ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸਿੱਖਾਂ ਨੇ ਨਿਭਾਇਆ ਸ਼ਲਾਘਾਯੋਗ ਰੋਲ
Submitted by Administrator
Monday, 4 September, 2017- 08:13 pm
ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸਿੱਖਾਂ ਨੇ ਨਿਭਾਇਆ ਸ਼ਲਾਘਾਯੋਗ ਰੋਲ

         

          ਹਿਊਸਟਨ, 3 ਸਤੰਬਰ : 25 ਅਗਸਤ ਨੂੰ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਹੜ੍ਹ ਨੇ ਭਾਰੀ ਨੇ ਭਾਰੀ ਤਬਾਹੀ ਕੀਤੀ ਹੈ।ਬਹੁਤ ਸਾਰਾ ਉਹ ਇਲਾਕਾ ਹੈ ਜਿੱਥੇ ਚਾਰ ਫੁੱਟ ਦੇ ਕਰੀਬ ਪਾਣੀ ਘਰਾਂ ਵਿਚ ਚਲਾ ਗਿਆ ਸੀ ਅਤੇ ਕਈ ਜਗ੍ਹਾ ਇਸ ਤੋਂ ਵੀ ਵੱਧ ਸੀ।ਜਿਸ ਨਾਲ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।ਭਾਵੇਂ ਕਿ ਬਹੁਤਿਆਂ ਥਾਵਾਂ ਤੇ ਪਾਣੀ ਛੇਤੀ ਉੱਤਰ ਗਿਆ ਪਰ ਨੁਕਸਾਨ ਬਹੁਤ ਜ਼ਿਆਦਾ ਕਰ ਗਿਆ ਹੈ।ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਅਮਰੀਕਾ ਵਿਚ ਸਾਰੇ ਘਰ ਲੱਕੜ ਅਤੇ ਸ਼ੀਟਰੌਕ ਨਾਲ ਬਣਦੇ ਹਨ।ਸ਼ੀਟਰੌਕ ਇੱਕ ਚੂਨੇ ਵਰਗੀ ਮਿੱਟੀ ਦੀਆਂ ਪਲਾਈਆਂ ਹਨ ਜਿਨ੍ਹਾਂ ਨੂੰ ਦੋਨੋਂ ਪਾਸੇ ਮੋਟਾ ਕਾਗ਼ਜ਼ ਲੱਗਾ ਹੁੰਦਾ ਹੈ। ਪਾਣੀ ਘਰਾਂ ਅੰਦਰ ਆ ਜਾਣ ਨਾਲ ਜਿੱਥੋਂ ਤੱਕ ਪਾਣੀ ਚੜ੍ਹਿਆ ਹੈ ਸਾਰੀਆਂ ਸ਼ੀਟਰੌਕ ਗਲ਼ ਗਈਆਂ ਹਨ।ਸਾਰੇ ਘਰਾਂ ਵਿਚ ਕਾਰਪੈਟ ਪਾਇਆ ਹੁੰਦਾ ਹੈ ਉਹ ਵੀ ਬੇਕਾਰ ਹੋ ਜਾਂਦਾ ਹੈ।ਬਾਕੀ ਤੁਸੀਂ ਜਾਣਦੇ ਹੀ ਕਿ ਕਿੰਨਾ ਸਾਮਾਨ ਅਸੀਂ ਘਰਾਂ ਵਿਚ ਹੇਠਾਂ ਰੱਖਿਆ ਹੁੰਦਾ ਹੈ ਉਹ ਸਭ ਨਸ਼ਟ ਹੋ ਜਾਂਦਾ ਹੈ।ਅਮਰੀਕਾ ਦੇ ਹਰ ਘਰ ਮਾਲਕ ਨੂੰ ਘਰ ਦਾ ਬੀਮਾ ਕਰਾਉਣਾ ਜ਼ਰੂਰੀ ਹੈ ਪਰ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਦੀ ਕਵਰੇਜ ਬਹੁਤ ਮਹਿੰਗੀ ਹੋਣ ਕਰ ਕੇ ਅਜਿਹੀ ਕਵਰੇਜ ਬਹੁਤ ਘੱਟ ਲੋਕ ਲੈਂਦੇ ਹਨ। ਇਸ ਲਈ ਅਜਿਹੇ ਨੁਕਸਾਨ ਦੀ ਪੂਰਤੀ ਕਰਨ ਲਈ ਸਰਕਾਰਾਂ ਅਤੇ ਲੋਕ ਭਲਾਈ ਵਾਲੀਆਂ ਸੰਸਥਾਵਾਂ ਨੂੰ ਹੀ ਅੱਗੇ ਆਉਣਾ ਪੈਂਦਾ ਹੈ।
         ਵਿਦੇਸ਼ਾਂ ਵਿਚ ਇਸ ਕੰਮ ਲਈ ਬਣੀਆਂ ਦੋ ਮੁੱਖ ਸੰਸਥਾਵਾਂ ਖ਼ਾਲਸਾ ਏਡ ਅਤੇ ਅਮਰੀਕਾ ਸਥਿਤ ਬਣੀ ਸੰਸਥਾ ਯੂਨਾਈਟਿਡ ਸਿੱਖਜ਼ ਸੰਸਥਾ ਅੱਗੇ ਆਈਆਂ।ਯੂਨਾਈਟਿਡ ਸਿੱਖਜ਼ ਸੰਸਥਾ ਅਮਰੀਕਾ ਵਿਚ ਰਜਿਸਟਰਡ ਹੈ ਅਤੇ ਹਰ ਕਾਰਜ ਨੂੰ ਕਾਨੂੰਨੀ ਦਾਇਰੇ ਵਿਚ ਰਹਿ ਕੇ ਕਰਦੀ ਹੈ।ਦੁਨੀਆ ਭਰ ਵਿਚ ਆਈਆਂ ਆਫ਼ਤਾਂ ਵਿਚ ਯੂਨਾਈਟਿਡ ਸਿੱਖਜ਼ ਵੱਲੋਂ ਹਮੇਸ਼ਾ ਸ਼ਲਾਘਾਯੋਗ ਰੋਲ ਨਿਭਾਇਆ ਜਾਂਦਾ ਰਿਹਾ ਹੈ।ਇਸ ਸੰਸਥਾ ਦੇ ਮੁਖੀ ਸ. ਹਰਦਿਆਲ ਸਿੰਘ ਹਨ ਜਿਨ੍ਹਾਂ ਨੇ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਦੀ ਕਮੇਟੀ ਨਾਲ ਮਿਲ ਕੇ ਇਸ ਗੁਰਦੁਆਰਾ ਸਾਹਿਬ ਨੂੰ ਰਾਹਤ ਕਾਰਜਾਂ ਦਾ ਕੇਂਦਰ ਬਣਾਇਆ।ਉਨ੍ਹਾਂ ਅਮਰੀਕਾ ਭਰ ਵਿਚ ਸਿੱਖ ਸੰਸਥਾਵਾਂ ਨੂੰ ਅਤੇ ਆਪਣੀ ਸੰਸਥਾ ਦੇ ਮੈਂਬਰਾਂ ਨੂੰ ਫ਼ੋਨ ਕਰ ਕੇ ਸੁਨੇਹੇ ਦਿੱਤੇ ਅਤੇ ਮਦਦ ਲਈ ਅਪੀਲ ਕੀਤੀ।ਜਿਸ ਨਾਲ ਅਮਰੀਕਾ ਵਿਚ ਬਣੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੱਖ ਵੱਖ ਸ਼ਹਿਰਾਂ ਵਿਚੋਂ ਬਹੁਤ ਸਾਰੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਇਸ ਕਾਰਜ ਲਈ ਅੱਗੇ ਆਈਆਂ ਹਨ।
         ਉਨ੍ਹਾਂ ਦੀ ਅਪੀਲ ਤੇ ਹੀ ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ, ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ (ਬੌਥਲ), ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਰੈਂਨਟਨ, ਗੁਰੂ ਨਾਨਕ ਗੁਰਸਿੱਖ ਗੁਰਦੁਆਰਾ ਲਿੰਡਨ, ਖ਼ਾਲਸਾ ਗੁਰਮਤਿ ਸਕੂਲ ਸਿਆਟਲ, ਸਿਆਟਲ ਦੀ ਸਿੱਖ ਜਥੇਬੰਦੀ ਯੂਨਾਈਟਿਡ ਸਿੱਖ ਨੇਸ਼ਨ ਅਤੇ ਸਮੂਹ ਸੰਗਤਾਂ ਵੱਲੋਂ ਇਸ ਵਿਚ ਬਣਦਾ ਯੋਗਦਾਨ ਪਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਸ਼ੁਰੂ ਕੀਤੇ ਗਏ ਹਨ।ਸਿਆਟਲ ਤੋਂ ਪਹਿਲੀ ਸਤੰਬਰ ਸ਼ੁੱਕਰਵਾਰ ਨੂੰ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਗੁਰਦੁਆਰਾ ਸੱਚਾ ਮਾਰਗ ਸਾਹਿਬ ਦੇ ਪ੍ਰਧਾਨ ਸ. ਹਰਸ਼ਿੰਦਰ ਸਿੰਘ ਸੰਧੂ, ਬਲਵੰਤ ਸਿੰਘ ਅਤੇ ਸਤਪਾਲ ਸਿੰਘ ਪੁਰੇਵਾਲ ਭੇਜੀ ਗਈ ਜਿਨ੍ਹਾਂ ਨੇ 5000 ਡਾਲਰ ਦੀ ਰਸਤ ਮੁੱਢਲੀ ਸੇਵਾ ਵਜੋਂ ਭੇਟ ਕੀਤੀ।ਉਨ੍ਹਾਂ ਨੇ ਹੋਰ ਕਿਸ ਕਿਸਮ ਦੀ ਮਦਦ ਦੀ ਲੋੜ ਹੈ ਦੀ ਜਾਣਕਾਰੀ ਵੀ ਹਾਸਲ ਕੀਤੀ ਤਾਂ ਕਿ ਉਸ ਮੁਤਾਬਿਕ ਹੀ ਸੰਗਤਾਂ ਨੂੰ ਸੇਵਾ ਲਈ ਅਪੀਲ ਕਰ ਕੇ ਲੋੜੀਂਦਾ ਸਮਾਨ ਭੇਜਿਆ ਜਾ ਸਕੇ।ਸਿਆਟਲ ਦੇ ਸਮੁੱਚੀਆਂ ਸੰਗਤਾਂ ਨੇ ਇਸ ਕਾਰਜ ਲਈ ਕਾਫ਼ੀ ਪੈਸਾ ਦਿੱਤਾ ਹੈ।ਗੁਰਦੁਆਰਾ ਸੱਚਾ ਮਾਰਗ ਸਾਹਿਬ ਦੀ ਕਮੇਟੀ ਅਤੇ ਸਹਿਯੋਗੀ ਜਥੇਬੰਦੀ ਯੂਨਾਈਟਿਡ ਸਿੱਖ ਨੇਸ਼ਨ ਸਿਆਟਲ ਵੱਲੋਂ 50,000 ਡਾਲਰ ਭੇਜਣ ਦਾ ਨਿਸ਼ਾਨਾ ਮਿਥਿਆ ਗਿਆ ਸੀ ਜਿਸ ਵਿਚ ਸੰਗਤਾਂ ਵੱਲੋਂ 25,000 ਹਜ਼ਾਰ ਡਾਲਰ ਇਕੱਠਾ ਕੀਤਾ ਜਾ ਚੁੱਕਾ ਹੈ।
          ਕੈਲੇਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਵਿਚੋਂ ਵੀ ਮਦਦ ਪਹੁੰਚ ਰਹੀ ਹੈ।ਇੱਕ ਵੱਡਾ ਟਰਾਲਾ ਕੱਲ੍ਹ ਸਟੋਕਟਨ ਤੋਂ ਪਹੁੰਚ ਗਿਆ ਹੈ ਅਤੇ 7 ਟਰਾਲੇ ਲੋੜੀਂਦੀਆਂ ਵਸਤਾਂ ਲੈ ਕੇ ਅੱਜ ਪਹੁੰਚ ਰਹੇ ਹਨ।ਹੁਣ ਉੱਥੇ ਸਭ ਤੋਂ ਵੱਡੀ ਸਮੱਸਿਆ ਆਏ ਸਮਾਨ ਨੂੰ ਸੰਭਾਲਣ ਦੀ ਵੀ ਬਣੀ ਹੋਈ ਹੈ।ਭਾਵੇਂ ਇਸ ਕਾਰਜ ਲਈ ਹਿਊਸਟਨ ਦੇ ਹੋਰ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਸਹਿਯੋਗ ਲਈ ਅੱਗੇ ਆਈਆਂ ਹਨ ਪਰ ਫਿਰ ਵੀ ਉਨ੍ਹਾਂ ਲਈ ਇੰਨੇ ਸਮਾਨ ਨੂੰ ਸੰਭਾਲਣਾ ਇੱਕ ਵੱਡਾ ਚੈਲੰਜ ਹੈ।
          ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਲਈ ਸਤਿਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਦੀ ਸੇਵਾ ਲਗਾਤਾਰਤਾ ਨਾਲ ਡਾਕਟਰ ਸਾਹਿਬ ਸ. ਹਰਦਮ ਸਿੰਘ ਆਜ਼ਾਦ ਜੀ ਦੀ ਅਗਵਾਈ ਵਿਚ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ਜਾ ਰਹੀ ਹੈ।ਉਹ ਗੁਰਦੁਆਰਾ ਸਾਹਿਬ ਵਿਚ ਲੰਗਰ ਤਿਆਰ ਕਰ ਕੇ ਇੱਕ ਚਰਚ ਵਿਚ ਲੈ ਜਾਂਦੇ ਹਨ ਜਿੱਥੇ ਡੱਬਿਆਂ ਵਿਚ ਪੈਕ ਕਰ ਕੇ ਲੋੜਵੰਦਾਂ ਨੂੰ ਭੇਜਿਆ ਜਾਂਦਾ ਹੈ।ਇੱਥੇ ਦੇ ਵਸਨੀਕ ਨੌਜਵਾਨ ਬੱਚਿਆਂ ਦੀ ਸੇਵਾ ਭਾਵਨਾ ਅਤੇ ਉਤਸ਼ਾਹ ਦੀ ਤਾਰੀਫ਼ ਕਰਨੀ ਬਣਦੀ ਹੈ।ਸਕੂਲਾਂ ਵਿਚ ਛੁੱਟੀਆਂ ਹੋਣ ਕਰ ਕੇ ਸਾਰਾ ਦਿਨ ਬਿਨਾਂ ਅੱਕੇ ਥੱਕੇ ਸੇਵਾ ਵਿਚ ਜੁਟੇ ਰਹਿੰਦੇ ਹਨ।
          ਸ. ਸੰਦੀਪ ਸਿੰਘ ਧਾਲੀਵਾਲ ਜੋ ਇੱਥੇ ਦੇ ਇੱਕ ਦਸਤਾਰ ਧਾਰੀ ਪੁਲਿਸ ਆਫ਼ੀਸਰ ਹਨ ਬਹੁਤ ਹੀ ਵਧੀਆ ਰੋਲ ਨਿਭਾਅ ਰਹੇ ਹਨ।ਪੁਲਿਸ ਕੋਲ ਸਾਰੀ ਜਾਣਕਾਰੀ ਸਹੀ ਹੋਣ ਕਰ ਕੇ ਭੇਜਿਆ ਜਾਣ ਵਾਲਾ ਸਾਰਾ ਸਮਾਨ ਠੀਕ ਜਗ੍ਹਾ ਪਹੁੰਚ ਰਿਹਾ ਹੈ।ਧਾਲੀਵਾਲ ਸਾਹਿਬ ਬਹੁਤ ਹੀ ਮਿਲਾਪੜੇ ਸੁਭਾਅ ਦੇ ਅਤੇ ਮਿਹਨਤੀ ਨੌਜਵਾਨ ਹਨ।ਸ਼ਾਇਦ ਇਸੇ ਕਰ ਕੇ ਉਨ੍ਹਾਂ ਨਾਲ ਆਉਣ ਵਾਲੇ ਹੋਰ ਗੋਰੇ ਆਫ਼ੀਸਰ ਜਿੱਥੇ ਸਿੱਖਾਂ ਦੀ ਇਸ ਸੇਵਾ ਭਾਵਨਾ ਤੋਂ ਅਤਿਅੰਤ ਖ਼ੁਸ਼ ਹਨ ਉੱਥੇ ਧਾਲੀਵਾਲ ਵੀਰ ਦੀ ਸਿਫ਼ਤ ਕਰਨੀ ਨਹੀਂ ਭੁੱਲਦੇ।
         ਸੰਗਤਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਕੋਈ ਵੀ ਵਰਤਿਆ ਹੋਇਆ (Used) ਸਮਾਨ ਨਾ ਭੇਜੋ ਜੀ।ਸਿਰਫ਼ ਮਾਇਆ ਇਕੱਠੀ ਕਰੋ ਤਾਂ ਕਿ ਲੋੜ ਮੁਤਾਬਿਕ ਸਮਾਨ ਖ਼ਰੀਦ ਕੇ ਭੇਜਿਆ ਜਾ ਸਕੇ।ਸਾਡੀ ਸਿਆਟਲ ਦੀ ਸਮੂਹ ਸੰਗਤਾਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਇਸ ਸੇਵਾ ਵਿਚ ਵਧ ਚੜ ਕੇ ਹਿੱਸਾ ਪਾਓ ਜੀ।ਇੱਥੇ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜਦੋਂ ਅਸੀਂ ਲੋੜਵੰਦਾਂ ਤੱਕ ਸਮਾਨ ਲੈ ਕੇ ਜਾਂਦੇ ਸੀ ਤਾਂ ਉਹ ਲੋਕ ਸਿਰਫ਼ ਉਹੀ ਸਮਾਨ ਲੈਂਦੇ ਸਨ ਜਿਸ ਦੀ ਉਨ੍ਹਾਂ ਨੂੰ ਲੋੜ ਹੁੰਦੀ ਸੀ।ਆਓ ਸਤਿਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਦੁਨੀਆ ਵਿਚ ਪ੍ਰਚਾਰਨ ਲਈ ਬਣਦਾ ਯੋਗਦਾਨ ਪਾਈਏ ਜੀ।

© 2011 | All rights reserved | Terms & Conditions