ਜੇ ਤੁਸੀਂ ਮਰੇ ਨਹੀਂ ਤਾਂ ਤੁਸੀਂ ਗਦਾਰ ਹੋ : ਸਰਬਜੀਤ ਸਿੰਘ ਘੁਮਾਣ
Submitted by Administrator
Thursday, 7 September, 2017- 03:02 pm
ਜੇ ਤੁਸੀਂ ਮਰੇ ਨਹੀਂ ਤਾਂ ਤੁਸੀਂ ਗਦਾਰ ਹੋ : ਸਰਬਜੀਤ ਸਿੰਘ ਘੁਮਾਣ


            ਅਸੀਂ ਤਾਂ ਇਹੀ ਮੰਨ ਕੇ ਬਹਿ ਗਏ ਕਿ ਜਿਹੜੇ ਖਾੜਕੂ ਸਰਕਾਰੀ ਗੋਲ਼ੀ ਨਾਲ਼ ਮਾਰੇ ਗਏ,ਕੇਵਲ ਉਹੀ ਸਹੀ ਸੀ ਤੇ ਬਾਕੀ ਸਾਰੇ ਗਲਤ। ਜਿਹੜੇ ਬਚ ਗਏ ਉਨਾਂ ਸਭ ਨੂੰ ਸ਼ੱਕੀ ਨਜਰ ਨਾਲ ਵੇਖਣਾ ਸਾਡੀ ਫਿਤਰਤ ਬਣ ਗਈ।ਇਹ ਗੱਲ ਕੇਵਲ ਖਾੜਕੂ ਸੰਘਰਸ਼ ਬਾਰੇ ਨਹੀ ਇਸਤੋਂ ਪਹਿਲਾਂ ਚੱਲੀ ਨਕਸਲਾਈਟ ਲਹਿਰ ਬਾਰੇ ਵੀ ਕਹੀ ਜਾ ਰਹੀ ਹੈ। ਨਕਸਲੀ ਲਹਿਰ ਦੀ ਉਮਰ ਬੇਸ਼ੱਕ ਥੋੜੀ ਸੀ ਪਰ ਉਸ ਲਹਿਰ ਨੇ ਲੋਕ-ਚੇਤਨਾ ਵਿਚ ਆਪਣਾ ਅਸਰ ਕਾਫੀ ਡੂੰਘਾ ਪਾਇਆ ਸੀ। ਲੁਧਿਆਣੇ ਜਿਲੇ ਵਿਚ ਮੇਰੇ ਪਿੰਡ ਘੁਮਾਣ ਦੇ ਕੋਲ ਗੁਰੂਸਰ ਸੁਧਾਰ ਕਾਲਜ ਦਾ ਵਿਦਿਆਰਥੀ ਜਗਤਾਰ ਸਿੰਘ ਪਿੰਡ ਆਸੀ ਇਸੇ ਨਕਸਲੀ ਲਹਿਰ ਵਿਚ ਪੁਲੀਸ ਦੀ ਗੋਲ਼ੀ ਨਾਲ ਮਾਰਿਆ ਗਿਆ ਸੀ।ਨਿੱਕੇ ਹੁੰਦੇ ਜਦ ਅਸੀਂ ਇਕ-ਦੂਜੇ ਨਾਲ ਝਗੜਦੇ ਤਾਂ ਦੂਜੇ ਨੂੰ ਵੰਗਾਰਦੇ ਕਿ "ਬੜਾ ਤੂੰ ਸਮਾਓਂ ਵਾਲਾ ਹਾਕਮ ਬਣਿਆ ਫਿਰਦਾ,ਆ ਐਧਰ"।ਮੇਰੇ ਮਿਤਰ ਰਾਜਿੰਦਰ ਸਿੰਘ ਰਾਹੀ ਦੀ ਕਿਤਾਬ 'ਪੰਜਾਬ ਦੀ ਪੱਗ ਜਸਵੰਤ ਸਿੰਘ ਕੰਵਲ' ਦਾ ਇਕ ਸਿਰਲੇਖ ਹੈ, "ਹਾਕਮ 'ਲਹੂ ਦੀ ਲੋਅ ਦਾ ਨਾਇਕ ਕਿਉਂ ਨਾ ਬਣ ਸਕਿਆ?" ਹਾਕਮ ਤੋਂ ਮਤਲਬ ਕਾਮਰੇਡ ਹਾਕਮ ਸਿੰਘ ਸਮਾਓਂ ਹੈ ਜੋ ਨਕਸਲਾਈਟ ਸੰਘਰਸ਼ ਦੀ ਚੋਟੀ ਦੀ ਲੀਡਰਸ਼ਿਪ ਵਿਚ ਅਹਿਮ 'ਸਿਰ 'ਗਿਣਿਆ ਜਾਂਦਾ ਰਿਹਾ ਹੈ।ਉਹ ਦਰਸ਼ਣ ਖਟਕੜ ਦੇ ਨਾਲ ਸੰਘਰਸ਼ ਦੇ ਸਿਖਰ ਛੋਹਣ ਸਾਰ ਹੀ ਗ੍ਰਿਫਤਾਰ ਹੋ ਗਿਆ।ਨਵਾਂਸ਼ਹਿਰ ਵੱਲ ਸੈਲੇ ਕੋਲ ਪਿੰਡ ਭਾਤਪੁਰ ਵਿਚ ਹੋਈ ਓਸ ਗ੍ਰਿਫਤਾਰੀ ਨੂੰ ਸ਼ੱਕ ਦੀ ਨਜਰ ਨਾਲ ਵੇਖਿਆ ਗਿਆ ਕਿ ਇਹ ਤਾਂ ਪੇਸ਼ ਹੋ ਗਏ ਹਨ।ਮਗਰੋਂ ਚਰਚਾ ਹੋਣ ਲੱਗ ਪਈ ਕਿ ਪੁਲੀਸ ਨੇ ਤਾਂ ਬਿਰਧ ਬਾਬੇ ਬੂਝਾ ਸਿੰਘ ਨੂੰ ਵੀ ਮਾਰ ਸੁੱਟਿਆ ਫੇਰ ਚੋਟੀ ਦੇ ਨਕਸਲੀ ਆਗੂ ਹਾਕਮ ਸਮਾਓ ਨੂੰ ਕਿਉਂ ਅਦਾਲਤ ਵਿਚ ਪੇਸ਼ ਕਰ ਦਿਤਾ?ਹਾਕਮ ਨੂੰ ਪੇਸ਼ ਕਰਨਮ ਦਾ ਇਹ ਫੈਸਲਾ ਕਿਵੇਂ ਹੋਇਆ,ਕਿਉਂ ਹੋਇਆ,ਇਹ ਤਾਂ ਪ੍ਰਤੱਖ ਨਹੀ ਹੋ ਸਕਿਆ ਪਰ ਹਾਕਮ ਦਾ ਬਚ ਜਾਣਾ ਹੀ ਉਹਦੇ ਲਈ ਸਰਾਪ ਬਣ ਗਿਆ।ਮੈਨੂੰ ਭਾਈ ਦਲਜੀਤ ਸਿੰਘ ਬਿੱਟੂ ਤੇ ਸਮਾਓਂ ਵਾਲੇ ਹਾਕਮ ਦੀ ਹੋਣੀ ਇਕੋ ਜਿਹੀ ਮਹਿਸੂਸ ਹੁੰਦੀ ਹੈ।ਜਿਵੇਂ ਸਾਡੇ ਸਿਖਾਂ ਵਿਚ ਧੜੇਬਾਜ਼ੀਆ ਨੇ,ਉਵੇਂ ਨਕਸਲਾਈਟਾਂ ਤੇ ਕਾਮਰੇਡਾਂ ਦੀ ਸ਼ਰੀਕੇਬਾਜ਼ੀ ਨੇ ਹਾਕਮ ਦੀ ਸਾਰੀ 'ਕਮਾਈ'ਸਾਹਮਣੇ ਲਗਾਤਾਰ ਪ੍ਰਸ਼ਨ ਚਿੰਨ ਲਾਈ ਰੱਖਿਆ।ਉਂਝ ਲਹਿਰਾਂ ਵਿਚ ਕਈ ਬੜੇ ਅਜ਼ੀਬ ਵਰਤਾਰੇ ਵਾਪਰ ਜਾਂਦੇ ਹੁੰਦੇ ਨੇ ਜਿਵੇਂ ਜਦ ਨਕਸਲੀ ਲਹਿਰ ਮੌਕੇ ਹਰਭਜਨ ਹਲਵਾਰਵੀ ਸਾਡੇ ਨੇੜਲੇ ਕਸਬੇ ਗੁਰੂਸਰ ਸੁਧਾਰ ਵਿਚ ਫੜਿਆ ਹੋਇਆ ਸੀ ਤਾਂ ਸ.ਸਿਮਰਨਜੀਤ ਸਿੰਘ ਮਾਨ ਆ ਗਏ ਜੋਕਿ ਪੁਲੀਸ ਅਫਸਰ ਸੀ ਤੇ ਉਨਾਂ ਨੇ ਹਲਵਾਰਵੀ ਦੀ ਗ੍ਰਿਫਤਾਰੀ ਪਾ ਦਿਤੀ ਤੇ ਉਹ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਚ ਗਿਆ।ਹੁਣ ਜੇ ਕੋਈ ਸ.ਮਾਨ ਦੇ ਹਲਵਾਰਵੀ ਨਾਲ ਸਬੰਧ ਜੋੜੀ ਜਾਵੇ ਤਾਂ ਉਸਤੇ ਤਰਸ ਹੀ ਕੀਤਾ ਜਾ ਸਕਦਾ ਹੈ ਜਦਕਿ ਮਾਨ ਸਾਹਿਬ ਨੇ ਤਾਂ ਆਪਣੀ ਬਣਦੀ ਡਿਊਟੀ ਨਿਭਾਈ।ਹਲਵਾਰਵੀ ਨੂੰ ਬਚਾਉਣ ਵਾਲੀ ਸਾਰੀ ਵਾਰਤਾ ਮਾਨ ਸਾਹਿਬ ਨੇ ਕਈ ਵੇਰ ਸੁਣਾਈ ਹੈ।ਮਾਨ ਸਾਹਿਬ ਨੇ ਇਕ ਹੋਰ ਨਕਸਲੀ ਭੋਲੇ ਗੁਰੂਸਰੀਏ ਨੂੰ ਓਸ ਪੁਲੀਸ ਪਾਰਟੀ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਜੀਹਦੀ ਜਿੰੰਮੇਵਾਰੀ ਭੋਲੇ ਨੂੰ ਮਾਰਨ ਦੀ ਲੱਗੀ ਹੋਈ ਸੀ। ਮਾਨ ਸਾਹਿਬ ਭੋਲੇ ਨੂੰ ਆਪਣੇ ਘਰ ਲੈ ਗਏ ਤੇ ਉਹਦੀ ਹਰ ਤਰਾਂ ਰਾਖੀ ਕੀਤੀ। ਕੀ ਭੋਲਾ ਪੁਲੀਸ ਨਾਲ ਰਲ਼ਿਆ ਹੋਇਆ ਸੀ।ਮਾਨ ਸਾਹਿਬ ਵਰਗੇ ਪੁਲੀਸ ਵਾਲੇ ਇਸ ਖਾਲਿਸਤਾਨੀ ਦੌਰ ਵਿਚ ਵੀ ਹੋਣਗੇ! ਕਦੇਂ ਜੇਲਾਂ ਵਿਚੋਂ ਨਿਕਲੇ ਖਾੜਕੂਆਂ ਨੂੰ ਮਿਲੇ ਦੇਖੋ,ਉਹ ਕਈ ਪੁਲਸੀਆਂ ਬਾਰੇ ਦੱਸ ਦੇਣਗੇ ਕਿ ਬੇਸ਼ੱਕ ਉਹ ਪੁਲਸੀਆਂ ਫਲਾਨੇ ਕਾਂਡ ਲਈ ਵੀ ਜਿੰਮੇਵਾਰ ਹੈ ਪਰ ਮੇਰੇ ਨਾਲ ਉਹ ਵਧੀਆ ਵਰਤਿਆ!ਖਾਕੀ ਵਰਦੀ ਦੇ ਅੰਦਰ ਜੋ ਇਨਸਾਨ ਹੈ,ਉਹਦੇ ਅੰਦਰ ਵੀ ਦਿਲ ਹੁੰਦਾ ਹੈ।ਨਕਸਲੀ ਲਹਿਰ ਮੌਕੇ ਜਿਵੇਂ ਬੇਅੰਤ ਸਿੰਘ ਮੂੰਮ,ਪਿਆਰਾ ਸਿੰਘ ਦੱਧਾਹੂਰ ਤੇ ਮੁਹੰਮਦ ਸ਼ਰੀਫ ਕਾਂਝਲਾ ਗ੍ਰਿਫਤਾਰ ਹੋਏ ਸੀ,ਉਸ ਮੀਟਿੰਗ ਵਿਚ ਗੁਰਦਿਆਲ ਸ਼ੇਰਪੁਰੀ ਦਸ ਕੁ ਮਿੰਟ ਲੇਟ ਹੋਣ ਕਰਕੇ ਬਚ ਗਿਆ।ਜੇ ਕੋਈ ਇਸ ਬਚਣ ਦੇ ਅਰਥ ਗਲਤ ਕੱਢਣੇ ਚਾਹੇ ਤਾਂ ਉਹਦੀ ਮਰਜ਼ੀ ਹੈ ਪਰ ਲਹਿਰਾਂ ਵਿਚ ਇਹੋ ਜਿਹੇ ਬੇਅੰਤ ਵਾਕਿਆਤ ਵਾਪਰ ਜਾਂਦੇ ਹਨ।ਦਰਅਸਲ ਗੁਰੀਲਾ ਜਿੰਦਗੀ ਮਿੰਟਾਂ-ਸਕਿੰਟਾਂ ਵਿਚ ਗੱਲ ਦੇ ਅਰਥ ਬਦਲਣ ਵਾਲੀਆਂ ਹੌਲਨਾਕ ਘਟਨਾਵਾਂ ਨਾਲ ਭਰਪੂਰ ਹੁੰਦੀ ਹੈ।ਖਾੜਕੂ ਲਹਿਰ ਵਿਚ ਵਿਚਰੇ ਸਿੰਘਾਂ ਬਾਰੇ ਅਸੀਂ ਪੂਰੇ ਸਹੀ ਨਿਰਣੇ ਕਿਵੇਂ ਦੇ ਸਕਦੇ ਹਾਂ ਜਦਕਿ ਅੱਜ ਦੇ ਤੇ ਉਦੋਂ ਦੇ ਮਹੌਲ,ਮਾਨਸਿਕਤਾ ਤੇ ਅਹਿਸਾਸ ਵਿਚ ਜਮੀਨ-ਅਸਮਾਨ ਦਾ ਅੰਤਰ ਹੈ।ਪਰ ਨਕਸਲੀ ਲਹਿਰ ਵਾਂਗ ਸਾਡੇ ਖਾਲਿਸਤਾਨੀ ਸੰਘਰਸ਼ ਵਿਚ ਵੀ ਅਸੀਂ ਹਾਕਮ ਸਿੰਘ ਸਮਾਓਂ ਵਾਂਗ ਬਹੁਤ ਸਾਰੇ ਨਾਇਕਾਂ ਨੂੰ ਉਨਾਂ ਦਾ ਬਣਦਾ ਮਾਣ ਦੇਣ ਤੋਂ ਇਨਕਾਰੀ ਹਾਂ ਕਿ ਉਹ ਬਚ ਕਿਉਂ ਗਏ ਤੇ ਹਕੂਮਤ ਦੀ ਗੋਲ਼ੀ ਨਾਲ ਸ਼ਹੀਦ ਕਿਉਂ ਨਾ ਹੋਏ!
           ਸਾਡੇ ਸਮਾਜ ਵਿਚ ਇਕ ਅਜ਼ੀਬ ਜਿਹਾ ਫਾਰਮੂਲਾ ਹੈ ਕਿ ਜੋ ਖਾੜਕੂ ਫੜਿਆ ਜਾਵੇ,ਉਹ ਗਦਾਰ ਤੇ ਜੋ ਸੰਘਰਸ਼ ਦੌਰਾਨ ਮਾਰਿਆ ਜਾਵੇ ਉਹ ਸ਼ਹੀਦ। ਕਿਸੇ ਬੰਦੇ ਤੋਂ ਆਸ ਤਾਂ ਜਰੂਰ ਹੋਣੀ ਚਾਹੀਦੀ ਹੈ ਕਿ ਜੇ ਉਹਨੇ ਮਰਜੀਵੜੇ ਹੋਣ ਦੀ ਸਹੁੰ ਖਾਧੀ ਹੈ ਤਾਂ ਆਤਮ-ਸਮਰਪਣ ਨਾ ਕਰੇ।ਪਰ ਕਿਸੇ ਗੁਰੀਲੇ ਦਾ ਫੜਿਆ ਜਾਣਾ ਤਾਂ ਬਿਲਕੁਲ ਹੀ ਅਣਕਿਆਸੀ ਗੱਲ ਹੈ। ਉਂਝ ਫੌਜੀ ਕਾਰਵਾਈ ਮੌਕੇ ਗ੍ਰਿਫਤਾਰੀ ਤਾਂ ਜਨਰਲ ਲਾਭ ਸਿੰਘ ਦੀ ਵੀ ਹੋ ਗਈ ਸੀ। ਜੋਧਪੁਰ ਜੇਲ ਵਿਚ ਨਜਰਬੰਦ ਰਹਿਣ ਵਾਲਿਆਂ ਵਿਚੋਂ ਜੋ ਸਿੰਘ ਰਿਹਾਈ ਮਗਰੋਂ ਭਗੌੜੇ ਹੋਕੇ ਸੰਘਰਸ਼ ਵਿਚ ਸ਼ਾਮਿਲ ਹੋਏ,ਉਹ ਵੀ ਤਾਂ ਹਮਲੇ ਮੌਕੇ ਫੜੇ ਹੀ ਗਏ ਸੀ।ਪਰ ਇੰਨਾਂ ਨੇ ਮਗਰੋਂ ਜੋ ਕੁਝ ਕੀਤਾ,ਉਹਨੂੰ ਕਿਸ ਲੇਖੇ ਪਾਈਏ?ਫੜਿਆ ਜਾਣਾ ਇਕ ਹੋਰ ਤਰਾਂ ਦੀ ਗੱਲ ਹੈ ਜਦਕਿ 'ਆਤਮ ਸਮਰਪਣ'ਕਰਨਾ ਹੋਰ ਗੱਲ ਹੈ। ਯਾਦ ਰਹੇ ਖਾੜਕੂ ਸੰਘਰਸ਼ ਵਿਚ ਪਹਿਲੀਆਂ ਕਤਾਰਾਂ ਵਿਚ ਵਿਚਰਦੇ ਰਹੇ ਕਈ ਸਿੰਘ ਹਨ,ਜਿਹੜੇ ਆਤਮ ਸਮਰਪਣ ਕਰ ਗਏ ਜਾਂ ਪੇਸ਼ ਹੋ ਗਏ।ਉਨਾਂ ਦੇ ਸੰਘਰਸ਼ ਵਿਚ ਯੋਗਦਾਨ ਦੀ ਸ਼ਲਾਘਾ ਵੀ ਹੁੰਦੀ ਹੈ ਤੇ ਉਨਾਂ ਵਲੋਂ ਕਮਜੋਰੀ ਵਿਖਾਉਣ ਕਾਰਨ ਉਨਾਂ ਦੀ ਅਲੋਚਨਾ ਵੀ ਹੁੰਦੀ ਹੈ। ਜਿਵੇਂ ਭਾਈ ਜੱਫਰਵਾਲ ਦੀ ਗੱਲ ਹੈ ਕਿ ਉਹਨੇ ਖਾੜਕੂ ਜੱਦੋਜਹਿਦ ਵਿਚ ਇਕ ਅਹਿਮ ਦੌਰ ਵਿਚ ਯੋਗਦਾਨ ਵੀ ਪਾਇਆ ਪਰ ਮਗਰੋਂ ਗ੍ਰਿਫਤਾਰੀ ਵਾਲੀ ਡਰਾਮੇਬਾਜੀ ਵੀ ਕਰ ਲਈ।ਜਿਥੇ ਉਹਦੀ ਕਮਜੋਰੀ ਦੀ ਗੱਲ ਨਹੀ ਭੁੱਲਣੀ ਚਾਹੀਦੀ,ਉਵੇਂ ਹੀ ਸਾਨੂੰ ਇਹ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਇਕ ਵੇਲਾ ਸੀ ਜਦ 'ਜਫਰਵਲ'ਦਾ ਨਾਂ ਗੂੰਜਦਾ ਸੀ।ਇਹੋ ਜਿਹੇ ਹੋਰ ਵੀ ਬਹੁਤ ਹਨ।ਪਰ ਸਾਡੇ ਸਮਾਜ ਵਿਚ ਪ੍ਰਚੱਲਤ ਧਾਰਨਾ ਹੈ ਕਿ ਉਹੀ ਸੂਰਮਾ ਪਰਵਾਨ ਹੁੰਦਾ ਹੈ ਜੋ ਸ਼ਹਾਦਤ ਪਾ ਜਾਵੇ।ਇਤਿਹਾਸ ਵਿਚ ਐਹੋ ਜਿਹੇ ਹਜਾਰਾਂ 'ਨਾਮਵਰ ਨਾਂ' ਹੋਣਗੇ ਜਿਹੜੇ ਸਭ ਕੁਝ ਕਰਕੇ ਵੀ ਨਾਇਕਾਂ ਵਾਲਾ ਮਾਣ ਨਾ ਲੈ ਸਕੇ ਕਿਉੁਂਕਿ ਉਹ ਸ਼ਹੀਦ ਨਹੀ ਸੀ ਹੋਏ।ਸਾਨੂੰ ਉਨਾਂ ਲੋਕਾਂ ਦੇ ਮਾਨਸਿਕ ਸੰਤਾਪ ਦੀ ਥਾਹ ਪਾਉਣੀ ਚਾਹੀਦੀ ਹੈ ਜਿਹੜੇ ਫੜੇ ਜਾਣ ਕਰਕੇ,ਕਮਜੋਰੀ ਦਿਖਾਕੇ ਪੇਸ਼ ਹੋਣ ਕਰਕੇ ਨਾਇਕ ਹੋਣ ਦਾ ਮਾਣ ਨਹੀ ਲੈ ਸਕੇ।ਜੇ ਹੋਰ ਬਹੁਤਾ ਨਾ ਸਹੀ ਤਾਂ ਐਨੀ ਕੁ ਗੱਲ ਹੀ ਕਰ ਲਿਆ ਕਰੀਏ ਕਿ ਜੋ ਉਨਾਂ ਨੇ ਸੰਘਰਸ਼ ਦੌਰਾਨ ਚੰਗਾ ਕੀਤਾ,ਉਹਦਾ ਲਾਹਾ ਤਾਂ ਉਨਾਂ ਨੂੰ ਦੇ ਦਿਆ ਕਰੀਏ।ਪਰ ਆਪਾਂ ਤਾਂ ਇਕੋ ਲਾਈਨ ਵਿਚ ਨਿਬੇੜ ਦਿੰਦੇ ਆ ਕਿ ਫਲਾਨਾ ਤਾਂ ਗਦਾਰ ਆ।ਮੈਂ ਅਕਸਰ ਬਹਿਸਦਾ ਰਹਿੰਦਾ ਹਾਂ ਕਿ ਜਿਹੜੇ ਸਿੰਘ ਖਾੜਕੂ ਸੰਘਰਸ਼ ਵਿਚ ਕੁੱਦੇ ਸਨ ਉਨਾਂ ਨੇ ਪਰਵਾਹ ਨਹੀ ਸੀ ਕੀਤੀ ਕਿ ਸਾਡਾ ਬਣੇਗਾ ਕੀ? ਉਦੋਂ ਹੋਰ ਵੀ ਬਥੇਰੇ ਸਨ,ਜਿਹੜੇ ਸਭ ਕੁਝ ਤੋਂ ਟਾਲ਼ਾ ਵੱਟਕੇ ਬੈਠੇ ਰਹੇ ਪਰ ਜਿਹੜੇ ਮੈਦਾਨ ਵਿਚ ਨਿਤਰੇ,ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਦੜ ਨਾ ਵੱਟ ਸਕੇ।ਹੁਣ ਜਦ ਨਵੇਂ ਉਠੇ ਮੁੰਡੇ ਉਨਾਂ ਖਾਲਿਸਤਾਨੀਆਂ ਨੂੰ ਕਿਸੇ ਭਰਮ-ਭੁਲੇਖੇ ਜਾਂ ਕਿਸੇ ਦੇ ਮਗਰ ਲੱਗਕੇ ਭੰਡਦੇ ਨੇ ਤਾਂ ਮੈਂ ਕਹਿ ਦਿੰਦਾ ਹੁੰਦਾ ਹਾਂ ਕਿ ਸੱਜਣਾਂ! ਅੱਜ ਤਾਂ ਖਾਲਿਸਤਾਨ ਦੇ ਚਾਰ ਕੁ ਨਾਅਰੇ ਮਾਰਕੇ ,ਕੋਈ ਤੱਤ=ਭੜੱਥੀ ਜਿਹੀ ਕਾਰਵਾਈ ਕਰਕੇ, ਗ੍ਰਿਫਤਾਰ ਹੋਕੇ, ਜੇਲ ਜਾਣ ਨਾਲ ਸਕਿੰਟ ਵਿਚ 'ਖਾਲਿਸਤਾਨੀ ਸੂਰਮੇ' ਬਣ ਜਾਈਦਾ ਹੈ ਜਿਸ ਬਾਰੇ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਜਲਦੀ ਹੀ ਜਮਾਨਤ ਵੀ ਹੋ ਜਾਣੀ ਹੈ ਤੇ ਜਿਹੜੀ ਖੱਜਲ-ਖੁਆਰੀ ਹੋਣੀ ਹੈ,ਉਹਦਾ 'ਮੁੱਲ'ਵੀ ਪੂਰਾ ਪੈ ਜਾਣਾ ਹੈ ਪਰ ਜਿੰਨਾਂ ਨੂੰ ਨਿੰਦਦੇ ਹੋ,ਉਹ ਉਦੋਂ ਘਰਾਂ ਵਿਚੋਂ ਨਿਕਲੇ ਸੀ ਜਦ ਇਹ ਵੀ ਦਾਅਵਾ ਨਹੀ ਸੀ ਕਿ ਮੁੜਕੇ ਘਰ ਕਦੇ ਆ ਵੀ ਹੋਵੇਗਾ ਕਿ ਲਾਸ਼ ਵੀ ਨਹੀ ਘਰਦਿਆਂ ਨੂੰ ਮਿਲਣੀ!ਅੱਜ ਜਦ ਨਵੇਂ ਨਵੇਂ ਮੁੰਡੇ ਉਠਕੇ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਨੂੰ ਭੰਡਦੇ ਹਨ ਤਾਂ ਮਨ ਦੁਖ ਨਾਲ ਭਰ ਜਾਂਦਾ ਹੈ ਕਿ ਜੀਹਦੇ ਬਾਰੇ ਗੱਲ ਕਰ ਰਿਹਾਂ ਹੈ,ਸੱਜਣਾਂ !ਕਦੇ ਉਹਨੂੰ ਮਿਲਿਆ ਹੁੰਦਾ ਤਾਂ ਪਤਾ ਲੱਗਦਾ ਕਿ ਉਹ ਕੀ ਸੀ ਤੇ ਕੀ ਨਹੀ? ਕਿਸੇ ਸਿੰਘ ਨੂੰ ਗਦਾਰੀ ਦਾ ਸਰਟੀਫਿਕੇਟ ਦੇਣ ਵੇਲੇ ਕੁਝ ਪਲ ਲਈ ਆਪਣੇ-ਆਪ ਨੂੰ ਓਸਦੀ ਥਾਂ ਤੇ ਰੱਖਕੇ ਸੋਚੋ!ਪਰ ਕੀ ਕਰੀਏ,ਸਾਡੀ ਸ਼ਰੀਕੇਬਾਜ਼ੀ ਦੀ ਮੰਦਭਾਵਨਾ ਤੇ ਈਰਖਾ ਦੀ ਅੱਗ ਨੇ ਉਨਾਂ ਗੁਰਮੁਖਾਂ ਨੂੰ ਵੀ ਨਿੰਦਣਾ-ਭੰਡਣਾ ਸ਼ੁਰੂ ਕੀਤਾ ਹੋਇਆ ਹੈ ਜਿੰਨਾਂ ਦਾ ਹਰ ਸਾਹ ਕੌਮ ਦੇ ਲੇਖੇ ਲੱਗਿਆ ਹੈ।ਵਾਹਿਗੁਰੂ ਉਨਾਂ ਵੀਰਾਂ-ਭੈਣਾਂ ਨੂੰ ਸੁਮੱਤ ਬਖਸ਼ੇ ਜਿਹੜੇ ਹਰ ਇਕ ਨੂੰ ਬਿਨਾ ਜਾਣੇ,ਬਿਨਾ ਮਿਲੇ ਹੀ ਗਦਾਰ ਕਹੀ ਜਾਦੇ ਨੇ।

© 2011 | All rights reserved | Terms & Conditions