ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ! : Dr. Amarjit Singh washington D.C
Submitted by Administrator
Thursday, 28 September, 2017- 10:23 pm
ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ !  :  Dr. Amarjit Singh washington D.C

'ਭਾਰਤ ਸਾਊਥ ਏਸ਼ੀਆ ਵਿੱਚ ਦਹਿਸ਼ਤਗਰਦੀ ਦੀ ਮਾਂ' - ਮਲੀਹਾ ਲੋਧੀ, ਪਾਕਿਸਤਾਨੀ ਅੰਬੈਸਡਰ
'ਭਾਰਤ ਇੰਜਨੀਅਰ ਤੇ ਡਾਕਟਰ ਐਕਸਪੋਰਟ ਕਰਦਾ ਹੈ ਜਦੋਂ ਕਿ ਦਹਿਸ਼ਤਗਰਦੀ ਦਾ ਮੁਜੱਸਮਾ ਪਾਕਿਸਤਾਨ, ਦਹਿਸ਼ਤਗਰਦੀ ਐਕਸਪੋਰਟ ਕਰ ਰਿਹਾ ਹੈ' -ਸੁਸ਼ਮਾ ਸਵਰਾਜ, ਭਾਰਤੀ ਵਿਦੇਸ਼ ਮੰਤਰੀ
ਅਮਰੀਕੀ ਵਿਦੇਸ਼ ਸਕੱਤਰ ਜਿਮ ਮੈਟਿਸ ਦੇ ਕਾਬਲ ਪਹੁੰਚਣ ਤੋਂ ਫੌਰਨ
ਬਾਅਦ ਏਅਰਪੋਰਟ 'ਤੇ ਤਾਲਿਬਾਨਾਂ ਨੇ ਦਾਗੇ ਛੇ ਰਾਕੇਟ!
ਪਾਕਿਸਤਾਨ ਤੇ ਰੂਸ ਦੀਆਂ ਫੌਜਾਂ ਵਲੋਂ ਸਾਂਝੀਆਂ ਫੌਜੀ ਮਸ਼ਕਾਂ!
ਕੀ ਸਾਊਥ ਏਸ਼ੀਆ ਤੀਸਰੇ ਸੰਸਾਰ ਯੁੱਧ ਦਾ ਰਣ-ਖੇਤਰ ਨਹੀਂ ਬਣਦਾ ਜਾ ਰਿਹਾ?
           

          ਵਾਸ਼ਿੰਗਟਨ (ਡੀ. ਸੀ.) 30 ਸਤੰਬਰ, 2017 - ਇਸ ਵਾਰ 197 ਦੇਸ਼ਾਂ ਦੀ ਨੁਮਾਇੰਦਾ ਜਮਾਤ ਯੂਨਾਈਟਿਡ ਨੇਸ਼ਨਜ਼ ਦੀ ਜਨਰਲ ਅਸੰਬਲੀ ਦਾ ਨਿਊਯਾਰਕ ਵਿਚਲਾ ਸੈਸ਼ਨ ਬੜਾ ਧਮਾਕਾਪੂਰਣ ਅਤੇ ਧਮਕੀਆਂ ਪੂਰਨ ਰਿਹਾ। ਅਮਰੀਕੀ ਪ੍ਰਧਾਨ ਟਰੰਪ ਨੇ ਯੂ. ਐਨ. ਵਿੱਚ ਦਿੱਤੇ ਆਪਣੇ ਪਹਿਲੇ ਭਾਸ਼ਣ ਵਿੱਚ ਨਾਰਥ ਕੋਰੀਆ ਦੀ ਮੁਕੰਮਲ ਤਬਾਹੀ ਦੀ ਚਿਤਾਵਨੀ ਨਾਲ ਜਿੱਥੇ ਸਨਸਨੀ ਪੈਦਾ ਕੀਤੀ, ਉੱਥੇ ਇਸ ਦਾ ਨਾਰਥ ਕੋਰੀਆ ਵਲੋਂ ਦਿਤਾ ਗਿਆ ਜਵਾਬ ਹੋਰ ਵੀ ਖੌਫ ਭਰਪੂਰ ਸੀ। ਇਉਂ ਜਾਪਦਾ ਹੈ ਕਿ ਦੋਵੇਂ ਦੇਸ਼, ਨਿਊਕਲੀਅਰ ਹਥਿਆਰਾਂ ਨੂੰ ਫੁੱਲਝੜੀਆਂ ਵਾਂਗ ਸਮਝ ਰਹੇ ਹਨ। ਭਾਰਤ ਤੇ ਪਾਕਿਸਤਾਨ ਦੇ ਨੁਮਾਇੰਦਿਆਂ ਨੇ ਆਪਣੇ ਭਾਸ਼ਨਾਂ ਨਾਲ ਰਹੀ-ਸਹੀ ਕਸਰ ਪੂਰੀ ਕਰ ਦਿੱਤੀ। ਅਮਰੀਕਾ ਦੇ ਪ੍ਰਧਾਨ ਕਲਿੰਟਨ ਨੇ ਸਾਊਥ ਏਸ਼ੀਆ ਨੂੰ ਕਦੀ 'ਨਿਊਕਲੀਅਰ ਫਲੈਸ਼ ਪੁਆਇੰਟ' ਦੱਸਿਆ ਸੀ। ਪ੍ਰਧਾਨ ਓਬਾਮਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਮਿਡਲ ਈਸਟ ਤੇ ਅਫਗਾਨਿਸਤਾਨ ਵਾਂਗ ਕਸ਼ਮੀਰ ਮਸਲੇ ਦੇ ਹੱਲ ਲਈ 'ਸਪੈਸ਼ਲ ਦੂਤ' ਜਾਣੀਕਿ 'ਐਨਵੋਇ' ਨਿਯੁਕਤ ਕਰਨ ਦੀ ਗੱਲ ਕੀਤੀ ਸੀ। ਭਾਵੇਂ ਕਿ ਬਾਅਦ ਵਿੱਚ ਭਾਰਤ ਦੇ ਦਬਾਅ ਹੇਠ ਓਬਾਮਾ ਇਸ ਨੂੰ ਅਮਲੀ ਰੂਪ ਨਹੀਂ ਸੀ ਦੇ ਸਕਿਆ। ਯੂ. ਐਨ. ਦੇ ਸੈਸ਼ਨ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ, ਅੰਬੈਸਡਰ ਮਲੀਹਾ ਲੋਧੀ, ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਡਿਪਲੋਮੈਟ ਈਨਮ ਗੰਭੀਰ ਨੇ ਇੱਕ ਦੂਸਰੇ ਉੱਪਰ ਦੋਸ਼ਾਂ ਦੀ ਝੜੀ ਲਾਉਂਦਿਆਂ ਇਹ ਸਾਬਤ ਕਰ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਕਿਸ ਕਦਰ ਜ਼ਹਿਰ ਨਾਲ ਭਰੇ ਹੋਏ ਹਨ।
          ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਭਾਰਤੀ ਫੌਜ, ਆਜ਼ਾਦੀ ਪਸੰਦ ਕਸ਼ਮੀਰੀਆਂ ਨੂੰ ਪੈਲੇਟ ਗੰਨਜ਼ ਨਾਲ ਮਾਰ ਰਹੀ ਹੈ। ਇਨ੍ਹਾਂ ਪੈਲੇਟ ਗੰਨਜ਼ ਨਾਲ ਹਜ਼ਾਰਾਂ ਬੱਚੇ, ਅੰਨ੍ਹੇ ਹੋ ਗਏ ਹਨ। ਅੱਬਾਸੀ ਨੇ ਭਾਰਤ 'ਤੇ ਦੋਸ਼ ਲਾਇਆ ਕਿ ਭਾਰਤੀ ਏਜੰਸੀਆਂ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਵਾ ਰਹੀਆਂ ਹਨ। ਲਗਭਗ 20 ਮਿੰਟ ਦੇ ਆਪਣੇ ਭਾਸ਼ਣ ਵਿੱਚ ਅੱਬਾਸੀ ਨੇ ਮੰਗ ਕੀਤੀ ਕਿ ਆਲਮੀ ਭਾਈਚਾਰਾ ਕਸ਼ਮੀਰ ਮਸਲੇ ਦੇ ਹੱਲ ਲਈ ਅੱਗੇ ਆਏ ਅਤੇ ਕਸਮੀਰ ਵਿੱਚ ਭਾਰਤੀ ਫੌਜਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਦੀ ਜਾਂਚ ਕਰਵਾਈ ਜਾਵੇ। ਅੱਬਾਸੀ ਨੇ ਭਾਰਤ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ 9 ਮਹੀਨਿਆਂ ਵਿੱਚ ਭਾਰਤ ਨੇ 600 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ।
          ਇਸ ਦੇ ਜਵਾਬ ਵਿੱਚ ਭਾਰਤੀ ਡਿਪਲੋਮੈਟ ਏਨਮ ਗੰਭੀਰ ਅਤੇ ਬਾਅਦ ਵਿੱਚ ਸੁਸ਼ਮਾ ਸਵਰਾਜ ਨੇ ਇਲਜ਼ਾਮਬਾਜ਼ੀਆਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਨ੍ਹਾਂ ਵਲੋਂ ਕਿਹਾ ਗਿਆ ਕਿ ''ਪਾਕਿਸਤਾਨ ਹੁਣ 'ਟੈਰਰਿਸਤਾਨ' ਬਣ ਚੁੱਕਾ ਹੈ। ਭਾਰਤ, ਦੁਨੀਆਂ ਨੂੰ ਇੰਜਨੀਅਰ, ਆਈ. ਟੀ. ਸੈਕਟਰ ਤੇ ਡਾਕਟਰ ਨਿਰਯਾਤ ਕਰਦਾ ਹੈ ਜਦੋਂ ਕਿ ਪਾਕਿਸਤਾਨ ਦਹਿਸ਼ਤਗਰਦੀ ਨਿਰਯਾਤ ਕਰਦਾ ਹੈ। ਪਾਕਿਸਤਾਨ ਨੇ ਓਸਾਮਾ ਬਿਨ ਲਾਦੇਨ ਅਤੇ ਮੁੱਲਾਂ ਉਮਰ ਨੂੰ ਪਾਲ਼ਿਆ ਅਤੇ ਸ਼ਰਨ ਦਿੱਤੀ। ਪਾਕਿਸਤਾਨ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਮੁਹੰਮਦ ਸਈਅਦ, ਜਿਹੜਾ ਕਿ ਦਹਿਸ਼ਤਗਰਦ ਹੈ, ਨੂੰ ਸਿਆਸੀ ਲੀਡਰ ਵਜੋਂ ਉਭਾਰ ਰਿਹਾ ਹੈ। ਕਸ਼ਮੀਰ, ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਹਮੇਸ਼ਾਂ ਰਹੇਗਾ, ਪਾਕਿਸਤਾਨ ਜਿੰਨੀ ਮਰਜ਼ੀ ਦਹਿਸ਼ਤਗਰਦੀ ਕਰ ਲਵੇ। ਪਾਕਿਸਤਾਨ ਇੱਕ ਫੇਲ੍ਹ ਸਟੇਟ ਹੈ ਅਤੇ ਉਸ ਦਾ ਲੋਕਤੰਤਰ ਅਤੇ ਮਨੁੱਖੀ ਹੱਕਾਂ ਦਾ ਸਬਕ ਦੂਸਰਿਆਂ ਨੂੰ ਪੜ੍ਹਾਉਣਾ ਇੱਕ ਹਾਸੋਹੀਣਾ ਅਮਲ ਹੈ। ਪਾਕਿਸਤਾਨ ਆਪਣੇ ਵਿਨਾਸ਼ਕਾਰੀ ਕਦਮਾਂ ਤੋਂ ਬਾਜ਼ ਆਏ।''
           ਭਾਰਤ ਦੇ ਦੋਸ਼ਾਂ ਦੇ ਤਿੱਖੇ ਤੀਰਾਂ ਦਾ, ਯੂ. ਐਨ. ਵਿੱਚ ਪਾਕਿਸਤਾਨ ਦੀ ਅੰਬੈਸਡਰ ਮਲੀਹਾ ਲੋਧੀ ਨੇ ਹੋਰ ਵੀ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ, 'ਭਾਰਤ, ਸਾਊਥ ਏਸ਼ੀਆ ਵਿੱਚ ਦਹਿਸ਼ਤਗਰਦੀ ਦੀ ਮਾਂ ਹੈ। ਮੋਦੀ ਸਰਕਾਰ ਦੀ ਬੁਨਿਆਦ ਨਸਲਵਾਦ ਅਤੇ ਫਾਸ਼ੀਵਾਦ ਦੀ ਹੈ। ਅੱਜ ਭਾਰਤ ਵਿੱਚ ਜਿਹੜੇ ਹਾਕਮ ਹਨ, ਉਨ੍ਹਾਂ ਦੇ ਹੱਥ 2000 ਵਿੱਚ ਗੁਜਰਾਤ ਦੇ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਬੀਜੇਪੀ ਦੀ ਸਾਰੀ ਲੀਡਰਸ਼ਿਪ ਦਾ ਆਧਾਰ ਆਰ. ਐਸ. ਐਸ. ਹੈ, ਜਿਸ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ। ਭਾਰਤ ਪਿਛਲੇ ਕਈ ਦਹਾਕਿਆਂ ਤੋਂ ਗਵਾਂਢੀ ਮੁਲਕਾਂ ਵਿੱਚ ਦਹਿਸ਼ਤਗਰਦੀ ਫੈਲਾ ਰਿਹਾ ਹੈ। ਬੀਜੇਪੀ ਵਲੋਂ ਯੂ. ਪੀ. ਵਿੱਚ ਇੱਕ ਕੱਟੜ ਹਿੰਦੂਤਵੀ ਅਦਿੱਤਿਆ ਨਾਥ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ, ਜਿੱਥੇ ਕਿ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਹੈ।'' ਮਲੀਹਾ ਲੋਧੀ ਵਲੋਂ ਅਰੰਧੁਤੀ ਰੋਇ ਦੇ ਇੱਕ ਕਥਨ ਦਾ ਜ਼ਿਕਰ ਵੀ ਕੀਤਾ ਗਿਆ, ਜਿਸ ਵਿੱਚ ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ ਤੇ ਇਸਾਈਆਂ 'ਤੇ ਹੋ ਰਹੇ ਜ਼ੁਲਮਾਂ ਦਾ ਜ਼ਿਕਰ ਕੀਤਾ ਗਿਆ ਸੀ। ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਸਬੰਧ ਅੱਜਕੱਲ੍ਹ ਕਿਸ ਨੀਵੀਂ ਪੱਧਰ 'ਤੇ ਪਹੁੰਚ ਚੁੱਕੇ ਹਨ, ਇਸ ਦਾ ਝਲਕਾਰਾ ਯੂ. ਐਨ. ਵਿੱਚ ਦੁਨੀਆਂ ਦੇ ਸਾਹਮਣੇੇ ਆ ਹੀ ਗਿਆ ਹੈ। ਜੇ ਇਸ ਸਬੰਧੀ ਕੋਈ ਅੰਤਰਰਾਸ਼ਟਰੀ ਪੇਸ਼ਕਦਮੀ ਨਾ ਕੀਤੀ ਗਈ ਤਾਂ ਇਹ ਕੁੜੱਤਣ ਕਿਸੇ ਗੰਭੀਰ ਟਕਰਾਅ ਵਿੱਚ ਬਦਲ ਕੇ ਨਿਊਕਲੀਅਰ ਜੰਗ ਤੱਕ ਪਹੁੰਚ ਸਕਦੀ ਹੈ।
          ਸੋਵੀਅਤ ਯੂਨੀਅਨ ਤੇ ਅਮਰੀਕਾ ਵਿਚਲੀ ਸੀਤ ਜੰਗ ਦੇ ਦੌਰਾਨ, ਭਾਰਤ ਸੋਵੀਅਤ ਯੂਨੀਅਨ ਦੀ ਗਲਵਕੜੀ 'ਚ ਸੀ, ਜਦੋਂ ਕਿ ਅਮਰੀਕਾ ਪਾਕਿਸਤਾਨ ਦੀ ਪਿੱਠ 'ਤੇ ਖੜ੍ਹਾ ਸੀ। ਸਿਆਸੀ ਦੁਨੀਆਂ ਦਾ ਇੱਕ ਪ੍ਰਸਿੱਧ ਅਖਾਣ ਹੈ ਕਿ 'ਸਿਆਸਤ ਵਿੱਚ ਕੋਈ ਵੀ ਪੱਕਾ ਦੋਸਤ ਅਤੇ ਪੱਕਾ ਦੁਸ਼ਮਣ ਨਹੀਂ ਹੁੰਦਾ, ਪੱਕੇ ਸਿਰਫ ਸਿਆਸੀ ਹਿੱਤ ਹੁੰਦੇ ਹਨ।' ਇਹ ਅਖਾਣ ਇਸ ਵੇਲੇ ਸਾਊਥ ਏਸ਼ੀਆ ਦੀ ਰਾਜਨੀਤੀ 'ਤੇ ਪੂਰੀ ਤਰ੍ਹਾਂ ਢੁੱਕ ਰਿਹਾ ਹੈ। ਇਸ ਵੇਲੇ ਭਾਰਤ, ਅਮਰੀਕਾ ਦੀ ਜੱਫੀ ਵਿੱਚ ਹੈ ਜਦੋਂ ਕਿ ਪਾਕਿਸਤਾਨ ਹੌਲ਼ੀ-ਹੌਲ਼ੀ ਰੂਸ ਵੱਲ ਖਿਸਕ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਵਿਦੇਸ਼ ਸਕੱਤਰ ਜਿਮ ਮੈਟਸ ਨੇ ਆਪਣੇ ਹਾਲੀਆ ਦਿੱਲੀ ਦੌਰੇ ਦੌਰਾਨ, ਭਾਰਤ ਦੀ ਚੰਗੀ ਤਰ੍ਹਾਂ ਪਿੱਠ ਠੋਕੀ। ਜਿਮ ਮੈਟਿਸ ਨੇ ਭਾਰਤੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਮੁਲਾਕਾਤਾਂ ਕੀਤੀਆਂ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ। ਜਿਮਸ ਮੈਟਿਸ ਦਾ ਕਹਿਣਾ ਸੀ, ' ਟਰੰਪ ਐਡਮਨਿਸਟਰੇਸ਼ਨ ਦੁਨੀਆਂ ਵਿੱਚ ਕਿਤੇ ਵੀ ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਅਸੀਂ ਹਿੰਦ ਮਹਾਂਸਾਗਰ ਖੇਤਰ ਵਿੱਚ ਭਾਰਤ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਅਫਗਾਨਿਸਤਾਨ ਵਿੱਚ ਭਾਰਤ ਵਲੋਂ ਪਾਏ ਗਏ ਯੋਗਦਾਨ ਦੀ ਕਦਰ ਕਰਦੇ ਹਾਂ ਅਤੇ ਉੱਥੇ ਲੋਕਤੰਤਰ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦਾ ਸਵਾਗਤ ਕਰਦੇ ਹਾਂ।' ਜ਼ਾਹਿਰ ਹੈ ਕਿ ਇਸ ਬਿਆਨ ਵਿੱਚ ਨਾ ਤਾਂ ਕੋਈ ਭਾਰਤੀ ਸਟੇਟ ਵਲੋਂ ਘੱਟਗਿਣਤੀਆਂ ਨਾਲ ਕੀਤੇ ਜਾ ਰਹੇ ਸਲੂਕ ਦਾ ਜ਼ਿਕਰ ਹੈ ਅਤੇ ਨਾ ਹੀ ਕਸ਼ਮੀਰੀਆਂ 'ਤੇ ਭਾਰਤੀ ਫੌਜ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਦੀ ਰੌਸ਼ਨੀ ਵਿੱਚ ਕਸ਼ਮੀਰ ਮਸਲੇ ਦੇ ਹੱਲ ਵੱਲ ਕੋਈ ਦਿਲਚਸਪੀ ਵਿਖਾਈ ਗਈ ਹੈ। ਰੋਹੰਗੀਆ ਮੁਸਲਮਾਨਾਂ ਦਾ ਮਨੁੱਖੀ ਪੱਖ ਵੀ ਕਿਤੇ ਨਜ਼ਰ ਨਹੀਂ ਆਉਂਦਾ। ਅਮਰੀਕਾ- ਭਾਰਤ ਸਬੰਧਾਂ ਸਬੰਧੀ ਇਸ ਬਿਆਨ 'ਚੋਂ, ਇਹ ਅਮਰੀਕੀ ਅਖਾਣ ਜ਼ਰੂਰ ਸਮਝ ਆਉਂਦਾ ਹੈ , 'ਤੂੰ ਮੇਰੀ ਪਿੱਠ ਖੁਰਕ, ਮੈਂ ਤੇਰੀ ਪਿੱਠ ਖੁਰਕਾਂਗਾ।'
          ਪਰ ਅਫਗਾਨਿਸਤਾਨ ਵਿੱਚ ਜ਼ਮੀਨੀ ਹਕੀਕਤ ਕੀ ਹੈ ਇਸ ਦਾ ਪਤਾ ਨਾਲ ਹੀ ਨਾਲ ਲੱਗ ਜਾਂਦਾ ਹੈ ਜਦੋਂ ਕਿ ਅਮਰੀਕੀ ਵਿਦੇਸ਼ ਸਕੱਤਰ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਾਬਲ ਪਹੁੰਚਦੇ ਹਨ। ਕਾਬਲ ਹਵਾਈ ਅੱਡੇ 'ਤੇ ਉਤਰਨ ਦੇ ਥੋੜ੍ਹੇ ਚਿਰ ਬਾਅਦ ਹੀ ਛੇ ਰਾਕੇਟ ਆ ਕੇ ਹਵਾਈ ਅੱਡੇ 'ਤੇ ਡਿੱਗਦੇ ਹਨ, ਜਿਸ ਵਿੱਚ ਕੁਝ ਲੋਕ ਜ਼ਖਮੀ ਹੁੰਦੇ ਹਨ। ਇਸ ਦੀ ਜ਼ਿੰਮੇਵਾਰੀ ਤਾਲਿਬਾਨ ਵਲੋਂ ਲਈ ਗਈ ਹੈ। ਅਮਰੀਕਾ ਦੇ ਜਵਾਬੀ ਹਮਲੇ ਵਿੱਚ ਗਲਤੀ ਨਾਲ ਕੁਝ ਅਫਗਾਨ ਸਿਵਲੀਅਨ ਮਾਰੇ ਜਾਂਦੇ ਹਨ। ਇਸ ਹਮਲੇ ਦੀ ਚਾਰ-ਚੁਫੇਰਿਉਂ ਨਿੰਦਾ ਹੋਈ ਹੈ। ਪਰ ਹਕੀਕਤ ਇਹ ਹੈ ਕਿ ਮੌਜੂਦਾ ਅਫਗਾਨ ਸਰਕਾਰ, ਜਿਸ ਦੀ ਪਿੱਠ 'ਤੇ ਨੈਟੋ ਫੋਰਸਾਂ ਖੜ੍ਹੀਆਂ ਹਨ, ਕਾਬਲ ਹਵਾਈ ਅੱਡੇ ਨੂੰ ਵੀ 'ਸੁਰੱਖਿਅਤ' ਨਹੀਂ ਬਣਾ ਸਕੀ ਤਾਂ ਸਪੱਸ਼ਟ ਹੈ ਕਿ ਅਫਗਾਨਿਸਤਾਨ ਦੇ ਵਿੱਚ ਕੌਣ ਰਾਜ ਕਰ ਰਿਹਾ ਹੈ? ਅਸੀਂ ਕਿਸੇ ਕਿਸਮ ਦੀ ਹਿੰਸਾ ਦੇ ਹੱਕ ਵਿੱਚ ਨਹੀਂ ਹਾਂ ਪਰ ਪਾਕਿਸਤਾਨ ਨੂੰ 'ਦਬਾਅ ਕੇ' ਜਾਂ ਅਫਗਾਨਿਸਤਾਨ ਵਿੱਚ ਭਾਰਤ ਦੇ ਰੋਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਕੇ, ਕਿਸ ਕਿਸਮ ਦੀ ਸ਼ਾਂਤੀ ਅਫਗਾਨਿਸਤਾਨ ਵਿੱਚ ਸਥਾਪਤ ਹੋ ਸਕੇਗੀ?
           ਮੀਡੀਆ ਰਿਪੋਰਟਾਂ ਅਨੁਸਾਰ, ਰੂਸ ਦੇ 'ਮਿਨਰਲਨੇਈ ਵੱਡੀ ਖੇਤਰ' ਵਿੱਚ ਪਾਕਿਸਤਾਨ ਤੇ ਰੂਸ ਦੀਆਂ ਫੌਜਾਂ ਨੇ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ। ਇਨ੍ਹਾਂ ਮਸ਼ਕਾਂ ਵਿੱਚ ਦਹਿਸ਼ਤਗਰਦੀ ਵਿਰੋਧੀ ਅਪਰੇਸ਼ਨ, ਅਗਵਾਸ਼ੁਦਾ ਵਿਅਕਤੀਆਂ ਦੀ ਰਿਹਾਈ ਅਪਰੇਸ਼ਨ, ਘੇਰਾਬੰਦੀ ਤੇ ਛਾਣਬੀਣ ਅਪਰੇਸ਼ਨ ਆਦਿ, ਅਪਰੇਸ਼ਨਾਂ ਦੀਆਂ ਮਸ਼ਕਾਂ ਸ਼ਾਮਲ ਹਨ। ਯਾਦ ਰਹੇ ਪਿਛਲੇ ਵਰ੍ਹੇ ਰੂਸ ਤੇ ਪਾਕਿਸਤਾਨ ਵਿਚਾਲੇ ਪਹਿਲੀ ਵਾਰ ਫੌਜੀ ਸਬੰਧ ਸਥਾਪਤ ਹੋਏ ਸਨ। ਰੂਸ-ਪਾਕਿਸਤਾਨ ਦੋਸਤੀ ਨੂੰ ਹੋਰ ਪੀਡਾ ਕਰਨ ਲਈ 'ਦਰਜ਼ਬਾ ਮਸ਼ਕਾਂ' (ਰੂਸੀ ਜ਼ੁਬਾਨ ਵਿੱਚ ਦਰਜ਼ਬਾ ਦੋਸਤੀ ਨੂੰ ਕਹਿੰਦੇ ਹਨ) ਦੀ ਪਿਛਲੇ ਵਰ੍ਹੇ ਸ਼ੁਰੂਆਤ ਹੋਈ ਸੀ। ਪਿਛਲੀ ਵਾਰ ਇਹ ਮਸ਼ਕਾਂ ਪਾਕਿਸਤਾਨ ਦੇ ਗਿਲਗਿਤ-ਬਾਲਸਿਤਾਨ ਏਰੀਏ ਵਿੱਚ ਹੋਈਆਂ ਸਨ, ਜਿਸ 'ਤੇ ਭਾਰਤ ਨੇ ਇਤਰਾਜ਼ ਵੀ ਕੀਤਾ ਸੀ। ਇਸ ਵਾਰ ਇਹ ਮਸ਼ਕਾਂ ਰੂਸ ਵਿੱਚ ਹੋ ਰਹੀਆਂ ਹਨ। ਇਨ੍ਹਾਂ ਮਸ਼ਕਾਂ ਦੇ ਉਦਘਾਟਨੀ ਸਮਾਗਮਾਂ ਵਿੱਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
          ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਕਤੂਬਰ ਦੇ ਪਹਿਲੇ ਹਫਤੇ ਮਾਸਕੋ ਦੇ ਦੌਰੇ 'ਤੇ ਜਾ ਰਹੇ ਹਨ। ਪਾਕਿਸਤਾਨ ਵਲੋਂ ਰੂਸ ਤੋਂ ਜੰਗੀ ਸਾਜ਼ੋ-ਸਮਾਨ ਵੀ ਖਰੀਦਣਾ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਐਮ. ਆਈ.-35 ਐਟਕ ਹੈਲੀਕਾਪਟਰ ਵੀ ਸ਼ਾਮਲ ਹਨ। ਜ਼ਾਹਰ ਹੈ ਕਿ ਪਾਕਿਸਤਾਨ ਨੇ ਚੀਨ ਨਾਲ ਆਪਣੀ ਡੂੰਘੀ ਯਾਰੀ ਦੇ ਨਾਲ ਨਾਲ ਰੂਸ ਨਾਲ ਵੀ ਯਾਰੀ ਗੰਢ ਲਈ ਹੈ। ਇਸ ਖਿੱਤੇ ਵਿੱਚ ਰੂਸ ਤੇ ਚੀਨ ਵੀ ਇੱਕ ਦੂਸਰੇ ਦੇ ਨੇੜੇ-ਨੇੜੇ ਆ ਰਹੇ ਹਨ।
          ਇਉਂ ਜਾਪਦਾ ਹੈ ਕਿ ਸਾਊਥ ਏਸ਼ੀਆ ਦਾ ਖਿੱਤਾ ਤਿੰਨ ਵੱਡੀਆਂ ਤਾਕਤਾਂ ਅਮਰੀਕਾ, ਚੀਨ ਤੇ ਰੂਸ ਦਰਮਿਆਨ ਟਕਰਾਅ ਦੀ ਰਣਭੂਮੀ ਬਣਦਾ ਜਾ ਰਿਹਾ ਹੈ। ਚੀਨ ਦੀ ਵਧਦੀ ਆਰਥਿਕ ਤੇ ਫੌਜੀ ਸ਼ਕਤੀ ਤੋਂ ਅਮਰੀਕਾ ਭੈਅ-ਭੀਤ ਹੈ ਜਦੋਂ ਕਿ ਰੂਸ, ਅਮਰੀਕਾ ਨਾਲ ਆਪਣਾ ਪੁਰਾਣਾ ਹਿਸਾਬ-ਕਿਤਾਬ ਨਿਬੇੜਨਾ ਚਾਹੁੰਦਾ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼, ਇਨ੍ਹਾਂ ਵੱਡੀਆਂ ਸ਼ਕਤੀਆਂ ਦੇ ਸਾਜ਼ੋ-ਸਮਾਨ ਦੀਆਂ ਜਿੱਥੇ ਮੰਡੀਆਂ ਬਣੇ ਹੋਏ ਹਨ, ਉੱਥੇ ਉਹ ਇਨ੍ਹਾਂ ਦੀ ਪਰੌਕਸੀ ਵਾਰ ਲਈ ਆਪਣੇ ਮੋਢੇ ਵੀ ਡਾਹ ਰਹੇ ਹਨ। ਕਸ਼ਮੀਰ ਅਤੇ ਦਹਿਸ਼ਤਗਰਦੀ ਦੇ ਮੁੱਦਿਆਂ 'ਤੇ ਇਹ ਦੋਵੇਂ ਦੇਸ਼ ਸੰਸਾਰ ਦੀ ਵੱਡੀ ਪੰਚਾਇਤ ਯੂ. ਐਨ. ਵਿੱਚ ਗਾਲ਼ੋ-ਗਾਲ਼ੀ ਹੋ ਰਹੇ ਹਨ। ਕੀ ਇਨ੍ਹਾਂ ਮਸਲਿਆਂ ਦਾ, ਨਿਆਂ ਅਤੇ ਇਮਾਨਦਾਰੀ ਨਾਲ ਹੱਲ ਲੱਭਣਾ, ਨਾ-ਮੁਮਕਿਨ ਹੈ? ਪਰ ਅਫਸੋਸ ਕਿ ਇਹ ਦੋਵੇਂ ਅਨਾੜੀ ਦੇਸ਼, ਵੱਡੀਆਂ ਤਾਕਤਾਂ ਦਾ ਈਂਧਨ ਯਾਨੀ ਕਿ ਰਾਅ ਮਟੀਰੀਅਲ ਬਣ ਕੇ, ਆਪਣੀ ਮੁਕੰਮਲ ਤਬਾਹੀ ਲਈ ਰਾਹ ਪੱਧਰਾ ਕਰ ਰਹੇ ਹਨ। ਹਿੰਸਾ ਤੇ ਟਕਰਾਅ ਤਬਾਹੀ ਦਾ ਰਸਤਾ ਹੈ, ਜਦੋਂ ਸੁਹਿਰਦਤਾ ਰਾਹੀਂ ਗੱਲਬਾਤ ਨਾਲ ਹਰ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਹੈ। ਦੋਵੇਂ ਵੀਅਤਨਾਮਾਂ ਅਤੇ ਦੋਹਾਂ ਜਰਮਨੀਆਂ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹੈ। ਕੀ ਕੋਈ ਇਨ੍ਹਾਂ ਜੰਗਬਾਜ਼ਾਂ ਨੂੰ ਤਬਾਹੀ ਤੋਂ ਰੋਕੇਗਾ?

© 2011 | All rights reserved | Terms & Conditions