ਸੌਧਾ ਸਾਧ ਤੇ ਡੇਰਾਵਾਦ : ਗਜਿੰਦਰ ਸਿੰਘ, ਦਲ ਖਾਲਸਾ
Submitted by Administrator
Friday, 1 September, 2017- 09:03 pm
ਸੌਧਾ ਸਾਧ ਤੇ ਡੇਰਾਵਾਦ : ਗਜਿੰਦਰ ਸਿੰਘ, ਦਲ ਖਾਲਸਾ

ਡੇਰਾਵਾਦ ਦੇ ਉਭਾਰ ਦੇ ਕਾਰਨ ਅਤੇ ਭਵਿੱਖ ਵਿੱਚ ਇਸ ਰੁਝਾਨ ਨੂੰ ਠੱਲ ਪਾਉਣ ਬਾਰੇ ਵਿਚਾਰ

         ਸੌਧਾ ਸਾਧ ਨੂੰ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਹੋਣ ਤੋਂ ਬਾਦ ਮੀਡੀਆ ਵਿੱਚ ਡੇਰਾਵਾਦ ਦੀ ਬੜੀ ਚਰਚਾ ਹੈ । ਡੇਰਾਵਾਦ ਬੁਨਿਆਦੀ ਤੌਰ ਤੇ ਵਿਅਕਤੀ ਪੂਜਾ ਦਾ ਹੀ ਦੂਜਾ ਨਾਮ ਹੈ । ਹਰ ਡੇਰਾ ਕਿਸੇ ਨਾ ਕਿਸੇ ਵਿਅਕਤੀ ਦੇ ਦੁਆਲੇ ਉਸਰਦਾ ਹੈ, ਵਿਚਾਰ ਦੇ ਦੁਆਲੇ ਨਹੀਂ ।
        ਸੌਧਾ ਸਾਧ ਬਾਰੇ ਪੜ੍ਹ ਸੁਣ ਕੇ, ਤੇ ਵੀਡੀਓ ਦੇਖ ਕੇ ਸਪਸ਼ਟ ਸਮਝ ਲੱਗਦੀ ਹੈ ਕਿ ਉਹ ਬਹੁਤ ਸਾਧਾਰਨ ਸਮਝ ਦਾ ਪਰ ਬਹੁਤ ਉੱਚੀਆਂ ਖਵਾਹਿਸ਼ਾਂ ਦਾ ਮਾਲਕ ਬੰਦਾ ਹੈ । ਜਿਸ ਤਰ੍ਹਾਂ ਦੋਸ਼ੀ ਕਰਾਰ ਦਿੱਤੇ ਜਾਣ ਬਾਦ, ਤੇ ਫਿਰ ਸਜ਼ਾ ਹੋਣ ਤੇ ਜੇਲ੍ਹ ਜਾਣ ਵੇਲੇ ਮਾਫੀਆਂ ਮੰਗਦਾ ਰਿਹਾ ਹੈ, ਤੇ ਜ਼ਮੀਨ ਉਤੇ ਬੈਠ ਕੇ ਰੋਂਦਾ ਰਿਹਾ ਹੈ, ਉਹ ਇਹ ਦੱਸਦਾ ਹੈ ਕਿ ਉਹ ਅੰਦਰੋਂ ਇੱਕ ਬਹੁਤ ਕਮਜ਼ੋਰ ਆਦਮੀ ਵੀ ਹੈ । ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਉਹ ਲੱਖਾਂ ਕਰੋੜਾਂ ਲੋਕਾਂ ਨੂੰ ਆਪਣੇ ਪਿੱਛੇ ਲਗਾਣ ਵਿੱਚ ਕਿਵੇਂ ਕਾਮਯਾਬ ਹੋਇਆ? ੧੯੯੦ ਵਿੱਚ, ਤੇਈ ਸਾਲ ਦੀ ਉਮਰ ਵਿੱਚ, ਇੱਕ ਬਹੁਤ ਮਾਮੂਲੀ ਡੇਰੇ ਦੀ ਗੱਦੀ ਸਾਂਭਣ ਬਾਦ ਉਹ ਕੱਲਾ ਆਪਣੀ ਬੁੱਧੀ ਤੇ ਸਮਝ ਨਾਲ ਇਸ ਮੁਕਾਮ ਤੇ ਨਹੀਂ ਪਹੁੰਚਿਆ ਹੋਵੇਗਾ । ਯਕੀਨਨ ਉਸ ਨੂੰ ਇੱਥੇ ਤੱਕ ਪਹੁੰਚਾਣ ਵਾਲੀ ਕੋਈ ਟੀਮ ਹੋਵੇਗੀ, ਕੁੱਝ ਹਾਲਾਤ ਹੋਣਗੇ, ਤੇ ਕੁੱਝ ਲੁੱਕਵੇਂ ਹੱਥ ਵੀ ਹੋਣਗੇ ।
         ਹਾਲਾਤ ਤਾਂ ਪੈਦਾ ਹੋਏ ਹਨ ਸਿੱਖ ਲੀਡਰਸ਼ਿੱਪ ਦੀ ਨਾਕਾਮੀ ਕਾਰਨ, ਜਿਸ ਵਿੱਚ ਸੱਭ ਤੋਂ ਉਪਰ ਸ਼੍ਰੋਮਣੀ ਕਮੇਟੀ, ਤੇ ਸ਼੍ਰੋਮਣੀ ਅਕਾਲੀ ਦੱਲ ਆਉਂਦੇ ਹਨ । ਇਹਨਾਂ ਦੀ ਹੋਂਦ ਹੀ ਸਿੱਖ ਧਰਮ ਦੇ ਪਰਚਾਰ ਤੇ ਸਿੱਖ ਹਿੱਤਾਂ ਦੀ ਰਾਖੀ ਲਈ ਹੈ, ਪਰ ਇਹ ਦੋਵੇਂ ਕਾਰਜਾਂ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ । ਆਪਣੀਆਂ ਜ਼ਿੰਮੇਵਾਰਆਂ ਦੇ ਉਲਟ ਇਹ ਲੀਡਰਸ਼ਿੱਪ ਡੇਰਾਵਾਦ ਨੂੰ ਉਤਸ਼ਾਹਿਤ ਕਰਨ ਲਈ ਵੀ ਜ਼ਿੰਮੇਵਾਰ ਹੈ । ਡੇਰਾਵਾਦ ਪੰਥਕ ਦਾਇਰੇ ਦੇ ਅੰਦਰ ਦਾ ਹੋਵੇ, ਜਾਂ ਬਾਹਰ ਦਾ, ਦੋਹਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ । ਵਿਅਕਤੀ ਪੂਜਾ ਦੋਹਾਂ ਪਾਸੇ ਇੱਕੋ ਜਿਹੀ ਹੈ, ਬਸ ਦੋਹਾਂ ਦੇ ਕਹਿਣ ਵਿੱਚ ਫਰਕ ਹੈ ।
         ਦੂਜੀ ਗੱਲ ਇਹੋ ਜਿਹੇ ਡੇਰੇਦਾਰਾਂ ਨੂੰ ਚਲਾਉਣ ਵਾਲੀ ਟੀਮ ਦੀ ਹੈ, ਜੋ ਸੌਧਾ ਸਾਧ ਦੇ ਦੋਸ਼ਾਂ ਵਿੱਚ ਬਰਾਬਰ ਦੀ ਜ਼ਿੰਮੇਵਾਰ ਬਣਦੀ ਹੈ । ਸੌਧਾ ਸਾਧ ਵਰਗੇ ਮਾਮੂਲੀ ਅਕਲ ਤੇ ਸਮਝ ਦੇ ਮਾਲਕ ਬੰਦੇ ਨੂੰ ਚਲਾਉਣ ਵਾਲੀ ਟੀਮ ਦੇ ਆਪਣੇ ਕੁੱਝ ਹਿੱਤ ਹੋਣਗੇ, ਜਿਨ੍ਹਾਂ ਦੀ ਪੂਰਤੀ ਲਈ ਉਹਨਾਂ ਨੇ ਇਸ ਨੂੰ ਵਰਤਿਆ ਹੋਵੇਗਾ । ਸੌਧਾ ਸਾਧ ਤੇ ਹੋਰ ਵੀ ਬਹੁਤੇ ਡੇਰੇਦਾਰ ਅਕਸਰ ਖਵਾਹਿਸ਼ਾਂ ਦੇ ਗੁਲਾਮ ਹੁੰਦੇ ਹਨ, ਉਹ ਖਵਾਹਿਸ਼ਾਂ ਸਰੀਰਕ ਹੋਣ, ਮਾਇਕ ਹੋਣ ਜਾਂ ਮਾਨਸਿਕ ਹੋਣ, ਖਵਾਹਿਸ਼ਾਂ ਦੀ ਗੁਲਾਮੀ ਡੇਰਾਵਾਦ ਦੇ ਪੈਦਾ ਹੋਣ ਦਾ ਇੱਕ ਮੁੱਖ ਕਾਰਨ ਹੁੰਦਾ ਹੈ । ਇਹ ਤਿੰਨੋ ਖਵਾਹਿਸ਼ਾਂ ਇੱਕੋ ਜਿਹੀਆਂ ਘਾਤਕ ਹੁੰਦੀਆਂ ਹਨ । ਇਹਨਾਂ ਖਵਾਹਿਸ਼ਾਂ ਉਤੇ ਪਰਦੇ ਸੱਭ ਨੇ ਵੱਖ ਵੱਖ ਪਾਏ ਹੁੰਦੇ ਹਨ, ਕਿਸੇ ਨੇ ਸਮਾਜ ਸੇਵਾ ਦਾ, ਤੇ ਕਿਸੇ ਨੇ ਧਰਮ ਦੀ ਸੇਵਾ ਦਾ । ਸੌਧਾ ਸਾਧ ਦੇ ਗੁਨਾਹਾਂ ਵਿੱਚ ਉਸ ਨੂੰ ਚਲਾਉਣ ਵਾਲੀ ਸਾਰੀ ਟੀਮ ਬਰਾਬਰ ਦੀ ਦੋਸ਼ੀ ਬਣਦੀ ਹੈ, ਤੇ ਸਜ਼ਾ ਦੀ ਹੱਕਦਾਰ ਵੀ ਹੈ ।
        ਤੀਜੀ ਗੱਲ ਲੁੱਕੇ ਹੋਏ ਹੱਥਾਂ ਦੀ ਹੈ । ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਪੰਜਾਬ ਅਤੇ ਸਿੱਖੀ ਵਿੱਚਲੇ ਬਹੁਤੇ ਡੇਰੇ ਸਿੱਖਾਂ ਨੂੰ ਇੱਕ ਵਿਲੱਖਣ ਕੌਮ ਦੇ ਨਾਤੇ ਕਮਜ਼ੋਰ ਕਰਨ ਲਈ ਵਕਤ ਦੀਆਂ ਹਕੂਮੱਤਾਂ ਵੱਲੋਂ ਪੈਦਾ ਅਤੇ ਉਤਸ਼ਾਹਿਤ ਕੀਤੇ ਜਾਂਦੇ ਰਹੇ ਹਨ । ੧੮੪੯ ਵਿੱਚ ਖਾਲਸਾ ਰਾਜ ਦਾ ਸੂਰਜ ਡੁੱਬਣ ਤੱਕ ਸਾਨੂੰ ਪੰਜਾਬ ਦੀ ਧਰਤੀ ਤੇ ਕੋਈ 'ਸੰਤ' ਜਾਂ ਡੇਰਾ ਨਜ਼ਰ ਨਹੀਂ ਆਉਂਦਾ, ਇਸ ਸਿਲਸਿਲੇ ਦੀ ਸ਼ੁਰੂਆਤ ਅੰਗਰੇਜ਼ਾਂ ਵੱਲੋਂ ਸਿੱਖਾਂ ਅੰਦਰ ਰਾਜ ਦੀ ਇੱਛਾ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਲੱਗਦੀ ਹੈ । ੪੭ ਤੋਂ ਬਾਦ ਭਾਰਤ ਦੀਆਂ ਸਾਰੀਆਂ ਹਕੂਮੱਤਾਂ ਨੇ ਅੰਗਰੇਜ਼ਾਂ ਵੱਲੋਂ ਮਿਲੀ ਵਿਰਾਸਤ ਨੂੰ ਹੀ ਕੁੱਝ ਕਦਮ ਅੱਗੇ ਵੱਧ ਕੇ ਅੱਗੇ ਤੋਰਿਆ ਹੈ । ਸੌਧਾ ਸਾਧ ਦੇ ਪਿੱਛੇ ਵੀ ਬਿਨਾਂ ਸ਼ੱਕ ਭਾਰਤੀ ਏਜੰਸੀਆਂ ਵੀ ਸਨ ਤੇ ਹਨ । ਮੌਜੂਦਾ ਹਕੂਮੱਤੀ ਜਮਾਤ ਬੀਜੇਪੀ ਦੀ ਸਾਰੀ ਲੀਡਰਸ਼ਿੱਪ ਕੱਲ ਤੱਕ ਸੌਧਾ ਸਾਧ ਦੇ ਚਰਨੀ ਪੈਂਦੀ ਸਾਰੀ ਦੁਨੀਆਂ ਨੇ ਦੇਖੀ ਹੈ, ਤੇ ਦੇਖ ਸਕਦੀ ਹੈ ।
        ੧੮੪੯ ਤੋਂ ਪਹਿਲਾਂ ਤੱਕ ਸਿੱਖਾਂ ਅੰਦਰ ਜੱਥਿਆਂ ਤੇ ਮਿਸਲਾਂ, ਤੇ ਜਾਂ ਫਿਰ ਗੁਰੁ ਕਾਲ ਵਿੱਚ ਮਹੰਤਾਂ ਦਾ ਜ਼ਿਕਰ ਤਾਂ ਮਿੱਲਦਾ ਹੈ, 'ਸੰਤਾਂ' ਦਾ ਨਹੀਂ । ਸਿੱਖੀ 'ਸੰਤ ਸਿਪਾਹੀ' ਦੇ ਕਨਸੈਪਟ ਉਤੇ ਆਧਾਰਤ ਹੈ, ਕੱਲਾ 'ਸੰਤ' ਸ਼ਬਦ ਹਿੰਦੂ ਪ੍ਰੰਪਰਾ ਵਿੱਚੋਂ ਆਇਆ ਲੱਗਦਾ ਹੈ ।
        ਭਵਿੱਖ ਵਿੱਚ ਡੇਰਾਵਾਦ ਦੇ ਪਸਾਰ ਨੂੰ ਰੋਕਣ ਲਈ ਕੀ ਕਰਨਾ ਬਣਦਾ ਹੈ? ਪਹਿਲੀ ਗੱਲ ਤਾਂ ਸਿੱਖ ਲੀਡਰਸ਼ਿੱਪ ਨੂੰ ਆਪਣੀ ਸੋਚ ਅਤੇ ਅਮਲ ਵਿੱਚ ਸੁਧਾਰ ਕਰਨਾ ਬਣਦਾ ਹੈ । ਸਿੱਖੀ ਪਰਚਾਰ ਵੱਲ ਸਾਂਝੀ ਸੋਚ ਨਾਲ ਧਿਆਨ ਦੇਣਾ ਬਣਦਾ ਹੈ । ਡੇਰਾਵਾਦੀ ਸੋਚ ਦੀ ਧਾਰਮਿੱਕ ਅਤੇ ਸਮਾਜਿਕ ਤੰਗ ਨਜ਼ਰੀ ਨੂੰ ਤਿਆਗਣਾ ਬਣਦਾ ਹੈ । ਕਮਜ਼ੋਰ ਤਬਕੇ ਨੂੰ ਗੱਲ ਨਾਲ ਲਾ ਕੇ ਰੱਖਣਾ ਬਣਦਾ ਹੈ । 'ਚੌਥੇ ਪੌੜੇ' ਨੂੰ ਵੱਖਰਾ ਤੇ ਨੀਂਵਾਂ ਸਮਝ ਕੇ ਸਲੂਕ ਕਰਨਾ ਬੰਦ ਹੋਣਾ ਚਾਹੀਦਾ ਹੈ । ਅੱਜ ਦਾ ਅੰਦਰ ਦਾ ਡੇਰਾਵਾਦ ਹੀ ਵਕਤ ਪਾ ਕੇ ਬਾਹਰ ਦਾ ਡੇਰਾਵਾਦ ਬਣ ਕੇ ਸਮੁੱਚੀ ਕੌਮ ਲਈ ਚੈਲੰਜ ਬਣਦਾ ਆਇਆ ਹੈ । ਗੁਰੂ ਅਤੇ ਸਿੱਖ ਦੇ ਵਿਚਕਾਰ, ਕਿਸੇ ਵਿਚਕਾਰਲੇ ਦੀ ਲੋੜ੍ਹ ਨਹੀਂ ਹੁੰਦੀ । ਇਹ 'ਵਿਚਕਾਰਲੇ' ਹੀ ਬਾਬਿਆਂ ਤੇ ਸੰਤਾਂ ਦੇ ਰੂਪ ਵਿੱਚ ਬਾਦ ਵਿੱਚ ਡੇਰੇਦਾਰ ਬਣਦੇ ਹਨ ।
         ਸਿੱਖਾਂ ਨੂੰ ਇੱਕ ਵਿਲੱਖਣ ਕੌਮ ਦੇ ਨਾਤੇ ਵਿਦਵਾਨਾਂ ਦਾ ਇੱਕ ਕਮਿਸ਼ਨ ਬਣਾਉਣਾ ਚਾਹੀਦਾ ਹੈ, ਜੋ ਗਹਿਰਾਈ ਤੱਕ ਜਾ ਕੇ ਸਿੱਖੀ ਵਿੱਚ ਡੇਰਾਵਾਦ ਦੇ ਉਭਾਰ ਦੇ ਕਾਰਨ ਲੱਭੇ ਤੇ ਭਵਿੱਖ ਵਿੱਚ ਇਸ ਦੇ ਵਾਧੇ ਨੂੰ ਰੋਕਣ ਲਈ ਸੁਝਾਓ ਤਜ਼ਵੀਜ਼ ਕਰੇ । ਇਹ ਕਮਿਸ਼ਨ ਭਾਵੇਂ ਸ਼੍ਰੋਮਣੀ ਕਮੇਟੀ ਬਣਾਵੇ, ਤੇ ਭਾਵੇਂ ਸਿੱਖਾਂ ਦੀਆਂ ਸਾਰੀਆਂ ਜੱਥੇਬੰਦੀਆਂ ਰਲ ਮਿਲ ਕੇ ਬਣਾਉਣ, ਪਰ ਸਾਂਝੀ ਪੰਥਕ ਸੋਚ ਦੇ ਉੱਚ ਸਿੱਖ ਵਿਦਵਾਨਾਂ ਉਤੇ ਆਧਾਰਤ ਹੋਣਾ ਚਾਹੀਦਾ ਹੈ ।
         ਅੱਜ ਕੱਲ ਸੌਧਾ ਸਾਧ ਦਾ ਵਾਰਿਸ ਲੱਭਣ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ । ਇਸ ਗੁਨਾਹ ਦੇ ਅੱਢੇ ਦਾ ਵਾਰਿਸ ਲੱਭਣ ਦਾ ਮਤਲਬ ਹੈ, ਗੁਨੱਾਹ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣਾ । ਚਾਹੀਦਾ ਤਾਂ ਇਹ ਹੈ ਕਿ ਇਸ ਡੇਰੇ ਦੀ ਸਾਰੀ ਪ੍ਰਾਪਰਟੀ, ਜੋ ਲੋਕਾਂ ਦੇ ਨਾਲ ਮਾਰੀਆਂ ਗਈਆਂ ਠੱਗੀਆਂ ਨਾਲ ਕੱਠੀ ਕੀਤੀ ਗਈ ਹੋਈ ਹੈ, ਨੀਲਾਮ ਕਰ ਕੇ, ਸਾਰਾ ਪੈਸਾ ਇਸ ਡੇਰੇ ਵਿੱਚ ਹੋਈਆਂ ਜ਼ਿਆਦਤੀਆਂ ਦੇ ਸ਼ਿਕਾਰਾਂ ਵਿੱਚ ਵੰਡ ਦਿੱਤਾ ਜਾਣਾ ਚਾਹੀਦਾ ਹੈ । ਅਗਰ ਫਿਰ ਵੀ ਬਾਕੀ ਬਚੇ ਤਾਂ ਲੋਕ ਭਲਾਈ ਦੇ ਕੰਮਾਂ ਉਤੇ ਖਰਚ ਕਰ ਦੇਣ ਚਾਹੀਦਾ ਹੈ ।
ਗਜਿੰਦਰ ਸਿੰਘ, ਦਲ ਖਾਲਸਾ ।
੧.੯.੨੦੧੭

© 2011 | All rights reserved | Terms & Conditions