ਵਾਸ਼ਿੰਗਟਨ (USA) ਵਿਚ ਸਭ ਤੋਂ ਪਹਿਲੇ ਬਣ ਰਹੇ ਖ਼ਾਲਸਾ ਸਕੂਲ ਦੀ ਨੀਂਹ ਹੋਈ ਪੱਕੀ
Submitted by Administrator
Saturday, 2 December, 2017- 01:56 am
 ਵਾਸ਼ਿੰਗਟਨ (USA) ਵਿਚ ਸਭ ਤੋਂ ਪਹਿਲੇ ਬਣ ਰਹੇ ਖ਼ਾਲਸਾ ਸਕੂਲ ਦੀ ਨੀਂਹ ਹੋਈ ਪੱਕੀ

          ਸਿਆਟਲ : ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਵਿਚ ਆਪਣਾ ਖ਼ਾਲਸਾ ਸਕੂਲ ਬਣਾਉਣ ਦੀਆਂ ਜਾਰੀ ਕੋਸ਼ਿਸ਼ਾਂ ਨੂੰ ਆਖ਼ਿਰ ਬੂਰ ਪੈ ਹੀ ਗਿਆ।ਖ਼ਾਲਸਾ ਗੁਰਮਤਿ ਸਕੂਲ ਲਈ ਖ਼ਰੀਦੀ ਜਾਣ ਵਾਲੀ ਜ਼ਮੀਨ ਦੀਆਂ ਸਾਰੀਆਂ ਅੜਚਣਾਂ ਤੇ ਫ਼ਤਿਹ ਪਾਉਂਦਿਆਂ ਕੱਲ੍ਹ ਮਿਤੀ 18 ਨਵੰਬਰ 2017 ਨੂੰ ਰਜਿਸਟਰੀ ਕਰਾ ਲਈ ਗਈ ਹੈ।ਇੱਕ ਸਾਲ ਪਹਿਲਾਂ ਜ਼ਮੀਨ ਦਾ ਬਿਆਨਾ ਕੀਤਾ ਗਿਆ ਸੀ ਪਰ ਜ਼ਮੀਨ ਵੇਚਣ ਵਾਲੀ ਧਿਰ ਨੂੰ ਜਦੋਂ ਉੱਥੇ ਬਣਨ ਵਾਲੇ ਪ੍ਰੋਜੈਕਟ ਦਾ ਪਤਾ ਲੱਗਾ ਤਾਂ ਉਸ ਨੇ ਮੁੱਕਰਨ ਦਾ ਮਨ ਬਣਾ ਲਿਆ ਅਤੇ ਬਹਾਨਾ ਇਹ ਬਣਾਇਆ ਕਿ ਮੈਂ ਐਗਰੀਮੈਂਟ ਤੇ ਸਾਈਨ ਨਹੀਂ ਕੀਤੇ।ਜਿਸ ਕਾਰਨ ਸਾਰੇ ਸਿੱਖ ਭਾਈਚਾਰੇ ਵਿਚ ਉਦਾਸੀ ਛਾ ਗਈ ਅਤੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਕਿ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ।ਸਾਰਿਆਂ ਵੱਲੋਂ ਸਹਿਮਤੀ ਨਾਲ ਲਏ ਫ਼ੈਸਲੇ ਮੁਤਾਬਿਕ ਅਦਾਲਤ ਵਿਚ ਕੇਸ ਕਰ ਦਿੱਤਾ ਗਿਆ।ਵੇਚਣ ਵਾਲੀ ਧਿਰ ਨੂੰ ਰਜਿਸਟਰੀ ਕਰ ਕੇ ਦੇਣੀ ਪਈ।ਨਾਲ ਹੀ ਅੱਜ ਉਨ੍ਹਾਂ ਸਭ ਅਫ਼ਵਾਹਾਂ ਦਾ ਅੰਤ ਹੋ ਗਿਆ ਜੋ ਆਪਣੇ ਭਾਈਚਾਰੇ ਵਿਚ ਸੁਣਨ ਨੂੰ ਮਿਲਦੀਆਂ ਰਹੀਆਂ ਸਨ।
          ਹੁਣ ਸਾਡੇ ਕੋਲ ਆਪਣੀ ਨਵੀਂ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਗਲੇ ਲੰਬੇ ਸਮੇਂ ਲਈ ਪਲਾਨ ਤਿਆਰ ਹੈ।ਇਸ ਉੱਤੇ ਇਮਾਰਤ ਦੀ ਉਸਾਰੀ ਲਈ ਘੱਟੋ ਘੱਟ ਪੰਜ ਤੋਂ ਛੇ ਸਾਲ ਲੱਗਣ ਦਾ ਅਨੁਮਾਨ ਹੈ।ਇਸ ਲਈ ਹੁਣ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇੱਕ ਹੋਰ ਪ੍ਰਾਪਰਟੀ ਵੇਖੀ ਜਾ ਰਹੀ ਹੈ ਤਾਂ ਕਿ ਵੱਧ ਰਹੇ ਬੱਚਿਆਂ ਨੂੰ ਠੀਕ ਢੰਗ ਨਾਲ ਪੜਾਇਆ ਜਾ ਸਕੇ। ਆਸ ਹੈ ਇੱਕ ਬਿਲਡਿੰਗ ਛੇਤੀ ਮਿਲ ਜਾਵੇਗੀ।
           ਸਿਆਟਲ ਵਿਚ ਖ਼ਾਲਸਾ ਗੁਰਮਤਿ ਸਕੂਲ ਪਿਛਲੇ ਤਿੰਨ ਸਾਲ ਤੋਂ ਸਫ਼ਲਤਾ ਨਾਲ ਚੱਲ ਰਿਹਾ ਹੈ।ਸ਼ੁਰੂ ਵਿਚ ਕੋਈ 70 ਕੁ ਦੇ ਕਰੀਬ ਬੱਚੇ ਸਨ ਪਰ ਜਿਉਂ ਜਿਉਂ ਸਿਆਟਲ ਵਾਸੀਆਂ ਨੂੰ ਇਸ ਸਕੂਲ ਵਿਚ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦਾ ਪਤਾ ਲੱਗਦਾ ਗਿਆ ਤਾਂ ਬੱਚਿਆ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਗਈ।ਇਸ ਵੇਲੇ 320 ਤੋਂ ਉੱਪਰ ਬੱਚੇ ਖ਼ਾਲਸਾ ਗੁਰਮਤਿ ਸਕੂਲ ਦੀ ਇਸ ਫੁਲਵਾੜੀ ਦਾ ਸ਼ਿੰਗਾਰ ਹਨ ਜੋ ਇੱਥੇ ਗੁਰਮੁਖੀ, ਕੰਪਿਊਟਰ, ਕੀਰਤਨ, ਤਬਲਾ ਵਜਾਉਣਾ ਅਤੇ ਕੁੱਝ ਹੋਰ ਸਾਜ਼ ਵਜਾਉਣੇ ਵੀ ਸਿੱਖ ਰਹੇ ਹਨ।ਬੱਚਿਆਂ ਨੂੰ ਲੀਡਰਸ਼ਿਪ ਵਿਚ ਉਭਾਰਨ ਲਈ ਤਕਰੀਰਾਂ ਕਰਨ ਦੀ ਸਪੈਸ਼ਲ ਪੜਾਈ ਕਰਾਈ ਜਾ ਰਹੀ ਹੈ।ਕੈਨੇਡਾ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਰ ਸਾਲ ਤਕਰੀਰਾਂ ਦੇ ਮੁਕਾਬਲੇ ਕਰਾਉਣ ਦਾ ਇੱਕ ਅੰਤਰਰਾਸ਼ਟਰੀ ਪ੍ਰੋਗਰਾਮ ਕਰਾਇਆ ਜਾਂਦਾ ਹੈ ਜਿਸ ਵਿਚ ਖ਼ਾਲਸਾ ਗੁਰਮਤਿ ਸਕੂਲ ਸਿਆਟਲ ਦੇ ਵਿਦਿਆਰਥੀ ਵੀ ਹਿੱਸਾ ਲੈਂਦੇ ਹਨ।ਲਗਭਗ ਹਰ ਸਾਲ ਕੋਈ ਨਾ ਕੋਈ ਇਨਾਮ ਜਿੱਤ ਕੇ ਲਿਆਉਂਦੇ ਹਨ।ਹੁਣ ਉਹ ਦਿਨ ਦੂਰ ਨਹੀਂ ਹਨ ਜਦੋਂ ਕੈਨੇਡਾ, ਇੰਗਲੈਂਡ ਅਤੇ ਹੋਰ ਦੇਸ਼ਾਂ ਦੀ ਤਰ੍ਹਾਂ ਸਾਡੀ ਇਸ ਫੁਲਵਾੜੀ ਦੇ ਬੱਚੇ ਵੀ ਅਮਰੀਕੀ ਸਰਕਾਰ ਦਾ ਹਿੱਸਾ ਹੋਣਗੇ।
           ਇਸ ਖ਼ੁਸ਼ੀ ਦੇ ਨਾਲ ਹੀ ਹੁਣ ਇੱਕ ਵੱਡੀ ਚੁਨੌਤੀ ਇਹ ਵੀ ਹੈ ਕਿ ਸਕੂਲ ਦੇ ਸਾਰੇ ਪ੍ਰੋਜੈਕਟ ਨੂੰ ਸਿਰੇ ਲਾਉਣ ਲਈ ਕਾਫ਼ੀ ਵੱਡੀ ਰਕਮ ਦੀ ਲੋੜ ਹੈ।ਇਹ ਜ਼ਮੀਨ ਕੁੱਲ 20 ਏਕੜ ਹੈ।ਇਸ ਲਈ ਹਰ ਸਿੱਖ ਨੂੰ ਬੇਨਤੀ ਹੈ ਕਿ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਜੀ।ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿੱਖ ਬੱਚਿਆਂ ਨੂੰ ਇੱਥੇ ਦੇ ਸਕੂਲਾਂ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਹੈ । ਇਸ ਲਈ ਆਓ ਹੁਣ ਗੁਰਦੁਆਰਿਆਂ ਦੇ ਨਾਲ ਨਾਲ ਇੱਧਰ ਵਿਦਿਆ ਖੇਤਰ ਵੱਲ ਵੀ ਧਿਆਨ ਦੇਈਏ।
           ਇਸ ਜਗ੍ਹਾ ਵਿਚ ਬਣਨ ਜਾ ਰਹੇ ਸਕੂਲ ਦਾ ਡਜ਼ਾਇਨ ਵੇਖਣ ਲਈ ਇਸ ਲਿੰਕ ਤੇ ਜਾਓ ਜੀ। ਜੋ ਆਉਣ ਵਾਲੇ ਸਮੇਂ ਵਿਚ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। 

© 2011 | All rights reserved | Terms & Conditions