ਹਿੰਦੂਤਵੀ ਭਾਰਤ ਵਿੱਚ ਉੱਠ ਰਿਹਾ ਵਿਚਾਰਾਂ ਦੀ ਆਜ਼ਾਦੀ ਦਾ ਜਨਾਜ਼ਾ : Dr. Amarjit Singh washington D.C
Submitted by Administrator
Friday, 8 September, 2017- 11:13 pm
ਹਿੰਦੂਤਵੀ ਭਾਰਤ ਵਿੱਚ ਉੱਠ ਰਿਹਾ ਵਿਚਾਰਾਂ ਦੀ ਆਜ਼ਾਦੀ ਦਾ ਜਨਾਜ਼ਾ  :  Dr. Amarjit Singh washington D.C


           ਨਾਜ਼ੀ-ਪਾਰਟੀ ਦੀ ਤਰਜ਼ 'ਤੇ ਹੋਂਦ ਵਿੱਚ ਆਈ ਆਰ. ਐਸ. ਐਸ. ਜਮਾਤ, ਆਪਣੇ ਖਾਸੇ 'ਤੇ ਅਮਲ ਕਰਦਿਆਂ, ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟਣ ਲਈ ਆਪਣੇ ਕਾਤਲ ਦਸਤਿਆਂ ਦਾ ਸਹਾਰਾ ਲੈ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੰਨੜ ਜ਼ੁਬਾਨ ਦੀ ਮਸ਼ਹੂਰ ਲੇਖਕਾ ਅਤੇ ਹਿੰਦੂਤਵ ਵਿਚਾਰਧਾਰਾ ਦੀ ਖੁੱਲ੍ਹ ਕੇ ਵਿਰੋਧਤਾ ਕਰਨ ਵਾਲੀ ਬਹਾਦਰ ਪੱਤਰਕਾਰ ਗੌਰੀ ਲੰਕੇਸ਼ ਨੂੰ ਬੈਂਗਲਰੂ ਸ਼ਹਿਰ ਵਿੱਚ ਉਸ ਦੇ ਘਰ ਦੇ ਬਾਹਰ, ਕਾਤਲਾਂ ਵਲੋਂ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਭਾਰਤ ਦੀ ਹਿੰਦੂਤਵੀ ਬ੍ਰਿਗੇਡ ਵਲੋਂ ਹਿੰਦੂਤਵੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਦਾ ਸਫਾਇਆ ਕਰਨ ਦੀ ਨੀਤੀ ਤਹਿਤ, ਪਿਛਲੇ 4 ਸਾਲਾਂ ਵਿੱਚ ਕੀਤਾ ਗਿਆ ਇਹ ਚੌਥਾ ਕਤਲ ਹੈ। ਇਸ ਤੋਂ ਪਹਿਲਾਂ ਪਾਨਸਰੇ, ਕਲਬੁਰਗੀ ਅਤੇ ਦਾਭੋਲਕਰ ਨੂੰ ਉਨ੍ਹਾਂ ਦੇ ਹਿੰਦੂਤਵ ਵਿਰੋਧੀ ਵਿਚਾਰਾਂ ਕਰਕੇ ਕਤਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਚਾਰਾਂ ਹੀ ਨਾਮਵਰ ਲੇਖਕਾਂ ਅਤੇ ਸਮਾਜਿਕ ਕਾਰਜਕਰਤਾਵਾਂ ਨੂੰ ਮਾਰਨ ਦਾ ਢੰਗ-ਤਰੀਕਾ ਅਤੇ ਹਥਿਆਰ ਲਗਭਗ ਇੱਕੋ ਜਿਹੇ ਹੀ ਹਨ। ਭਾਵੇਂ ਪਹਿਲਾਂ ਤਿੰਨ ਕਤਲਾਂ ਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ ਪਰ ਕਿਸੇ ਵੀ ਇਮਾਨਦਾਰ ਤੇ ਸਮਝਦਾਰ ਮਨੁੱਖ ਨੂੰ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੈ ਕਿ ਇਨ੍ਹਾਂ ਕਤਲਾਂ ਦਾ ਹੁਕਮ ਕਿਸ ਨੇ ਦਿੱਤਾ ਅਤੇ ਕਾਤਲ, ਇਨ੍ਹਾਂ ਕਤਲਾਂ ਨਾਲ ਕਿਹੜਾ ਮਕਸਦ ਹਾਸਲ ਕਰਨਾ ਚਾਹੁੰਦੇ ਹਨ।
           ਗੌਰੀ ਲੰਕੇਸ਼ ਦੇ ਪਿਤਾ ਪੀ. ਲੰਕੇਸ਼ ਇੱਕ ਬੜੇ ਪ੍ਰਸਿੱਧ ਸਾਹਿਤਕਾਰ ਅਤੇ ਫਿਲਮ ਨਿਰਮਾਤਾ ਸਨ, ਜਿਨ੍ਹਾਂ ਨੇ 1980 ਵਿੱਚ 'ਲੰਕੇਸ਼ ਪੱਤ੍ਰਿਕੇ' ਸ਼ੁਰੂ ਕੀਤੀ ਸੀ। ਗੌਰੀ ਲੰਕੇਸ਼ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਜਿੱਥੇ ਇਸ ਪੱਤ੍ਰਿਕਾ ਦਾ ਸੰਚਾਲਨ ਕਰ ਰਹੇ ਸਨ, ਉੱਥੇ ਉਨ੍ਹਾਂ ਵਲੋਂ 'ਕਮਿਊਨਲ ਹਾਰਮਨੀ ਫੋਰਮ' ਨਾਂ ਦੀ ਸੰਸਥਾ ਦੇ ਮਾਧਿਅਮ ਨਾਲ ਅੱਡ-ਅੱਡ ਧਰਮਾਂ, ਭਾਈਚਾਰਿਆਂ ਵਿੱਚ ਸਹਿਚਾਰ ਲਈ ਵੀ ਯਤਨ ਕੀਤੇ ਜਾ ਰਹੇ ਸਨ। ਗੌਰੀ ਲੰਕੇਸ਼ ਵਲੋਂ ਲਿਖੀਆਂ ਜਾਂਦੀਆਂ ਕੰਨੜ ਜ਼ੁਬਾਨ ਦੀਆਂ ਲਿਖਤਾਂ ਨੂੰ ਵੱਡੀ ਗਿਣਤੀ ਵਿੱਚ ਲੋਕ ਪੜ੍ਹਦੇ ਸਨ। 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਨਾਲ ਸੰਬਧਿਤ ਰਾਣਾ ਅਯੂਬ ਵਲੋਂ ਲਿਖਤ 'ਗੁਜਰਾਤ ਫਾਇਲਜ਼' ਪੁਸਤਕ ਨੂੰ ਗੌਰੀ ਲੰਕੇਸ਼ ਨੇ ਕੰਨੜ ਜ਼ੁਬਾਨ ਵਿੱਚ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਸੀ। ਗੌਰੀ ਲੰਕੇਸ਼ ਦੇ ਕਤਲ 'ਤੇ ਟਿੱਪਣੀ ਕਰਦਿਆਂ ਰਾਣਾ ਅਯੂਬ ਦਾ ਕਹਿਣਾ ਹੈ, 'ਅੱਜ ਭਾਰਤ ਦੀ ਹਰ ਗਲੀ ਵਿੱਚ ਨੱਥੂ ਰਾਮ ਗੌਡਸੇ ਘੁੰਮ ਰਿਹਾ ਹੈ।'
           ਗੌਰੀ ਲੰਕੇਸ਼ ਦੇ ਕਤਲ ਨਾਲ ਭਾਰਤ ਭਰ ਦੇ ਆਜ਼ਾਦ ਵਿਚਾਰਾਂ ਵਾਲੇ ਨਿਰਪੱਖ ਪੱਤਰਕਾਰਾਂ ਵਿੱਚ ਇੱਕ ਖਲਬਲੀ ਮੱਚ ਗਈ ਹੈ ਅਤੇ ਉਹ ਸੜਕਾਂ 'ਤੇ ਉੱਤਰ ਆਏ ਹਨ। ਦਿੱਲੀ ਤੋਂ ਲੈ ਕੇ ਕੇਰਲਾ ਤੱਕ, ਥਾਂ-ਥਾਂ ਪੱਤਰਕਾਰਾਂ ਵਲੋਂ ਰੋਸ ਵਿਖਾਵੇ ਕੀਤੇ ਜਾ ਰੇਹ ਹਨ ਅਤੇ ਪ੍ਰੈਸ ਕਲੱਬਾਂ ਵਿੱਚ ਸ਼ੋਕ ਮਤੇ ਅਤੇ ਨਿੰਦਾ ਮਤੇ ਪਾਸ ਕੀਤੇ ਜਾ ਰਹੇ ਹਨ। ਸਾਰਿਆਂ ਦੇ ਚਿਹਰਿਆਂ 'ਤੇ ਡਰ ਅਤੇ ਸਹਿਮ ਪ੍ਰਤੱਖ ਵੇਖਿਆ ਜਾ ਸਕਦਾ ਹੈ। ਪਰ ਹਿੰਦੂਤਵੀ ਭਗਤਾਂ ਅਤੇ ਆਰ. ਐਸ. ਐਸ. ਦੇ ਜ਼ਰਖਰੀਦ, ਸੋਸ਼ਲ ਮੀਡੀਆ ਸਾਈਟਸ ਨੂੰ ਚਲਾਉਣ ਵਾਲਿਆਂ ਵਲੋਂ ਗੌਰੀ ਲੰਕੇਸ਼ ਦੇ ਮਾਰੇ ਜਾਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇੱਕ ਟਵੀਟ (ਜਿਸਨੂੰ ਮੋਦੀ ਵੀ ਫੌਲੋ ਕਰਦਾ ਹੈ) ਵਲੋਂ ਲਿਖਿਆ ਗਿਆ - 'ਇਹ ਕੁੱਤੀ ਗੌਰੀ ਲੰਕੇਸ਼ ਮਾਰੀ ਗਈ ਹੈ ਅਤੇ ਇਸ ਦੇ ਪਿੱਲੇ ਚੀਕ ਚਿਹਾੜਾ ਪਾ ਰਹੇ ਹਨ।' ਜਦੋਂ ਪੱਤਰਕਾਰਾਂ ਨੇ ਇਸ ਮੋਦੀ ਭਗਤ ਦੇ ਨਾਲ ਮੋਦੀ ਦੇ ਟਵਿੱਟਰ ਸਬੰਧਾਂ 'ਤੇ ਇਤਰਾਜ਼ ਕੀਤਾ ਤਾਂ ਬੀਜੇਪੀ ਦੇ ਸਪੋਕਸਮੈਨ ਨੇ ਸਫਾਈ ਦੇਂਦਿਆਂ ਕਿਹਾ, 'ਮੋਦੀ ਜੀ ਤਾਂ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਦੇ ਟਵੀਟ ਨੂੰ ਵੀ ਫੌਲੋ ਕਰਦੇ ਹਨ। ਮੋਦੀ ਜੀ ਵਿਚਾਰਾਂ ਦੀ ਆਜ਼ਾਦੀ ਦੇ ਮੁਜੱਸਮੇ ਹਨ ਅਤੇ ਹਰ ਇੱਕ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਹੱਕ ਹੈ।' ਸੋ ਜ਼ਾਹਰ ਹੈ ਕਿ ਬੀਜੇਪੀ ਦੇ ਸਪੋਕਸਮੈਨ ਵਲੋਂ ਗੌਰੀ ਲੰਕੇਸ਼ ਦੇ ਕਤਲ 'ਤੇ ਭੰਗੜੇ ਪਾ ਰਹੇ ਹਿੰਦੂਤਵੀਆਂ ਦਾ ਮੋਦੀ ਵਲੋਂ ਸਮਰਥਨ ਕੀਤਾ ਗਿਆ ਹੈ।
           ਪੱਤਰਕਾਰ ਬਰਾਦਰੀ ਵਿੱਚ ਵੀ ਹਿੰਦੂਤਵੀ-ਸਮਰਥਕ ਖੁੱਲ੍ਹ ਕੇ ਖੇਡ ਰਹੇ ਹਨ। ਜਾਗਰ੍ਰਤੀ ਸ਼ੁਕਲਾ ਨਾਂ ਦੀ ਇੱਕ ਪੱਤਰਕਾਰ ਦਾ ਕਹਿਣਾ ਹੈ - 'ਕਮਿਊਨਿਸਟ ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ ਹੈ। ਕਹਿੰਦੇ ਨੇ ਆਪਣਾ ਕੀਤਾ, ਵਾਪਸ ਆਪਣੇ ਕੋਲ ਹੀ ਆਉਂਦਾ ਹੈ! - ਆਮੀਨ।' ਜਦੋਂ ਜਾਗ੍ਰਿਤੀ ਸ਼ੁਕਲਾ ਦਾ ਵਿਰੋਧ ਹੋਇਆ ਤਾਂ ਉਸ ਨੇ ਦੋਬਾਰਾ ਲਿਖਿਆ - 'ਜਿਹੜੇ ਖੂਨੀ ਕ੍ਰਾਂਤੀ 'ਚ ਯਕੀਨ ਰੱਖਦੇ ਨੇ, ਉਹ ਗੌਰੀ ਲੰਕੇਸ਼ ਦੀ ਹੱਤਿਆ ਦਾ ਸ਼ੋਕ ਮਨਾ ਰਹੇ ਹਨ। ਹੁਣ ਜਦੋਂ ਖੁਦ 'ਤੇ ਬੀਤ ਰਹੀ ਹੈ ਤਾਂ ਕਿਵੇਂ ਲੱਗ ਰਿਹਾ ਹੈ?'
           ਸਿਵਲ ਸੁਸਾਇਟੀ ਵਲੋਂ ਵੀ ਇਸ ਦਿਨ-ਦਿਹਾੜੇ ਕਤਲ ਦੀ ਪੁਰਜ਼ੋਰ ਨਿਖੇਧੀ ਕੀਤੀ ਜਾ ਰਹੀ ਹੈ। ਅਣਖੀ ਪੱਤਰਕਾਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਜੇ ਅਸੀਂ ਸਾਰੇ ਪੱਤਰਕਾਰ ਇਮਾਨਦਾਰੀ ਨਾਲ ਆਰ. ਐਸ. ਐਸ. ਦੀ ਹਿੰਦੂਤਵੀ ਵਿਚਾਰਧਾਰਾ ਦੇ ਖਿਲਾਫ, ਪਿਛਲੇ ਵਰ੍ਹਿਆਂ ਵਿੱਚ ਹਿੱਕ ਤਾਣ ਕੇ ਖਲੋਤੇ ਹੁੰਦੇ ਤਾਂ ਗੌਰੀ ਲੰਕੇਸ਼ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ। ਇੱਕ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ, ਐਨ. ਡੀ. ਟੀ. ਵੀ. ਦਾ ਕਹਿਣਾ ਹੈ, 'ਅਸਹਿਣਸ਼ੀਲਤਾ ਵਾਲੀਆਂ ਅਵਾਜ਼ਾਂ ਉਦੋਂ ਹਾਵੀ ਹੁੰਦੀਆਂ ਹਨ, ਜਦੋਂ ਬਹੁਗਿਣਤੀ ਲੋਕ ਜ਼ਾਲਮਾਂ ਦੇ ਸਾਹਮਣੇ ਚੁੱਪੀ ਅਖਤਿਆਰ ਕਰ ਲੈਂਦੇ ਹਨ।'
           ਅਸੀਂ ਗੌਰੀ ਲੰਕੇਸ਼ ਦੇ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਹਿੰਦੂਤਵੀਆਂ ਵਲੋਂ ਇੱਕ ਪਾਸੇ ਜਿੱਥੇ ਘੱਟਗਿਣਤੀਆਂ ਦੀ ਅਵਾਜ਼ ਨੂੰ ਜ਼ੁਲਮ ਦੇ ਸਹਾਰੇ ਦਬਾਇਆ ਜਾ ਰਿਹਾ ਹੈ, ਉਥੇ ਥੋੜੀ ਬਹੁਤ ਜ਼ਮੀਰ ਰੱਖਣ ਵਾਲੇ, ਸੈਕੂਲਰ ਵਿਚਾਰਾਂ ਦੇ ਧਾਰਨੀ ਲੇਖਕਾਂ, ਪੱਤਰਕਾਰਾਂ, ਫਿਲਮਕਾਰਾਂ, ਸਮਾਜ-ਸੇਵਕਾਂ ਨੂੰ ਵੀ ਆਪਣੇ ਸਿੱਧੇ ਨਿਸ਼ਾਨੇ ਹੇਠ ਲਿਆਂਦਾ ਜਾ ਰਿਹਾ ਹੈ।
            ਅਫਸੋਸ ਇਸ ਗੱਲ ਦਾ ਹੈ ਕਿ ਜੂਨ '84, ਨਵੰਬਰ '84 ਅਤੇ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਪੰਜਾਬ ਵਿੱਚ ਹੋਈ ਸਿੱਖ ਨਸਲਕੁਸ਼ੀ ਦੇੇ ਸਮੇਂ ਦੌਰਾਨ, ਭਾਰਤ ਭਰ ਦੀ ਪੱਤਰਕਾਰ ਬਰਾਦਰੀ, ਕਾਤਲ ਦਿੱਲੀ ਸਾਮਰਾਜ ਦੇ ਨਾਲ ਡੱਟ ਕੇ ਖਲੋਤੀ ਰਹੀ ਅਤੇ ਸਮੁੱਚੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਦੇ ਖਾਤੇ ਵਿੱਚ ਪਾਉਣ ਵਾਲੀਆਂ ਖਬਰਾਂ ਉਪਰੋਥਲੀ ਜਾਰੀ ਰਹੀਆਂ। ਜੇ ਜੂਨ '84 ਅਤੇ ਨਵੰਬਰ '84 ਨਾ ਵਾਪਰਦਾ ਤੇ ਇਹਦਾ ਹਿਸਾਬ-ਕਿਤਾਬ ਹੁੰਦਾ ਤਾਂ 2002 ਵਿੱਚ ਮੁਸਲਮਾਨਾਂ ਦੀ ਗੁਜਰਾਤ ਵਿੱਚ ਨਸਲਕੁਸ਼ੀ ਨਹੀਂ ਸੀ ਹੋਣੀ। ਜੇ ਹੁਣ ਬੋਲਣ ਵਾਲੇ ਸ. ਜਸਵੰਤ ਸਿੰਘ ਖਾਲੜਾ ਅਤੇ ਵਕੀਲ ਕੁਲਵੰਤ ਸਿੰਘ ਅਤੇ ਪਰਿਵਾਰ ਦੇ ਕਤਲਾਂ 'ਤੇ ਉਦੋਂ ਬੋਲੇ ਹੁੰਦੇ ਤਾਂ ਸ਼ਾਇਦ ਅੱਜ ਇਹ ਦਿਨ ਦੇਖਣੇ ਨਾ ਪੈਂਦੇ।
            2014 ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਧਾਰਾ ਮੀਡੀਏ ਦਾ ਇੱਕ ਵੱਡਾ ਹਿੱਸਾ ਮੋਦੀ ਭਗਤ ਬਣ ਗਿਆ ਅਤੇ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਨੂੰ ਹੁਣ ਇੱਕ ਇੱਕ ਕਰਕੇ ਦਬਾਇਆ ਜਾ ਰਿਹਾ ਹੈ। ਸਿੱਖ ਕੌਮ ਇਸ ਵਰਤਾਰੇ ਤੋਂ ਅਤਿ ਦੁਖੀ ਹੈ ਪਰ ਇਹ ਵੀ ਸ਼ਰਮ ਵਾਲੀ ਗੱਲ ਹੈ ਕਿ ਬਾਦਲ ਅਕਾਲੀ ਦਲ, ਮੋਦੀ ਦੀ ਕਾਤਲ ਬ੍ਰਿਗੇਡ ਨਾਲ ਬਗਲਗੀਰ ਹੈ।
           ਹਿੰਦੂਤਵੀਆਂ ਵਲੋਂ ਨਾਜ਼ੀ ਜਰਮਨੀ ਵਾਂਗ ਪ੍ਰਾਪੇਗੰਡੇ ਨੂੰ ਇੱਕ ਬੜੇ ਸਫਲ ਹਥਿਆਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਏ 'ਤੇ ਨਫਰਤ ਦੇ ਵਣਜਾਰੇ ਬਹੁਤੇ ਹਿੰਦੂਤਵੀਆਂ ਦੇ ਤਨਖਾਹਦਾਰ ਮੁਲਾਜ਼ਮ ਹਨ। ਭਾਰਤ ਵਿੱਚ ਪਹਿਲਾਂ ਘੱਟਗਿਣਤੀਆਂ ਦੀ ਧਾਰਮਿਕ ਅਜ਼ਾਦੀ ਦਾ ਗਲਾ ਘੁੱਟਿਆ ਗਿਆ ਅਤੇ ਹੁਣ ਖੁੱਲ-ਮ-ਖੁੱਲ੍ਹਾ, ਹਿੰਦੂਤਵੀਆਂ ਨਾਲ ਅਸਹਿਮਤ ਆਵਾਜ਼ਾਂ ਨੂੰ ਖਾਮੋਸ਼ ਕੀਤਾ ਜਾ ਰਿਹਾ ਹੈ। ਭਾਰਤ ਦੇ ਅਦਬੀ ਅਤੇ ਪੱਤਰਕਾਰੀ ਹਲਕਿਆਂ ਵਿੱਚ ਤਾਂ ਸਹਿਮ ਅਤੇ ਖੌਫ ਦਾ ਮਾਹੌਲ ਹੈ ਹੀ ਪਰ ਆਮ ਜਨਤਾ ਵੀ ਡਰ ਡਰ ਕੇ ਜੀਅ ਰਹੀ ਹੈ। ਦਲਿਤਾਂ ਅਤੇ ਆਦਿਵਾਸੀਆਂ 'ਤੇ ਜ਼ੁਲਮਾਂ ਦੀ ਕਹਾਣੀ ਬਾਹਰ ਲਿਆਉਣ ਵਾਲਿਆਂ ਨੂੰ 'ਨਕਸਲੀ' ਤੇ 'ਮਾਓਵਾਦੀ' ਕਹਿ ਕੇ ਭੰਡਿਆ ਜਾਂਦਾ ਹੈ। ਮੁਸਲਮਾਨਾਂ ਲਈ ਹਾਅ ਦਾ ਨਾਹਰਾ ਮਾਰਨ ਵਾਲਿਆਂ ਨੂੰ 'ਦੇਸ਼ਧ੍ਰੋਹੀ' ਤੇ 'ਪਾਕਿਸਤਾਨ ਦੇ ਏਜੰਟ' ਦੱਸਿਆ ਜਾਂਦਾ ਹੈ। ਹਿੰਦੂਤਵੀ ਵਿਚਾਰਧਾਰਾ ਦੇ ਖਿਲਾਫ ਸਭ ਨੂੰ ਇੱਕਜੁੱਟ ਹੋ ਕੇ ਖੜ੍ਹੇ ਹੋਣ ਦੀ ਲੋੜ ਹੈ। ਮਸ਼ਹੂਰ ਸ਼ਾਇਰ ਕੈਫੀ ਆਜ਼ਮੀ ਦੇ ਸ਼ਬਦ ਹਨ -
'ਹੋਠੋਂ ਕੋ ਸੀਅ ਕੇ ਦੇਖੀਏ, ਪਛਤਾਈਏਗਾ।
ਹੰਗਾਮੇ ਜਾਗ ਉਠਤੇ ਹੈਂ, ਅਕਸਰ, ਘੁਟਨ ਕੇ ਬਾਦ।'

© 2011 | All rights reserved | Terms & Conditions