'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ ! : Dr. Amarjit Singh washington D.C
Submitted by Administrator
Thursday, 28 September, 2017- 10:23 pm
'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ !  :  Dr. Amarjit Singh washington D.C


'ਹੋਵਹਿ ਪਰਵਾਣਾ ਕਰਹਿ ਧਿਙਾਣਾ, ਕਲਿ ਲਖਣ ਵੀਚਾਰਿ'

          ਹੱਥਲੀ ਲਿਖਤ ਲਿਖਣ ਲੱਗਿਆਂ, ਮਨ ਦੀਆਂ ਅੱਖਾਂ ਸਾਹਮਣੇ, ਗੁਰਬਾਣੀ ਦਾ ਉਪਰੋਕਤ ਫੁਰਮਾਨ ਆਇਆ, ਜਿਸ ਦਾ ਅਰਥ ਹੈ 'ਜੇ ਅਸੀਂ ਧੱਕੇ ਤੇ ਜ਼ੁਲਮ ਨੂੰ ਚੁੱਪ ਕਰਕੇ ਬਰਦਾਸ਼ਤ ਕਰਦੇ ਹਾਂ ਤਾਂ ਇਹ ਕਲਿਜੁਗੀ ਲੱਛਣ ਹੈ।' ਅਫਸੋਸ! ਕਿ ਅੱਜ ਅਸੀਂ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਹਾਉਣ ਵਾਲੇ ਵੀ, 'ਕਲਿਜੁਗੀ ਜੀਵ' ਬਣ ਕੇ, ਆਪਣੀਆਂ ਅੱਖਾਂ ਸਾਹਮਣੇ ਹੋ ਰਹੇ ਜ਼ੁਲਮ ਨੂੰ, ਚੁੱਪ ਚਾਪ ਸਹਿ ਹੀ ਨਹੀਂ ਰਹੇ ਬਲਕਿ ਰਵੱਈਆ ਇਹ ਹੈ ਕਿ 'ਮੈਨੂੰ ਕੀ?' ਭਾਰਤ ਵਿੱਚ, ਪਿਛਲੇ ਕੁਝ ਸਾਲਾਂ ਤੋਂ ਮੋਦੀ ਦੇ ਗੁੰਡਿਆਂ ਨੇ ਕਾਂਗਰਸੀਆਂ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਬੁਰਛਾਗਰਦੀ ਦਾ ਨੰਗਾ ਨਾਚ ਸ਼ੁਰੂ ਕੀਤਾ ਹੋਇਆ ਹੈ, ਜੇ ਇਸ ਨੂੰ ਨੱਥ ਨਾ ਪਾਈ ਗਈ ਤਾਂ ਇਸ ਦੀ ਸਿੱਖ ਕੌਮ ਅਤੇ ਦੂਸਰੀਆਂ ਘੱਟ ਗਿਣਤੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
           21 ਸਤੰਬਰ ਦਾ ਦਿਨ, 193 ਦੇਸ਼ਾਂ ਦੀ ਨੁਮਾਇੰਦਾ ਸੰਸਥਾ ਯੂਨਾਈਟਿਡ ਨੇਸ਼ਨਜ਼ ਵਲੋਂ 'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਵਜੋਂ ਐਲਾਨਿਆ ਹੋਇਆ ਹੈ। ਇਹ ਐਲਾਨ 1982 ਵਿੱਚ ਹੋਇਆ ਸੀ। 1982 ਵਿੱਚ ਦੁਨੀਆ ਦੇ ਅੱਡ-ਅੱਡ ਮਹਾਂਦੀਪਾਂ ਦੇ ਬੱਚਿਆਂ ਵਲੋਂ ਦਾਨ ਦਿੱਤੇ ਗਏ ਸਿੱਕਿਆਂ ਨੂੰ ਢਾਲ ਕੇ ਇੱਕ 'ਸ਼ਾਂਤੀ ਘੰਟੀ' (ਪੀਸ ਬੈੱਲ) ਬਣਾਈ ਗਈ ਸੀ, ਜਿਹੜੀ ਕਿ 21 ਸਤੰਬਰ ਵਾਲੇ ਦਿਨ, ਯੂ. ਐਨ. ਦੇ ਨਿਊਯਾਰਕ ਹੈੱਡਕਵਾਰਟਰ ਵਿਖੇ ਵਜਾਈ ਜਾਂਦੀ ਹੈ। ਇਸ ਸ਼ਾਂਤੀ ਘੰਟੀ 'ਤੇ ਉੱਕਰਿਆ ਹੋਇਆ ਹੈ, 'ਦੁਨੀਆ ਵਿੱਚ ਸਦੀਵੀ ਸ਼ਾਂਤੀ ਦੀ ਤਾਂਘ ਹਮੇਸ਼ਾਂ ਜਿਊਂਦੀ ਰਹੇ।'
          ਸ੍ਵੈ-ਨਿਰਣੇ ਦਾ ਹੱਕ ਮੰਗਦੀ ਸਿੱਖ ਕੌਮ 'ਤੇ ਭਾਰਤੀ ਹਾਕਮਾਂ ਨੇ ਜੂਨ '84 ਦੇ ਘੱਲੂਘਾਰੇ ਦਾ ਕਹਿਰ ਵਰਤਾਇਆ ਤਾਂ ਸਿੱਖ ਜੁਝਾਰੂਆਂ ਨੇ ਯੂਨਾਇਟਿਡ ਨੇਸ਼ਨਜ਼ ਦੇ ਮਨੁੱਖੀ ਹੱਕਾਂ ਦੇ ਚਾਰਟਰ ਦੀ 'ਭੂਮਿਕਾ' (ਪ੍ਰੀ-ਐਂਬਲ) ਅਨੁਸਾਰ ਹੀ ਕਾਰਵਾਈ ਕੀਤੀ। ਇਸ ਪ੍ਰੀ-ਐਂਬਲ ਅਨੁਸਾਰ, 'ਜੇ ਕਿਸੇ ਮਨੁੱਖ ਦੇ ਮਨੁੱਖੀ ਹੱਕਾਂ ਦੀ ਰੱਖਿਆ ਨਹੀਂ ਹੋਵੇਗੀ ਤਾਂ ਉਹ ਹਥਿਆਰਬੰਦ ਸੰਘਰਸ਼ ਦੇ ਰਸਤੇ 'ਤੇ ਚੱਲਣ ਲਈ ਮਜਬੂਰ ਹੋਵੇਗਾ, ਇਸ ਲਈ ਹਰ ਮਨੁੱਖ ਦੇ ਮਨੁੱਖੀ ਹੱਕਾਂ ਦੀ ਹਰ ਹਾਲ ਵਿੱਚ ਰੱਖਿਆ ਹੋਣੀ ਚਾਹੀਦੀ ਹੈ।'
           ਹਥਿਆਰਬੰਦ ਸੰਘਰਸ਼ ਤੋਂ ਬਾਅਦ, ਜਦੋਂ ਮੌਤ ਦੇ ਪੰਜੇ ਤੋਂ ਬਚੇ ਸੂਰਬੀਰਾਂ ਨੇ ਇੱਕ ਵਾਰ ਫਿਰ ਸ਼ਾਂਤਮਈ ਸੰਘਰਸ਼ ਰਾਹੀਂ ਭਾਰਤੀ ਸਿਸਟਮ ਨੂੰ ਪਰਖਣ ਦਾ ਮੁੜ ਯਤਨ ਕੀਤਾ ਪਰ ਭਾਰਤੀ ਸਟੇਟ ਦੇ ਜਾਬਰ ਤੌਰ ਤਰੀਕੇ ਅੱਗੇ ਨਾਲੋਂ ਵੀ ਜ਼ਿਆਦਾ ਬਦਤਰ ਸਾਬਤ ਹੋਏ ਹਨ। ਸਿੱਖ ਲੀਡਰਾਂ ਨੂੰ ਦੇਸ਼-ਧ੍ਰੋਹ, ਅਸਲਾ ਐਕਟ ਆਦਿਕ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਤਾਂ ਕਿ ਉਹ ਵਰ੍ਹਿਆਂ ਬੱਧੀ ਜੇਲ੍ਹ 'ਚੋਂ ਬਾਹਰ ਨਾ ਆ ਸਕਣ। ਭਾਈ ਦਲਜੀਤ ਸਿੰਘ ਅਤੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਇਸ ਦੀਆਂ ਮਿਸਾਲਾਂ ਹਨ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਲਾਲ ਸਿੰਘ ਅਕਾਲਗੜ੍ਹ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਅਨੇਕਾਂ ਸਿੰਘਾਂ 'ਤੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ ਹੈ। ਸਰੀਰਕ ਤਸ਼ੱਦਦ ਕਰਦਿਆਂ, ਅਣਮਨੁੱਖੀ ਥਰਡ ਡਿਗਰੀ ਤਰੀਕੇ ਵਰਤੇ ਗਏ ਹਨ।
          ਜੰਗਲ ਵਿੱਚ ਦਰੱਖਤ ਕੱਟਣ ਵਾਲੇ ਲੱਕੜਹਾਰੇ ਦੀ ਕਹਾਣੀ ਬੜੀ ਮਸ਼ਹੂਰ ਹੈ ਕਿ ਉਸ ਦੀ ਦਰੱਖਤ ਕੱਟਣ ਦੀ ਖਾਹਿਸ਼ ਉਦੋਂ ਹੀ ਪੂਰੀ ਹੋਈ ਜਦੋਂਕਿ 'ਇੱਕ ਲੱਕੜ ਦਾ ਡੰਡਾ' ਉਸ ਦੀ ਕੁਹਾੜੀ ਦਾ ਦਸਤਾ ਬਣਨ ਲਈ ਤਿਆਰ ਹੋ ਗਿਆ। ਫਿਰ ਉਸ ਕੁਹਾੜੀ ਦਾ 'ਦਸਤਾ' ਬਣੇ ਗੱਦਾਰ ਡੰਡੇ ਨੇ, ਆਪਣੀ ਬਰਾਦਰੀ ਦੀ ਬਰਬਾਦੀ (ਜੰਗਲ ਦੇ ਰੁੱਖਾਂ ਦਾ ਲੱਕੜਹਾਰੇ ਵਲੋਂ ਹਰ ਰੋਜ਼ ਕੱਟਿਆ ਜਾਣਾ) ਵਿੱਚ ਲੱਕੜਹਾਰੇ ਦਾ ਭਰਪੂਰ ਸਾਥ ਦਿੱਤਾ।
            ਕਹਾਣੀ ਦਾ ਤੱਤਸਾਰ ਇਹ ਹੈ ਕਿ ਅੱਜ ਪੰਜਾਬ ਵਿੱਚ ਹੁਕਮਰਾਨੀ ਕਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, 'ਅਸਲੀ ਦੁਸ਼ਮਣ' ਭਾਰਤ ਸਰਕਾਰ ਦੀ ਕੁਹਾੜੀ ਵਿਚਲਾ ਦਸਤਾ ਬਣ ਕੇ, ਪੂਰੇ ਤਾਣ ਨਾਲ, ਆਪਣੀ ਕੌਮ ਦੀ ਨਸਲਕੁਸ਼ੀ ਕਰ ਰਹੀ ਹੈ। ਅੱਜ ਸਿੱਖ ਕੌਮ ਦੀ ਹਾਲਤ ਤਾਂ (ਦੇਸ਼-ਵਿਦੇਸ਼) ਇਹ ਹੈ ਕਿ ਅਸੀਂ ਆਪਣੇ-ਬਿਗਾਨੇ ਦੀ ਪਰਖ ਵਾਲੀ ਤਮੀਜ਼ ਵੀ ਛੱਡ ਦਿੱਤੀ ਹੈ। ਸਾਡੇ ਉੱਤੇ ਸਾਰੇ ਪਾਸਿਓਂ ਤੀਰ ਬਰਸ ਰਹੇ ਹਨ ਪਰ ਸਾਨੂੰ ਇਹ ਅਹਿਸਾਸ ਹੀ ਨਹੀਂ ਕਿ ਆਪਣਿਆਂ ਦੇ ਭੇਸ ਵਿੱਚ, ਕਿੰਨਾ ਵੱਡਾ 'ਕਾਤਲ ਤੀਰ-ਅੰਦਾਜ਼ ਟੋਲਾ' ਫਿਰ ਰਿਹਾ ਹੈ -
'ਤਾਕ ਮੇਂ ਦੁਸ਼ਮਣ ਭੀ ਥੇ
ਔਰ ਪੁਸ਼ਤ ਪਰ ਅਹਿਬਾਬ (ਆਪਣੇ) ਭੀ!
ਤੀਰ ਪਹਿਲੇ ਕਿਸ ਨੇ ਮਾਰਾ,
ਯੇ ਕਹਾਨੀ ਫਿਰ ਸਹੀ।'
          ਖਾਲਸਾ ਜੀ! ਕਦੋਂ ਤੱਕ ਗਫਲਤ ਅਤੇ ਅਪਮਾਨ ਦੀ ਨੀਂਦ ਵਿੱਚ ਸੁੱਤੇ ਰਹਾਂਗੇ ਅਤੇ ਅਪਮਾਨ ਨੂੰ ਮਾਣ ਸਮਝਦੇ ਰਹਾਂਗੇ? ਜਿਨ੍ਹਾਂ ਕੌਮਾਂ ਦੀ ਅਣਖ ਅਤੇ ਗੈਰਤ ਮਰ ਜਾਂਦੀ ਹੈ, ਉਹ ਇਤਿਹਾਸ ਦੇ ਘੱਟੇ ਵਿੱਚ ਗੁਆਚ ਜਾਂਦੀਆਂ ਹਨ।
          ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਤਾਪ ਸਿੰਘ ਕੈਰੋਂ, ਬੇਅੰਤ ਸਿੰਘ (ਦੋਵੇਂ ਸਾਬਕਾ ਮੁੱਖ ਮੰਤਰੀ ਪੰਜਾਬ) ਅਤੇ ਸੁਰਿੰਦਰ ਨਾਥ (ਸਾਬਕਾ ਗਵਰਨਰ ਪੰਜਾਬ) ਦੇ ਹੋਏ ਅੰਤ ਨੂੰ ਯਾਦ ਰੱਖਣਾ ਚਾਹੀਦਾ ਹੈ। ਅੱਤ ਦਾ ਅਤੇ ਰੱਬ ਦਾ ਬੜਾ ਵੈਰ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਰੱਬ ਦੀ ਲਾਠੀ ਬੜੀ ਬੇਆਵਾਜ਼ ਹੁੰਦੀ ਹੈ ਪਰ ਜਦ ਇਹ ਵਰ੍ਹਦੀ ਹੈ ਤਾਂ ਇਹ ਚਾਰੋਂ ਖਾਨੇ ਚਿੱਤ ਕਰ ਦਿੰਦੀ ਹੈ। ਅਸੀਂ ਤਾਂ ਇਤਿਹਾਸਕ ਹਵਾਲੇ ਨਾਲ ਸੱਚ ਬਿਆਨਣ ਦਾ ਯਤਨ ਕੀਤਾ ਹੈ। ਹਰ ਜ਼ਾਲਮ ਹੁਕਮਰਾਨ ਨੂੰ, ਪਾਕਿਸਤਾਨ ਦੇ ਇਨਕਲਾਬੀ ਕਵੀ ਹਬੀਬ ਜਾਲਿਬ ਦੀਆਂ ਇਹ ਲਾਈਨਾਂ ਯਾਦ ਰੱਖਣੀਆਂ ਚਾਹੀਦੀਆਂ ਹਨ, ਜਿਹੜੀਆਂ ਕਿ ਉਸ ਨੇ ਫੌਜੀ ਡਿਕਟੇਟਰ ਜਨਰਲ ਜ਼ਿਆ ਉੱਲ ਹੱਕ ਨੂੰ ਮੁਖਾਤਿਬ ਹੋ ਕੇ ਕਹੀਆਂ ਸਨ -
'ਤੁਮ ਸੇ ਪਹਿਲੇ ਭੀ ਏਕ ਸ਼ਖਸ
ਜੋ ਜਹਾਂ ਗੱਦੀ-ਨਸ਼ੀਂ ਥਾ।
ਉਸੇ ਭੀ ਅਪਨੇ ਖੁਦਾ ਹੋਨੇ ਕਾ,
ਇਤਨਾ ਹੀ ਯਕੀਂ ਥਾ।'
          ਕੁਝ ਸਮੇਂ ਬਾਅਦ ਜਨਰਲ ਜਿਆ ਉੱਲ ਹੱਕ ਦੀ ਹਵਾਈ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਆਪਣਾ ਹੀ ਗੁਲਸਿਤਾਂ ਛਾਂਗ ਰਹੇ ਕੁਹਾੜੀ ਦੇ ਦਸਤਿਓ ਇਤਿਹਾਸ ਤੋਂ ਸਬਕ ਲਵੋ।

© 2011 | All rights reserved | Terms & Conditions