ਕੀ ਭਾਰਤ ਦੇ ਅਸਹਿਣਸ਼ੀਲ ਹਿੰਦੂਵਾਦੀ, ਸਿੱਖ ਕੌਮ ਤੋਂ ਕੋਈ ਸਬਕ ਸਿੱਖਣਗੇ ? : Dr. Amarjit Singh washington D.C
Submitted by Administrator
Friday, 8 September, 2017- 11:07 pm
ਕੀ ਭਾਰਤ ਦੇ ਅਸਹਿਣਸ਼ੀਲ ਹਿੰਦੂਵਾਦੀ, ਸਿੱਖ ਕੌਮ ਤੋਂ ਕੋਈ ਸਬਕ ਸਿੱਖਣਗੇ ? :  Dr. Amarjit Singh washington D.C

ਭਾਰਤੀ ਫੌਜ ਦੇ ਮੁਖੀ ਵਲੋਂ, ਚੀਨ ਤੇ ਪਾਕਿਸਤਾਨ ਨਾਲ ਇੱਕੋ- ਵੇਲੇ ਜੰਗ ਦਾ ਫੇਰ ਵਾਵੇਲਾ!
ਕੀ ਨਰਿੰਦਰ ਮੋਦੀ ਦੇ ਝੂਠ ਦਾ ਭਕਾਨਾ ਫਟਣ ਕੰਢੇ ਹੈ?
ਦੁਨੀਆ ਦੀਆਂ ਸਭ ਤੋਂ ਉੱਤਮ 100 ਯੂਨੀਵਰਸਿਟੀਆਂ ਵਿੱਚੋਂ, ਭਾਰਤ ਦੀ ਕੋਈ ਯੂਨੀਵਰਸਿਟੀ ਨਹੀਂ!
ਗਲੋਬਲ ਸੰਸਥਾ 'ਟਰਾਂਸਪੇਰੈਂਸੀ ਇੰਟਰਨੈਸ਼ਨਲ' ਦੀ ਰਿਪੋਰਟ ਅਨੁਸਾਰ ਭਾਰਤ, ਏਸ਼ੀਆ ਦਾ ਸਭ ਤੋਂ ਜ਼ਿਆਦਾ ਭ੍ਰਿਸ਼ਟ ਮੁਲਕ!
ਉੱਤਰਾਖੰਡ ਦੇ ਜੋਸ਼ੀ ਮੱਠ ਇਲਾਕੇ ਵਿੱਚ, ਭਾਰੀ ਮੀਂਹ ਕਾਰਨ ਈਦਗਾਹ 'ਚ ਪਾਣੀ ਹੋਣ ਕਰਕੇ, ਈਦ ਮੌਕੇ ਮੁਸਲਮਾਨਾਂ ਨੂੰ ਸਿੱਖਾਂ ਨੇ ਗੁਰਦਵਾਰੇ ਵਿੱਚ ਨਮਾਜ਼ ਪੜ੍ਹਨ ਦੀ ਦਿੱਤੀ ਇਜਾਜ਼ਤ!

            ਵਾਸ਼ਿੰਗਟਨ ਡੀ. ਸੀ. (9 ਸਤੰਬਰ, 2017) - ਭਾਰਤ ਵਲੋਂ 18 ਜੂਨ ਤੋਂ ਡੋਕਲਾਮ (ਭੂਟਾਨ) ਵਿੱਚ ਚੀਨ ਨਾਲ ਬਖੇੜਾ ਖ਼ੜ੍ਹਾ ਕੀਤਾ ਗਿਆ ਸੀ ਕਿਉਂਕਿ 28 ਜੂਨ ਨੂੰ ਮੋਦੀ ਨੇ ਅਮਰੀਕਾ ਦੇ ਦੌਰੇ 'ਤੇ ਆਉਣਾ ਸੀ। ਲਗਭਗ ਢਾਈ ਮਹੀਨੇ ਦੇ ਤਣਾਅ ਅਤੇ ਬਿਆਨਬਾਜ਼ੀਆਂ ਤੋਂ ਬਾਅਦ, ਬੀਜਿੰਗ ਵਿੱਚ ਹੋਣ ਵਾਲੇ ਬਰਿਕਸ ਸਿਖਰ ਸੰਮੇਲਨ ਤੋਂ ਠੀਕ ਪਹਿਲਾਂ, ਭਾਰਤ ਨੇ ਬਿਨਾਂ ਸ਼ਰਤ ਆਪਣੀ ਫੌਜ ਡੋਕਲਾਮ ਤੋਂ ਵਾਪਸ ਕੱਢ ਲਈ। ਮੋਦੀ ਦੇ ਜ਼ਰ-ਖਰੀਦ ਮੀਡੀਏ ਅਤੇ ਅਖੌਤੀ ਮਾਹਿਰਾਂ ਨੇ ਬੜੇ ਢੋਲ-ਢਮੱਕੇ ਨਾਲ ਐਲਾਨ ਕੀਤਾ ਕਿ 'ਡੋਕਲਾਮ ਵਿਵਾਦ ਵਿੱਚ ਭਾਰਤ ਚੀਨ ਤੋਂ ਬਿਲਕੁਲ ਨਹੀਂ ਡਰਿਆ ਅਤੇ ਭਾਰਤ ਦੀ ਕੂਟਨੀਤਕ ਜਿੱਤ ਹੋਈ ਹੈ।' ਕੁਝ ਮਾਹਿਰਾਂ ਨੇ ਮੋਦੀ ਦੀ ਨਹਿਰੂ ਨਾਲ ਤੁਲਨਾ ਕਰਦਿਆਂ ਸਿੱਟਾ ਕੱਢਿਆ ਕਿ ਨਹਿਰੂ, ਚੀਨ ਤੋਂ ਯਰਕ ਗਿਆ ਸੀ ਜਦੋਂਕਿ ਮੋਦੀ ਨੇ ਚੀਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ, ਭਾਰਤ ਨੂੰ 'ਅਜਿੱਤ ਤੇ ਮਹਾਨ' ਸਾਬਤ ਕਰ ਦਿੱਤਾ ਹੈ। ਬਰਿਕਸ ਸੰਮੇਲਨ ਦੇ ਸਾਂਝੇ ਬਿਆਨ ਵਿੱਚ ਪਾਕਿਸਤਾਨ ਸਥਿਤ ਖਾੜਕੂ ਜਥੇਬੰਦੀਆਂ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਆਦਿਕ ਦਾ ਨਾਮ ਸ਼ਾਮਲ ਹੋਣਾ, ਭਾਰਤੀ ਹਾਕਮਾਂ ਨੇ ਆਪਣੀ ਵੱਡੀ ਜਿੱਤ ਦਰਸਾਇਆ ਜਦੋਂਕਿ ਹਕੀਕਤ ਇਹ ਹੈ ਕਿ ਪਿਛਲੇ ਵਰ੍ਹੇ ਅੰਮ੍ਰਿਤਸਰ ਵਿੱਚ ਹੋਈ 'ਹਰਟ ਆਫ ਏਸ਼ੀਆ ਕਾਨਫਰੰਸ' ਦੇ ਅੰਤਿਮ ਬਿਆਨ ਵਿੱਚ ਵੀ ਇਹ ਨਾਮ ਸ਼ਾਮਲ ਸਨ। ਭਾਰਤੀ ਸਪਿਨ-ਮਾਸਟਰਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਡੋਕਲਾਮ ਸਬੰਧੀ ਦੋਵੱਲੀ ਗੱਲਬਾਤ ਤੋਂ ਬਾਅਦ, ਚੀਨ ਤੇ ਭਾਰਤ ਦੋਹਾਂ ਦੇਸ਼ਾਂ ਨੇ ਆਪਣੀਆਂ ਫੌਜਾਂ ਉੱਥੋਂ ਹਟਾ ਲਈਆਂ ਹਨ। ਪਰ ਚੀਨ ਨੇ ਬਹੁਤ ਜਲਦੀ ਭਾਰਤੀ ਝੂਠ ਦੀ ਧੁੰਨੀ ਵਿੱਚ ਤੀਰ ਮਾਰਦਿਆਂ ਸਪੱਸ਼ਟ ਕਰ ਦਿੱਤਾ ਕਿ ਚੀਨ ਦੀ ਫੌਜ, ਡੋਕਲਾਮ ਵਿੱਚ ਲਗਾਤਾਰਤਾ ਨਾਲ ਗਸ਼ਤ ਕਰ ਰਹੀ ਹੈ ਅਤੇ ਆਪਣੀ ਸੌਖ ਅਨੁਸਾਰ ਉੱਥੇ ਸੜਕ ਦਾ ਨਿਰਮਾਣ ਵੀ ਕਰਾਂਗੇ, ਜਦੋਂਕਿ ਭਾਰਤ ਨੇ ਆਪਣੀ ਫੌਜ ਉਥੋਂ ਹਟਾ ਲਈ ਹੈ। ਬਿੱਲੀ ਥੈਲੇ 'ਚੋਂ ਬਾਹਰ ਆ ਜਾਣਾ, ਭਾਰਤੀ ਹਾਕਮਾਂ ਨੂੰ ਫਿੱਟ ਨਹੀਂ ਬੈਠਾ ਤੇ ਉਨ੍ਹਾਂ ਨੇ ਬਾਣੀਏ ਵਲੋਂ ਵਾਰ-ਵਾਰ ਕੁੱਟ ਖਾਣ ਤੋਂ ਬਾਅਦ ਵੀ, ਇਹ ਧਮਕੀ ਦੋਹਰਾਉਣ 'ਤੇ ਹੀ ਅਮਲ ਕੀਤਾ - 'ਇਬ ਕੀ ਬਾਰ ਮਾਰ, ਤੋ ਦੇਖੂੰ।'
          ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਨੇ ਦਿੱਲੀ ਵਿੱਚ, ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ''ਭਾਰਤ ਨੂੰ ਇੱਕੋ ਵੇਲੇ ਚੀਨ ਤੇ ਪਾਕਿਸਤਾਨ ਨਾਲ ਦੋਵੱਲੀ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਚੀਨ ਲਗਾਤਾਰਤਾ ਨਾਲ ਭਾਰਤੀ ਇਲਾਕੇ ਨੂੰ ਦੱਬਣ ਦੇ ਆਹਰ ਵਿੱਚ ਰਹੇਗਾ। ਭਵਿੱਖ ਵਿੱਚ ਡੋਕਲਾਮ ਵਰਗੀਆਂ ਹੋਰ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਚੀਨ ਸਾਡੇ ਸਬਰ ਨੂੰ ਪਰਖਦਾ ਰਹੇਗਾ। ਜਦੋਂ ਸਾਡਾ ਚੀਨ ਨਾਲ ਪੰਗਾ ਪਿਆ, ਪਾਕਿਸਤਾਨ ਉਸ ਦਾ ਫਾਇਦਾ ਚੁੱਕੇਗਾ। ਇਸ ਲਈ ਸਾਨੂੰ ਉੱਤਰੀ ਤੇ ਪੱਛਮੀ ਸਰਹੱਦਾਂ 'ਤੇ ਚੀਨ ਅਤੇ ਪਾਕਿਸਤਾਨ ਨਾਲ ਇੱਕੋ ਵੇਲੇ ਲੜਨਾ ਪੈ ਸਕਦਾ ਹੈ, ਜਿਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।''
         ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਫੌਰਨ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਭਾਰਤੀ ਫੌਜੀ ਮੁਖੀ ਦਾ ਬਿਆਨ ਬਰਿਕਸ ਮੌਕੇ ਦੀ ਸਦਭਾਵਨਾ ਦੇ ਬਿਲਕੁਲ ਉਲਟ ਹੈ। ਚੀਨ ਵਲੋਂ ਸਵਾਲ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਸਪੱਸ਼ਟ ਕਰੇ ਕਿ ਕੀ ਇਹ ਉਸ ਦੀ ਸਰਕਾਰੀ ਨੀਤੀ ਹੈ ਜਾਂ ਫੌਜੀ ਮੁਖੀ ਦਾ ਆਪਣਾ ਬੜਬੋਲਾਪਣ। ਫੌਜੀ ਮੁਖੀ ਦੇ ਬਿਆਨ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤੀ ਹਾਕਮਾਂ ਦੀ ਚੀਨ ਨੇ ਚੰਗੀ ਖੁੰਬ ਠੱਪੀ ਹੈ ਅਤੇ ਇਹ ਹੁਣ ਮੂੰਹ 'ਚੋਂ ਝੱਗ ਸੁੱਟਦਿਆਂ ਕਹਿ ਰਹੇ ਹਨ, 'ਇਬ ਕੀ ਬਾਰ ਮਾਰ, ਤੋ ਦੇਖੂੰ।'
          ਸੋ ਜ਼ਾਹਰ ਹੈ ਕਿ ਚੀਨ ਨਾਲ ਸਬੰਧਾਂ ਦੇ ਮਾਮਲੇ ਵਿੱਚ ਭਾਰਤੀ ਹਾਕਮ ਆਪਣੇ ਮੱਕੜੀ ਜਾਲ ਵਿੱਚ ਫਸ ਗਏ ਹਨ। ਮੋਦੀ ਨੂੰ 'ਸ਼ੇਰ ਪੁੱਤਰ' ਸਾਬਤ ਕਰਦੇ-ਕਰਦੇ, ਮੋਦੀ ਸਰਕਾਰ ਦਾ ਗੀਦੀਪੁਣਾ ਅੱਜਕੱਲ੍ਹ ਗੰਭੀਰ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਨੋਟਬੰਦੀ ਦਾ ਮਾਮਲਾ ਹੈ। ਮੋਦੀ ਸਰਕਾਰ ਵਲੋਂ ਨੋਟਬੰਦੀ ਨੂੰ ਬੜੀ ਸਫਲ ਨੀਤੀ ਵਜੋਂ ਪ੍ਰੌਜੈਕਟ ਕੀਤਾ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਕਾਲ਼ੇ ਧਨ ਨੂੰ ਸਾਫ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਦਹਿਸ਼ਤਗਰਦੀ ਦਾ ਲੱਕ ਵੀ ਟੁੱਟ ਗਿਆ ਹੈ। ਪਰ ਰਿਜ਼ਰਵ ਬੈਂਕ ਦੀ ਇਸ ਸਬੰਧੀ ਆਈ ਰਿਪੋਰਟ ਤੋਂ ਬਾਅਦ, ਮੋਦੀ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਉਹ ਹੁਣ ਨਵੀਆਂ-ਨਵੀਆਂ ਦਲੀਲਾਂ ਘੜ ਰਹੇ ਹਨ ਪਰ ਸੱਚ ਦੁਨੀਆਂ ਦੇ ਸਾਹਮਣੇ ਆ ਚੁੱਕਾ ਹੈ। 'ਵਿਕਾਸ' ਦੇ ਏਜੰਡੇ 'ਤੇ 2014 ਦੀਆਂ ਚੋਣਾਂ ਲੜਨ ਵਾਲੀ ਬੀਜੇਪੀ ਇਸ ਪੱਖੋਂ ਵੀ ਅਸਫਲ ਸਾਬਤ ਹੋਈ ਹੈ। ਕਿਰਸਾਨੀ ਸੈਕਟਰ ਤਾਂ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਪਿਸ ਰਿਹਾ ਹੈ। ਜੀ. ਡੀ. ਪੀ. ਸਬੰਧੀ ਆਈ ਤਾਜ਼ਾ ਰਿਪੋਰਟ ਅਨੁਸਾਰ, ਭਾਰਤ ਦੀ ਵਰ੍ਹਾ 2017-18 ਦੀ ਅਪ੍ਰੈਲ ਤੋਂ ਜੂਨ ਤੱਕ ਦੀ ਵਿਕਾਸ ਦਰ (ਜੀ. ਡੀ. ਪੀ.) ਸਿਰਫ 5.7 ਫੀਸਦੀ ਹੈ, ਜਿਹੜੀ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਭ ਤੋਂ ਘੱਟ ਹੈ। ਮੋਦੀ ਵਲੋਂ ਆਪਣੇ ਮੰਤਰੀ ਮੰਡਲ ਵਿਸਥਾਰ ਵਿੱਚ ਸਾਬਕਾ ਅਫਸਰਸ਼ਾਹੀ ਨਾਲ ਸਬੰਧਿਤ ਵਿਅਕਤੀਆਂ ਨੂੰ ਲਿਆਉਣਾ ਦੱਸਦਾ ਹੈ ਕਿ ਮੋਦੀ ਦਾ ਮੰਤਰੀ ਮੰਡਲ ਇੱਕ 'ਅਨਪੜ੍ਹਾਂ ਦਾ ਲਾਣਾ' ਹੀ ਸੀ, ਜਿਹੜਾ ਹਰ ਮੁਹਾਜ਼ 'ਤੇ ਪੂਰੀ ਤਰ੍ਹਾਂ ਫੇਲ੍ਹ ਹੋਇਆ ਹੈ। ਸਪੱਸ਼ਟ ਹੈ ਕਿ ਮੋਦੀ ਦੇ ਝੂਠ ਤੇ ਮੱਕਾਰੀ ਦਾ ਭਕਾਨਾ ਫਟਣ ਕੰਢੇ ਪਹੁੰਚ ਗਿਆ ਹੈ।
         ਭਾਰਤ ਸਬੰਧੀ ਅਕਸਰ ਇੱਕ ਭਰਮ ਪਾਲ਼ਿਆ ਜਾਂਦਾ ਹੈ ਕਿ ਉੱਥੇ ਦੁਨੀਆਂ ਦੀਆਂ ਬੜੀਆਂ ਆਲ੍ਹਾ ਮਿਆਰ ਦੀਆਂ ਯੂਨੀਵਰਸਿਟੀਆਂ ਹਨ। ਪਰ 'ਗਲੋਬਲ ਰੈਂਕਿੰਗਜ਼ ਐਟ ਟਾਈਮਜ਼ ਹਾਇਰ ਐਜੂਕੇਸ਼ਨ' ਦੀ ਤਾਜ਼ਾ ਰਿਪੋਰਟ ਅਨੁਸਾਰ, ਦੁਨੀਆਂ ਦੀਆਂ ਸਭ ਤੋਂ ਉੱਚ ਮਿਆਰੀ 100 ਯੂਨੀਵਰਸਿਟੀਆਂ ਵਿੱਚੋਂ ਭਾਰਤ ਵਿੱਚ ਇੱਕ ਵੀ ਨਹੀਂ ਹੈ। ਇਸ ਰਿਪੋਰਟ ਵਿੱਚ ਆਕਸਫੋਰਡ ਪਹਿਲੇ ਨੰਬਰ 'ਤੇ ਅਤੇ ਕੈਂਬਰਿਜ ਦੂਸਰੇ ਨੰਬਰ 'ਤੇ ਹੈ। ਦੁਨੀਆਂ ਦੀਆਂ ਉੱਚ ਮਿਆਰੀ 1000 ਯੂਨੀਵਰਸਿਟੀਆਂ ਵਿੱਚ ਭਾਰਤ ਦੇ ਹਿੱਸੇ ਸਿਰਫ 30 ਯੂਨੀਵਰਸਿਟੀਆਂ ਹਨ। ਚੀਨ, ਇਸ ਮਾਮਲੇ ਵਿੱਚ ਭਾਰਤ ਨਾਲੋਂ ਕਿਤੇ ਅੱਗੇ ਚੱਲ ਰਿਹਾ ਹੈ।
          ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਦੀ ਜ਼ਰੂਰ ਝੰਡੀ ਹੈ। ਇਸ ਦੀ ਸੱਜਰੀ ਉਦਾਹਰਣ 'ਟਰਾਂਸਪੇਰੈਂਸੀ ਇੰਟਰਨੈਸ਼ਨਲ' ਦੀ ਏਸ਼ੀਆ ਸਬੰਧੀ ਜਾਰੀ ਰਿਪੋਰਟ ਹੈ। ਇਸ ਸੰਸਥਾ ਦਾ ਹੈਡਕਵਾਟਰ ਬਰਲਿਨ (ਜਰਮਨੀ) ਵਿੱਚ ਹੈ ਅਤੇ ਇਸ ਦੀ ਰਿਪੋਰਟ ਨੂੰ ਦੁਨੀਆਂ ਵਿੱਚ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ। 'ਟਰਾਂਸਪੇਰੈਂਸੀ ਇੰਟਰਨੈਸ਼ਨਲ' ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਭ੍ਰਿਸ਼ਟਾਚਾਰ ਦੀ ਦਰ 69 ਫੀਸਦੀ ਹੈ, ਜਿਹੜੀ ਕਿ ਏਸ਼ੀਆ ਦੇ ਦੇਸ਼ਾਂ -ਵੀਅਤਨਾਮ, ਥਾਈਲੈਂਡ, ਪਾਕਿਸਤਾਨ ਅਤੇ ਮਿਆਂਮਾਰ ਨਾਲੋਂ ਵੀ ਜ਼ਿਆਦਾ ਹੈ। ਰਿਪੋਰਟ ਅਨੁਸਾਰ ਪਬਲਿਕ ਸੈਕਟਰ ਜਿਵੇਂ ਕਿ ਸਕੂਲ, ਹਸਪਤਾਲ, ਆਈ. ਡੀ. ਡਾਕੂਮੈਂਟ, ਪੁਲਿਸ ਅਤੇ ਯੂਟੀਲਿਟੀ ਸਰਵਿਸਿਜ਼ ਨਾਲ ਸਬੰਧਿਤ ਕੰਮਾਂ ਵਿੱਚ 50 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਵੀਅਤਨਾਮ ਵਿੱਚ ਇਹ ਦਰ 65 ਫੀਸਦੀ ਹੈ ਜਦੋਂ ਕਿ ਪਾਕਿਸਤਾਨ ਨੂੰ ਇਸ ਰਿਪੋਰਟ ਵਿੱਚ 40 ਫੀਸਦੀ ਭ੍ਰਿਸ਼ਟ ਦੱਸਿਆ ਗਿਆ ਹੈ, ਜਿਹੜਾ ਕਿ ਭਾਰਤ ਨਾਲੋਂ ਕਿਤੇ ਬਿਹਤਰ ਹੈ। 18 ਮਹੀਨਿਆਂ ਦੇ ਲੰਬੇ ਸਰਵੇ ਅਤੇ 16 ਦੇਸ਼ਾਂ ਦੇ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨਾਲ ਗੱਲਬਾਤ 'ਤੇ ਆਧਾਰਿਤ ਇਸ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਨਿਰਸੰਦੇਹ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਕੋਲ 'ਗੋਲਡ ਮੈਡਲ' ਹੈ।
          ਇੱਕ ਪਾਸੇ ਭਾਰਤ ਵਿੱਚ ਜਿੱਥੇ ਹਿੰਦੂਤਵੀਆਂ ਨੇ ਅਸਹਿਣਸ਼ੀਲਤਾ ਤੇ ਨਫਰਤ ਦਾ ਮਾਹੌਲ ਸਿਰਜਿਆ ਹੋਇਾ ਹੈ, ਉੱਥੇ ਉਤਰਾਖੰਡ ਦੇ ਜ਼ੋਸ਼ੀ ਮੱਠ ਇਲਾਕੇ ਨਾਲ ਸਬੰਧਿਤ ਇੱਕ ਖਬਰ ਕਾਲੀ ਬੋਲ਼ੀ ਹਨੇਰੀ ਵਿੱਚ ਇੱਕ ਰੌਸ਼ਨੀ ਦੀ ਕਿਰਨ ਵਾਂਗ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉਤਰਾਖੰਡ ਵਿੱਚ ਭਾਰੀ ਮੀਂਹ ਦੀ ਵਜ੍ਹਾ ਕਰਕੇ ਜ਼ਿਲ੍ਹਾ ਚੰਬੋਲੀ ਦੇ ਜੋਸ਼ੀ ਮੱਠ ਏਰੀਏ ਵਿਚਲੀ ਈਦਗਾਹ ਕਈ ਕਈ ਫੁੱਟ ਪਾਣੀ ਨਾਲ ਭਰ ਗਈ। ਮੁਸਲਮਾਨਾਂ ਦੇ ਪਵਿੱਤਰ ਤਿਉਹਾਰ 'ਬਕਰੀਦ' ਦੇ ਮੌਕੇ, ਈਦਗਾਹ ਕੋਲ ਇਕੱਠੇ ਹੋਏ 1000 ਤੋਂ ਜ਼ਿਆਦਾ ਮੁਸਲਮਾਨ ਬੜੀ ਪ੍ਰੇਸ਼ਾਨੀ ਦੀ ਹਾਲਤ ਵਿੱਚ ਸਨ ਕਿਉਂਕਿ ਉਹ ਨਮਾਜ਼ ਨਹੀਂ ਸਨ ਪੜ੍ਹ ਸਕਦੇ। ਥੋੜ੍ਹੀ ਦੂਰ ਉੱਚੀ ਥਾਂ 'ਤੇ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਮੁਸਲਮਾਨਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਗੁਰਦੁਆਰੇ ਦੇ ਵਿਹੜੇ ਵਿੱਚ ਨਮਾਜ਼ ਅਦਾ ਕਰਨ ਦਾ ਸੱਦਾ ਦਿੱਤਾ, ਜਿਹੜਾ ਕਿ ਮੁਸਲਮਾਨਾਂ ਨੇ ਮਨਜ਼ੂਰ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਜ਼ਿਲ੍ਹਾ ਐਡਮਨਿਸਟਰੇਸ਼ਨ ਨੂੰ ਵੀ ਸੂਚਿਤ ਕੀਤਾ। ਹਜ਼ਾਰਾਂ ਮੁਸਲਮਾਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਅਦਾ ਕੀਤੀ ਅਤੇ ਸਿੱਖਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਸਿੱਖਾਂ ਨੇ ਮੁਸਲਮਾਨਾਂ ਨੂੰ ਗਲ਼ ਨਾਲ ਲਗਾ ਕੇ, ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਖਬਰ ਨੂੰ ਇੰਟਰਨੈਸ਼ਨਲ ਮੀਡੀਏ ਵਲੋਂ ਵੀ ਪ੍ਰਮੁੱਖਤਾ ਦਿੱਤੀ ਗਈ।
           ਜ਼ਾਹਰ ਹੈ ਕਿ ਇੱਕ ਪਾਸੇ ਭਾਰਤ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਹੈ, ਜਿਹੜੀ ਜਾਤ-ਪਾਤ ਦਾ ਬਖੇੜਾ ਖੜ੍ਹਾ ਕਰਕੇ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੰਦੀ ਹੈ। ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦੇ ਪੰਥ ਦੀ ਵਿਚਾਰਧਾਰਾ ਹੈ, ਜਿਹੜੀ 'ਸਰਬੱਤ ਦੇ ਭਲੇ' ਦੀ ਅਰਦਾਸ ਦੋ ਵੇਲੇ ਕਰਦੀ ਹੈ ਅਤੇ ਕੁਲ ਲੋਕਾਈ ਨੂੰ ਗਲ ਨਾਲ ਲਾਉਣ ਦਾ ਉਪਦੇਸ਼ ਦਿੰਦੀ ਹੈ। ਜੋਸ਼ੀ ਮੱਠ ਦੇ ਸਿੱਖਾਂ ਨੇ ਉਪਰੋਕਤ ਸਦਭਾਵਨਾ ਭਰਪੂਰ ਕਾਰਵਾਈ ਨਾਲ ਸਮੁੱਚੀ 30 ਮਿਲੀਅਨ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੀ ਭਾਰਤ ਦੇ ਹੰਕਾਰ ਵਿੱਚ ਭੂਤਰੇ ਨਫਰਤ ਨਾਲ ਭਰਪੂਰ ਅਸਹਿਣਸ਼ੀਲ ਹਿੰਦੂਤਵੀ, ਸਿੱਖ ਕੌਮ ਤੋਂ ਕੋਈ ਸਬਕ ਸਿੱਖਣਗੇ?

© 2011 | All rights reserved | Terms & Conditions