ਕੈਨੇਡਾ ਦੀ ਪ੍ਰਮੁੱਖ ਪਾਰਟੀ ਐਨ. ਡੀ. ਪੀ. ਦੀ ਪ੍ਰਧਾਨਗੀ ਚੋਣ ਵਿੱਚ ਸਿੱਖ ਆਈਕਾਨ ਜਗਮੀਤ ਸਿੰਘ ਦੀ ਦਮਦਾਰ ਫਤਹਿ ! : Dr. Amarjit Singh washington D.C
Submitted by Administrator
Thursday, 28 September, 2017- 10:23 pm
ਕੈਨੇਡਾ ਦੀ ਪ੍ਰਮੁੱਖ ਪਾਰਟੀ ਐਨ. ਡੀ. ਪੀ. ਦੀ ਪ੍ਰਧਾਨਗੀ ਚੋਣ ਵਿੱਚ ਸਿੱਖ ਆਈਕਾਨ ਜਗਮੀਤ ਸਿੰਘ ਦੀ ਦਮਦਾਰ ਫਤਹਿ !  :  Dr. Amarjit Singh washington D.C

30 ਮਿਲੀਅਨ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ!

ਇੱਕ ਪਾਸੇ ਬਹੁ-ਕੌਮੀ ਤਹਿਜ਼ੀਬ ਦੇ ਮੁਜੱਸਮੇ ਕੈਨੇਡਾ ਵਿੱਚ ਹਰ ਇੱਕ ਨੂੰ ਗਲ਼ ਨਾਲ ਲਾਉਣ ਦਾ ਰਚਿਆ ਜਾ ਰਿਹਾ ਹੈ ਇਤਿਹਾਸ, ਪਰ ਦੂਸਰੇ ਪਾਸੇ ਭਾਰਤ ਵਿੱਚ ਘੱਟਗਿਣਤੀਆਂ ਅਤੇ ਉਨ੍ਹਾਂ ਦੇ ਸੱਭਿਆਚਾਰ ਦਾ ਕੀਤਾ ਜਾ ਰਿਹਾ ਹੈ ਸਰਬਨਾਸ਼!

ਤਾਜ ਮਹਿਲ ਨੂੰ ਤਬਾਹ ਕਰਨ ਦੇ ਹਿੰਦੂਤਵੀ ਹਾਕਮਾਂ ਦੇ ਨਾਪਾਕ ਇਰਾਦਿਆਂ ਦੀ ਅੰਤਰਰਾਸ਼ਟਰੀ ਮੀਡੀਏ ਨੇ ਕੀਤੀ ਨਿਖੇਧੀ!

ਕਸ਼ਮੀਰ ਵਾਦੀ ਦੇ ਸਿੱਖ ਬਹੁਗਿਣਤੀ ਪਿੰਡਾਂ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਚੌਂਕੀਆਂ ਨੂੰ ਹਟਾਇਆ ਗਿਆ!

ਕੀ ਭਾਰਤੀ ਖੁਫੀਆ ਏਜੰਸੀਆਂ ਵਲੋਂ ਚਿੱਠੀ ਸਿੰਘਪੁਰਾ ਕਤਲੇਆਮ ਦੀ ਤਰਜ਼ 'ਤੇ ਕਸ਼ਮੀਰ ਵਾਦੀ ਵਿੱਚੋਂ ਸਿੱਖਾਂ ਦੀ ਹਿਜ਼ਰਤ ਕਰਵਾਉਣ ਲਈ ਇੱਕ ਹੋਰ ਕਤਲੇਆਮ ਦੀ ਰਚੀ ਜਾ ਰਹੀ ਹੈ ਸਾਜ਼ਿਸ਼?

          ਵਾਸ਼ਿੰਗਟਨ (ਡੀ. ਸੀ.) 7 ਅਕਤੂਬਰ, 2017 - ਕੈਨੇਡਾ ਦਾ ਪਿਛਲੀ ਲਗਭਗ ਇੱਕ ਸਦੀ ਦਾ ਇਤਿਹਾਸ ਬਹੁ-ਕੌਮੀ ਸੱਭਿਆਚਾਰਾਂ ਨਾਲ ਸਬੰਧਿਤ ਲੋਕਾਂ ਦੇ ਨੁਕਤਾਨਿਗਾਹ ਤੋਂ ਤਖਤੇ ਤੋਂ ਤਖਤ ਵਾਲਾ ਇਤਿਹਾਸ ਹੈ। ਕਦੀ ਵੋਟਾਂ ਦੇ ਹੱਕ ਤੋਂ ਵਾਂਝੇ ਕੀਤੇ ਗਏ ਅਤੇ ਕਾਮਾਗਾਟਾਮਾਰੂ ਵਰਗੇ ਦੁਖਾਂਤ ਹੰਢਾਉਣ ਵਾਲਿਆਂ ਦੇ ਵਾਰਸਾਂ ਲਈ ਅੱਜ ਜਿੱਥੇ ਕੈਨੇਡਾ 'ਬਰਾਬਰ ਦੀ ਖੇਡ ਦੀ ਗਰਾਊਂਡ' (ਫੇਅਰ ਪਲੇਅ ਗਰਾਊਂਡ) ਹੈ, ਉੱਥੇ ਇਸ ਵੇਲੇ ਦੁਨੀਆਂ ਵਿੱਚ ਫੈਲੀ ਨਫਰਤ ਅਤੇ ਅਸਹਿਣਸ਼ੀਲਤਾ ਦੇ ਦੌਰ ਵਿੱਚ ਕੈਨੇਡਾ, ਦੁਨੀਆਂ ਭਰ ਦੇ ਲੋਕਾਂ ਲਈ ਇੱਕ ਚਾਨਣ ਮੁਨਾਰਾ ਬਣ ਕੇ ਉੱਭਰਿਆ ਹੈ। ਸਿੱਖ ਕੌਮ ਲਈ ਇਹ ਅਹਿਮੀਅਤ ਵਾਲੀ ਗੱਲ ਸੀ ਜਦੋਂ ਕਿ ਜਸਟਿਨ ਟਰੂਡੋ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੇ 2015 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ। ਅਜੋਕੀ ਪਾਰਲੀਮੈਂਟ ਵਿੱਚ ਸਿੱਖ ਮੂਲ ਦੇ 17 ਐਮ.ਪੀਆਂ ਅਤੇ 4 ਸਿੱਖ ਵਜ਼ੀਰਾਂ ਦੀ ਮੌਜੂਦਗੀ ਨੇ ਜਿੱਥੇ ਸਿੱਖਾਂ ਨੂੰ ਬਾਗੋਬਾਗ ਕੀਤਾ, ਉੱਥੇ ਭਾਰਤੀ ਹਾਕਮਾਂ ਦੇ ਹੱਥਠੋਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਕੋਝਾ ਸਲੂਕ ਕੀਤਾ, ਉਹ ਦੱਸਦਾ ਹੈ ਕਿ ਸਿੱਖ ਕਾਮਯਾਬੀ ਦੀ ਹਿੰਦੂਤਵੀ ਹਾਕਮਾਂ ਨੂੰ ਕਿੰਨੀ ਜ਼ਿਆਦਾ ਪੀੜ ਹੈ। ਅਮਰੀਕਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਸਟਿਨ ਟਰੂਡੋ ਨੇ ਬੜੇ ਮਾਣ ਨਾਲ ਕਿਹਾ ਸੀ- 'ਮੇਰੀ ਵਜ਼ਾਰਤ ਵਿੱਚ ਨਰਿੰਦਰ ਮੋਦੀ ਦੀ ਵਜ਼ਾਰਤ ਨਾਲੋਂ ਜ਼ਿਆਦਾ ਸਿੱਖ ਵਜ਼ੀਰ ਹਨ।' ਹਿੰਦੂਤਵੀ ਹਾਕਮਾਂ ਲਈ ਇਹ ਵਿਅੰਗ ਹਜ਼ਮ ਕਰਨਾ ਬੜਾ ਔਖਾ ਹੈ।

        ਕੈਨੇਡਾ ਦੀ ਮਲਟੀ-ਕਲਚਰਲ ਮੌਜ਼ੇਕ ਵਿੱਚ ਇੱਕ ਹੋਰ ਖੂਬਸੂਰਤ ਵਾਧਾ ਉਦੋਂ ਹੋਇਆ, ਜਦੋਂ ਐਨ. ਡੀ. ਪੀ. ਪ੍ਰਧਾਨਗੀ ਚੋਣ ਵਿੱਚ ਜਗਮੀਤ ਸਿੰਘ ਨੇ ਰਿਕਾਰਡ ਜਿੱਤ ਹਾਸਲ ਕੀਤੀ। ਪਾਰਟੀ ਮੈਂਬਰਾਂ ਦੀਆਂ ਕੁੱਲ ਪੋਲ ਹੋਈਆਂ 65,782 ਵੋਟਾਂ ਵਿੱਚੋਂ ਜਗਮੀਤ ਸਿੰਘ ਨੇ 35,266 ਵੋਟਾਂ ਹਾਸਲ ਕੀਤੀਆਂ। ਦੂਸਰੇ ਤਿੰਨ ਉਮੀਦਵਾਰਾਂ ਨੂੰ ਕ੍ਰਮਵਾਰ 12,705, 11,374 ਅਤੇ 6,164 ਵੋਟਾਂ ਹਾਸਲ ਹੋਈਆਂ। ਜਗਮੀਤ ਸਿੰਘ ਦੀ ਵੱਡੀ ਬੜਤ ਹੋਣ ਕਰਕੇ ਨਤੀਜੇ ਦਾ ਫੈਸਲਾ ਪਹਿਲੇ ਰਾਊਂਡ ਵਿੱਚ ਹੀ ਹੋ ਗਿਆ। ਇਸ ਤਰ੍ਹਾਂ ਜਗਮੀਤ ਸਿੰਘ ਐਮ. ਪੀ. ਪੀ. ਬਣਨ, ਫਿਰ ਉਂਟਾਰੀਓ ਵਿੱਚ ਪਾਰਟੀ ਦਾ ਡਿਪਟੀ ਲੀਡਰ ਬਣਨ ਤੋਂ ਬਾਅਦ ਐਨ. ਡੀ. ਪੀ. ਦੀ ਪ੍ਰਧਾਨਗੀ ਤੱਕ ਪਹੁੰਚ ਕੇ ਸਫਲਤਾ ਦੀਆਂ ਤਿੰਨ ਪੌੜੀਆਂ ਚੜ੍ਹ ਗਿਆ ਹੈ। ਹੁਣ ਜਗਮੀਤ ਸਿੰਘ ਦੇ ਸਾਹਮਣੇ ਕੈਨੇਡਾ ਭਰ ਵਿੱਚ ਐਨ. ਡੀ. ਪੀ. ਨੂੰ ਮਜ਼ਬੂਤ ਕਰਕੇ 2019 ਦੀਆਂ ਚੋਣਾਂ ਵਿੱਚ ਪਾਰਟੀ ਲਈ ਜਿੱਤ ਹਾਸਲ ਕਰਨ ਦਾ ਟੀਚਾ ਹੈ। 2015 ਦੀਆਂ ਫੈਡਰਲ ਚੋਣਾਂ ਵਿੱਚ ਐਨ. ਡੀ. ਪੀ. ਸਿਰਫ 44 ਸੀਟਾਂ ਹੀ ਜਿੱਤ ਸਕੀ ਸੀ। 38 ਸਾਲਾ ਜਗਮੀਤ ਸਿੰਘ ਦੀ ਯੂਥਫੁੱਲ, ਸਟਾਈਲਿਸ਼, ਐਨਰਜੈਟਿਕ ਲੀਡਰਸ਼ਿਪ ਹੇਠ, ਐਨ. ਡੀ. ਪੀ. 2019 ਦੀਆਂ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦੀ ਆਸ ਰੱਖਦੀ ਹੈ।

         ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲੇ ਦੇ ਪੜਪੋਤੇ ਜਗਮੀਤ ਸਿੰਘ ਨੂੰ ਦੁਨੀਆਂ ਭਰ ਵਿੱਚ ਵਸਦੇ ਜਾਗਰੂਕ ਸਿੱਖ ਅੰਤਾਂ ਦਾ ਪਿਆਰ ਕਰਦੇ ਹਨ। ਇੱਕ ਅੰਮ੍ਰਿਤਧਾਰੀ, ਦੁਮਾਲਾ ਸਜਾਉਣ ਵਾਲੇ ਇਸ ਸਿੱਖ ਨੌਜਵਾਨ ਨੇ ਆਪਣੇ ਸਿਆਸੀ ਜੀਵਨ ਵਿੱਚ ਮੁੱਖ ਧਾਰਾ ਕੈਨੇਡੀਅਨਾਂ ਦੇ ਹਿੱਤਾਂ ਦੇ ਨਾਲ-ਨਾਲ ਸਿੱਖ ਪਛਾਣ ਅਤੇ ਸਿੱਖ ਹਿੱਤਾਂ ਲਈ ਵੀ ਸ਼ਲਾਘਾਯੋਗ ਉੱਦਮ ਕੀਤਾ ਹੈ। ਉਂਟਾਰੀਓ ਸੂਬੇ ਵਿੱਚ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਸਾ ਮਹੀਨਾ' ਵਜੋਂ ਮਾਨਤਾ, ਉਂਟਾਰੀਓ ਅਸੰਬਲੀ ਵਿੱਚ 1984 ਨੂੰ ਸਿੱਖ ਨਸਲਕੁਸ਼ੀ ਐਲਾਨਣ ਵਾਲੇ ਮਤੇ ਤੋਂ ਲੈ ਕੇ, ਸਿੱਖਾਂ ਦੇ ਸ੍ਵੈ-ਨਿਰਣੇ ਦੇ ਹੱਕ ਦੀ ਖੁੱਲ੍ਹ ਕੇ ਵਕਾਲਤ ਕਰਨਾ ਆਦਿਕ ਮਜ਼ਬੂਤ ਕਦਮਾਂ ਨੇ ਜਗਮੀਤ ਸਿੰਘ ਨੂੰ ਸਿੱਖ ਹੱਕਾਂ ਦੇ ਰਾਖੇ ਵਜੋਂ ਵੀ ਪਛਾਣ ਦਿਵਾਈ ਹੈ। ਇਹ ਹੀ ਕਾਰਣ ਹੈ ਕਿ ਜਗਮੀਤ ਸਿੰਘ ਦੀ ਪ੍ਰਧਾਨਗੀ ਚੋਣ ਵਿੱਚ ਜਿੱਤ ਤੇ ਦੁਨੀਆਂ ਭਰ ਵਿੱਚ ਬੈਠੀ 30 ਮਿਲੀਅਨ ਸਿੱਖ ਕੌਮ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਜਗਮੀਤ ਸਿੰਘ ਲਈ ਅਗਲੀ ਵਾਟ ਕਾਫੀ ਔਖੀ ਤੇ ਦੁਸ਼ਵਾਰੀਆਂ ਭਰੀ ਹੋਵੇਗੀ ਪਰ ਗੁਰੂ ਦੇ ਭਰੋਸੇ ਅਤੇ ਸਾਬਤ-ਕਦਮੀ ਨਾਲ ਤੁਰਦਿਆਂ ਹਰ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ। ਜਗਮੀਤ ਸਿੰਘ ਦੇ ਰੌਸ਼ਨ ਭਵਿੱਖ ਲਈ ਅਸੀਂ ਸ਼ੁੱਭ ਕਾਮਨਾਵਾਂ ਭੇਟ ਕਰਦੇ ਹਾਂ।

          ਇੱਕ ਪਾਸੇ ਜਿੱਥੇ ਕੈਨੇਡੀਅਨ ਸਮਾਜ ਨੇ ਆਪਣੇ ਵਰਤਾਰੇ ਨਾਲ ਦੱਸਿਆ ਹੈ ਕਿ ਬਹੁ-ਕੌਮੀਵਾਦ ਇੱਕ ਬੋਝ ਨਹੀਂ ਹੈ ਬਲਕਿ ਇੱਕ ਖਜ਼ਾਨਾ ਹੈ, ਉੱਥੇ ਭਾਰਤ ਦੇ ਹਿੰਦੂਤਵੀ ਹਾਕਮ, ਇਤਿਹਾਸ ਨੂੰ ਪੁੱਠਾ ਗੇੜ ਦੇਣ ਵਿੱਚ ਫਖਰ ਮਹਿਸੂਸ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਯੂ. ਪੀ. ਵਿਚਲੀ ਅਦਿੱਤਿਆਨਾਥ ਯੋਗੀ ਦੀ ਸਰਕਾਰ ਨੇ ਆਪਣੇ ਸਾਲਾਨਾ ਬਜਟ ਵਿੱਚ ਹਿੰਦੂ ਮੰਦਰਾਂ ਦੇ ਰੱਖ-ਰਖਾਅ ਲਈ ਤਾਂ ਕਈ ਹਜ਼ਾਰ ਕਰੋੜ ਦੀ ਧਨ-ਰਾਸ਼ੀ ਰੱਖੀ ਹੈ ਪਰ ਤਾਜ ਮਹੱਲ ਲਈ ਇੱਕ ਫੁੱਟੀ ਕੌਡੀ ਵੀ ਨਹੀਂ ਰੱਖੀ ਗਈ। ਇੱਥੇ ਹੀ ਬੱਸ ਨਹੀਂ, ਯੂ. ਪੀ. ਸਰਕਾਰ ਵਲੋਂ ਟੂਰਿਸਟਾਂ ਲਈ ਛਾਪੀ ਗਈ ਗਾਈਡ ਵਿੱਚੋਂ ਤਾਜ ਮਹੱਲ ਨੂੰ ਗਾਇਬ ਕਰ ਦਿੱਤਾ ਗਿਆ ਹੈ। ਸਤਾਰਵੀਂ ਸਦੀ ਵਿੱਚ ਸ਼ਾਹਜਹਾਂ ਵਲੋਂ ਤਾਮੀਰ ਕੀਤਾ ਗਿਆ ਤਾਜਮਹੱਲ ਦੁਨੀਆਂ ਭਰ ਵਿੱਚ ਇੱਕ 'ਮੁਹੱਬਤ ਦੀ ਨਿਸ਼ਾਨੀ' ਵਜੋਂ ਵੇਖਿਆ ਜਾਂਦਾ ਹੈ। 1983 ਵਿੱਚ ਯੂ. ਐਨ. ਦੀ ਸੰਸਥਾ ਯੂਨੈਸਕੋ ਵਲੋਂ ਤਾਜ ਮਹਿਲ ਨੂੰ 'ਵਰਲਡ ਹੈਰੀਟੇਜ ਸਾਈਟ' ਵਜੋਂ ਮਾਨਤਾ ਦਿੱਤੀ ਗਈ ਸੀ। 2007 ਵਿੱਚ ਤਾਜ ਮਹਿਲ ਨੂੰ 'ਦੁਨੀਆਂ ਦੇ ਸੱਤ ਅਜੂਬਿਆਂ' ਯਾਨੀ ਕਿ 'ਸੈਵਨ ਵੰਡਰਜ਼ ਆਫ ਦੀ ਵਰਲਡ' ਵਿੱਚ ਥਾਂ ਮਿਲੀ। ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ ਮਹਿਲ ਦੀ ਮੌਤ ਤੋਂ ਬਾਅਦ, ਉਸ ਦੀ ਯਾਦ ਵਿੱਚ ਤਾਜ ਮਹਿਲ ਦਾ ਨਿਰਮਾਣ ਕਰਵਾਇਆ ਸੀ। ਪ੍ਰਸਿੱਧ ਉਰਦੂ ਕਵੀ ਸ਼ਕੀਲ ਬਦਾਯੂਨੀ ਨੇ ਇਸ ਪਿਆਰ-ਨਿਸ਼ਾਨੀ ਸਬੰਧੀ ਕਿਹਾ ਸੀ - 'ਏਕ ਸ਼ਹਿਨਸ਼ਾਹ ਨੇ ਬਨਾ ਕੇ ਹਸੀਂ ਤਾਜ ਮਹਿਲ, ਸਾਰੀ ਦੁਨੀਆਂ ਕੋ ਮੁਹੱਬਤ ਕੀ ਨਿਸ਼ਾਨੀ ਦੀ ਹੈ।' ਨੋਬਲ ਇਨਾਮ ਜੇਤੂ ਰਬਿੰਦਰ ਨਾਥ ਟੈਗੋਰ ਦਾ ਕਹਿਣਾ ਸੀ- 'ਤਾਜ ਮਹਿਲ ਇਜ਼ ਵਨ ਟੀਅਰ ਡਰਾਪ ਔਨ ਦੀ ਚੀਕ ਆਫ ਟਾਈਮ' ਯਾਨੀ ਕਿ 'ਤਾਜ ਮਹਿਲ ਵਕਤ ਦੀ ਗੱਲ੍ਹ 'ਤੇ ਡਿੱਗੇ ਇੱਕ ਅੱਥਰੂ ਵਾਂਗ ਹੈ।' ਪਰ ਅਫਸੋਸ ਭਾਰਤ ਦੇ ਹਿੰਦੂਤਵੀ ਹਾਕਮਾਂ ਲਈ ਇਹ ਇੱਕ ਪ੍ਰਾਚੀਨ ਸ਼ਿਵ-ਮੰਦਰ ਹੈ ਅਤੇ ਮੁਗਲੀਆ ਤਹਿਜ਼ੀਬ ਦੀ ਵਿਰਾਸਤ। ਇਸ ਲਈ ਬਾਬਰੀ ਮਸੀਤ ਵਾਂਗ ਇਸ ਨੂੰ ਪੂਰੀ ਤਰ੍ਹਾਂ ਤਬਾਹੋ-ਬਰਬਾਦ ਕਰਨਾ, ਆਰ. ਐਸ. ਐਸ. ਦੀ ਲੰਬੀ ਵਿਉਂਤਬੰਦੀ ਦਾ ਹਿੱਸਾ ਹੈ। ਯੂ. ਪੀ. ਸਰਕਾਰ ਨੇ ਆਰ. ਐਸ. ਐਸ. ਦੇ ਮੁਸਲਮਾਨ ਤਹਿਜ਼ੀਬ ਵਿਰੋਧੀ ਏਜੰਡੇ ਨੂੰ ਹੀ ਲਾਗੂ ਕੀਤਾ ਹੈ।

          ਯੂ. ਪੀ. ਸਰਕਾਰ ਦੇ ਤਾਜ ਮਹਿਲ ਨੂੰ ਅਣਗੌਲ਼ਿਆਂ ਕਰਨ ਦੀ ਨੀਤੀ ਨੂੰ ਅੰਤਰਰਾਸ਼ਟਰੀ ਮੀਡੀਏ ਨੇ ਚੰਗੀ ਤਰ੍ਹਾਂ ਭੰਡਿਆ ਹੈ। ਅਮਰੀਕਾ ਦੀ ਪ੍ਰਸਿੱਧ ਅਖਬਾਰ ਵਾਸ਼ਿੰਗਟਨ ਪੋਸਟ ਨੇ ਇਸ ਸਬੰਧੀ ਇੱਕ 'ਵਿਸ਼ੇਸ਼ ਲੇਖ ਪ੍ਰਕਾਸ਼ਿਤ' ਕੀਤਾ ਹੈ, ਜਿਸ ਦਾ ਸਿਰਲੇਖ ਹੈ - 'ਕੀ ਭਾਰਤ ਵਿੱਚ ਤਾਜ ਮਹਿਲ ਦੀ ਇਸ ਲਈ ਅਣਦੇਖੀ ਹੋ ਰਹੀ ਹੈ ਕਿਉਂਕਿ ਉਸਨੂੰ ਇੱਕ ਮੁਸਲਮਾਨ ਨੇ ਬਣਵਾਇਆ ਸੀ?' ਇਸ ਲੇਖ ਅਨੁਸਾਰ 'ਪ੍ਰਦੂਸ਼ਿਤ ਹਵਾ ਦੀ ਵਜ੍ਹਾ ਕਰਕੇ ਪਹਿਲਾਂ ਹੀ ਪੀਲ਼ੇ ਪੈ ਰਹੇ ਤਾਜ ਮਹਿਲ ਦੀ ਹਾਲਤ ਹੁਣ ਜ਼ਿਆਦਾ ਖਰਾਬ ਹੋਵੇਗੀ ਕਿਉਂਕਿ ਯੂ. ਪੀ. ਸਰਕਾਰ ਨੇ ਇਸ ਦੇ ਰੱਖ-ਰਖਾਅ ਲਈ ਬਜਟ ਵਿੱਚ ਕੋਈ ਧਨ ਰਾਸ਼ੀ ਨਹੀਂ ਰੱਖੀ। ਤਾਜ ਮਹਿਲ ਨੂੰ ਟੂਰਿਸਟਾਂ ਦੀ ਬੁੱਕਲੈਟ 'ਚੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ।' ਅਸਟਰੇਲੀਆ ਦੇ ਅਖਬਾਰ 'ਦੀ ਅਸਟਰੇਲੀਅਨ' ਨੇ ਆਪਣੀ ਸਟੋਰੀ ਦਾ ਸਿਰਲੇਖ ਦਿੱਤਾ ਹੈ- 'ਤਾਜ ਮਹਿਲ ਕੁਝ ਜ਼ਿਆਦਾ ਹੀ ਮੁਸਲਮਾਨ ਹੈ, ਇਸ ਲਈ ਇਸ ਨੂੰ ਪਾਸੇ ਰੱਖੋ।' ਬ੍ਰਿਟੇਨ ਦੀ ਅਖਬਾਰ 'ਦੀ ਟੈਲੀਗ੍ਰਾਫ' ਨੇ ਆਪਣੀ ਸਟੋਰੀ ਵਿੱਚ ਕਿਹਾ ਹੈ - 'ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਤਾਜ ਮਹਿਲ ਸਾਡੀ ਧਰਤੀ 'ਤੇ ਮੌਜੂਦ ਸਭ ਤੋਂ ਜ਼ਿਆਦਾ ਖੂਬਸੂਰਤ ਇਮਾਰਤਾਂ ਵਿੱਚੋਂ ਇੱਕ ਹੈ, ਇਸ ਲਈ 2007 ਵਿੱਚ ਇਸ ਨੂੰ ਦੁਨੀਆਂ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਅਫਸੋਸ! ਯੂ. ਪੀ. ਦੀ ਅਦਿੱਤਿਆਨਾਥ ਦੀ ਸਰਕਾਰ ਨੂੰ ਇਵੇਂ ਨਹੀਂ ਲਗਦਾ।'

         ਉਪਰੋਕਤ ਦੋਵੇਂ ਖਬਰਾਂ ਤੋਂ ਦੋ ਲੋਕਤੰਤਰਾਂ ਵਿਚਲਾ ਫਰਕ ਵੇਖਿਆ ਜਾ ਸਕਦਾ ਹੈ। ਇੱਕ ਪਾਸੇ ਜਗਮੀਤ ਸਿੰਘ ਦੀ ਗੋਰਾ ਨਸਲ ਦੀ ਬਹੁਗਿਣਤੀ ਵਾਲੇ ਦੇਸ਼ ਕੈਨੇਡਾ ਵਿੱਚ ਐਨ. ਡੀ. ਪੀ. ਦੀ ਪ੍ਰਧਾਨਗੀ ਹਾਸਲ ਕਰਨਾ, ਸਹੀ ਅਰਥਾਂ ਵਾਲੇ ਲੋਕਤੰਤਰ ਦੀ ਤਸਵੀਰ ਪੇਸ਼ ਕਰਦਾ ਹੈ ਪਰ ਦੂਸਰੇ ਪਾਸੇ ਭਾਰਤ ਵਿੱਚ ਘੱਟਗਿਣਤੀਆਂ ਨਾਲ ਕੀਤਾ ਜਾ ਰਿਹਾ ਸਲੂਕ ਤੇ ਹੁਣ ਮੁਕੰਮਲ ਤੌਰ 'ਤੇ ਘੱਟਗਿਣਤੀਆਂ ਦੀ ਤਬਾਹੋ-ਬਰਬਾਦ ਕੀਤੀ ਜਾ ਰਹੀ ਤਹਿਜ਼ੀਬ ਇਹ ਸਮਝਣ ਲਈ ਕਾਫੀ ਹੈ ਕਿ ਭਾਰਤ ਇੱਕ ਲੋਕਤੰਤਰ ਨਾ ਹੋ ਕੇ, ਬਹੁਗਿਣਤੀ ਹਿੰਦੂਆਂ ਦੇ 'ਹਿੰਦੂਤੰਤਰ' ਵਜੋਂ ਆਪਣੇ ਆਪ ਨੂੰ ਉਭਾਰ ਰਿਹਾ ਹੈ।

          ਮੀਡੀਆ ਰਿਪੋਰਟਾਂ ਅਨੁਸਾਰ, ਕਸ਼ਮੀਰ ਵਾਦੀ ਦੇ ਸਿੱਖ ਬਹੁਗਿਣਤੀ ਵਾਲੇ ਪਿੰਡਾਂ ਵਿੱਚ, ਜਿੱਥੇ ਕਿ 20 ਮਾਰਚ, 2000 ਦੇ ਚਿੱਠੀ ਸਿੰਘਪੁਰਾ ਸਿੱਖ ਕਤਲੇਆਮ ਤੋਂ ਬਾਅਦ, ਸੁਰੱਖਿਆ ਪੋਸਟਾਂ ਸਥਾਪਤ ਕੀਤੀਆਂ ਗਈਆਂ ਸਨ, ਹੁਣ ਉਨ੍ਹਾਂ ਸੁਰੱਖਿਆ ਪੋਸਟਾਂ ਨੂੰ ਉੱਥੋਂ ਹਟਾਇਆ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਪਲਪੋਰਾ ਅਤੇ ਕੋਲਗਰ ਪਿੰਡ ਸ਼ਾਮਲ ਹਨ। ਜੰਮੂ-ਕਸ਼ਮੀਰ ਦੇ ਸਿੱਖਾਂ ਦੀ ਸੰਸਥਾ -'ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ' ਦੇ ਚੇਅਰਮੈਨ ਸ. ਜਗਮੋਹਣ ਸਿੰਘ ਰੈਨਾ ਦਾ ਕਹਿਣਾ ਹੈ ਕਿ '20 ਮਾਰਚ, 2000 ਨੂੰ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਰਕਾਰ ਨੇ ਆਪਣੇ ਤੌਰ 'ਤੇ ਇਹ ਸੁਰੱਖਿਆ ਪੋਸਟਾਂ ਸਥਾਪਿਤ ਕੀਤੀਆਂ ਸਨ ਜਦੋਂਕਿ ਸਿੱਖਾਂ ਨੇ ਇਸ ਦੀ ਕੋਈ ਮੰਗ ਹੀ ਨਹੀਂ ਸੀ ਕੀਤੀ। ਬੀਤੇ 17 ਸਾਲਾਂ ਵਿੱਚ ਚਿੱਠੀ ਸਿੰਘਪੁਰਾ ਕੇਸ ਵਿੱਚ ਕੋਈ ਪੜਤਾਲ ਨਹੀਂ ਕੀਤੀ ਗਈ ਅਤੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ। ਪਰ ਹੁਣ ਅਚਾਨਕ ਸਰਕਾਰ ਨੇ ਇਹ ਸੁਰੱਖਿਆ ਪੋਸਟਾਂ ਹਟਾਉਣ ਦਾ ਕਿਉਂ ਤੇ ਕਿਵੇਂ ਫੈਸਲਾ ਕਰ ਲਿਆ? ਕੀ ਕਸ਼ਮੀਰ ਵਿੱਚ ਹੁਣ ਹਾਲਾਤ ਆਮ ਵਰਗੇ ਹੋ ਗਏ ਹਨ? ਸਿੱਖ ਪਿੰਡਾਂ ਦੇ ਵਸਨੀਕ ਸਰਕਾਰ ਦੇ ਇਹ ਫੈਸਲੇ ਤੋਂ ਬਾਅਦ ਆਪਣੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤੁਤ ਹਨ।'

          ਅਸੀਂ ਸ. ਜਗਮੋਹਨ ਸਿੰਘ ਰੈਨਾ ਵਲੋਂ ਪ੍ਰਗਟਾਏ ਖਦਸ਼ੇ ਤੋਂ ਕਾਫੀ ਚਿੰਤੁਤ ਹਾਂ। ਅਸੀਂ ਸਮਝਦੇ ਹਾਂ ਕਿ ਕਸ਼ਮੀਰ ਵਾਦੀ ਵਿੱਚ, ਭਾਰਤੀ ਫੌਜ ਦੇ ਜ਼ੁਲਮਾਂ ਸਾਹਮਣੇ ਕਸ਼ਮੀਰੀ ਅਜ਼ਾਦੀ-ਪਸੰਦ ਛਾਤੀਆਂ ਤਾਣ ਕੇ ਖਲੋ ਗਏ ਹਨ ਅਤੇ ਹਰ ਥਾਂ ਫੌਜ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਮਨੁੱਖੀ ਹੱਕਾਂ ਦੇ ਘਾਣ ਦੀ ਵਜ੍ਹਾ ਕਰਕੇ ਭਾਰਤ ਦੀ ਕੌਮਾਂਤਰੀ ਪੱਧਰ 'ਤੇ ਕਾਫੀ ਬਦਨਾਮੀ ਵੀ ਹੋ ਰਹੀ ਹੈ। ਇਸ ਸਬੰਧੀ ਪਿਛਲੇ ਦਿਨੀਂ ਓ. ਆਈ. ਸੀ. ਦੇ ਹਿਊਮਨ ਰਾਈਟਸ ਪਰਮਾਨੈਂਟ ਕਮਿਸ਼ਨ ਵਲੋਂ ਜਾਰੀ 17 ਸਫ਼ਿਆਂ ਦੀ ਰਿਪੋਰਟ ਵਿੱਚ ਬੜੇ ਸਨਸਨੀਖੇਜ਼ ਪ੍ਰਗਟਾਵੇ ਕੀਤੇ ਗਏ ਹਨ। ਭਾਰਤੀ ਖੁਫੀਆ ਏਜੰਸੀਆਂ, ਹੁਣ ਚਿੱਠੀ ਸਿੰਘਪੁਰਾ ਵਰਗਾ ਕੋਈ ਕਾਰਾ ਕਰਨ ਦੀ ਤਾਕ ਵਿੱਚ ਹਨ। ਅੰਤਰਰਾਸ਼ਟਰੀ ਪੱਧਰ 'ਤੇ ਸਿੱਖਾਂ-ਕਸ਼ਮੀਰੀਆਂ ਦੀ ਆਪਸੀ ਸਾਂਝ ਵੀ ਭਾਰਤ ਦੇ ਹਿੰਦੂਤਵੀ ਹਾਕਮਾਂ ਨੂੰ ਬਹੁਤ ਰੜਕਦੀ ਹੈ। ਰੋਹੰਗੀਆ ਮੁਸਲਮਾਨਾਂ ਦੇ ਹੱਕ ਵਿੱਚ ਸਿੱਖ ਕੌਮ ਵਲੋਂ ਮਾਰਿਆ 'ਹਾਅ ਦਾ ਨਾਹਰਾ', ਹਿੰਦੂਤਵੀਆਂ ਲਈ ਬੜਾ ਤਕਲੀਫਦੇਹ ਹੈ। ਕਸ਼ਮੀਰ ਵਾਦੀ ਵਿਚਲੇ ਸਿੱਖਾਂ ਦਾ ਕਤਲੇਆਮ ਕਰਕੇ ਭਾਰਤੀ ਏਜੰਸੀਆਂ ਜਿੱਥੇ ਸਿੱਖਾਂ-ਮੁਸਲਮਾਨਾਂ ਵਿਚਕਾਰ ਨਫਰਤ ਦਾ ਮਾਹੌਲ ਸਿਰਜਣਾ ਚਾਹੁੰਦੀਆਂ ਹਨ, ਉੱਥੇ ਕਸ਼ਮੀਰੀ ਪੰਡਤਾਂ ਵਾਂਗ ਉਹ ਵਾਦੀ 'ਚੋਂ ਸਿੱਖਾਂ ਦੀ ਹਿਜ਼ਰਤ ਵੀ ਕਰਵਾਉਣਾ ਚਾਹੁੰਦੀਆਂ ਹਨ ਤਾਂਕਿ ਫਿਰ ਬਾਕੀ ਰਹਿੰਦੇ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾ ਸਕੇ। ਕਸ਼ਮੀਰੀ ਸਿੱਖਾਂ ਨੂੰ ਆਪਣੇ ਗੁਆਂਢੀ ਮੁਸਲਮਾਨਾਂ ਤੋਂ ਕੋਈ ਖਤਰਾ ਨਹੀਂ ਹੈ ਉਹ ਤਾਂ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਨਾਲ ਖਲੋਤੇ ਹਨ। ਜੇ ਸਿੱਖਾਂ ਨੂੰ ਕੋਈ ਖਤਰਾ ਦਰਪੇਸ਼ ਹੈ ਤਾਂ ਉਹ ਭਾਰਤੀ ਹਾਕਮਾਂ ਅਤੇ ਉਨ੍ਹਾਂ ਦੀ ਫੌਜ ਜਾਂ ਸੁਰੱਖਿਆ ਦਸਤਿਆਂ ਤੋਂ ਹੀ ਹੈ।

          ਅਸੀਂ ਸਮਝਦੇ ਹਾਂ ਕਿ ਕਸ਼ਮੀਰੀ ਸਿੱਖਾਂ ਨੂੰ ਆਪਣੀ ਹਿਫਾਜ਼ਤ ਖੁਦ ਕਰਨ ਲਈ, ਗੁਆਂਢੀ ਮੁਸਲਮਾਨਾਂ ਨਾਲ ਮਿਲ ਕੇ ਪਿੰਡਾਂ ਦੇ ਬਾਹਰ ਠੀਕਰੀ ਪਹਿਰੇ ਦੇਣ ਦੀ ਲੋੜ ਹੈ ਤਾਂਕਿ ਭਾਰਤੀ ਏਜੰਸੀਆਂ ਦੇ ਨਾਪਾਕ ਇਰਾਦਿਆਂ ਨੂੰ ਕਦੀ ਕਾਮਯਾਬੀ ਨਾ ਮਿਲੇ। 30 ਮਿਲੀਅਨ ਸਿੱਖ ਕੌਮ ਆਪਣੇ ਕਸ਼ਮੀਰੀ ਮੁਸਲਮਾਨ ਭਰਾਵਾਂ-ਭੈਣਾਂ ਤੋਂ ਵੀ ਇਹ ਆਸ ਰੱਖਦੀ ਹੈ ਕਿ ਉਹ ਹਰ ਹਾਲਤ ਵਿੱਚ ਕਸ਼ਮੀਰੀ ਸਿੱਖਾਂ ਦੇ ਜਾਨ-ਮਾਲ ਦੀ ਹਿਫਾਜ਼ਤ ਨੂੰ ਯਕੀਨੀ ਬਣਾਉਣਗੇ।

ਆਮੀਨ!

© 2011 | All rights reserved | Terms & Conditions