ਪੰਜਾਬ ਦੇ ਇਤਿਹਾਸਕ ਖਜ਼ਾਨੇ ਨੂੰ ਪਿਛਲੇ 50 ਸਾਲਾਂ ਤੋਂ ਬੇਰੋਕਟੋਕ ਲੁੱਟਿਆ ਜਾ ਰਿਹੈ ! : Dr. Amarjit Singh washington D.C
Submitted by Administrator
Saturday, 16 September, 2017- 02:49 pm
ਪੰਜਾਬ ਦੇ ਇਤਿਹਾਸਕ ਖਜ਼ਾਨੇ ਨੂੰ ਪਿਛਲੇ 50 ਸਾਲਾਂ ਤੋਂ ਬੇਰੋਕਟੋਕ ਲੁੱਟਿਆ ਜਾ ਰਿਹੈ ! :  Dr. Amarjit Singh washington D.C

ਨਾਰਥ ਕੁਰਦਿਸਤਾਨ (ਈਰਾਕ) ਵਿੱਚ 25 ਸਤੰਬਰ ਤੇ ਕੈਟਾਲੋਨੀਆ (ਸਪੇਨ) ਵਿੱਚ ਪਹਿਲੀ ਅਕਤੂਬਰ ਨੂੰ ਹੋ ਰਹੇ ਰਿਫੈਰੈਂਡਮ ਖਾਲਿਸਤਾਨ ਦੀ ਅਜ਼ਾਦੀ ਤਹਿਰੀਕ ਨੂੰ ਵੀ ਕਰਨਗੇ ਪ੍ਰਭਾਵਿਤ!
ਬ੍ਰਿਟੇਨ ਦੇ 140 ਮੈਂਬਰ ਪਾਰਲੀਮੈਂਟਾਂ ਵਲੋਂ ਨੈਸ਼ਨਲ ਸਟੈਟਿਸਟਿਕਸ ਦੇ ਮੁਖੀ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ 2021 ਦੀ ਮਰਦਮਸ਼ੁਮਾਰੀ ਫਾਰਮ ਵਿੱਚ ਸਿੱਖਾਂ ਲਈ 'ਅੱਡ ਐਥਨੀਸਿਟੀ' (ਕੌਮੀਅਤ) ਦਾ ਖਾਨਾ ਬਣਾਇਆ ਜਾਵੇ!

ਖਾਲਿਸਤਾਨ ਦੀ ਪ੍ਰਾਪਤੀ ਵੱਲ ਇੱਕ ਹੋਰ ਪੇਸ਼ਕਦਮੀਂ!

          ਵਾਸ਼ਿੰਗਟਨ ਡੀ. ਸੀ. (16 ਸਤੰਬਰ, 2017) - ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜਕਲ੍ਹ ਆਪਣੀ ਲਿਖੀ ਕਿਤਾਬ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਇੰਗਲੈਂਡ ਦੇ ਪ੍ਰਾਈਵੇਟ ਦੌਰੇ 'ਤੇ ਹੈ। ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਲਿਖਤ ਪੁਸਤਕ ਸਬੰਧੀ ਉਸ ਨੇ ਸਾਰਾਗੜ੍ਹੀ ਦੇ ਸਾਕੇ ਦੀ 120ਵੀਂ ਸਾਲਾਨਾ ਯਾਦ ਮੌਕੇ, ਲੰਡਨ ਦੇ ਨੈਸ਼ਨਲ ਰੌਇਲ ਮਿਊਜ਼ੀਅਮ ਵਿੱਚ ਵਿਚਾਰ-ਚਰਚਾ ਕੀਤੀ। ਕੇਸਰੀ ਪੱਗ ਬੰਨ੍ਹ ਕੇ ਲੈਕਚਰ ਕਰ ਰਹੇ ਅਮਰਿੰਦਰ ਸਿੰਘ ਨੇ ਜਿੱਥੇ ਸਿੱਖਾਂ ਦੀ ਬਹਾਦਰੀ ਦੀ ਗੱਲ ਕੀਤੀ, ਉਥੇ ਇਤਿਹਾਸ ਨੂੰ ਠੀਕ ਪ੍ਰਸੰਗ ਵਿੱਚ ਵੇਖਣ ਅਤੇ ਵਿਰਸੇ ਦੀ ਸਾਂਭ ਸੰਭਾਲ ਕਰਨ ਦੀ ਸਲਾਹ ਵੀ ਦਿੱਤੀ। ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਇਸ ਵਾਰ ਸਾਰਾਗੜ੍ਹੀ ਲੜਾਈ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ, ਜਿਨ੍ਹਾਂ ਵਿੱਚ ਬ੍ਰਿਟਿਸ਼ ਮਹਿਮਾਨਾਂ ਨੇ ਵੀ ਖਾਸ ਤੌਰ 'ਤੇ ਸ਼ਿਰਕਤ ਕੀਤੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਤਿਹਾਸ ਤੇ ਵਿਰਸੇ ਨੂੰ ਸੰਭਾਲਣ ਦੀਆਂ ਸਲਾਹਾਂ ਦੇਣ ਵਾਲਿਆਂ ਦੀਆਂ ਅੱਖਾਂ ਸਾਹਮਣੇ, ਪੰਜਾਬ ਦੇ ਇਤਿਹਾਸਕ ਵਿਰਸੇ ਨੂੰ ਲੁੱਟਿਆ ਜਾ ਰਿਹਾ ਹੈ। ਇਸ ਵਿਰਾਸਤੀ ਲੁੱਟ ਲਈ ਕਾਂਗਰਸੀ ਤੇ ਅਕਾਲੀ ਦੋਵੇਂ ਹੀ ਜ਼ਿੰਮੇਵਾਰ ਹਨ ਕਿਉਂਕਿ ਪਿਛਲੇ 50 ਸਾਲਾਂ ਵਿੱਚ ਵਾਰੀ-ਵਾਰੀ ਇਨ੍ਹਾਂ ਪਾਰਟੀਆਂ ਦੀਆਂ ਹੀ ਸਰਕਾਰਾਂ ਰਹੀਆਂ ਹਨ।
          9 ਸਤੰਬਰ ਦੀ ਟ੍ਰਿਬਿਊਨ ਅਖਬਾਰ ਵਿੱਚ ਇੱਕ ਸਟੋਰੀ ਪ੍ਰਕਾਸ਼ਿਤ ਹੋਈ ਹੈ, ਜਿਸ ਦਾ ਸਿਰਲੇਖ ਹੈ, 'ਪੰਜਾਬ ਦੇ ਵਿਰਸੇ ਨਾਲ ਸਬੰਧਿਤ ਪੁਰਾਤਨ ਕਲਾ-ਕ੍ਰਿਤਾਂ 'ਤੇ ਡਾਕਾ-ਇਤਿਹਾਸ ਨੂੰ ਲੁੱਟਿਆ ਜਾ ਰਿਹਾ ਹੈ ਬੜੇ ਵਿਉਂਤਬੱਧ ਢੰਗ ਨਾਲ।' ਇਸ ਸਟੋਰੀ ਵਿਚਲੇ ਤੱਥ ਸੁੰਨ ਕਰ ਦੇਣ ਵਾਲੇ ਹਨ ਕਿ ਕਿਵੇਂ ਪਿਛਲੇ 50 ਸਾਲਾਂ ਵਿੱਚ ਪੰਜਾਬ ਦੇ ਮਿਊਜ਼ੀਅਮਾਂ ਅਤੇ ਖੁਦਾਈ ਰਾਹੀਂ ਸਾਹਮਣੇ ਆ ਰਹੀਆਂ ਅਨਮੋਲ ਵਸਤੂਆਂ ਨੂੰ ਸਰਕਾਰੀ ਮਿਲੀਭੁਗਤ ਨਾਲ 'ਗਾਇਬ' ਕਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਨਕਲੀ ਮਾਡਲ (ਰਿਪੈਲੀਕਾ) ਰੱਖ ਦਿੱਤੇ ਗਏ ਹਨ। ਅਸਲੀ ਕਲਾਕ੍ਰਿਤਾਂ ਨੂੰ ਫੇਰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਲੱਖਾਂ ਡਾਲਰਾਂ ਵਿੱਚ ਵੇਚ ਦਿੱਤਾ ਜਾਂਦਾ ਹੈ। ਇਸ ਇਤਿਹਾਸਕ ਵਿਰਸੇ ਦੇ ਡਾਕੇ ਵਿੱਚ, ਐਨਟੀਕ (ਪੁਰਾਤਨ ਕਲਾ ਕ੍ਰਿਤੀਆਂ) ਸਮੱਗਲਰਾਂ ਨਾਲ ਸਟੇਟ ਆਰਕੀਓਲੋਜੀਕਲ ਮਹਿਕਮੇ ਦੇ ਅਧਿਕਾਰੀ ਰਲੇ ਹੋਏ ਹਨ। ਪੰਜਾਬ ਮਿਊਜ਼ੀਅਮ ਆਰਕੀਓਲੋਜੀਕਲ ਅਫਸਰ ਕੇ. ਕੇ. ਰਿਸ਼ੀ ਦਾ ਕਹਿਣਾ ਹੈ ਕਿ ਪੰਜਾਬ ਦੇ ਮਿਊਜ਼ੀਅਮਜ਼ 'ਚੋਂ ਅਸਲੀ ਚੀਜ਼ਾਂ ਸਭ ਗਾਇਬ ਹਨ ਅਤੇ ਉਨ੍ਹਾਂ ਦੀ ਥਾਂ 'ਨਕਲੀ' ਰੱਖ ਦਿੱਤੀਆਂ ਗਈਆਂ ਹਨ। ਉਹ ਪੇਂਟਿੰਗਜ਼ ਹੋਣ, ਪੁਰਾਤਨ ਹਥਿਆਰ ਹੋਣ, ਪੁਰਾਤਨ ਸਿੱਕੇ ਹੋਣ, ਕੀਮਤੀ ਪੱਥਰ ਹੋਣ, ਸਭ ਕੁਝ ਗਾਇਬ ਕਰ ਦਿੱਤਾ ਗਿਆ ਹੈ। ਵਿਰਸਾ ਸੰਭਾਲ ਦੀ ਦੁਹਾਈ ਦੇਣ ਵਾਲੇ ਅਮਰਿੰਦਰ ਦੇ ਖਾਨਦਾਨੀ ਵਿਰਸੇ ਵਾਲੇ 'ਕਿਲਾ੍ਹ ਮੁਬਾਰਕ' ਅਤੇ 'ਸ਼ੀਸ਼ ਮਹਿਲ' (ਪਟਿਆਲਾ) ਵਿੱਚੋਂ ਵੀ ਵਸਤੂਆਂ ਚੋਰੀ ਹੋਈਆਂ ਹਨ। ਜਿਵੇਂ ਕਿ 1996 ਵਿੱਚ ਕਿਲ੍ਹਾ ਮੁਬਾਰਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਨੀਏਚਰ ਪੇਂਟਿੰਗ ਚੋਰੀ ਕਰ ਲਈ ਗਈ। 2004 ਵਿੱਚ ਕਿਲ੍ਹਾ ਮੁਬਾਰਕ ਤੋਂ ਸ਼ਿਵ ਜੀ, ਵਿਸ਼ਨੂੰ ਤੇ ਬ੍ਰਹਮਾ ਦੀਆਂ ਤਿੰਨ ਮਿਨੀਏਚਰ ਪੇਂਟਿੰਗਜ਼ ਗਾਇਬ ਹੋ ਗਈਆਂ। ਫਰਵਰੀ 2003 ਵਿੱਚ, ਜ਼ਿਲ੍ਹਾ ਸੰਗਰੂਰ ਦੇ ਮਰਦ-ਖੇੜਾ ਪਿੰਡ ਵਿਚੋਂ ਸੂਰਜ ਦੇਵਤੇ ਦਾ 12ਵੀਂ ਸਦੀ ਵਿੱਚ ਘੜਿਆ ਗਿਆ ਬੁੱਤ ਗਾਇਬ ਹੋ ਗਿਆ। 2003 ਵਿੱਚ ਫਿਰੋਜ਼ ਸ਼ਾਹ ਦੇ ਜੰਗ ਵਿੱਚ ਇਸਤੇਮਾਲ ਹੋਇਆ ਇੱਕ ਪਿਸਤੌਲ ਐਂਗਲੋ-ਸਿੱਖ ਵਾਰ ਮੈਮੋਰੀਅਲ, ਫਿਰੋਜ਼ਪੁਰ ਤੋਂ 'ਗਾਇਬ' ਹੋ ਗਿਆ। 1990 ਵਿੱਚ ਸ਼ਹੀਦ ਭਗਤ ਸਿੰਘ ਮੈਮੋਰੀਅਲ, ਖਟਕੜ ਕਲਾਂ ਵਿੱਚ ਸ਼ਹੀਦ ਸੁਖਦੇਵ ਦੀਆਂ ਜੁੱਤੀਆਂ ਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਪੈਂਟ 'ਚੋਰੀ' ਕਰ ਲਈ ਗਈ। ਇਹ ਡਾਕਾ ਲਿਸਟ ਇੰਨੀ ਲੰਬੀ ਹੈ ਕਿ ਇਸ ਖੋਜੀ-ਲਿਖਾਰੀ ਦੀ ਲਿਖਤ ਅਨੁਸਾਰ, 'ਹੁਣ ਪੰਜਾਬ ਦੇ ਸਾਰੇ ਮਿਊਜ਼ੀਅਮਾਂ ਵਿੱਚ ਪਈਆਂ ਕੁੱਲ ਵਸਤੂਆਂ ਦੀ ਗਿਣਤੀ 51,289 ਹੈ ਪਰ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਵਿੱਚ ਕਿੰਨੇ ਕੁ 'ਅਸਲੀ' ਰਹਿ ਗਏ ਹਨ।' ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਐਂਟੀਕਸ ਸਬੰਧੀ ਸਖਤ ਕਾਨੂੰਨ ਹੁੰਦਿਆਂ ਅਤੇ ਪੰਜਾਬ ਵਿੱਚ ਵਿਰਸਾ ਸੰਭਾਲ ਦੇ ਅੱਡ-ਅੱਡ ਮਹਿਕਮਿਆਂ ਦੀ ਮੌਜੂਦਗੀ ਵਿੱਚ, ਕੌਣ ਹੈ, ਜੋ ਪੰਜਾਬ ਦੇ ਇਤਿਹਾਸਕ ਤੇ ਵਿਰਾਸਤੀ ਖਜ਼ਾਨੇ ਨੂੰ ਲੁੱਟ ਰਿਹਾ ਹੈ? ਕੀ ਇਸ ਦਾ ਜਵਾਬ ਲੱਭਣਾ ਔਖਾ ਹੈ?
          ਮੀਡੀਆ ਰਿਪੋਰਟਾਂ ਅਨੁਸਾਰ, ਨਾਰਥ ਕੁਰਦਿਸਤਾਨ ਵਿੱਚ, ਉਥੋਂ ਦੀ ਕੁਰਦ ਸਰਕਾਰ ਵਲੋਂ ਅਤੇ ਕੈਟਾਲੋਨੀਆ ਵਿੱਚ, ਉਥੋਂ ਦੀ ਪ੍ਰਾਂਤਿਕ ਸਰਕਾਰ ਵਲੋਂ ਕ੍ਰਮਵਾਰ 25 ਸਤੰਬਰ ਤੇ ਪਹਿਲੀ ਅਕਤੂਬਰ ਨੂੰ ਰਿਫੈਰੈਂਡਮ ਕਰਵਾਏ ਜਾ ਰਹੇ ਹਨ। ਨਾਰਥ ਕੁਰਦਿਸਤਾਨ, ਇਰਾਕ ਦੇਸ਼ ਦਾ ਹਿੱਸਾ ਹੈ ਜਦੋਂਕਿ ਕੈਟਾਲੋਨੀਆ, ਸਪੇਨ ਦੇਸ਼ ਦਾ ਪ੍ਰਾਂਤ ਹੈ। ਇਰਾਕ ਅਤੇ ਸਪੇਨ ਦੀਆਂ ਕੇਂਦਰੀ ਸਰਕਾਰਾਂ ਨੇ ਰਿਫੈਰੈਂਡਮ ਨੂੰ ਗੈਰ-ਸੰਵਿਧਾਨਕ ਐਲਾਨਦਿਆਂ, ਇਸ ਨੂੰ ਮਾਨਤਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਪਰ ਇਸ ਦੇ ਬਾਵਜੂਦ ਨਾਰਥ ਕੁਰਦਿਸਤਾਨ ਅਤੇ ਕੈਟਾਲੋਨੀਆ ਦੀਆਂ ਅਜ਼ਾਦੀ-ਪਸੰਦ ਧਿਰਾਂ ਰਿਫੈਰੈਂਡਮ ਕਰਵਾਉਣ ਲਈ ਬਜ਼ਿੱਦ ਹਨ। ਇਨ੍ਹਾਂ ਰਿਫੈਰੈਂਡਮਜ਼ ਦੇ ਨਤੀਜੇ ਪਹਿਲਾਂ ਹੀ ਸਪੱਸ਼ਟ ਹਨ, ਜਿਹੜੇ ਕਿ ਅਜ਼ਾਦੀ-ਪਸੰਦ ਧਿਰਾਂ ਦੇ ਹੱਕ ਵਿੱਚ ਹੋਣਗੇ। ਇਨ੍ਹਾਂ ਰਿਫੈਰੈਂਡਮਜ਼ ਤੋਂ ਬਾਅਦ ਨਾਰਥ ਕੁਰਦਿਸਤਾਨ ਅਤੇ ਇਰਾਕ ਦੀ ਕੇਂਦਰੀ ਸ਼ੀਆ ਸਰਕਾਰ ਵਿਚਕਾਰ ਖੂੰਨੀ ਸਿਵਲ ਵਾਰ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਸਪੇਨ ਤੇ ਕੈਟਾਲੋਨੀਆ ਵਿਚਕਾਰ ਇਹ ਲੜਾਈ 'ਲੰਬੀ ਸੰਵਿਧਾਨਿਕ ਲੜਾਈ' ਬਣ ਸਕਦੀ ਹੈ। ਇਜ਼ਰਾਈਲ ਨੇ ਨਾਰਥ ਕੁਰਦਿਸਤਾਨ ਦੀ ਅਜ਼ਾਦੀ ਦੀ ਹਮਾਇਤ ਕੀਤੀ ਹੈ। ਅਮਰੀਕਾ ਤੇ ਯੂਰੋਪੀਅਨ ਦੇਸ਼ 'ਦੇਖੋ ਤੇ ਇੰਤਜ਼ਾਰ ਕਰੋ' ਦੀ ਨੀਤੀ ਤਹਿਤ ਇਸ ਮੁੱਦੇ 'ਤੇ 'ਖਾਮੋਸ਼' ਹਨ। ਜ਼ਾਹਰ ਹੈ ਕਿ ਇਨ੍ਹਾਂ ਰੈਫਰੈਂਡਮਾਂ ਨਾਲ ਦੁਨੀਆਂ ਭਰ ਵਿੱਚ ਆਜ਼ਾਦੀ ਲਈ ਜੂਝ ਰਹੀਆਂ ਤਹਿਰੀਕਾਂ ਨੂੰ ਹੌਂਸਲਾ ਮਿਲੇਗਾ। ਖਾਲਿਸਤਾਨ ਲਈ ਪਹਿਲਾਂ ਹੀ ਸਿੱਖਸ ਫਾਰ ਜਸਟਿਸ ਵਲੋਂ 'ਰਿਫੈਰੈਂਡਮ 2020' ਦੀ ਕਾਲ ਦਿੱਤੀ ਹੋਈ ਹੈ। ਅਸੀਂ ਸਮਝਦੇ ਹਾਂ ਕਿ ਪਹਿਲਾਂ ਕਿਊਬੈਕ, ਸਕਾਟਲੈਂਡ, ਈਸਟ ਤੈਮੂਰ, ਸਾਊਥ ਸੂਡਾਨ, ਕੋਸੋਵੋ, ਮੈਸਾਡੋਨੀਆ ਆਦਿ ਵਿੱਚ ਰੈਫਰੈਂਡਮ ਅਤੇ ਹੁਣ ਨਾਰਥ ਕੁਰਦਿਸਤਾਨ ਤੇ ਕੈਟਾਲੋਨੀਆ ਵਿੱਚ ਹੋਣ ਜਾ ਰਹੇ ਰੈਫਰੈਂਡਮਾਂ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਯੂ. ਐਨ. ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ, ਆਜ਼ਾਦੀ ਹਰ ਇੱਕ ਕੌਮ ਦਾ ਜਮਾਂਦਰੂ ਹੱਕ ਹੈ ਅਤੇ ਲੋਕਤੰਤਰੀ ਤਰੀਕੇ ਨਾਲ ਇਸ ਨੂੰ ਹਾਸਲ ਕਰਨ ਲਈ ਉੱਦਮ ਕਰਨਾ ਕੋਈ ਗੁਨਾਹ ਨਹੀਂ ਹੈ। ਖਾਲਿਸਤਾਨ ਸ਼ਬਦ ਤੋਂ ਖੌਫਜ਼ਦਾ ਹੋਣ ਵਾਲੇ ਸਾਡੇ ਸਿੱਖ ਭਰਾਵਾਂ-ਭੈਣਾਂ ਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈ।
          ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟੇਨ ਵਿਚਲੇ 'ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਦੀ ਚੇਅਰਪਰਸਨ ਅਤੇ ਲੇਬਰ ਪਾਰਟੀ ਦੀ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਵਲੋਂ ਨੈਸ਼ਨਲ ਸਟੈਟਿਸਟਿਕਸ ਬਿਊਰੋ ਦੇ ਡਿਪਟੀ ਮੁਖੀ ਈਐਨ ਬੈਲ ਨੂੰ ਇੱਕ ਪੱਤਰ ਸੌਂਪਿਆ ਗਿਆ ਹੈ, ਜਿਸ 'ਤੇ 140 ਮੈਂਬਰ ਪਾਰਲੀਮੈਂਟਾਂ ਦੇ ਦਸਤਖਤ ਹਨ। ਇਸ ਪੱਤਰ ਵਿੱਚ ਇੰਗਲੈਂਡ ਦੇ ਸਿੱਖਾਂ ਵਲੋਂ ਮਰਦਮਸ਼ੁਮਾਰੀ ਦੌਰਾਨ ਫਾਰਮ ਵਿੱਚ ਕੌਮੀਅਤ (ਐਥਨਿਸਿਟੀ) ਦਾ 'ਅੱਡ ਖਾਨਾ' (ਬਾਕਸ) ਰੱਖਣ ਦੀ ਮੰਗ ਦੀ ਹਮਾਇਤ ਕੀਤੀ ਗਈ ਹੈ। ਬੀਬੀ ਪ੍ਰੀਤ ਕੌਰ ਨੇ ਮੀਡੀਆ ਵਿੱਚ ਕਿਹਾ ਹੈ ਕਿ ਸਟੈਟਿਸਟਿਕਸ ਬਿਊਰੋ ਨੂੰ ਹੁਣ ਪਾਰਲੀਮੈਂਟ ਨੂੰ ਸਿਫਾਰਿਸ਼ ਕਰਨੀ ਹੀ ਪਵੇਗੀ ਕਿ ਸਿੱਖਾਂ ਦੀ ਵੱਖਰੀ ਕੌਮੀਅਤ ਵਾਲਾ ਖਾਨਾ, ਫਾਰਮ ਵਿੱਚ ਅਵੱਸ਼ ਸ਼ਾਮਲ ਕੀਤਾ ਜਾਵੇ। ਭਾਰਤੀ ਹਾਈ ਕਮਿਸ਼ਨ ਅਤੇ ਉਸ ਦੇ ਜਮੂਰਿਆਂ ਵਲੋਂ ਸਿੱਖਾਂ ਦੇ ਇਸ ਯਤਨ ਨੂੰ ਅਸਫਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਪਰ ਗੁਰੂ ਦੀ ਬਖਸ਼ਿਸ਼ ਨਾਲ ਇਸ ਮੋਰਚੇ 'ਤੇ ਸਿੱਖਾਂ ਦੀ ਜਿੱਤ ਲਗਭਗ ਯਕੀਨੀ ਹੈ। ਅਸੀਂ ਇੰਗਲੈਂਡ ਦੀਆਂ ਸਿੱਖ ਸੰਗਤਾਂ ਅਤੇ ਇਸ ਉੱਦਮ ਵਿੱਚ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਖਾਲਿਸਤਾਨ ਦੀ ਕਾਇਮੀ ਦੇ ਸੰਘਰਸ਼ ਵਿੱਚ ਇਸ ਨਾਲ ਇੱਕ ਹੋਰ ਮੀਲ ਪੱਥਰ ਗੱਡਿਆ ਜਾਵੇਗਾ-
'ਝਲਕ ਸੁੰਦਰ ਤੋਂ ਰੌਸ਼ਨ ਪੰਧ ਹੋਏ,
ਕੀ ਗਮ ਜੇ ਸਿਰ 'ਤੇ ਪੰਡਾਂ ਭਾਰੀਆਂ ਨੇ।'

© 2011 | All rights reserved | Terms & Conditions