ਰੋਹਿੰਗੀਆ ਮੁਸਲਮਾਨਾਂ 'ਤੇ ਹੋ ਰਹੇ ਤਸ਼ੱਦਦ ਖਿਲਾਫ ਮਿਆਂਮਾਰ ਦੇ ਕੌਂਸਲੇਟ ਸਾਹਮਣੇ ਰੋਸ ਮੁਜ਼ਾਹਰਾ
Submitted by Administrator
Thursday, 14 September, 2017- 04:08 pm
ਰੋਹਿੰਗੀਆ ਮੁਸਲਮਾਨਾਂ 'ਤੇ ਹੋ ਰਹੇ ਤਸ਼ੱਦਦ ਖਿਲਾਫ ਮਿਆਂਮਾਰ ਦੇ ਕੌਂਸਲੇਟ ਸਾਹਮਣੇ ਰੋਸ ਮੁਜ਼ਾਹਰਾ

 

 ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ 

         ਨਿਊਯਾਰਕ- ਮਿਆਂਮਾਰ (ਜਿਸਦਾ ਪੁਰਾਣਾ ਨਾਂਅ ਬਰਮਾ ਹੈ) ਵਿਖੇ ਰੋਹਿੰਗੀਆ ਮੁਸਲਮਾਨਾਂ ਤੇ ਮੌਕੇ ਦੀ ਹੁਕੂਮਤ ਅਤੇ ਫੌਜ ਵਲੋਂ ਢਾਹੇ ਜਾ ਰਹੇ ਤਸ਼ੱਦਦ ਖਿਲਾਫ ਨਿਊਯਾਰਕ ਦੀਆਂ ਮਨੁੱਖੀ ਅਧਿਕਾਰ ਅਤੇ ਮੁਸਲਮਾਨ ਜਥੇਬੰਦੀਆਂ ਵਲੋਂ ਮਿਆਂਮਾਰ ਦੇ ਕੌਂਸਲੇਟ ਬਾਹਰ ਇੱਕ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਸਿੱਖ ਭਾਈਚਾਰੇ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਸਾਲ 2001 ਵਿੱਚ 9/11 ਨੂੰ ਅਮਰੀਕਾ ਦੀ ਧਰਤੀ 'ਤੇ ਹੋਏ ਹਮਲੇ ਵਿੱਚ ਮਾਰੇ ਗਏ ਹਜ਼ਾਰਾਂ ਲੋਕਾਂ ਨੂੰ ਜਿੱਥੇ ਯਾਦ ਕੀਤਾ ਗਿਆ, ਉੱਥੇ ਇਸ ਪ੍ਰਦਰਸ਼ਨ ਵਿੱਚ ਇਹ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਮਿਆਂਮਾਰ ਸਰਕਾਰ ਵਲੋਂ ਰੋਹਿੰਗੀਆ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਅਤੇ ਸੰਯੁਕਤ ਰਾਸ਼ਟਰ ਵਲੋਂ ਹੁਕੂਮਤ ਦੀ ਇਸ ਕਾਰਵਾਈ ਨੂੰ ਨਸਲਕੁਸ਼ੀ ਐਲਾਨਦਿਆਂ ਮਿਆਂਮਾਰ ਦੀ ਨਿਖੇਧੀ ਕੀਤੀ ਗਈ ਹੈ।
          ਰੋਹਿੰਗੀਆ ਮੁਸਲਮਾਨਾਂ ਦੀ ਮਦਦ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਅਤੇ ਮਿਆਂਮਾਰ ਦੀ ਮੋਢੀ ਆਗੂ ਆਂਗ ਸੈਨ ਸੂ ਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਸਨੂੰ ਦਿੱਤੇ ਨੋਬਲ ਪੁਰਸਕਾਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਸਿੱਖ ਭਾਈਚਾਰੇ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਮੱਧਪੂਰਬ, ਭਾਰਤ ਅਤੇ ਮਿਆਂਮਾਰ ਸਮੇਤ ਦੂਨੀਆ ਭਰ ਵਿੱਚ ਘੱਟਗਿਣਤੀਆਂ ਨਾਲ ਰੰਗ, ਨਸਲ, ਧਰਮ ਜਾਂ ਲਿੰਗ ਤੇ ਦੇ ਅਧਾਰ 'ਤੇ ਹੁੰਦੇ ਵਿਤਕਰੇ ਖਿਲਾਫ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਇੱਕ ਸਮੇਂ ਨੋਬਲ ਪੁਰਸਕਾਰ ਲੈਣ ਵਾਲੀ ਸੂ ਕੀ ਦੀ ਰਹਿਨੁਮਾਈ ਹੇਠ ਰੋਹਿੰਗੀਆ ਮੁਸਲਮਾਨਾਂ ਦੀ ਕੀਤੀ ਜਾ ਰਹੀ ਨਸਲੀ ਸਫਾਈ ਅਤਿ-ਨਿੰਦਣਯੋਗ ਹੈ ਅਤੇ ਦੁਨੀਆ ਦੇ ਸਮੂਹ ਲੋਕਾਂ ਨੂੰ ਇਹਨਾਂ ਅਮਲਾਂ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਪ੍ਰਦਰਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਅਤੇ ਨਫਰਤ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ। ਟੀ. ਵੀ. 84 ਵਲੋਂ ਇਸ ਰੋਸ ਵਿਖਾਵੇ ਨੂੰ ਕਵਰ ਕੀਤਾ ਗਿਆ।

© 2011 | All rights reserved | Terms & Conditions