ਅਮਰੀਕਾ ਨੇ ਭਾਰਤ ਨੂੰ ਗੈਰ-ਕਾਨੂੰਨੀ ਡਰੱਗਜ਼ ਬਣਾਉਣ ਵਾਲੇ 22 ਦੇਸ਼ਾਂ ਦੀ ਲਿਸਟ ਵਿੱਚ ਰੱਖਿਆ ! : Dr. Amarjit Singh washington D.C
Submitted by Administrator
Friday, 22 September, 2017- 04:13 pm
ਅਮਰੀਕਾ ਨੇ ਭਾਰਤ ਨੂੰ ਗੈਰ-ਕਾਨੂੰਨੀ ਡਰੱਗਜ਼ ਬਣਾਉਣ ਵਾਲੇ 22 ਦੇਸ਼ਾਂ ਦੀ ਲਿਸਟ ਵਿੱਚ ਰੱਖਿਆ !  :  Dr. Amarjit Singh washington D.C

ਯੂ. ਐਨ. ਜਨਰਲ ਅਸੈਂਬਲੀ ਦੇ ਸੰਬੋਧਨ ਵਿੱਚ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਨੇ ਨਾਰਥ ਕੋਰੀਆ ਨੂੰ ਮੁਕੰਮਲ ਤੌਰ 'ਤੇ ਤਬਾਹ ਕਰਨ ਤੇ ਈਰਾਨ ਨਿਊਕਲੀਅਰ ਸਮਝੌਤੇ ਨੂੰ ਰੱਦ ਕਰਨ ਦੀ ਦਿੱਤੀ ਧਮਕੀ!
ਭਾਰਤ ਸਰਕਾਰ ਨੇ ਬੰਗਲਾ ਦੇਸ਼ ਦੇ ਚਕਮਾ (ਬੌਧੀ) ਅਤੇ ਹਜੌਂਗ (ਹਿੰਦੂ) ਕਬੀਲਿਆ ਦੇ ਲੋਕਾਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਕੀਤਾ ਫੈਸਲਾ ਪਰ ਰੋਹੰਗੀਆ ਮੁਸਲਮਾਨਾਂ ਨੂੰ ਦਹਿਸ਼ਤਗਰਦ ਦੱਸਦਿਆਂ, ਉਨ੍ਹਾਂ ਨੂੰ ਵਾਪਸ ਭੇਜਣ 'ਤੇ ਦ੍ਰਿੜ!
'ਭਾਰਤ ਸੁੰਗੜ ਕੇ ਇੱਕ ਤੰਗਦਿਲ ਹਿੰਦੂ ਰਾਸ਼ਟਰ ਬਣਦਾ ਜਾ ਰਿਹਾ ਹੈ' - ਨੈਣਤਾਰਾ ਸਹਿਗਲ, ਸਾਹਿਤਕਾਰ
ਗਲੋਬਲ ਪਿੰਡ ਤੋਂ ਵਾਪਸ ਕੱਟੜ ਰਾਸ਼ਟਰਵਾਦ ਵੱਲ ਵਧ ਰਿਹਾ ਹੈ ਸੰਸਾਰਕ ਨਿਜ਼ਾਮ!
        

ਵਾਸ਼ਿੰਗਟਨ ਡੀ. ਸੀ. (23 ਸਤੰਬਰ, 2017) - ਲਗਭਗ 10 ਮਹੀਨੇ ਪਹਿਲਾਂ ਵਾਈਟ ਹਾਊਸ 'ਤੇ ਕਬਜ਼ਾ ਕਰਨ ਵਾਲੇ ਪ੍ਰਧਾਨ ਡੋਨਾਲਡ ਟਰੰਪ ਨੇ ਪਹਿਲੀ ਵਾਰ ਯੂਨਾਇਟਿਡ ਨੇਸ਼ਨਲ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ। 193 ਮੈਂਬਰ ਦੇਸ਼ਾਂ ਦੀ ਇਸ ਸੰਸਾਰਕ ਸੰਸਥਾ ਨੂੰ ਸੈਸ਼ਨ ਦੇ ਪਹਿਲੇ ਦਿਨ, ਯੂ. ਐਨ. ਦਾ ਸੈਕਟਰੀ ਜਨਰਲ ਸੰਬੋਧਿਤ ਹੁੰਦਾ ਹੈ ਅਤੇ ਫਿਰ ਅਮਰੀਕੀ ਪ੍ਰਧਾਨ ਸੰਬੋਧਨ ਕਰਦਾ ਹੈ। ਪੁਰਤਗਾਲੀ ਮੂਲ ਦੇ ਸੈਕਟਰੀ ਜਨਰਲ ਐਂਨਟੋਨੀਓ ਗੁਟਰੈਸ ਨੇ ਬੜੇ ਸੰਜਮ ਤੇ ਸਲੀਕੇ ਨਾਲ ਸੁਝਾਅ ਦਿੱਤਾ ਕਿ 'ਹਰ ਹਾਲਤ ਵਿੱਚ ਨਾਰਥ ਕੋਰੀਆ ਨਾਲ ਜੰਗ ਨੂੰ ਟਾਲਿਆ ਜਾਣਾ ਚਾਹੀਦਾ ਹੈ। ਐਸਾ ਕਰਨ ਲਈ ਰੜ੍ਹੀ ਹੋਈ, ਪ੍ਰੌੜ ਕੂਟਨੀਤਕ ਪਹੁੰਚ ਅਪਣਾਉਣੀ ਚਾਹੀਦੀ ਹੈ।' ਪ੍ਰੌੜ ਰਾਜਨੀਤਕ ਪਹੁੰਚ ਲਈ ਉਨ੍ਹਾਂ ਨੇ 'ਸਟੇਟਸਮੈਨਸ਼ਿੱਪ' ਸ਼ਬਦ ਦਾ ਇਸਤੇਮਾਲ ਕੀਤਾ ਜਿਹੜਾ ਕਿ ਸਪੱਸ਼ਟ ਤੌਰ 'ਤੇ ਪ੍ਰਧਾਨ ਟਰੰਪ ਨੂੰ ਹੀ ਸੇਧਿਤ ਸੀ। ਯੂ. ਐਨ. ਸੈਕਟਰੀ ਜਨਰਲ ਦੇ ਭਾਸ਼ਣ ਤੋਂ ਬਾਅਦ, ਪ੍ਰਧਾਨ ਟਰੰਪ ਨੇ ਆਪਣੇ ਭਾਸ਼ਣ ਵਿੱਚ ਸਟੇਟਸਮੈਨਸ਼ਿੱਪ ਦੀ ਥਾਂ 'ਤੇ ਗਲੀ ਦੇ ਗੁੰਡਿਆਂ ਵਾਲੀ ਜ਼ੁਬਾਨ ਦਾ ਇਸਤੇਮਾਲ ਕਰਦਿਆਂ, ਨਾਰਥ ਕੋਰੀਆ ਦੇ ਪ੍ਰਧਾਨ ਨੂੰ 'ਰਾਕੇਟਮੈਨ' ਦੇ ਨਾਂ ਨਾਲ ਸੰਬੋਧਿਤ ਹੁੰਦਿਆਂ ਸਪੱਸ਼ਟ ਧਮਕੀ ਦਿੱਤੀ ਕਿ ਜੇ ਨਾਰਥ ਕੋਰੀਆ ਬਾਜ ਨਾ ਆਇਆ ਤਾਂ ਉਸ ਨੂੰ ਮੁਕੰਮਲ ਤੌਰ 'ਤੇ ਤਬਾਹੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਦੇ ਪ੍ਰਧਾਨ ਨੇ ਯੂ. ਐਨ. ਵਿੱਚ ਖਲ੍ਹੋ ਕੇ ਕਿਸੇ ਦੂਸਰੇ ਦੇਸ਼ ਨੂੰ ਨਿਊਕਲੀਅਰ ਸ਼ਕਤੀ ਦਾ ਇਸਤੇਮਾਲ ਕਰਕੇ, ਤਬਾਹੋ-ਬਰਬਾਦ ਕਰਨ ਦੀ ਧਮਕੀ ਦਿੱਤੀ ਹੈ।
          ਟਰੰਪ ਦੇ ਭਾਸ਼ਣ ਤੋਂ ਬਾਅਦ, ਕੋਰੀਆ ਦੇ ਵਿਦੇਸ਼ ਮੰਤਰੀ ਨੇ ਇਸ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਇਸ ਦੀ ਕੁੱਤੇ ਦੇ ਕਾਫਲੇ ਵੱਲ ਮੂੰਹ ਕਰਕੇ ਭੌਂਕਣ ਨਾਲ ਤੁਲਨਾ ਕੀਤੀ ਅਤੇ ਇਸ ਧਮਕੀ ਨੂੰ ਮੁੱਢੋਂ-ਸੁੱਢੋਂ ਹੀ ਖਾਰਜ ਕਰ ਦਿੱਤਾ। ਪ੍ਰਧਾਨ ਟਰੰਪ ਨੇ ਈਰਾਨ ਵੱਲ ਨਿਸ਼ਾਨਾ ਸਾਧਦਿਆਂ ਈਰਾਨ ਨੂੰ ਆਰਥਿਕ ਤੌਰ 'ਤੇ ਜ਼ਰਜ਼ਰ, ਅਸਥਿਰ ਤੇ ਹਿੰਸਾ ਨਿਰਯਾਤ ਕਰਨ ਵਾਲਾ ਦੇਸ਼ ਦੱਸਿਆ। ਟਰੰਪ ਨੇ ਈਰਾਨ ਨਾਲ 2015 ਵਿੱਚ ਹੋਏ ਨਿਊਕਲੀਅਰ ਸਮਝੌਤੇ ਨੂੰ ਸ਼ਰਮਿੰਦਗੀ ਭਰਿਆ ਦੱਸਦਿਆਂ ਇਸ ਨੂੰ ਰੱਦ ਕਰਨ ਦੇ ਸੰਕੇਤ ਦਿੱਤੇ। ਈਰਾਨ ਦੇ ਪ੍ਰਧਾਨ ਨੇ ਟਰੰਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ 'ਟਰੰਪ ਦਾ ਭਾਸ਼ਣ ਭੱਦੇ ਤੇ ਅਗਿਆਨਤਾ ਭਰਪੂਰ ਸ਼ਬਦਾਂ ਨਾਲ ਭਰਿਆ ਹੋਇਆ ਹੈ ਅਤੇ ਇਸ 'ਚੋਂ ਪੱਥਰ-ਯੁੱਗ ਦੀ ਮਾਨਸਿਕਤਾ ਝਲਕਦੀ ਹੈ।'
          ਟਰੰਪ ਨੇ ਆਪਣਾ ਭਾਸ਼ਣ ਮੂੰਹ-ਜ਼ੁਬਾਨੀ ਨਹੀਂ ਬਲਕਿ ਲਿਖਤ ਤੋਂ ਪੜ੍ਹ ਕੇ ਦਿੱਤਾ, ਜਿਸ ਤੋਂ ਜ਼ਾਹਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਨਾਰਥ ਕੋਰੀਆ ਅਤੇ ਈਰਾਨ ਨਾਲ ਟਕਰਾਅ ਦੀ ਰਾਜਨੀਤੀ 'ਤੇ ਹੀ ਅਧਾਰਿਤ ਹੋਵੇਗੀ।
          ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 23 ਸਤੰਬਰ ਨੂੰ ਯੂ. ਐਨ. ਨੂੰ ਸੰਬੋਧਨ ਕਰ ਰਹੀ ਹੈ, ਜਿਸ ਦੇ ਖਿਲਾਫ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਯੂ. ਐਨ. ਦੇ ਬਾਹਰ ਰੋਸ-ਵਿਖਾਵਾ ਕੀਤਾ ਜਾ ਰਿਹਾ ਹੈ। ਸੁਸ਼ਮਾ ਸਵਰਾਜ ਨੇ ਆਪਣੀ ਅਮਰੀਕੀ ਵਿਦੇਸ਼ ਸਕੱਤਰ ਤੇ ਜਪਾਨ ਦੇ ਵਿਦੇਸ਼ ਮੰਤਰੀ ਨਾਲ ਮੀਟਿੰਗ ਦੌਰਾਨ, ਨਾਰਥ ਕੋਰੀਆ ਸੰਕਟ ਵਿੱਚ ਪਾਕਿਸਤਾਨ ਨੂੰ ਵੀ ਘੜੀਸਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਕਿਹਾ ਕਿ ਨਾਰਥ ਕੋਰੀਆ ਤੇ ਪਾਕਿਸਤਾਨ ਵਿਚਕਾਰ ਨਿਊਕਲੀਅਰ ਅਦਾਨ-ਪ੍ਰਦਾਨ ਸਬੰਧੀ ਵੀ ਜਾਂਚ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ। ਭਾਰਤ ਦੀ ਇਹ ਹਰਕਤ ਇੱਕ ਅਤਿ ਨੀਂਵੇਂ ਦਰਜੇ ਦੀ ਮੌਕਾਪ੍ਰਸਤੀ ਹੈ ਜਦੋਂਕਿ ਹੁਣ ਤੱਕ ਭਾਰਤ ਦੇ ਵੀ ਨਾਰਥ ਕੋਰੀਆ ਨਾਲ ਵਪਾਰਕ ਸਬੰਧ ਰਹੇ ਹਨ ਅਤੇ ਭਾਰਤ ਨੇ ਖੁਦ ਵੀ ਨਿਊਕਲੀਅਰ ਪਸਾਰ ਸੰਧੀ 'ਤੇ ਦਸਤਖਤ ਨਹੀਂ ਕੀਤੇ। ਕੁੱਲ ਮਿਲਾ ਕੇ ਨਾਰਥ ਕੋਰੀਆ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਇਸ ਸੰਸਾਰ ਉੱਪਰ ਨਿਊਕਲੀਅਰ ਟਕਰਾਅ ਦੇ ਬੱਦਲ ਮੰਡਰਾ ਰਹੇ ਹਨ।
           ਅਮਰੀਕਨ ਪ੍ਰਸਾਸ਼ਨ ਨੇ ਭਾਰਤ ਨੂੰ ਉਨ੍ਹਾਂ 22 ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿੱਚ ਗੈਰ-ਕਾਨੂੰਨੀ ਡਰੱਗਜ਼ ਦਾ ਉਤਪਾਦਨ ਤੇ ਨਿਰਯਾਤ ਹੁੰਦਾ ਹੈ। ਭਾਰਤ ਤੋਂ ਇਲਾਵਾ ਸਾਊਥ ਏਸ਼ੀਆ ਦੇ ਤਿੰਨ ਹੋਰ ਦੇਸ਼ ਅਫਗਾਨਿਸਤਾਨ, ਪਾਕਿਸਤਾਨ ਤੇ ਮੀਆਂਮਾਰ ਵੀ ਇਸ ਲਿਸਟ ਵਿੱਚ ਸ਼ਾਮਲ ਹਨ। ਦੁਨੀਆ ਦੇ ਦੂਸਰੇ ਦੇਸ਼, ਜਿਨ੍ਹਾਂ ਨੂੰ ਅਮਰੀਕਾ ਨੇ ਇਸ ਲਿਸਟ ਵਿੱਚ ਸ਼ਾਮਲ ਕੀਤਾ ਹੈ ਉਨ੍ਹਾਂ ਵਿੱਚ ਬਹਾਮਸ, ਬਲੀਜ਼, ਬੋਲੀਵੀਆ, ਕੋਲੰਬੀਆ, ਕੋਸਟਾਰੀਕਾ, ਡੋਮੀਨੀਕਨ ਰੀਪਬਲਿਕ, ਇਕਵਾਡੋਰ, ਐਲ-ਸਲਵਾਡੋਰ, ਗੁਆਟੇਮਾਲਾ, ਹੇਤੀ, ਹੋਂਡੂਰਸ, ਜਮਾਇਕਾ, ਲਾਓਸ, ਮੈਕਸੀਕੋ, ਨਿਕਾਰਾਗੋਆ, ਪਨਾਮਾ, ਪੀਰੂ ਅਤੇ ਵੈਨਜ਼ੂਏਲਾ ਹਨ। ਜ਼ਾਹਰ ਹੈ ਕਿ ਭਾਰਤ, ਉਪਰੋਕਤ ਮਹਾਨ ਦੇਸ਼ਾਂ ਦੇ ਸਾਥ ਵਿੱਚ ਖੂਬ ਅਨੰਦ ਮਾਣ ਰਿਹਾ ਹੋਵੇਗਾ।
           ਭਾਰਤ ਵਲੋਂ ਰੋਹੰਗੀਆ ਮੁਸਲਮਾਨਾਂ ਦੇ ਮੁੱਦੇ 'ਤੇ ਅਪਣਾਈ ਗਈ ਸਖਤ ਪਹੁੰਚ ਬਰਾਬਰ ਜਾਰੀ ਹੈ। ਭਾਰਤੀ ਸੁਪਰੀਮ ਕੋਰਟ ਨੂੰ ਇੱਕ ਜਨ-ਹਿੱਤ ਪਟੀਸ਼ਨ ਦੇ ਜਵਾਬ ਵਿੱਚ ਕੇਂਦਰ ਸਰਕਾਰ ਵਲੋਂ ਦਿੱਤੇ ਗਏ ਐਫੀਡੇਵਿਟ ਵਿੱਚ, ਰੋਹੰਗੀਆ ਮੁਸਲਮਾਨਾਂ ਨੂੰ 'ਦਹਿਸ਼ਤਗਰਦ' ਦੱਸਦਿਆਂ, ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਗਿਆ ਹੈ। ਕੇਂਦਰ ਸਰਕਾਰ ਦਾ ਇੱਕ ਹੋਰ ਫੈਸਲਾ ਰੋਹੰਗੀਆ ਮੁਸਲਮਾਨਾਂ ਦਾ ਮੂੰਹ ਚਿੜਾਉਂਦਾ ਨਜ਼ਰ ਆਉਂਦਾ ਹੈ।
           1960ਵਿਆਂ ਵਿੱਚ ਪੂਰਬੀ ਬੰਗਾਲ ਵਿੱਚ ਬਣੇ 'ਕਪਤਾਈ ਡੈਮ' ਦੇ ਨਿਰਮਾਣ ਦੌਰਾਨ, ਹਜ਼ਾਰਾਂ ਬੇਘਰ ਹੋਏ ਲੋਕ ਭਾਰਤ ਦੇ ਅਸਾਮ ਸੂਬੇ ਵਿੱਚ ਸ਼ਰਨਾਰਥੀ ਬਣ ਕੇ ਆਏ ਸਨ। ਇਨ੍ਹਾਂ 'ਚੋਂ ਬਹੁਤਿਆਂ ਨੂੰ ਬਾਅਦ ਵਿੱਚ ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ ਵਿੱਚ ਵਸਾਇਆ ਗਿਆ। ਇਨ੍ਹਾਂ ਬੰਗਲਾਦੇਸ਼ੀ ਰਫਿਊਜ਼ੀਆਂ ਵਿੱਚ ਚਕਮਾ ਕਬੀਲੇ ਦੇ ਬੋਧੀ ਲੋਕ ਹਨ ਜਾਂ ਹਜ਼ੌਂਗ ਕਬੀਲੇ ਨਾਲ ਸਬੰਧਿਤ 'ਹਿੰਦੂ' ਹਨ। ਕੇਦਰ ਸਰਕਾਰ ਨੇ ਇਸ ਹਫਤੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਬੋਧੀ ਤੇ ਹਿੰਦੂ ਸ਼ਰਨਾਰਥੀਆਂ ਨੂੰ ਪੱਕੇ ਤੌਰ 'ਤੇ ਭਾਰਤ ਦੀ 'ਸਿਟੀਜ਼ਨਸ਼ਿੱਪ' ਦਿੱਤੀ ਜਾਵੇਗੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਦਰ-ਬ-ਦਰ ਰੋਹੰਗੀਆ ਮੁਸਲਮਾਨਾਂ ਨੂੰ ਭਾਰਤ, ਯੂ. ਐਨ. ਦੇ ਰਫਿਊਜ਼ੀ ਮੰਨਣ ਨੂੰ ਤਿਆਰ ਨਹੀਂ ਜਦੋਂ ਕਿ ਬੋਧੀ ਤੇ ਹਿੰਦੂ ਸ਼ਰਨਾਰਥੀਆਂ ਨੂੰ ਭਾਰਤ ਦੇ ਸਿਟੀਜ਼ਨ ਬਣਾਇਆ ਜਾ ਰਿਹਾ ਹੈ। ਇਹ ਹਿੰਦੂਤਵਾ ਦੇ ਠੇਕੇਦਾਰਾਂ ਦੀ ਖੁੱਲ੍ਹੀ 'ਫਿਰਕੂ ਰਾਜਨੀਤੀ' ਦਾ ਨੰਗਾ ਨਾਚ ਨਹੀਂ ਤੇ ਹੋਰ ਕੀ ਹੈ?
             ਸਾਹਿਤ ਅਕਾਦਮੀ ਐਵਾਰਡ ਜੇਤੂ ਪ੍ਰਸਿੱਧ ਬਜ਼ੁਰਗ ਨੈਣਤਾਰਾ ਸਹਿਗਲ ਨੇ - 'ਇੰਡੀਅਨ ਰਾਈਟਰਜ਼ ਫੋਰਮ' ਦੀ ਇੱਕ ਵਿਚਾਰ ਚਰਚਾ ਵਿੱਚ ਕਿਹਾ ਹੈ ਕਿ ਭਾਰਤ ਸੁੰਗੜ ਕੇ ਇੱਕ ਤੰਗਦਿਲ ਹਿੰਦੂ ਰਾਸ਼ਟਰ ਬਣਦਾ ਜਾ ਰਿਹਾ ਹੈ। ਲੇਖਿਕਾ ਅਨੁਸਾਰ ਭਾਵੇਂ ਐਮਰਜੈਂਸੀ ਦੌਰਾਨ 1975 ਵਿੱਚ ਮੁੱਢਲੀਆਂ ਆਜ਼ਾਦੀਆਂ ਖੋਹ ਲਈਆਂ ਗਈਆਂ ਸਨ, ਵਿਰੋਧੀ ਧਿਰ ਦੇ ਆਗੂ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਸਨ ਪਰ ਸਾਨੂੰ ਪਤਾ ਸੀ ਕਿ ਅਸੀਂ ਡਿਕਟੇਟਰਸ਼ਿਪ ਦੇ ਥੱਲੇ ਜੀਅ ਰਹੇ ਹਾਂ। ਪਰ ਅੱਜ ਤਾਂ ਸਥਿਤੀ ਉਸ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ ਕਿਉਂਕਿ ਭਾਰਤ ਵਿੱਚ ਜੋ ਕੁਝ ਅੱਜ ਹੋ ਰਿਹਾ ਹੈ ਉਹ ਲੋਕਤੰਤਰ ਦੇ ਨਾਂ ਹੇਠ ਹੋ ਰਿਹਾ ਹੈ। ਘੱਟਗਿਣਤੀਆਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਤੁਹਾਨੂੰ ਭਾਰਤ ਵਿੱਚ ਹਿੰਦੂਆਂ ਦੀ ਅਜ਼ਾਰੇਦਾਰੀ ਕਬੂਲ ਕਰਨੀ ਪਵੇਗੀ। ਲੇਖਿਕਾ ਨੈਣਤਾਰਾ ਸਹਿਗਲ ਨੇ ਆਸ ਜਿਤਾਈ ਹੈ ਕਿ ਇਸ ਜ਼ੁਲਮ ਦੇ ਖਿਲਾਫ ਰੋਸ-ਵਿਖਾਵਿਆਂ ਦਾ ਸਿਲਸਿਲਾ ਵਧੇਗਾ ਅਤੇ ਇਸ ਰੁਝਾਨ ਨੂੰ ਆਮ ਲੋਕਾਂ ਵਲੋਂ ਚੈਲੇਂਜ ਕੀਤਾ ਜਾਵੇਗਾ।
            ਹਕੀਕਤ ਇਹ ਹੈ ਕਿ ਅਮਰੀਕਾ ਵਿੱਚ ਟਰੰਪ ਐਡਮਨਿਸਟਰੇਸ਼ਨ ਹੋਵੇ, ਭਾਰਤ ਵਿੱਚ ਮੋਦੀ ਰਾਜ ਹੋਵੇ ਜਾਂ ਯੂਰਪ ਵਿਚਲਾ ਤਾਣਾ-ਬਾਣਾ ਹੋਵੇ, 'ਸੰਸਾਰ ਇੱਕ ਗਲੋਬਲ ਪਿੰਡ' ਵਾਲੀ ਸੋਚ ਮੁੱਕ ਰਹੀ ਹੈ ਅਤੇ ਤੰਗ ਰਾਸ਼ਟਰਵਾਦੀ ਨਜ਼ਰੀਆ ਵਾਪਸ ਸੈਂਟਰਲ ਸਟੇਜ 'ਤੇ ਆ ਰਿਹਾ ਹੈ। ਦੋਵੇਂ ਸੰਸਾਰ ਜੰਗਾਂ ਤੋਂ ਪਹਿਲਾਂ ਵੀ ਯੂਰੋਪੀਅਨ ਦੇਸ਼ਾਂ ਦੀ ਇਹੋ ਜਿਹੀ ਮਾਨਸਿਕਤਾ ਸੀ, ਜਿਸ 'ਚੋਂ 'ਅਸੁਰੱਖਿਆ' ਨੇ ਜਨਮ ਲਿਆ ਤੇ ਜਿਹੜਾ ਟਕਰਾਅ ਦਾ ਰੂਪ ਧਾਰ ਕੇ ਕਰੋੜਾਂ ਲੋਕਾਂ ਦੀ ਜਾਨ ਦਾ ਖੌਅ ਬਣਿਆ। ਅਮਰੀਕਾ ਵਿੱਚ ਮੁਸਲਮਾਨਾਂ ਤੇ ਪ੍ਰਦੇਸੀਆਂ ਪ੍ਰਤੀ ਨਫਰਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਯੂਰਪ ਵਿੱਚ ਵੀ ਇਹ ਹੀ ਰੁਝਾਨ ਹਾਵੀ ਹੋ ਕੇ 'ਰਾਸ਼ਟਰਵਾਦ' ਦੀ 'ਖੁੱਡ' ਵਿੱਚ ਬਸੇਰਾ ਕਰ ਰਿਹਾ ਹੈ। ਰੂਸ, ਚੀਨ ਆਦਿ ਦੇਸ਼ ਆਪਣੇ ਆਰਥਿਕ ਹਿੱਤਾਂ ਦੇ ਮੱਦੇਨਜ਼ਰ 'ਸੌਦੇਬਾਜ਼ੀ' ਵਿੱਚ ਮਸ਼ਰੂਫ ਹਨ। ਇਸਲਾਮਿਕ ਦੇਸ਼ਾਂ ਵਿੱਚ ਇੱਕ ਖੌਫ ਅਤੇ ਗੈਰ-ਯਕੀਨੀ ਦਾ ਮਾਹੌਲ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੀ ਕੋਈ ਲੀਡਰਸ਼ਿਪ ਨਹੀਂ ਹੈ। ਭਾਰਤ ਦੇ ਇੱਕ ਬਿਲੀਅਨ 300 ਮਿਲੀਅਨ ਲੋਕ, ਹਿੰਦੂਤਵੀਆਂ ਦੀ ਜਕੜ ਵਿੱਚ ਹਨ। ਨਾਜ਼ੀ ਤਰਜ਼ 'ਤੇ ਕਾਇਮ ਆਰ. ਐਸ. ਐਸ. ਸੰਸਥਾ ਭਾਰਤ ਵਿੱਚ ਮੁਸਲਮਾਨਾਂ, ਇਸਾਈਆਂ, ਸਿੱਖਾਂ, ਦਲਿਤਾਂ, ਆਦਿਵਾਸੀਆਂ ਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਣਾ ਰਹੀ ਹੈ। ਇਸ ਵੇਲੇ ਸੰਸਾਰ ਪੱਧਰ 'ਤੇ ਕਿਸੇ ਵੀ ਦੂਰਦ੍ਰਿਸ਼ਟੀ ਵਾਲੀ ਸਿਆਣੀ, ਇਨਸਾਨੀਅਤ-ਪਸੰਦ ਲੀਡਰਸ਼ਿੱਪ ਦੀ ਬੜੀ ਘਾਟ ਮਹਿਸੂਸ ਹੋ ਰਹੀ ਹੈ। ਕੀ ਸਮੁੱਚੀ ਮਨੁੱਖਤਾ ਬਲਦੀ ਦੇ ਬੂਥੇ ਵਿੱਚ ਧੱਕੀ ਜਾਵੇਗੀ ਜਾਂ ਇਸ ਖਤਰਨਾਕ ਮਾਨਸਿਕਤਾ 'ਚੋਂ ਨਿਕਲਣ ਦਾ ਕੋਈ ਰਸਤਾ ਨਜ਼ਰੀਂ ਪਵੇਗਾ, ਇਸ ਦਾ ਜਵਾਬ ਸਮੇਂ ਦੇ ਗਰਭ ਵਿੱਚ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੀ ਕਰ ਸਕਦੇ ਹਾਂ-
'ਜਗਤ ਜਲੰਦਾ ਰਖ ਲੈ
ਅਪਨੀ ਕਿਰਪਾ ਧਾਰ।
ਜਿਤ ਦੁਆਰੈ ਉਬਰੈ
ਤਿਤੈ ਲੇਹੁ ਉਬਾਰ।'

© 2011 | All rights reserved | Terms & Conditions