ ਮੂੰਹ ਤੋੜ ਜਵਾਬ ਦੇਵੇ। ਚੀਨ ਦੀ ਭਾਰਤੀ ਆਰਿਥਕਤਾ 'ਤੇ ਵੀ ਗਹਿਰੀ ਅੱਖ ਹੈ ਅਤੇ ਉਹ ਇਸ ਨੂੰ ਕਾਬੂ ਕਰਨਾ ਚਾਹੁੰਦਾ ਹੈ। ਭਾਰਤ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਚੀਨ ਦੀਆਂ ਬਣੀਆਂ ਵਸਤਾਂ ਦਾ ਬਾਈਕਾਟ ਕਰਨ ਅਤੇ ਚੀਨ ਦਾ ਬੂਥਾ ਭੰਨਣ।' ਜ਼ਾਹਰ ਹੈ ਕਿ ਹਿੰਦੂਤਵੀਆਂ ਦਾ ਕੀ ਰੁਖ ਹੈ।
           ਭਾਰਤ ਵਿਚਲੇ ਕੁਝ ਗੁੰਮਰਾਹ ਅਤੇ ਕੁਝ ਅਗਿਆਨੀ ਵੀਰ-ਭੈਣ, ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਸੁਰ ਰੱਖਦਿਆਂ ਕਹਿੰਦੇ ਹਨ - 'ਭਾਰਤ ਵਿੱਚ ਸਾਨੂੰ ਧਾਰਮਿਕ ਆਜ਼ਾਦੀ ਹੈ, ਸਿਆਸਤ ਵਿੱਚ ਸਾਡੀ ਕੋਈ ਦਿਲਚਸਪੀ ਨਹੀਂ, ਇਸ ਲਈ ਖਾਲਿਸਤਾਨ ਦੀ ਮੰਗ ਕਰਕੇ ਸਾਡੇ ਲਈ ਪ੍ਰੇਸ਼ਾਨੀਆਂ ਪੈਦਾ ਨਾ ਕਰੋ।' ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਹਰ ਲੈਕਚਰ ਦਾ ਮੁੱਖ ਵਿਸ਼ਾ ਹੀ ਇਹ ਹੁੰਦਾ ਸੀ ਕਿ ਭਾਰਤ ਵਿੱਚ ਸਿੱਖ ਕਿਵੇਂ ਗੁਲਾਮ ਹਨ। ਜੂਨ '84 ਤੋਂ ਬਾਅਦ ਪਿਛਲੇ 33 ਵਰ੍ਹਿਆਂ ਵਿੱਚ ਜੋ ਕੁਝ ਸਿੱਖਾਂ ਨਾਲ ਵਾਪਰਿਆ, ਇਸ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਭਾਰਤੀ ਹਕੂਮਤ ਨੇ ਸਿੱਖਾਂ ਦੇ ਸਰਵਨਾਸ਼ ਦੀ 'ਟੋਟਲ ਵਾਰ' ਵਿੱਢੀ ਹੋਈ ਹੈ। ਡੇਢ ਲੱਖ ਤੋਂ ਜ਼ਿਆਦਾ ਸਾਡੇ ਵੀਰ-ਭੈਣਾਂ ਇਸ ਟੋਟਲ ਵਾਰ ਦੀ ਭੇਟ ਚੜ੍ਹ ਚੁੱਕੇ ਹਨ। ਧਾਰਮਿਕ ਫਰੰਟ 'ਤੇ ਸਿੱਖਾਂ ਨੂੰ ਕਿਵੇਂ ਜਲੀਲ ਕੀਤਾ ਜਾ ਰਿਹਾ ਹੈ, ਉਸ ਦੀ ਇੱਕ ਉਦਾਹਰਣ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ, ਗੁਟਕਿਆਂ, ਧਾਰਮਿਕ ਗ੍ਰੰਥਾਂ ਦੀ ਕੀਤੀ ਜਾ ਰਹੀ ਬੇਹੁਰਮਤੀ ਹੈ। ਹੁਣ, ਭਾਰਤ ਦੇ ਸਿੱਖਾਂ ਨੂੰ ਪਾਕਿਸਤਾਨ ਵਿਚਲੇ 174 ਇਤਿਹਾਸਕ ਗੁਰਦੁਆਰਿਆਂ ਤੋਂ ਪੱਕੇ ਤੌਰ 'ਤੇ ਵਾਂਝਿਆਂ ਕਰਨ ਦੀ ਨੀਤੀ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
           ਜੂਨ ਦਾ ਮਹੀਨਾ, ਸਿੱਖਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ, ਘੱਲੂਘਾਰਾ '84, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ ਇਹ ਮਹੀਨੇ ਦੇ ਸਿੱਖ ਕੈਲੰਡਰ ਦੀਆਂ ਮੁੱਖ ਘਟਨਾਵਾਂ ਹਨ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ (ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ -16 ਜੂਨ) ਅਤੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪੰਜ-ਪੰਜ ਸੌ ਸਿੱਖਾਂ ਦੇ ਦੋ ਜਥੇ ਪਾਕਿਸਤਾਨ ਭੇਜੇ ਜਾਂਦੇ ਹਨ। ਇਹ ਸਿੱਖ ਸੰਗਤਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਅਤੇ ਸਮਾਧ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿਖੇ ਇਨ੍ਹਾਂ ਦਿਨਾਂ ਨੂੰ ਮਨਾਉਂਦੀਆਂ ਹਨ। ਇਸ ਵਾਰ, ਕੇਂਦਰ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਜਥਿਆਂ ਨੂੰ ਪ੍ਰਵਾਨਗੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਭਾਰਤ ਸਰਕਾਰ, ਯਾਤਰੀਆਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਲੈ ਸਕਦੀ, ਸ਼੍ਰੋਮਣੀ ਕਮੇਟੀ ਆਪਣੇ ਰਿਸਕ 'ਤੇ ਇਨ੍ਹਾਂ ਨੂੰ ਭੇਜ ਸਕਦੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੋਈ ਵਿਰੋਧ ਕਰਨ ਦੀ ਥਾਂ, ਸਰਕਾਰੀ ਨੀਤੀ ਦਾ ਵਫਾਦਾਰੀ ਨਾਲ ਪਾਲਣ ਕੀਤਾ।
           ਇੱਕ ਸਿੱਖ ਸੰਸਥਾ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਲਗਭਗ 300 ਯਾਤਰੀਆਂ ਦੇ ਪਾਕਿਸਤਾਨ ਜਾਣ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਕੋਲ ਪਾਕਿਸਤਾਨ ਜਾਣ ਦਾ ਕਾਨੂੰਨੀ ਵੀਜ਼ਾ ਸੀ। 28 ਜੂਨ ਨੂੰ ਸਵੇਰੇ 8 ਵਜੇ ਇਹ ਜਥਾ ਅਟਾਰੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਿਆ। ਪਾਕਿਸਤਾਨ ਵਾਲੇ ਪਾਸਿਓਂ, ਇਨ੍ਹਾਂ ਸਿੱਖ ਯਾਤਰੂਆਂ ਨੂੰ ਲਿਜਾਣ ਲਈ ਰੇਲ ਗੱਡੀ ਵੀ ਆ ਲੱਗੀ। ਪਾਕਿਸਤਾਨ ਔਕਾਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਫੁੱਲਾਂ ਦੇ ਹਾਰ ਲੈ ਕੇ ਜਥੇ ਦੇ ਸਵਾਗਤ ਲਈ ਖੜ੍ਹੇ ਸਨ। ਪਰ ਅਟਾਰੀ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਇਹ ਕਹਿ ਕੇ ਪਾਕਿਸਤਾਨੀ ਗੱਡੀ ਨੂੰ ਨਹੀਂ ਆਉਣ ਦਿੱਤਾ ਕਿ ਕੇਂਦਰ ਸਰਕਾਰ ਵਲੋਂ ਇਸ ਦੀ ਆਗਿਆ ਨਹੀਂ ਦਿੱਤੀ ਗਈ। 300 ਸਿੱਖ ਯਾਤਰੂ, ਜਿਨ੍ਹਾਂ ਵਿੱਚ ਬਹੁਤੇ ਬਜ਼ੁਰਗ ਸਨ, ਖੱਜਲ-ਖੁਆਰ ਤੇ ਪ੍ਰੇਸ਼ਾਨ ਹੋ ਕੇ ਘਰਾਂ ਨੂੰ ਵਾਪਸ ਮੁੜ ਗਏ। ਯਾਤਰੀਆਂ ਵਲੋਂ ਜ਼ੋਰਦਾਰ ਨਾਹਰੇਬਾਜ਼ੀ ਹੋਈ ਪਰ ਉਨ੍ਹਾਂ ਦੀਆਂ ਵਲੂੰਧਰੀਆਂ ਧਾਰਮਿਕ ਭਾਵਨਾਵਾਂ ਦੀ ਕਿਸ ਨੂੰ ਪ੍ਰਵਾਹ ਹੈ?
          ਉਪਰੋਕਤ ਘਟਨਾ ਦੀ ਰੌਸ਼ਨੀ ਵਿੱਚ, ਬਹੁਗਿਣਤੀ ਹਿੰਦੂਆਂ ਨਾਲ ਸਬੰਧਿਤ ਦੋ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਹਾਕਮ ਸ਼੍ਰੇਣੀ ਤੇ ਗੁਲਾਮ ਕੌਮ ਵਿੱਚ ਕੀ ਫਰਕ ਹੁੰਦਾ ਹੈ। ਚੀਨ ਦੇ ਤਿੱਬਤ ਇਲਾਕੇ ਵਿੱਚ ਕਈ ਮੀਲ ਲੰਬੀ ਮਾਨਸਰੋਵਰ ਝੀਲ ਹੈ, ਜਿਸ ਨੂੰ ਹਿੰਦੂ ਮਿਥਿਹਾਸ ਵਿੱਚ ਉੱਚੀ ਥਾਂ ਦਿੱਤੀ ਗਈ ਹੈ। ਵਾਜਪਾਈ ਦੇ ਪ੍ਰ੍ਰਧਾਨ ਮੰਤਰੀ ਕਾਲ ਦੌਰਾਨ, ਭਾਰਤ ਸਰਕਾਰ ਨੇ ਚੀਨ ਤੋਂ, ਹਿੰਦੂ ਯਾਤਰੀਆਂ ਦੇ ਮਾਨ ਸਰੋਵਰ ਜਾਣ ਦੀ ਇਜ਼ਾਜ਼ਤ ਲਈ ਸੀ। ਸਰਕਾਰੀ ਖਰਚ 'ਤੇ ਹਰ ਸਾਲ, ਸੈਂਕੜਿਆਂ ਹਿੰਦੂ ਯਾਤਰੂ, ਮਾਨਸਰੋਵਰ ਜਾਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਸਿੱਕਮ ਸੈਕਟਰ ਵਿੱਚ ਚੀਨ ਤੇ ਭਾਰਤੀ ਫੌਜਾਂ ਵਿਚਕਾਰ ਟਕਰਾ ਦੇ ਚੱਲਦਿਆਂ, ਇਸ ਵਾਰ ਚੀਨ ਨੇ ਮਾਨਸਰੋਵਰ ਜਾਣ ਵਾਲੇ 50 ਹਿੰਦੂਆਂ ਦੇ ਗਰੁੱਪ ਨੂੰ ਦਿੱਤੀ ਇਜ਼ਾਜ਼ਤ ਵਾਪਸ ਲੈ ਲਈ। ਭਾਰਤ ਸਰਕਾਰ ਵਲੋਂ ਚੀਨ 'ਤੇ ਅੰਤਾਂ ਦਾ ਕੂਟਨੀਤਕ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਿੰਦੂ ਯਾਤਰੀਆਂ ਨੂੰ, ਚੀਨ ਜਾਣ ਦਿੱਤਾ ਜਾਵੇ। ਕੀ ਹਿੰਦੂ ਹਾਕਮ ਜਮਾਤ ਤੇ ਗੁਲਾਮ ਸਿੱਖਾਂ ਵਿੱਚ ਫਰਕ ਨਜ਼ਰ ਨਹੀਂ ਆਉਂਦਾ?
           ਦੱਖਣੀ ਕਸ਼ਮੀਰ ਵਿੱਚ ਕੁਝ ਦਹਾਕੇ ਪਹਿਲਾਂ, ਹਿੰਦੂ ਮਿਥਿਹਾਸ ਦਾ ਇੱਕ ਤੀਰਥ 'ਅਮਰਨਾਥ ਗੁਫ਼ਾ' ਬੜੇ ਪ੍ਰਾਪੇਗੰਡੇ ਨਾਲ ਪ੍ਰਚਾਰਿਆ ਗਿਆ। ਭਾਵੇਂ ਕਸ਼ਮੀਰ ਵਾਦੀ ਵਿੱਚ, ਭਾਰਤੀ ਫੌਜ ਵਲੋਂ ਹਜ਼ਾਰਾਂ ਬੇਗੁਨਾਹ ਕਸ਼ਮੀਰੀਆਂ ਦਾ ਖੂਨ ਡੋਲ੍ਹਿਆ ਜਾ ਰਿਹਾ ਹੈ ਪਰ ਭਾਰਤ ਸਰਕਾਰ, ਪ੍ਰਾਂਤਿਕ ਸਰਕਾਰ ਤੇ ਫੌਜ ਵਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹਿੰਦੂ ਯਾਤਰੀ, ਅਮਰਨਾਥ ਦੀ ਯਾਤਰਾ ਜ਼ਰੂਰ ਕਰਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਵਾਰ 2,280 ਹਿੰਦੂ ਯਾਤਰੂਆਂ ਨੂੰ ਠੀਕ ਠਾਕ ਅਮਰਨਾਥ ਗੁਫਾ ਤੱਕ ਪਹੁੰਚਾਉਣ ਲਈ, ਸੁਰੱਖਿਆ ਦਸਤਿਆਂ ਦੇ 30 ਹਜ਼ਾਰ ਸਿਪਾਹੀ ਤਾਇਨਾਤ ਕੀਤੇ ਗਏ ਹਨ। ਦਿਨੇ-ਰਾਤ ਜਾਗ ਕੇ, ਇਹ ਸਿਪਾਹੀ ਹਿੰਦੂ ਯਾਤਰੀਆਂ ਦੀ ਰੱਖਿਆ ਕਰਨਗੇ ਅਤੇ ਉਨ੍ਹਾਂ ਦੀ ਧਾਰਮਿਕ ਯਾਤਰਾ ਪੂਰੀ ਕਰਨ ਵਿੱਚ ਸਹਾਈ ਹੋਣਗੇ।
           ਪਾਠਕਜਨ! ਮਿਥਿਹਾਸਕ ਸਥਾਨਾਂ ਮਾਨਸਰੋਵਰ ਅਤੇ ਅਮਰਨਾਥ ਦੇ ਹਿੰਦੂ ਯਾਤਰੀਆਂ ਲਈ ਤਾਂ ਸਰਕਾਰ ਨੇ ਸਾਰੇ ਸਾਧਨ ਝੋਕੇ ਹੋਏ ਹਨ ਪਰ ਇਧਰ ਸਿੱਖ ਯਾਤਰੀਆਂ ਕੋਲ ਪਾਕਿਸਤਾਨ ਦੇ ਵੀਜ਼ੇ ਹੋਣ, ਪਾਕਿਸਤਾਨ ਸਰਕਾਰ ਵਲੋਂ ਭੇਜੀ ਟਰੇਨ ਅਤੇ ਪਾਕਿਸਤਾਨੀ ਅਧਿਕਾਰੀਆਂ ਦੇ ਜੀ ਆਇਆਂ ਵਾਲੇ ਵਤੀਰੇ ਦੇ ਬਾਵਜੂਦ ਸਿੱਖ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਤੋਂ ਸਿੱਖਾਂ ਨੂੰ ਵਾਂਝਿਆਂ ਰੱਖਣਾ ਕੀ ਸੁਨੇਹਾ ਦਿੰਦਾ ਹੈ? ਕੀ ਸਿੱਖ ਭਾਰਤ ਵਿੱਚ ਗੁਲਾਮ ਨਹੀਂ?

© 2011 | All rights reserved | Terms & Conditions