ਰੋਹੰਗੀਆ ਮੁਸਲਮਾਨਾਂ ਦੀ ਦੁਰਦਸ਼ਾ 'ਤੇ ਦੁਨੀਆਂ ਦੀ ਸ਼ਰਮਨਾਕ ਚੁੱਪੀ : Dr. Amarjit Singh washington D.C
Submitted by Administrator
Saturday, 16 September, 2017- 02:45 pm
ਰੋਹੰਗੀਆ ਮੁਸਲਮਾਨਾਂ ਦੀ ਦੁਰਦਸ਼ਾ 'ਤੇ ਦੁਨੀਆਂ ਦੀ ਸ਼ਰਮਨਾਕ ਚੁੱਪੀ  :  Dr. Amarjit Singh washington D.C

           ਪਿਛਲੇ ਲਗਭਗ ਇੱਕ ਮਹੀਨੇ ਵਿੱਚ ਮਿਆਂਮਾਰ (ਪਹਿਲਾ ਨਾਮ ਬਰਮਾ) ਦੀ ਫੌਜੀ ਜੁੰਡਲੀ ਅਤੇ ਨਸਲਵਾਦੀ ਬੋਧੀ ਭਿਕਸ਼ੂਆਂ ਦੇ ਮਾਫੀਏ ਵਲੋਂ ਤਿੰਨ ਲੱਖ ਤੋਂ ਜ਼ਿਆਦਾ ਰੋਹੰਗੀਆ ਮੁਸਲਮਾਨਾਂ ਨੂੰ ਬੇਘਰੇ ਬਣਾ ਕੇ ਬੰਗਲਾਦੇਸ਼ ਵਿੱਚ ਸ਼ਰਨ ਲੈਣ 'ਤੇ ਮਜ਼ਬੂਰ ਕਰ ਦਿੱਤਾ ਗਿਆ ਹੈ। ਸੈਂਕੜਿਆਂ ਰੋਹੰਗੀਆ ਮਾਰੇ ਗਏ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਜਬਰ-ਜਿਨਾਹ ਦਾ ਸ਼ਿਕਾਰ ਹੋਈਆਂ ਹਨ। ਰੋਹੰਗੀਆ ਪਿੰਡਾਂ ਦੇ ਪਿੰਡ ਸਾੜ ਕੇ ਸਵਾਹ ਕਰ ਦਿੱਤੇ ਗਏ ਹਨ। ਮਿਆਂਮਾਰ ਵਿੱਚ ਮੁਸਲਮਾਨਾਂ ਦੀ ਅਬਾਦੀ, ਕੁੱਲ ਅਬਾਦੀ ਦਾ ਲਗਭਗ 5 ਫੀਸਦੀ ਹੈ ਅਤੇ ਇਨ੍ਹਾਂ ਵਿੱਚ ਜ਼ਿਆਦਾ ਬੰਗਾਲੀ ਮੂਲ ਦੇ ਹਨ। ਇਹ ਮੁਸਲਮਾਨ, ਮਿਆਂਮਾਰ ਦੇ ਅਰਾਕਾਨ ਸੂਬੇ ਦੇ ਵਸਨੀਕ ਹਨ, ਜਿਸ ਨੂੰ ਅੱਜਕੱਲ੍ਹ ਰੇਖੀਨ ਕਿਹਾ ਜਾਂਦਾ ਹੈ।
          ਰੋਹੰਗੀਆ 'ਤੇ ਇਹ ਜ਼ੁਲਮੋ-ਸਿੱਤਮ ਪਿਛਲੇ ਕਈ ਵਰਿਆਂ ਤੋਂ ਜਾਰੀ ਹੈ। ਪਿਛਲੀਆਂ ਕਈ ਸਦੀਆਂ ਤੋਂ ਅਰਾਕਾਨ ਵਿੱਚ ਰਹਿ ਰਹੇ ਇਨ੍ਹਾਂ ਮੁਸਲਮਾਨਾਂ ਨੂੰ ਮਿਆਂਮਾਰ ਦੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ। ਇਹ ਨਾ ਜ਼ਮੀਨ ਖਰੀਦ ਸਕਦੇ ਹਨ, ਵਿਆਹ ਕਰਵਾਉਣ ਲਈ ਵੀ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਦੋ ਤੋਂ ਜ਼ਿਆਦਾ ਬੱਚੇ ਪੈਦਾ ਨਹੀਂ ਕਰ ਸਕਦੇ, ਕੋਈ ਸਰਕਾਰੀ ਸਹੂਲਤਾਂ ਨਹੀਂ ਮਾਣ ਸਕਦੇ, ਸਫਰ ਨਹੀਂ ਕਰ ਸਕਦੇ। ਮਿਆਂਮਾਰ ਵਿੱਚ 1960ਵਿਆਂ ਤੋਂ ਹੀ ਰਾਜਪ੍ਰਬੰਧ ਫੌਜੀ ਜੁੰਡਲੀ ਦੇ ਹੱਥ ਵਿੱਚ ਹੈ। ਭਾਵੇਂ ਨੋਬਲ ਇਨਾਮ ਜੇਤੂ ਸੂ ਆਂਗ ਸੂਕੀ ਦੀ ਪਾਰਟੀ 2015 ਵਿੱਚ ਚੋਣਾਂ ਵਿੱਚ ਜੇਤੂ ਰਹੀ ਅਤੇ ਹੁਣ ਸੂ ਆਂਗ ਸੱਤਾ ਵਿੱਚ ਹਿੱਸੇਦਾਰ ਹੈ, ਪਰ ਅਸਲੀ ਤਾਕਤ ਫੌਜ ਦੇ ਕੋਲ ਹੀ ਹੈ। ਫੌਜ ਵਲੋਂ ਬੜੇ ਵਿਉਂਤਬੱਧ ਤਰੀਕੇ ਨਾਲ 'ਬੋਧੀ ਮਾਫੀਏ' ਨੂੰ ਅੱਗੇ ਲਾ ਕੇ ਰੋਹੰਗੀਆ ਦਾ ਮੁਕੰਮਲ ਉਜਾੜਾ ਕੀਤਾ ਜਾ ਰਿਹਾ ਹੈ। ਰੋਹੰਗੀਆ ਦੇ ਖਿਲਾਫ ਤਾਜ਼ਾ ਹਿੰਸਾ ਦੀਆਂ ਘਟਨਾਵਾਂ ਨੂੰ ਰੋਹੰਗੀਆ ਖਾੜਕੂਆਂ ਦੇ ਦਹਿਸ਼ਤਗਰਦ ਹਮਲਿਆਂ ਨਾਲ ਜੋੜਿਆ ਜਾ ਰਿਹਾ ਹੈ, ਪਰ ਹਕੀਕਤ ਇਹ ਹੈ ਕਿ ਰੋਹੰਗੀਆ ਦੀ 'ਸਫਾਈ ਕਰਨ' ਦਾ ਪ੍ਰੋਗਰਾਮ ਫੌਜੀ ਦੇਖ ਰੇਖ ਹੇਠ ਕਈ ਵਰ੍ਹਿਆਂ ਤੋਂ ਚੱਲ ਰਿਹਾ ਹੈ।
ਭਾਰਤ ਵਿੱਚ 40 ਹਜ਼ਾਰ ਦੇ ਲਗਭਗ ਰੋਹੰਗੀਆ ਰਫਿਊਜ਼ੀ ਹਨ, ਜਿਹੜੇ ਕਿ ਯੂ. ਐਨ. ਰਫਿਊਜ਼ੀ ਏਜੰਸੀ ਨਾਲ ਰਜਿਸਟਰ ਹਨ ਅਤੇ ਦਿੱਲੀ, ਜੈਪੁਰ, ਜੰਮੂ ਆਦਿ ਸ਼ਹਿਰਾਂ ਵਿੱਚ ਇਨ੍ਹਾਂ ਦੇ ਕੈਂਪ ਹਨ। ਇਨ੍ਹਾਂ ਰਫਿਊਜ਼ੀਆਂ ਵਿੱਚ ਕੁਝ ਹਿੰਦੂ ਵੀ ਹਨ ਪਰ ਜ਼ਿਆਦਾਤਰ ਮੁਸਲਮਾਨ ਹੀ ਹਨ। ਇੱਕ ਪਾਸੇ ਰੋਹੰਗੀਆ 'ਤੇ ਹੋ ਰਹੇ ਜ਼ੁਲਮਾਂ ਦੇ ਰੂਬਰੂ, ਦੁਨੀਆਂ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਇਨਸਾਨ ਤ੍ਰਾਹ ਤ੍ਰਾਹ ਕਰ ਰਹੇ ਹਨ ਪਰ ਦੂਸਰੇ ਪਾਸੇ ਭਾਰਤ ਦੇ ਹਿੰਦੂਤਵੀ ਹਾਕਮ ਇਸ ਮੌਕੇ ਖੁੱਲ੍ਹ ਕੇ ਆਪਣੇ ਇਸਲਾਮ ਵਿਰੋਧੀ ਅਤੇ ਦੈਂਤ ਹੋਣ ਦਾ ਸਬੂਤ ਦੇ ਰਹੇ ਹਨ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਉਸ ਦੇ ਡਿਪਟੀ ਮੰਤਰੀ ਕਿਰੇਨ ਰਿਜਿਜ਼ੂ ਨੇ ਐਲਾਨ ਕੀਤਾ ਹੈ ਕਿ 'ਅਸੀਂ ਇਨ੍ਹਾਂ ਰੋਹੰਗੀਆਂ ਨੂੰ ਵਾਪਸ ਭੇਜਾਂਗੇ ਕਿਉਂਕਿ ਇਨ੍ਹਾਂ ਤੋਂ ਭਾਰਤ ਵਿੱਚ ਦਹਿਸ਼ਤਗਰਦੀ ਫੈਲਣ ਦਾ ਡਰ ਹੈ।' ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਿਆਂਮਾਰ ਦਾ ਦੌਰਾ ਕੀਤਾ ਅਤੇ ਰੋਹੰਗੀਆਂ ਦੀ ਤਰਫਦਾਰੀ ਕਰਨ ਦੀ ਥਾਂ, ਮਿਆਂਮਾਰ ਦੀ ਸਰਕਾਰੀ ਜ਼ੁਲਮੀ ਨੀਤੀ ਦੀ ਹਮਾਇਤ ਕੀਤੀ। ਬਾਲੀ (ਇੰਡੋਨੇਸ਼ੀਆ) ਵਿੱਚ ਆਰਥਿਕਤਾ ਸਬੰਧੀ ਬਹੁਤ ਸਾਰੇ ਦੇਸ਼ਾਂ ਦੇ ਸੰਮੇਲਨ ਵਿੱਚ ਭਾਰਤ ਨੇ ਸ਼ਮੂਲੀਅਤ ਤਾਂ ਕੀਤੀ ਪਰ ਜਦੋਂ ਰੋਹੰਗੀਆ ਦੇ ਹੱਕ ਵਿੱਚ 'ਬਾਲੀ ਐਲਾਨਨਾਮਾ' ਜਾਰੀ ਕੀਤਾ ਗਿਆ ਤਾਂ ਭਾਰਤ ਨੇ ਇਸ 'ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ। ਕਿਰੇਨ ਰਿਜਿਜ਼ੂ ਨੇ ਇੱਥੋਂ ਤੱਕ ਕਿਹਾ, 'ਅਸੀਂ ਕਿਸੇ ਰਫਿਊਜੀ ਸੰਧੀ 'ਤੇ ਦਸਤਖਤ ਨਹੀਂ ਕੀਤੇ ਹੋਏ, ਇਸ ਲਈ ਅਸੀਂ ਰੋਹੰਗੀਆ ਨੂੰ ਵਾਪਸ ਭੇਜਾਂਗੇ। ਅਸੀਂ ਕਿਹੜੀ ਉਨ੍ਹਾਂ ਨੂੰ ਗੋਲੀ ਮਾਰੀ ਹੈ ਜਾਂ ਸਮੁੰਦਰ ਵਿੱਚ ਡੋਬਿਆ ਹੈ, ਬੱਸ ਵਾਪਸ ਹੀ ਭੇਜ ਰਹੇ ਹਾਂ।' ਇਹ ਹੈ ਹਿੰਦੂਤਵੀ ਦਹਿਸ਼ਤਗਰਦੀ ਦਾ ਕਰੂਪ ਚਿਹਰਾ।
         ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕਮਿਸ਼ਨ ਦੇ ਹਾਈ ਕਮਿਸ਼ਨਰ ਨੇ ਜੈਨੇਵਾ ਵਿੱਚ ਹਿਊਮਨ ਰਾਈਟਸ ਕੌਂਸਲ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੋ ਕੁਝ ਮਿਆਂਮਾਰ ਵਿੱਚ ਰੋਹੰਗੀਆ ਨਾਲ ਕੀਤਾ ਜਾ ਰਿਹਾ ਹੈ, ਉਹ ਨਸਲਕੁਸ਼ੀ ਦੀ ਪ੍ਰੀਭਾਸ਼ਾ ਵਿੱਚ ਆਉਂਦਾ ਹੈ। ਰੋਹੰਗੀਆ 'ਤੇ ਹੋ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਦੀ ਲੋੜ ਹੈ। ਭਾਰਤ ਦੀ ਸਿੱਧੇ ਸ਼ਬਦਾਂ ਵਿੱਚ ਅਲੋਚਨਾ ਕਰਦਿਆਂ ਹਾਈ ਕਮਿਸ਼ਨਰ ਨੇ ਕਿਹਾ, ''ਭਾਰਤ ਰਫਿਊਜੀਆਂ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਉਸ ਵਲੋਂ ਰੋਹੰਗੀਆ ਨੂੰ ਡਿਪੋਰਟ ਕਰਨ ਦਾ ਫੈਸਲਾ ਅਤਿ-ਨਿੰਦਣਯੋਗ ਹੈ। ਭਾਰਤ ਨੇ 'ਇੰਟਰਨੈਸ਼ਨਲ ਕੋਵੈਨੈਂਟ ਆਨ ਸਿਵਲ ਐਂਡ ਪੋਲੀਟੀਕਲ ਰਾਈਟਸ' ਦੀ ਸੰਧੀ 'ਤੇ ਦਸਤਖਤ ਕੀਤੇ ਹੋਏ ਹਨ। ਇਸ ਲਈ ਭਾਰਤ, ਇਨ੍ਹਾਂ ਲੋਕਾਂ ਨੂੰ ਉੱਥੇ ਵਾਪਸ ਨਹੀਂ ਭੇਜ ਸਕਦਾ, ਜਿੱਥੇ ਕਿ ਉਨ੍ਹਾਂ 'ਤੇ ਤਸ਼ੱਦਦ ਹੋਵੇਗਾ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ ਜਾਵੇਗਾ।''
          ਮੁਸਲਮਾਨਾਂ ਦੇ ਜ਼ਖਮਾਂ 'ਤੇ ਅੱਗੋਂ ਲੂਣ ਛਿੜਕਦਿਆਂ, ਕੇਂਦਰ ਸਰਕਾਰ ਨੇ ਜਿੱਥੇ ਇਹ ਫੈਸਲਾ ਕੀਤਾ ਕਿ 40 ਹਜ਼ਾਰ ਰੋਹੰਗੀਆ ਮੁਸਲਮਾਨਾਂ ਨੂੰ ਵਾਪਸ ਭੇਜਿਆ ਜਾਵੇਗਾ, ਉੱਥੇ ਨਾਲ ਹੀ ਇਹ ਫੈਸਲਾ ਲਿਆ ਕਿ ਭਾਰਤ ਵਿੱਚ, ਚਿਟਾਗਾਂਗ (ਬੰਗਲਾ ਦੇਸ਼) ਏਰੀਏ ਤੋਂ ਸ਼ਰਨਾਰਥੀ ਬਣ ਕੇ ਆਏ ਇੱਕ ਲੱਖ ਦੇ ਕਰੀਬ ਚਕਮਾ ਅਤੇ ਹਜੌਂਗ ਕਬੀਲਿਆਂ ਦੇ ਲੋਕਾਂ ਨੂੰ ਭਾਰਤੀ ਸਿਟੀਜ਼ਨਸ਼ਿਪ ਦਿੱਤੀ ਜਾਵੇਗੀ। ਯਾਦ ਰਹੇ ਹਜੌਂਗ ਕਬੀਲਾ ਹਿੰਦੂ ਧਰਮ ਵਿੱਚ ਯਕੀਨ ਰੱਖਦਾ ਹੈ ਜਦੋਂ ਕਿ ਚਕਮਾ ਕਬੀਲਾ ਬੁੱਧ ਧਰਮ ਨੂੰ ਮੰਨਣ ਵਾਲਿਆਂ ਦਾ ਹੈ। ਸੋ ਜ਼ਾਹਰ ਹੈ ਕਿ ਮੋਦੀ ਸਰਕਾਰ ਭਾਰਤ ਦੇ 180 ਮਿਲੀਅਨ ਮੁਸਲਮਾਨਾਂ ਨੂੰ ਵੀ ਇਹ ਸੁਨੇਹਾ ਦੇ ਰਹੀ ਹੈ ਕਿ ਇਸ ਦੇਸ਼ ਵਿੱਚ ਇਸਲਾਮ ਨੂੰ ਮੰਨਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ, ਉਹ ਭਾਵੇਂ ਲੁੱਟੇ-ਪੁੱਟੇ, ਭੁੱਖੇ-ਪਿਆਸੇ, ਲੋਕ ਹੋਣ ਜਾਂ ਜਬਰ-ਜਿਨਾਹ ਦਾ ਸ਼ਿਕਾਰ ਔਰਤਾਂ ਹੋਣ।
ਅਫਸੋਸ ਇਸ ਗੱਲ ਦਾ ਹੈ ਕਿ ਤੁਰਕੀ ਨੂੰ ਛੱਡ ਕੇ ਕਿਸੇ ਮੁਸਲਮਾਨ ਦੇਸ਼ ਵਲੋਂ ਵੀ ਮਿਆਂਮਾਰ ਸਰਕਾਰ ਦੇ ਖਿਲਾਫ ਕੋਈ ਮਜ਼ਬੂਤ ਸਟੈਂਡ ਨਹੀਂ ਲਿਆ ਗਿਆ। ਬੰਗਲਾ ਦੇਸ਼ ਵਿੱਚ ਭਾਵੇਂ ਸ਼ਰਨਾਰਥੀ ਕੈਂਪ ਸਥਾਪਤ ਕਰ ਦਿੱਤੇ ਗਏ ਹਨ ਪਰ ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਦੀ ਵਿੱਦਿਆ ਜਾਂ ਹੋਰ ਆਮ ਸਹੂਲਤਾਂ ਵੀ ਨਾ-ਮਾਤਰ ਹੀ ਹਨ।
          ਅਸੀਂ, 30 ਮਿਲੀਅਨ ਬੇ-ਘਰ ਸਿੱਖ ਕੌਮ, ਰੋਹੰਗੀਆ ਲੋਕਾਂ ਦੇ ਦਰਦ ਨੂੰ ਸਮਝਦੇ ਹਾਂ। ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਰੋਹੰਗੀਆ ਦੇ ਹੱਕ ਵਿੱਚ ਦਿੱਲੀ, ਮੈਲਬਰਨ (ਅਸਟਰੇਲੀਆ), ਨਿਊਯਾਰਕ (ਅਮਰੀਕਾ) ਆਦਿ ਸਥਾਨਾਂ 'ਤੇ ਹੋਏ ਵਿਖਾਵਿਆਂ ਵਿੱਚ ਸਿੱਖਾਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ। ਸਿੱਖ ਕੌਮ ਨੇ ਆਪਣੇ ਸੇਵਾ ਦੇ ਵਿਰਸੇ ਨੂੰ ਚੰਗੀ ਤਰ੍ਹਾਂ ਪਛਾਣਦਿਆਂ, ਰੋਹੰਗੀਆ ਦੀ ਬਾਂਹ ਫੜੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, 'ਖਾਲਸਾ ਏਡ' ਜਥੇਬੰਦੀ ਦੇ ਵਲੰਟੀਅਰਾਂ ਨੇ ਬੰਗਲਾਦੇਸ਼ ਦੇ ਰੋਹੰਗੀਆ ਰਫਿਊਜ਼ੀ ਕੈਂਪਾਂ ਵਿੱਚ ਗੁਰੂ ਕੇ ਲੰਗਰਾਂ ਦਾ ਪ੍ਰਵਾਹ ਜਾ ਚਲਾਇਆ ਹੈ। ਅਸੀਂ ਇਨ੍ਹਾਂ ਯਤਨਾਂ ਦੀ ਭਾਰੀ ਸ਼ਲਾਘਾ ਕਰਦਿਆਂ ਸਿੱਖ ਸੰਗਤਾਂ ਨੂੰ ਇਨ੍ਹਾਂ ਯਤਨਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦੇ ਹਾਂ। 'ਦੇਗ-ਤੇਗ ਫਤਹਿ' ਖਾਲਸੇ ਦਾ ਆਦਰਸ਼ ਹੈ!! ਦਸਵੇਂ ਪਾਤਸ਼ਾਹ ਦਾ ਸਿੱਖਾਂ ਨੂੰ ਇਹ ਆਦੇਸ਼ ਹੈ -
'ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ!'
ਯਾਦ ਰਹੇ ਪਹਿਲੇ ਖਾਲਸਾ ਰਾਜ ਦੀ ਕਾਇਮੀ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਬਣਾਈ ਗਈ ਸ਼ਾਹੀ-ਮੋਹਰ 'ਤੇ ਇਹ ਸ਼ਬਦ ਅੰਕਤ ਸਨ -
'ਦੇਗ ਓ, ਤੇਗ ਓ, ਫਤਹਿ ਓ,
ਨੁਸਰਤ ਬੇਦਰੰਗ!
ਯਾਫਤ ਅਜ਼, ਨਾਨਕ ਗੁਰੂ ਗੋਬਿੰਦ ਸਿੰਘ
ਭਾਵ - ਦੇਗ, ਤੇਗ, ਫਤਹਿ ਤੇ ਅਤੁੱਟ ਭੰਡਾਰਾ ਸਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਨਾਲ ਹਾਸਲ ਹੋਇਆ।
ਸਿੱਖਾਂ ਦੀ ਸਦਾ ਹੀ ਇਹ ਚਾਹਨਾ, ਅਰਦਾਸ ਹੁੰਦੀ ਹੈ -
'ਲੋਹ-ਲੰਗਰ ਪੱਕਦੇ ਰਹਿਣ
ਸਭ ਪ੍ਰਾਣੀ ਛਕਦੇ ਰਹਿਣ!'
ਆਮੀਨ!

© 2011 | All rights reserved | Terms & Conditions