'ਮੋਦੀ ਦੀ ਅਮਰੀਕਾ ਫੇਰੀ ਦਾ ਲੇਖਾ-ਜੋਖਾ' : Dr. Amarjit Singh washington D.C
Submitted by Administrator
Thursday, 29 June, 2017- 08:32 pm
'ਮੋਦੀ ਦੀ ਅਮਰੀਕਾ ਫੇਰੀ ਦਾ ਲੇਖਾ-ਜੋਖਾ' :  Dr. Amarjit Singh washington D.C


           ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਤੇ 26 ਜੂਨ ਨੂੰ ਆਪਣੇ ਦੋ ਰੋਜ਼ਾ ਦੌਰੇ 'ਤੇ ਵਾਸ਼ਿੰਗਟਨ ਡੀ. ਸੀ. ਵਿਖੇ ਆਇਆ। 25 ਜੂਨ ਨੂੰ ਉਸ ਨੇ ਰਿਟਜ਼ ਹੋਟਲ (ਟਾਈਸਨ ਕਾਰਨਰ) ਵਰਜੀਨੀਆ ਵਿੱਚ, ਜਿੱਥੇ ਕੁਝ ਪ੍ਰਮੁੱਖ ਬਿਜ਼ਨਸ ਅਦਾਰਿਆਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ, ਉਥੇ ਉਸ ਨੇ ਗੁਜਰਾਤੀ ਕਮਿਊਨਿਟੀ ਨੂੰ ਵੀ ਸੰਬੋਧਨ ਕੀਤਾ। ਆਪਣੇ ਨਾਲ ਉਹ ਮੀਡੀਏ ਦਾ ਜਹਾਜ਼ ਭਰ ਕੇ ਲਿਆਇਆ ਸੀ ਤਾਂਕਿ ਭਾਰਤੀ ਲੋਕਾਂ ਤੱਕ ਦੌਰੇ ਦੀ ਸਫਲਤਾ ਦੀਆਂ ਝੂਠੀਆਂ ਖਬਰਾਂ ਮਿਰਚ-ਮਸਾਲੇ ਲਾ ਕੇ ਪ੍ਰਸਾਰੀਆਂ ਜਾਣ। 26 ਜੂਨ ਨੂੰ ਮੋਦੀ ਨੇ ਵਾਈਟ ਹਾਊਸ ਵਿੱਚ, ਅਮਰੀਕੀ ਪ੍ਰਧਾਨ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਉਹ ਲਗਭਗ 4-5 ਘੰਟੇ ਵਾਈਟ ਹਾਊਸ ਠਹਿਰਿਆ। ਅਮਰੀਕਾ ਵਾਸੀ ਸਿੱਖਾਂ ਨੇ ਦੋਵੇਂ ਹੀ ਦਿਨ, ਕਾਤਲ ਮੋਦੀ ਦੇ ਖਿਲਾਫ ਜ਼ੋਰਦਾਰ ਰੋਸ ਵਿਖਾਵੇ ਕੀਤੇ। ਇਸ ਵਾਰ ਦੀ ਵਿਸ਼ੇਸ਼ਤਾ ਇਹ ਸੀ ਕਿ ਇਨ੍ਹਾਂ ਰੋਸ ਵਿਖਾਵਿਆਂ ਨੂੰ ਐਸੋਸੀਏਟਿਡ ਪ੍ਰੈੱਸ, ਰਾਈਟਰ ਸਮੇਤ ਅਨੇਕਾਂ ਅੰਤਰਰਾਸ਼ਟਰੀ ਅਦਾਰਿਆਂ ਨੇ ਕਵਰ ਕੀਤਾ। ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਸਾਂਝੇ ਉੱਦਮ ਸਦਕਾ, ਇਨ੍ਹਾਂ ਵਿਖਾਵਿਆਂ ਰਾਹੀਂ ਕੌਮੀ ਘਰ ਖਾਲਿਸਤਾਨ ਦਾ ਸੁਨੇਹਾ, ਜਿੱਥੇ ਅਮਰੀਕਾ ਦੇ ਕਾਨੂੰਨ ਘਾੜਿਆਂ ਅਤੇ ਵਾਈਟ ਹਾਊਸ ਤੱਕ ਪਹੁੰਚਿਆ, ਉੱਥੇ ਮੀਡੀਏ ਰਾਹੀਂ ਆਮ ਲੋਕਾਂ ਤੱਕ ਵੀ ਇਸ ਦੀ ਰੁਸਵਾਈ ਹੋਈ। ਕਸ਼ਮੀਰੀਆਂ ਵਲੋਂ ਵੀ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਉਨ੍ਹਾਂ ਨੇ ਸਿੱਖਾਂ ਦੇ ਨਾਲ ਮਿਲਕੇ 'ਖਾਲਿਸਤਾਨ ਜ਼ਿੰਦਾਬਾਦ' ਅਤੇ 'ਕਸ਼ਮੀਰ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰੋ' ਆਦਿ ਨਾਹਰੇ ਲਾਏ।
          ਭਾਰਤੀ ਮੀਡੀਏ ਵਲੋਂ ਟਰੰਪ ਮੋਦੀ ਮੀਟਿੰਗ ਦੌਰਾਨ ਟਰੰਪ ਵਲੋਂ ਮੋਦੀ ਨੂੰ 'ਸੱਚਾ ਦੋਸਤ' ਕਹਿਣ ਅਤੇ ਮੋਦੀ ਵਲੋਂ ਹੁੱਭ-ਹੁੱਭ ਕੇ ਟਰੰਪ ਨੂੰ ਚਿੰਬੜਨ ਦੇ ਕਿੱਸੇ ਬਿਆਨੇ ਜਾ ਰਹੇ ਹਨ ਹਾਲਾਂਕਿ ਸੋਸ਼ਲ ਮੀਡੀਆ ਇਸ ਨੂੰ ਅੱਡ ਅੰਦਾਜ਼ ਵਿੱਚ ਬਿਆਨਦਾ ਹੈ। ਮੀਟਿੰਗ ਤੋਂ ਠੀਕ ਪਹਿਲਾਂ, ਸਟੇਟ ਡਿਪਾਰਟਮੈਂਟ ਵਲੋਂ ਜਾਰੀ ਬਿਆਨ ਵਿੱਚ ਜੰਮੂ-ਕਸ਼ਮੀਰ ਪ੍ਰਾਂਤ ਨੂੰ 'ਭਾਰਤ ਪ੍ਰਸ਼ਾਸਤ ਜੰਮੂ-ਕਸ਼ਮੀਰ' ਸ਼ਬਦ ਨਾਲ ਸੰਬੋਧਿਤ ਕੀਤਾ ਗਿਆ, ਜਿਸ ਦਾ ਸਪੱਸਟ ਮਤਲਬ ਸੀ ਕਿ ਅਮਰੀਕਾ, ਜੰਮੂ-ਕਸ਼ਮੀਰ ਨੂੰ ਭਾਰਤ ਦਾ ਪ੍ਰਾਂਤ ਨਹੀਂ ਮੰਨਦਾ ਅਤੇ ਇਸ ਤਰ੍ਹਾਂ ਜੰਮੂ-ਕਸ਼ਮੀਰ ਨੂੰ ਝਗ਼ੜੇ ਵਾਲਾ ਖੇਤਰ ਐਲਾਨਿਆ ਗਿਆ।
          ਕਾਂਗਰਸ ਪਾਰਟੀ ਨੇ ਇਸ ਮੁੱਦੇ 'ਤੇ ਮੋਦੀ ਦੀ ਖਿਚਾਈ ਕਰਦਿਆਂ ਪੁੱਛਿਆ ਹੈ ਕਿ ਭਾਰਤ ਵਿੱਚ ਰਾਸ਼ਟਰਵਾਦੀ ਗੱਲਾਂ ਕਰਨ ਵਾਲਾ ਮੋਦੀ, ਅਮਰੀਕਾ ਵਿੱਚ ਜਾ ਕੇ ਜੰਮੂ-ਕਸ਼ਮੀਰ ਦਾ ਭਾਰਤ ਦੇ 'ਅਟੁੱਟ ਅੰਗ' ਹੋਣ ਦਾ ਮੰਤਰ ਕਿਵੇਂ ਭੁੱਲ ਗਿਆ? ਕਾਂਗਰਸ ਨੇ ਮੀਡੀਏ ਨੂੰ ਵੀ ਇਸ ਲਈ ਜ਼ਿੰਮੇਵਾਰ ਦੱਸਿਆ ਕਿ ਇੰਨੀ ਵੱਡੀ ਹਾਰ ਨੂੰ ਮੀਡੀਏ ਨੇ ਚਰਚਾ ਦਾ ਵਿਸ਼ਾ ਕਿਉਂ ਨਹੀਂ ਬਣਾਇਆ?
         ਮੋਦੀ ਦੇ ਅਮਰੀਕਾ ਆਉਣ ਤੋਂ ਪਹਿਲਾਂ ਪੰਜ ਸੈਨੇਟਰਾਂ ਨੇ ਪ੍ਰਧਾਨ ਟਰੰਪ ਨੂੰ ਪੱਤਰ ਲਿਖ ਕੇ, ਮੋਦੀ ਸਰਕਾਰ ਵਲੋਂ ਘੱਟਗਿਣਤੀਆਂ ਨਾਲ ਕੀਤੇ ਜਾ ਰਹੇ ਸਲੂਕ ਅਤੇ ਬਾਹਰਲੇ ਦੇਸ਼ਾਂ ਦੀਆਂ ਐਨ. ਜੀ. ਓਜ਼, ਜਿਹੜੀਆਂ ਕਿ ਭਾਰਤ ਵਿੱਚ ਧਾਰਮਿਕ ਅਤੇ ਮਨੁੱਖੀ ਭਲਾਈ ਦੇ ਖੇਤਰਾਂ ਵਿੱਚ ਕੰਮ ਕਰਦੀਆਂ ਹਨ, ਦੇ ਰੱਦ ਕੀਤੇ ਗਏ ਲਾਇਸੈਂਸਾਂ ਸਬੰਧੀ ਲਿਖਿਆ ਸੀ। ਇਸ ਸਬੰਧੀ ਯੂਨਾਇਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜ਼ੀਅਸ ਫਰੀਡਮ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਸੀ। ਯਾਦ ਰਹੇ ਕਿ ਮੋਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਐਨ. ਜੀ. ਓਜ਼ ਦੇ ਲਾਇਸੈਂਸ ਰੱਦ ਕੀਤੇ ਹਨ, ਜਿਨ੍ਹਾਂ ਵਿੱਚ ਫੋਰਡ ਫਾਊਂਡੇਸ਼ਨ, ਗਰੀਨ ਪੀਸ, ਐਮਨੈਸਟੀ ਇੰਟਰਨੈਸ਼ਨਲ, ਕਮਪੈਸ਼ਨ ਇੰਟਰਨੈਸ਼ਨਲ ਆਦਿ ਸ਼ਾਮਲ ਹਨ। ਯੂ. ਐਸ. ਸਰਫ ਨੇ ਭਾਰਤ ਨੂੰ ਮਨੁੱਖੀ ਹੱਕਾਂ ਦਾ ਘਾਣ ਕਰਨ ਲਈ ਟਾਇਰ-ਦੋ ਸ਼੍ਰੇਣੀ ਵਿੱਚ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ, ਡੈਮੋਕਰੈਟਿਕ ਤੇ ਰੀਪਬਲਕਿ ਦੋਵੇਂ ਪਾਰਟੀਆਂ ਨਾਲ ਸਬੰਧਿਤ ਕਾਂਗਰਸਮੈਨਾਂ ਨੇ, ਪ੍ਰਧਾਨ ਟਰੰਪ ਨੂੰ ਪੱਤਰ ਲਿਖ ਕੇ, ਮੋਦੀ ਸਰਕਾਰ ਵਲੋਂ ਅਮਰੀਕੀ ਕੰਪਨੀਆਂ ਦੇ ਰਾਹ ਵਿੱਚ ਖੜ੍ਹੀਆਂ ਕੀਤੀਆਂ ਜਾਂਦੀਆਂ ਰੁਕਾਵਟਾਂ ਸਬੰਧੀ ਚਰਚਾ ਕੀਤੀ ਸੀ। ਕਾਂਗਰਸਮੈਨਾਂ ਦੇ ਪੱਤਰ ਅਨੁਸਾਰ ਵਰਲਡ ਬੈਂਕ ਦੀ 2017 ਦੀ ਰਿਪੋਰਟ ਵਿੱਚ ਸਰਵੇ ਕੀਤੇ ਗਏ 190 ਦੇਸ਼ਾਂ ਵਿੱਚੋਂ ਭਾਰਤ ਦਾ ਸ਼ਰਮਨਾਕ 130ਵਾਂ ਰੈਂਕ ਸੀ। ਇਸ ਸਰਵੇ ਦਾ ਆਧਾਰ ਸੀ - 'ਭਾਰਤ ਵਿੱਚ ਕਿਸ ਅਸਾਨੀ ਨਾਲ ਬਿਜ਼ਨਸ ਕੀਤਾ ਜਾ ਸਕਦਾ ਹੈ? (ਈਜ਼ ਆਫ ਡੂਇੰਗ ਬਿਜ਼ਨਸ)' 
           ਉਪਰੋਕਤ ਸੈਨੇਟਰਾਂ ਅਤੇ ਕਾਂਗਰਸਮੈਨਾਂ ਦੇ ਪੱਤਰਾਂ, ਸਿੱਖਾਂ-ਕਸ਼ਮੀਰੀਆਂ ਦੇ ਵਿਰੋਧ ਮੁਜ਼ਾਹਰਿਆਂ ਦੇ ਪ੍ਰਛਾਵੇਂ ਹੇਠ ਟਰੰਪ-ਮੋਦੀ ਦੀ ਮਿਲਣੀ ਹੋਈ। ਮੀਟਿੰਗ ਦੀ 'ਪ੍ਰਾਪਤੀ' ਸਬੰਧੀ ਨਿਰਪੱਖ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਮੀਟਿੰਗ ਵਿੱਚ 'ਗਰਮਜ਼ੋਸ਼ੀ' ਦਾ ਵਿਖਾਵਾ ਕੀਤਾ ਗਿਆ ਪਰ ਅਸਲ ਵਿੱਚ ਕੋਈ ਵੀ ਜ਼ਮੀਨੀ ਤਬਦੀਲੀ ਨਹੀਂ ਹੋਈ ਅਤੇ ਨਾ ਹੀ ਟਰੰਪ ਐਡਮਨਿਸਟਰੇਸ਼ਨ ਨੇ ਕਿਸੇ ਵੀ ਮੁੱਦੇ 'ਤੇ ਭਾਰਤ ਨੂੰ ਕੋਈ ਰਿਆਇਤ ਦਿੱਤੀ। ਐਚ-1 ਬੀ ਵੀਜ਼ੇ ਦਾ ਮੁੱਦਾ, ਜਿਹੜਾ ਭਾਰਤ ਦੀ ਗੱਲਬਾਤ ਦੀ ਲਿਸਟ ਵਿੱਚ ਸਭ ਤੋਂ ਉੱਪਰ ਸੀ, ਉਸ ਦਾ ਜ਼ਿਕਰ ਤੱਕ ਮੀਟਿੰਗ ਵਿੱਚ ਨਹੀਂ ਹੋਇਆ। ਸੋ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ 70 ਬਿਲੀਅਨ ਡਾਲਰ ਦੀ 'ਆਈ. ਟੀ. ਇੰਡਸਟਰੀ' ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਮੋਦੀ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਵਿੱਚ ਪਾਕਿਸਤਾਨ ਨੂੰ ਦਹਿਸ਼ਤਪਸੰਦ ਸਟੇਟ ਐਲਾਨਣ ਲਈ ਅੰਤਰਰਾਸ਼ਟਰੀ ਲਾਬੀ ਕੀਤੀ ਗਈ, ਪਰ ਉਸ ਨੂੰ ਮੂੰਹ ਦੀ ਖਾਣੀ ਪਈ। ਟਰੰਪ ਨਾਲ ਮਿਲਣੀ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਵਿੱਚ 'ਰੈਡੀਕਲ ਇਸਲਾਮਿਕ ਦਹਿਸ਼ਤਗਰਦੀ' ਦਾ ਜ਼ਿਕਰ ਹੋਇਆ ਪਰ ਪਾਕਿਸਤਾਨ ਨੂੰ ਕਿਸੇ ਪਾਸਿਉਂ ਵੀ ਨਿਸ਼ਾਨਾ ਨਹੀਂ ਬਣਾਇਆ ਗਿਆ। ਸਲਾਹੂਦੀਨ ਨੂੰ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਪਾਇਆ ਗਿਆ ਪਰ ਕਿਉਂਕਿ ਉਹ ਯੂ. ਐਨ. ਦੀ ਲਿਸਟ ਵਿੱਚ ਨਹੀਂ ਹੈ, ਇਸ ਲਈ ਜ਼ਮੀਨੀ ਤੌਰ 'ਤੇ ਇਸ ਦਾ ਕੋਈ ਫਰਕ ਨਹੀਂ ਪੈਣਾ। ਮੋਦੀ ਨੂੰ ਟਰੰਪ ਵਲੋਂ 'ਸੱਚਾ ਦੋਸਤ' ਕਹਿਣ ਦਾ ਬੜਾ ਵਾਵੇਲਾ ਕੀਤਾ ਜਾ ਰਿਹਾ ਹੈ ਪਰ ਯਾਦ ਰਹੇ ਕੁਝ ਹਫਤੇ ਪਹਿਲਾਂ ਟਰੰਪ ਨੇ ਪਾਕਿਸਤਾਨ ਨੂੰ 'ਜ਼ਬਰਦਸਤ ਦੇਸ਼' (ਫੈਨਟੈਸਟਿਕ ਕੰਟਰੀ) ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 'ਭਲਾ ਪਿਆਰਾ ਇਨਸਾਨ' (ਟੈਰੀਫਿਕ ਪਰਸਨ) ਕਹਿ ਕੇ ਸੰਬੋਧਨ ਕੀਤਾ ਸੀ। ਭਾਰਤ ਤੇ ਪਾਕਿਸਤਾਨ ਦੇ ਮਾਹਿਰ ਹੁਣ ਇਸ 'ਤੇ ਟਿੱਪਣੀਆਂ ਕਰ ਸਕਦੇ ਹਨ ਕਿ 'ਸੱਚਾ ਦੋਸਤ' ਅਤੇ 'ਟੈਰੀਫਿਕ ਪਰਸਨ' 'ਚੋਂ ਕਿਹੜਾ ਸੰਬੋਧਨ ਵਧੀਆ ਹੈ? ਕੀ ਇਸ ਸਾਰੇ ਵਰਤਾਰੇ 'ਚੋਂ ਅੰਗਰੇਜ਼ਾਂ ਦੀ ਦੋ ਸੌ ਸਾਲ ਦੀ ਗੁਲਾਮੀ ਦੇ ਲੱਛਣ ਨਜ਼ਰ ਨਹੀਂ ਆਉਂਦੇ?
           'ਸੱਚਾ ਦੋਸਤ' ਦਾ ਲਕਬ ਹਾਸਲ ਕਰਨ ਲਈ ਮੋਦੀ ਨੂੰ 'ਚਾਂਦੀ ਦੀ ਚਾਬੀ' ਵਰਤਣੀ ਪਈ। ਅਮਰੀਕਾ ਤੋਂ ਦੋ ਬਿਲੀਅਨ ਡਾਲਰ ਦੇ ਸਰਵੇਅਲੈਂਸ ਡਰੋਨ ਖਰੀਦਣੇ, 40 ਬਿਲੀਅਨ ਡਾਲਰ ਦੇ ਸਿਵਲੀਅਨ ਜਹਾਜ਼ਾਂ ਦੀ ਖਰੀਦਦਾਰੀ ਦੇ ਸੌਦੇ ਨੂੰ ਅੱਗੇ ਵਧਾਉਣਾ ਅਤੇ 50 ਬਿਲੀਅਨ ਡਾਲਰ ਦੇ ਅਮਰੀਕੀ ਨਿਊਕਲੀਅਰ ਰਿਐਕਟਰ ਲਵਾਉਣ (ਭਾਵੇਂ ਕਿ ਰਿਐਕਟਰ ਬਣਾਉਣ ਵਾਲੀ ਅਮਰੀਕੀ ਕੰਪਨੀ ਦਾ ਦਿਵਾਲਾ ਨਿੱਕਲ ਚੁੱਕਾ ਹੈ) ਦੀ ਅਮਰੀਕੀ ਮੰਗ ਦਾ ਹਾਂ-ਪੱਖੀ ਹੁੰਗਾਰਾ ਉਹ ਚਾਂਦੀ ਦੀ ਚਾਬੀ ਹੈ।
            ਚੀਨ ਨੇ ਭਾਰਤੀ ਹਾਕਮਾਂ ਵਲੋਂ ਅਮਰੀਕਾ ਦੀ ਕਿਸੇ ਵੀ ਥਾਪੀ ਨਾਲ ਚਾਂਭਲਣ ਦੀ ਫੂਕ ਨਾਲ ਦੀ ਨਾਲ ਹੀ ਕੱਢ ਦਿੱਤੀ। ਚੀਨ ਨੇ ਕਿਹਾ ਕਿ ਜੇ ਭਾਰਤ, ਅਮਰੀਕਾ ਨਾਲ ਮਿਲ ਕੇ ਚੀਨ ਨੂੰ ਗੁੱਠੇ ਲਾਉਣ ਦੀ ਨੀਤੀ 'ਤੇ ਕੰਮ ਕਰੇਗਾ ਤਾਂ ਇਸਦਾ ਨਤੀਜਾ 'ਤਬਾਹਕੁੰਨ' ਹੋਵੇਗਾ। ਚੀਨ ਦੇ ਰੱਖਿਆ ਮੰਤਰਾਲੇ ਨੇ ਭਾਰਤੀ ਹਾਕਮਾਂ ਨੂੰ 1962 ਦੀ ਜੰਗ ਵਿੱਚ ਖਾਧੀਆਂ ਜੁੱਤੀਆਂ ਦੀ ਵੀ ਯਾਦ ਦਹਾਨੀ ਕਰਵਾਈ ਹੈ ਅਤੇ ਤਾੜਨਾ ਕੀਤੀ ਹੈ ਕਿ ਉਹ ਟਕਰਾਅ ਦੇ ਰਸਤੇ 'ਤੇ ਨਾ ਤੁਰਨ। ਚੀਨ ਨੇ ਪਾਕਿਸਤਾਨ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਖੁਦ ਦਹਿਸ਼ਤਗਰਦੀ ਦਾ ਸ਼ਿਕਾਰ ਹੈ ਅਤੇ ਕੌਮਾਂਤਰੀ ਦਹਿਸ਼ਤਗਰਦੀ ਰੋਕਣ ਲਈ ਉਹ ਅੱਗੇ ਹੋ ਕੇ ਲੜ ਰਿਹਾ ਹੈ।
           ਕੁੱਲ ਮਿਲਾ ਕੇ ਮੋਦੀ ਦੀ ਟਰੰਪ ਨਾਲ ਇਸ ਮੁਲਾਕਾਤ ਨੂੰ, ਟਰੰਪ ਦੀ ਘੁੰਡ ਚੁਕਾਈ ਕਿਹਾ ਜਾ ਸਕਦਾ ਹੈ, ਜਿਸ ਲਈ ਮੋਦੀ ਸਰਕਾਰ ਨੇ ਕਈ ਬਿਲੀਅਨ ਡਾਲਰ ਦਾ ਸ਼ਗਨ ਪਾਇਆ। ਟਰੰਪ ਦੀ ਰਿੱਛ ਜੱਫੀ 'ਚੋਂ ਸੁਰਖਰੂ ਹੋ ਕੇ ਮੋਦੀ ਨੇ ਦਿੱਲੀ ਦੀ ਕਿਸੇ ਗਊਸ਼ਾਲਾ ਦਾ ਰੁਖ ਕੀਤਾ ਹੋਵੇਗਾ ਤਾਂ ਕਿ ਉਹ 'ਗਊ ਮੂਤਰ ਸ਼ਰਬਤ' ਨਾਲ ਤਰੋ-ਤਾਜ਼ਾ ਹੋ ਸਕੇ।
'ਜਾਨ ਬਚੀ ਤੋ ਲਾਖੋਂ ਪਾਏ!
ਲੌਟ ਕੇ ਬੁੱਧੂ ਘਰ ਕੋ ਆਏ।'

© 2011 | All rights reserved | Terms & Conditions