ਹਿਊਸਟਨ ਟੈਕਸਸ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸਿਆਟਲ ਤੋਂ ਸੰਗਤਾਂ ਨੇ ਦਿੱਤਾ ਭਾਰੀ ਸਹਿਯੋਗ
Submitted by Administrator
Friday, 8 September, 2017- 04:16 pm
ਹਿਊਸਟਨ ਟੈਕਸਸ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸਿਆਟਲ ਤੋਂ ਸੰਗਤਾਂ ਨੇ ਦਿੱਤਾ ਭਾਰੀ ਸਹਿਯੋਗ

         

          ਪਿਛਲੇ ਦਿਨੀਂ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਰਾਹਤ ਕਾਰਜ ਜਾਰੀ ਹਨ।ਜਿਸ ਵਿਚ ਸਿੱਖਾਂ ਵਲੋਂ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਅਮਰੀਕਾ ਵਿਚ ਹਰ ਘਰ ਲਈ ਬੀਮਾ ਜਰੂਰੀ ਹੈ ਪਰ ਕੁਦਰਤੀ ਆਫ਼ਤਾਂ ਦੀ ਬੀਮਾ ਰਕਮ ਜ਼ਿਆਦਾ ਹੋਣ ਕਰ ਕੇ ਬਹੁਤੇ ਲੋਕ ਇਸ ਤਰ੍ਹਾਂ ਦੀ ਪਾਲਿਸੀ ਨਹੀਂ ਲੈਂਦੇ।ਅਜਿਹੇ ਹਾਦਸੇ ਵਾਪਰਨ ਤੋਂ ਬਾਅਦ ਕੁੱਝ ਹਿੱਸਾ ਹੀ ਕਲੇਮ ਕੀਤਾ ਜਾ ਸਕਦਾ ਹੈ ਬਹੁਤਾ ਹਿੱਸਾ ਸਰਕਾਰ ਅਤੇ ਲੋਕ ਭਲਾਈ ਸੰਸਥਾਵਾਂ ਹੀ ਪਾਉਂਦੀਆਂ ਹਨ।
         ਇਸ ਕੰਮ ਲਈ ਅਮਰੀਕਾ ਵਿਚ ਸਿੱਖਾਂ ਦੀ ਇੱਕ ਸੰਸਥਾ ‘ਯੂਨਾਈਟਿਡ ਸਿੱਖਜ਼’ ਬਣੀ ਹੋਈ ਹੈ ਅਤੇ ਅਮਰੀਕਾ ਵਿਚ ਰਜਿਸਟਰਡ ਹੈ।ਜਿਨ੍ਹਾਂ ਨਾਲ ਮਿਲ ਕੇ ਸਿੱਖਾਂ ਵਲੋਂ ਹਮੇਸ਼ਾ ਸ਼ਲਾਘਾਯੋਗ ਰੋਲ ਨਿਭਾਇਆ ਜਾਂਦਾ ਰਿਹਾ ਹੈ।ਉਨ੍ਹਾਂ ਵਲੋਂ ਕੀਤੀ ਅਪੀਲ ਤੇ ਵੱਖ ਵੱਖ ਸ਼ਹਿਰਾਂ ਵਿਚੋਂ ਬਹੁਤ ਸਾਰੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਲੋਕਲ ਜਥੇਬੰਦੀਆਂ ਇਸ ਕਾਰਜ ਲਈ ਅੱਗੇ ਆਈਆਂ ਹਨ।ਜਿਸ ਵਿਚ ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ, ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ (ਬੌਥਲ), ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਰੈਂਨਟਨ, ਗੁਰੂ ਨਾਨਕ ਗੁਰਸਿੱਖ ਗੁਰਦੁਆਰਾ ਲਿੰਡਨ, ਖ਼ਾਲਸਾ ਗੁਰਮਤਿ ਸਕੂਲ ਸਿਆਟਲ, ਸਿਆਟਲ ਦੀ ਸਿੱਖ ਜਥੇਬੰਦੀ ਯੂਨਾਈਟਿਡ ਸਿੱਖ ਨੇਸ਼ਨ, ਸਿਆਟਲ ਸਪੋਟਸ ਕਲੱਬ ਅਤੇ ਸਮੂਹ ਸੰਗਤਾਂ ਵੱਲੋਂ ਵੀ ਇਸ ਵਿਚ ਬਣਦਾ ਯੋਗਦਾਨ ਪਾਉਣ ਲਈ ਉਪਰਾਲੇ ਜਾਰੀ ਹਨ।ਸਿਆਟਲ ਤੋਂ 6 ਸਤੰਬਰ ਨੂੰ ਦੂਜੀ ਟੀਮ ਜਿਸ ਵਿਚ ਪਾਲ ਸਿੰਘ ਸੰਧੂ ਅਤੇ ਅਮਨ ਸਿੰਘ ਘੱਗ ਹਿਊਸਟਨ ਪਹੁੰਚੇ ਹੋਏ ਹਨ।ਜਿਨ੍ਹਾਂ ਨੇ ਉੱਥੇ ਘਰਾਂ ਦੀ ਮੁਰੰਮਤ ਲਈ ਸਮਾਨ ਖ਼ਰੀਦ ਕੇ ਦਿੱਤਾ ਹੈ।7 ਸਤੰਬਰ ਦਿਨ ਵੀਰਵਾਰ ਨੂੰ ਫਿਰ ਸਿਆਟਲ ਦੀਆਂ ਸੰਗਤਾਂ ਨੇ ਫਿਰ ਇੱਕ ਟਰੱਕ ਸਮਾਨ ਦਾ ਭਰ ਕੇ ਸ਼ਨੀਵਾਰ ਨੂੰ ਭੇਜਣ ਦੀ ਅਰੰਭੀ ਹੋਈ ਹੈ।ਸੰਗਤਾਂ ਵਲੋਂ ਕਾਫ਼ੀ ਮਾਇਆ ਅਤੇ ਸਮਾਨ ਪਹੁੰਚ ਰਿਹਾ ਹੈ ਜੋ ਅੱਜ ਸ਼ਾਮ ਤੱਕ ਲੱਧ ਕੇ ਕੱਲ੍ਹ ਸਵੇਰੇ ਤੋਰ ਦਿੱਤਾ ਜਾਵੇਗਾ।ਸਿਆਟਲ ਤੋਂ ਹੀ 8 ਬੰਦਿਆ ਦੀ ਇੱਕ ਟੀਮ ਵੀ ਜਾਵੇਗੀ ਜਿਹੜੀ 10 ਦਿਨ ਉੱਥੇ ਕੰਮ ਵੀ ਕਰੇਗੀ।ਸਿਆਟਲ ਦੇ ਸਿੱਖਾਂ ਵਲੋਂ ਕੀਤੇ ਜਾ ਰਹੇ ਇਸ ਕਾਰਜ ਨੂੰ ਵੇਖਣ ਲਈ ਦੋ ਸ਼ਹਿਰਾਂ ਦੇ ਮੇਅਰ ਅਤੇ ਸਿਟੀ ਵਿਚ ਕੰਮ ਕਰਨ ਵਾਲੇ ਹੋਰ ਨੁਮਾਇੰਦੇ ਵੀ ਪਹੁੰਚੇ ਹੋਏ ਸਨ।ਜਿਨ੍ਹਾਂ ਨੇ ਇਸ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਦੁੱਖ ਦੀ ਘੜੀ ਵਿਚ ਪੀੜਤਾਂ ਦਾ ਸਾਥ ਦੇਣ ਲਈ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਰਾਹਤ ਕਾਰਜ ਨੂੰ ਸਫ਼ਲ ਬਣਾਉਣ ਵਿਚ ਸ. ਹਰਸ਼ਿੰਦਰ ਸਿੰਘ ਸੰਧੂ ਪ੍ਰਧਾਨ ਗੁਰਦੁਆਰਾ ਸੱਚਾ ਮਾਰਗ ਅਤੇ ਯੂਨਾਈਟਿਡ ਸਿੱਖ ਨੇਸ਼ਨ ਜਥੇਬੰਦੀ ਦੇ ਮੈਂਬਰਾਂ ਦਾ ਵੱਡਾ ਯੋਗਦਾਨ ਹੈ।

© 2011 | All rights reserved | Terms & Conditions