'ਨਾਜ਼ੀ ਮੋਦੀ ਤੇ ਇਜ਼ਰਾਈਲ ਦਾ ਬਗਲਗੀਰ ਹੋਣਾ ਇਤਿਹਾਸ ਦਾ ਸਭ ਤੋਂ ਕੋਝਾ ਵਰਤਾਰਾ' : Dr. Amarjit Singh washington D.C
Submitted by Administrator
Friday, 7 July, 2017- 04:13 pm
'ਨਾਜ਼ੀ ਮੋਦੀ ਤੇ ਇਜ਼ਰਾਈਲ ਦਾ ਬਗਲਗੀਰ ਹੋਣਾ ਇਤਿਹਾਸ ਦਾ ਸਭ ਤੋਂ ਕੋਝਾ ਵਰਤਾਰਾ'  :  Dr. Amarjit Singh washington D.C


          ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੇ ਦੌਰੇ 'ਤੇ ਗਿਆ, ਜਿੱਥੇ ਉਸ ਨੂੰ ਬੜੀ ਉਚੇਚ ਨਾਲ ਨਿਵਾਜਿਆ ਗਿਆ, ਜਿਸ ਨੂੰ 'ਲਾਲ ਕਲੀਨ ਸਵਾਗਤ' (ਰੈੱਡ ਕਾਰਪੈੱਟ ਵੈਲਕਮ) ਦਾ ਨਾਂ ਦਿੱਤਾ ਜਾਂਦਾ ਹੈ। ਪਿਛਲੇ 70 ਸਾਲਾਂ ਵਿੱਚ, ਮੋਦੀ ਭਾਰਤ ਦਾ ਉਹ ਪਹਿਲਾ ਪ੍ਰਧਾਨ ਮੰਤਰੀ ਬਣ ਗਿਆ ਹੈ, ਜਿਹੜਾ ਇਜ਼ਰਾਈਲ ਦੇ ਦੌਰੇ 'ਤੇ ਆਇਆ। ਭਾਵੇਂ ਇਜ਼ਰਾਈਲ ਨੂੰ ਯੂਨਾਇਟਿਡ ਨੇਸ਼ਨਜ਼ ਵਲੋਂ 11 ਮਈ, 1949 ਨੂੰ ਮਾਨਤਾ ਮਿਲ ਗਈ ਸੀ ਪਰ ਭਾਰਤ ਨੇ ਇਜ਼ਰਾਈਲ ਨਾਲ ਲੰਬਾ ਸਮਾਂ ਡਿਪਲੋਮੈਟਿਕ ਸਬੰਧ ਸਥਾਪਤ ਨਹੀਂ ਸਨ ਕੀਤੇ। 1991 ਵਿੱਚ ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਇਜ਼ਰਾਈਲ ਨੂੰ ਡਿਪਲੋਮੈਟਿਕ ਮਾਨਤਾ ਦਿੱਤੀ ਗਈ। ਯਾਦ ਰਹੇ ਕਿ ਨਵੰਬਰ, 1984 ਦੀ ਸਿੱਖ ਨਸਲਕੁਸ਼ੀ ਦੌਰਾਨ, ਨਰਸਿਮ੍ਹਾ ਰਾਓ ਭਾਰਤ ਦਾ ਗ੍ਰਹਿ ਮੰਤਰੀ ਸੀ। 6 ਦਸੰਬਰ, 1992 ਨੂੰ ਬਾਬਰੀ ਮਸਜਿਦ ਢਾਹੁਣ ਦਾ ਫੈਸਲਾ ਵੀ ਨਰਸਿਮ੍ਹਾ ਰਾਓ ਦੀ ਸਹਿਮਤੀ ਨਾਲ ਹੀ ਕੀਤਾ ਗਿਆ ਸੀ। ਕਾਂਗਰਸ ਦੇ ਸੈਕੂਲਰ ਲੁਬਾਦੇ ਵਿੱਚ ਲੁਕੇ ਹਿੰਦੂਤਵੀ ਨਰਸਿਮ੍ਹਾ ਰਾਓ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ, ਨਰਿੰਦਰ ਮੋਦੀ ਨੇ ਇਜ਼ਰਾਈਲ ਦਾ ਦੌਰਾ ਕਰਕੇ, ਭਾਰਤ ਦੇ 17 ਕਰੋੜ ਮੁਸਲਮਾਨਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਸਰਕਾਰ ਨੂੰ ਫਲਸਤੀਨੀ ਮੁਸਲਮਾਨਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ। ਮੋਦੀ ਦੇ ਇਜ਼ਰਾਈਲ ਦੌਰੇ ਨੂੰ ਇਜ਼ਰਾਈਲ ਅਤੇ ਭਾਰਤ ਦੇ ਮੀਡੀਏ ਨੇ ਖੂਬ ਪ੍ਰਚਾਰਿਆ ਅਤੇ ਇਸ ਨੂੰ ਇੱਕ 'ਨਵਾਂ ਰਸਤਾ ਖੋਜਣ ਵਾਲਾ ਇਤਿਹਾਸਕ ਕਦਮ' ਦੱਸਿਆ।
           ਮੋਦੀ ਦੇ ਇਸ ਦੌਰੇ ਦੌਰਾਨ, ਸੱਤ ਸਮਝੌਤਿਆਂ 'ਤੇ ਦਸਖਤ ਕੀਤੇ ਗਏ, ਜਿਨ੍ਹਾਂ ਵਿੱਚ ਖੇਤੀਬਾੜੀ, ਪੁਲਾੜ ਅਤੇ ਪਾਣੀ ਦੀ ਸੰਭਾਲ ਵਰਗੇ ਪ੍ਰਮੁੱਖ ਖੇਤਰ ਸ਼ਾਮਲ ਹਨ। ਹਿੰਦੂਆਂ ਦੀ ਆਸਥਾ ਦੀ ਪ੍ਰਤੀਕ 'ਗੰਗਾ ਮਈਆ', ਜਿਹੜੀ ਕਿ ਗੰਦਗੀ ਨਾਲ ਭਰਪੂਰ ਹੈ, ਦੀ ਸਫਾਈ ਦਾ ਪ੍ਰਾਜੈਕਟ ਵੀ ਇਜ਼ਰਾਈਲ ਨੂੰ ਦਿੱਤਾ ਗਿਆ। ਦਹਿਸ਼ਤਗਰਦ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ 'ਅੱਤਵਾਦ ਅਤੇ ਕੱਟੜਵਾਦ ਦੇ ਵਧ ਰਹੇ ਖਤਰੇ 'ਤੇ ਸਾਂਝੇ ਤੌਰ 'ਤੇ ਚਿੰਤਾ ਪ੍ਰਗਟ ਕਰਦਿਆਂ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਖਿਲਾਫ ਸ਼ਕਤੀਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ।' ਮੋਦੀ ਦਾ ਕਹਿਣਾ ਸੀ ਕਿ ਇਜ਼ਰਾਈਲ ਦੀ ਤਰ੍ਹਾਂ ਭਾਰਤ ਨੂੰ ਵੀ ਅੱਤਵਾਦੀ ਸੰਗਠਨਾਂ ਵਲੋਂ ਫੈਲਾਈ ਜਾ ਰਹੀ ਹਿੰਸਾ ਅਤੇ ਨਫਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਅੱਤਵਾਦ ਖਿਲਾਫ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਮੋਦੀ ਦੀ ਇਹ ਥੁੱਕ-ਲਿਬੜੀ ਬਿਆਨਬਾਜ਼ੀ ਦੰਭੀਪੁਣੇ ਦੀ ਸਿਖਰ ਹੀ ਕਹੀ ਜਾ ਸਕਦੀ ਹੈ। ਬਾਬਰ ਦੇ ਹਮਲੇ ਦੌਰਾਨ, ਜ਼ੁਲਮ, ਦੰਭ ਅਤੇ ਕੂੜ ਦੇ ਵਰਤਾਰੇ ਸਬੰਧੀ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਸੀ -
'ਕਾਜ਼ੀਆਂ ਬਾਮਣਾਂ ਕੀ ਗਲ ਥੱਕੀ
ਅਗਦ ਪੜੈ, ਸ਼ੈਤਾਨ ਵੇ ਲਾਲੋ।'
          ਭਾਵ ਧਾਰਮਿਕ ਨੁਮਾਇੰਦਿਆਂ ਦੀ ਪੂਰੀ ਤਰ੍ਹਾਂ ਬੇਬਸੀ ਹੈ ਅਤੇ ਸ਼ੈਤਾਨ, ਧਰਮ ਦੀ ਤਰਜ਼ਮਾਨੀ ਕਰ ਰਿਹਾ ਹੈ। ਦਹਿਸ਼ਤਗਰਦ ਮੋਦੀ ਵਲੋਂ ਦਹਿਸ਼ਤਗਰਦੀ ਦੇ ਖਿਲਾਫ ਕੀਤੀ ਗਈ ਬਿਆਨਬਾਜ਼ੀ, ਸ਼ੈਤਾਨ ਵਲੋਂ ਧਰਮ ਦਾ ਉਪਦੇਸ਼ ਦੇਣਾ ਹੀ ਕਿਹਾ ਜਾ ਸਕਦਾ ਹੈ।
          ਹਿੰਦੂਤਵੀ ਹਾਕਮ ਤਾਂ ਆਪਣੇ ਦਾਅ 'ਤੇ ਹਨ ਪਰ ਇਜ਼ਰਾਈਲ ਵਲੋਂ ਇਸ ਤਰ੍ਹਾਂ ਸ਼ਰ੍ਹੇਆਮ ਹਿੰਦੂਤਵੀ ਵਿਚਾਰਧਾਰਾ ਦਾ ਸਮਰਥਨ, ਇਤਿਹਾਸ ਦਾ ਇੱਕ ਅਤਿ-ਕੋਝਾ ਵਰਤਾਰਾ ਹੀ ਕਿਹਾ ਜਾ ਸਕਦਾ ਹੈ। ਯਹੂਦੀਆਂ ਨੇ ਲਗਭਗ 3000 ਸਾਲ, ਜ਼ੁਲਮਾਂ ਦੀ ਮਾਰ ਸਹਿਣ ਤੋਂ ਬਾਅਦ, 1948 ਵਿੱਚ ਅਜ਼ਾਦ ਮੁਲਕ ਹਾਸਿਲ ਕੀਤਾ। ਯਹੂਦੀਆਂ 'ਤੇ ਸਭ ਤੋਂ ਜ਼ਿਆਦਾ ਜ਼ੁਲਮ ਈਸਾਈਆਂ ਵਲੋਂ ਕੀਤੇ ਗਏ ਪਰ ਨਾਜ਼ੀ ਜਰਮਨੀ ਨੇ, ਪਿਛਲੇ ਜ਼ੁਲਮਾਂ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਨਾਜ਼ੀਆਂ ਨੇ ਆਪਣੇ ਮੈਨੀਫੈਸਟੋ ਵਿੱਚ ਸਪੱਸ਼ਟਤਾ ਨਾਲ ਨਾਹਰਾ ਦਿੱਤਾ ਸੀ ਕਿ 'ਜਰਮਨ ਦੀ ਬਦਕਿਸਮਤੀ ਲਈ ਯਹੂਦੀ ਜ਼ਿੰਮੇਵਾਰ ਹਨ, ਇਸ ਲਈ ਜਰਮਨ ਨੂੰ ਯਹੂਦੀ-ਮੁਕਤ ਕੀਤਾ ਜਾਵੇਗਾ।' ਨਾਜ਼ੀ ਪਾਰਟੀ ਦੀ ਤਰਜ਼ 'ਤੇ ਬਣੀ ਨਰਿੰਦਰ ਮੋਦੀ ਦੀ ਮਾਂ-ਪਾਰਟੀ ਆਰ. ਐਸ. ਐਸ. ਦੀ ਵਿਚਾਰਧਾਰਾ ਅਤੇ ਇਸ ਵਲੋਂ ਸੱਤਾ ਪ੍ਰਾਪਤੀ ਸਬੰਧੀ ਇੱਕ ਪੰਛੀ -ਝਾਤ ਲਾਹੇਵੰਦੀ ਹੋਵੇਗੀ।
          1920ਵਿਆਂ ਵਿੱਚ ਨਾਜ਼ੀ ਤਰਜ਼ 'ਤੇ ਕਾਇਮ ਹੋਈ ਸੰਸਥਾ ਆਰ. ਐਸ. ਐਸ. ਦੀ ਸਿਆਸੀ ਪਾਰਟੀ ਬੀ. ਜੇ. ਪੀ. 2014 ਵਿੱਚ ਅਖੌਤੀ ਲੋਕਤੰਤਰ ਦੇ ਸਹਾਰੇ ਭਾਰਤ ਦੀ ਸੱਤਾ 'ਤੇ ਕਾਬਜ਼ ਹੋਈ। ਠੀਕ ਇਵੇਂ ਹੀ ਜਿਵੇਂ ਹਿਟਲਰ ਦੀ ਨਾਜ਼ੀ ਪਾਰਟੀ ਨੇ, 1930ਵਿਆਂ 'ਚ ਵੋਟਾਂ ਦੇ ਰਾਹੀਂ, ਜਰਮਨੀ ਦੀ ਸੱਤਾ ਹਥਿਆਈ ਸੀ। ਬੀ. ਜੇ. ਪੀ. ਵਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਇਸ ਵਾਸਤੇ ਚੁਣਿਆ ਗਿਆ ਕਿਉਂਕਿ 2002 ਵਿੱਚ ਇਸ ਨੇ ਗੁਜਰਾਤ ਵਿੱਚ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਵਹਾਇਆ ਸੀ, ਇਸ ਲਈ ਉਹ ਬਹੁਗਿਣਤੀ ਹਿੰਦੂਆਂ ਦਾ ਡਾਰਲਿੰਗ ਬਣ ਗਿਆ ਸੀ। ਜਿਵੇਂ ਹਿਟਲਰ ਨੇ ਜਰਮਨਵਾਸੀਆਂ ਨੂੰ ਇਹ ਸਬਕ ਚੰਗੀ ਤਰ੍ਹਾਂ ਯਾਦ ਕਰਵਾ ਦਿੱਤਾ ਸੀ ਕਿ ਉਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਤੰਗਦਸਤੀਆਂ ਲਈ ਯਹੂਦੀ ਜ਼ਿੰਮੇਵਾਰ ਹਨ, ਠੀਕ ਇਸੇ ਤਰ੍ਹਾਂ ਆਰ. ਐਸ. ਐਸ. ਜਮਾਤ ਭਾਰਤੀ ਹਿੰਦੂਆਂ ਦੀ ਹਰ ਸਮੱਸਿਆ ਦੀ ਜੜ੍ਹ ਘੱਟਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ ਤੇ ਈਸਾਈਆਂ ਨੂੰ ਦੱਸਦੀ ਹੈ। ਨਾਜ਼ੀ ਪਾਰਟੀ ਨੇ ਜਿਹੜੇ ਨਾਹਰੇ ਦਿੱਤੇ, ਉਨ੍ਹਾਂ ਵਿੱਚ ਪ੍ਰਮੁੱਖ ਸਨ, 'ਇੱਕ ਨਸਲ, ਇੱਕ ਦੇਸ਼, ਇੱਕ ਲੀਡਰ।' ਆਰ. ਐਸ. ਐਸ. ਵਲੋਂ 1920ਵਿਆਂ ਵਿੱਚ ਆਪਣਾ ਮਿਸ਼ਨ ਐਲਾਨਿਆ ਗਿਆ, 'ਹਿੰਦੂ, ਹਿੰਦੀ, ਹਿੰਦੋਸਤਾਨ।' ਜਦੋਂ ਜਰਮਨੀ ਵਿੱਚ ਨਾਜ਼ੀਆਂ ਵਲੋਂ ਯਹੂਦੀਆਂ ਤੇ ਦੂਸਰੀਆਂ ਘੱਟਗਿਣਤੀਆਂ ਦੀ ਨਸਲਕੁਸ਼ੀ ਚੱਲ ਰਹੀ ਸੀ ਤਾਂ ਆਰ. ਐਸ. ਐਸ. ਮੁਖੀ ਗੋਲਵਲਕਰ ਨੇ ਕਿਹਾ ਸੀ, 'ਘੱਟਗਿਣਤੀ ਮਸਲੇ ਦਾ ਜੋ ਹੱਲ, ਨਾਜ਼ੀਆਂ ਵਲੋਂ ਕੱਢਿਆ ਜਾ ਰਿਹਾ ਹੈ, ਭਾਰਤ ਵਿੱਚ ਵੀ ਇਹ ਹੀ ਹੱਲ ਲਾਗੂ ਕੀਤਾ ਜਾਵੇਗਾ।' ਨਾਜ਼ੀਆਂ ਦੀਆਂ ਨੀਤੀਆਂ ਦੀ ਬਦੌਲਤ, 1939 ਤੋਂ 1945 ਤੱਕ 'ਦੂਸਰਾ ਸੰਸਾਰ ਯੁੱਧ' ਹੋਇਆ, ਜਿਸ ਵਿੱਚ ਕਰੋੜਾਂ ਲੋਕ ਮਾਰੇ ਗਏ। ਜੰਗ ਦੇ ਖਾਤਮੇ 'ਤੇ ਇਹ ਤੱਥ ਵੀ ਸਾਹਮਣੇ ਆਇਆ ਕਿ ਨਾਜ਼ੀਆਂ ਵਲੋਂ 60 ਲੱਖ ਯਹੂਦੀਆਂ ਨੂੰ ਕਨਸੈਨਟਰੇਸ਼ਨ ਕੈਂਪਾਂ ਤੇ ਗੈਸ ਚੈਂਬਰਾਂ ਰਾਹੀਂ ਮੌਤ ਦੇ ਘਾਟ ਉਤਾਰਿਆ ਗਿਆ। ਜਿਪਸੀ ਤੇ ਹੋਰ ਖਾਨਾਬਦੋਸ਼ ਕਬੀਲੇ ਵੀ ਨਾਜ਼ੀਆਂ ਦੇ ਕਹਿਰ ਦਾ ਸ਼ਿਕਾਰ ਹੋਏ ਹਨ।
          ਬੀਜੇਪੀ ਦੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਘੱਟਗਿਣਤੀ ਕੌਮਾਂ- ਮੁਸਲਮਾਨਾਂ, ਇਸਾਈਆਂ, ਸਿੱਖਾਂ, ਬੋਧੀਆਂ, ਦਲਿਤਾਂ, ਆਦਿਵਾਸੀਆਂ 'ਤੇ ਕਹਿਰ ਟੁੱਟਿਆ ਹੋਇਆ ਹੈ। ਹਿੰਦੂਤਵੀ ਭੀੜਾਂ ਵਲੋਂ ਬੇਗੁਨਾਹਾਂ ਨੂੰ ਇਵੇਂ ਹੀ ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਹੈ ਜਿਵੇਂ ਨਾਜ਼ੀਆਂ ਵਲੋਂ ਯਹੂਦੀਆਂ ਨਾਲ ਕੀਤਾ ਜਾਂਦਾ ਸੀ। ਅਸਲ ਵਿੱਚ ਨਾਜ਼ੀਆਂ ਨੇ 'ਉੱਚ ਨਸਲ' ਦਾ ਸਿਧਾਂਤ, ਭਾਰਤੀ ਬ੍ਰਾਹਮਣਾਂ ਤੋਂ ਲਿਆ ਸੀ, ਜਿਸ ਨੂੰ ਆਰੀਅਨ ਨਸਲ ਕਿਹਾ ਜਾਂਦਾ ਸੀ। ਨਾਜ਼ੀ ਪਾਰਟੀ ਦਾ ਚੋਣ ਨਿਸ਼ਾਨ 'ਸਵਾਸਤਿਕਾ' ਹੈ, ਜਿਹੜਾ ਨਿਸ਼ਾਨ ਹਿੰਦੂ-ਮੰਦਰਾਂ 'ਤੇ ਅੱਜ ਵੀ ਵੇਖਿਆ ਜਾ ਸਕਦਾ ਹੈ। ਬ੍ਰਾਹਮਣਵਾਦ ਵਲੋਂ ਬੜੀ ਬਦਤਰ ਕਿਸਮ ਦਾ ਨਸਲਵਾਦ 'ਵਰਣ-ਆਸ਼ਰਮ' ਯਾਨੀ ਕਿ ਜਾਤਪਾਤ ਸਿਸਟਮ ਸਥਾਪਤ ਕੀਤਾ ਗਿਆ, ਜਿਹੜਾ ਕਿ ਅੱਜ ਵੀ ਭਾਰਤ ਵਿੱਚ ਲਾਗੂ ਹੈ। ਭਾਰਤ ਵਿਚਲੇ ਕਰੋੜਾਂ ਲੋਕ ਇਸ ਜਾਤ-ਪਾਤੀ ਸਿਸਟਮ ਰਾਹੀਂ ਸ਼ੂਦਰ ਬਣਾ ਦਿੱਤੇ ਗਏ ਹਨ, ਜਿਨ੍ਹਾਂ ਨਾਲ ਜਾਨਵਰਾਂ ਤੋਂ ਵੀ ਬਦਤਰ ਸਲੂਕ ਕੀਤਾ ਜਾਂਦਾ ਹੈ।
          ਇਜ਼ਰਾਈਲ, ਇੱਕ ਯਹੂਦੀ ਦੇਸ਼ ਹੋਣ ਦੇ ਨਾਤੇ, ਨਾਜ਼ੀ ਵਿਚਾਰਧਾਰਾ ਵਿੱਚ ਯਕੀਨ ਰੱਖਣ ਵਾਲੇ ਹਿੰਦੂਆਂ ਨਾਲ ਕਿਵੇਂ ਬਗਲਗੀਰ ਹੋ ਸਕਦਾ ਹੈ? ਅੱਜ ਬੇਸ਼ੱਕ ਇਜ਼ਰਾਈਲ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਸਾਹਮਣੇ ਰੱਖ ਕੇ, ਇਹੋ ਜਿਹੇ ਫੈਸਲੇ ਲੈ ਰਿਹਾ ਹੈ ਪਰ ਇਤਿਹਾਸ ਵਿੱਚ ਕਦੀ ਨਾ ਕਦੀ ਉਸ ਨੂੰ ਆਪਣੇ ਫੈਸਲੇ 'ਤੇ ਸ਼ਰਮਿੰਦਾ ਹੋਣਾ ਪਵੇਗਾ। ਇਜ਼ਰਾਈਲ, ਫਲਸਤੀਨੀਆਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਲੈ ਕੇ, ਪਹਿਲਾਂ ਹੀ ਸੰਸਾਰ ਵਿੱਚ ਬਦਨਾਮ ਹੈ, ਹੁਣ ਹਿੰਦੂਤਵੀਆਂ ਨਾਲ ਪਾਈ-ਖੁੱਲਮਖੁੱਲ੍ਹੀ ਜੱਫੀ ਉਸ ਦੇ ਕੋਝੇਪਣ ਵਿੱਚ ਹੋਰ ਵੀ ਵਾਧਾ ਕਰੇਗੀ। ਯੂਨਾਈਟਿਡ ਨੇਸ਼ਨਜ਼ ਵਲੋਂ ਇਜ਼ਰਾਈਲ ਨੂੰ 1948 ਵਿੱਚ ਮਾਨਤਾ ਦੇਣ ਤੋਂ ਬਾਅਦ, ਅਕਾਲੀ ਦਲ ਨੇ ਵੀ ਸਿੱਖਾਂ ਵਲੋਂ ਯਹੂਦੀਆਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ। ਐਸਾ ਮਨੁੱਖੀ ਆਧਾਰ 'ਤੇ ਕੀਤਾ ਗਿਆ ਸੀ ਕਿਉਂਕਿ ਦੂਸਰੇ ਸੰਸਾਰ ਯੁੱਧ ਦੌਰਾਨ ਨਾਜ਼ੀਆਂ ਵਲੋਂ ਯਹੂਦੀਆਂ 'ਤੇ ਬਹੁਤ ਜ਼ੁਲਮ ਕੀਤੇ ਗਏ ਸਨ। ਇਸ ਲਿਖਤ ਰਾਹੀਂ ਇੱਕ ਘੱਟਗਿਣਤੀ ਹਿੰਦੂਤਵੀ ਜ਼ੁਲਮਾਂ ਦੀ ਸ਼ਿਕਾਰ ਸਿੱਖ ਕੌਮ, ਇਜ਼ਰਾਈਲ ਤੋਂ ਇਹ ਪੁੱਛਣ ਦਾ ਹੱਕ ਰੱਖਦੀ ਹੈ ਕਿ ਤੁਸੀਂ ਇਖਲਾਕ, ਮਨੁੱਖੀ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਕੇ, ਨਾਜ਼ੀਵਾਦੀ ਹਿੰਦੂਆਂ ਦੇ ਕਿਉਂ ਸਹਿਯੋਗੀ ਬਣ ਰਹੇ ਹੋ? ਵਰਤਮਾਨ ਵਿੱਚ ਵੀ ਅਤੇ ਭਵਿੱਖ ਵਿੱਚ ਵੀ ਤੁਹਾਨੂੰ ਅਤੇ ਤੁਹਾਡੀਆਂ ਪੀੜ੍ਹੀਆਂ ਨੂੰ ਇਸ ਦਾ ਜਵਾਬ ਦੇਣ ਲੱਗਿਆਂ ਅਤਿ-ਸ਼ਰਮਿੰਦਗੀ ਦਾ ਅਹਿਸਾਸ ਹੋਵੇਗਾ। ਇਸ ਦਾ ਤੁਸੀਂ ਕੀ ਜਵਾਬ ਦੇਵੋਂਗੇ?

© 2011 | All rights reserved | Terms & Conditions