ਜੰਮੂ ਕਸ਼ਮੀਰ ਦੀਆਂ ਲੋਕਲ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਆਪਣੇ ਪੱਧਰ ’ਤੇ ਹੀ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਦਸੰਬਰ ਮਹੀਨੇ ’ਚ ਹੀ ਕਰ ਰਹੀਆਂ ਹਨ ਰੀਲੀਜ਼
Submitted by Administrator
Friday, 15 December, 2017- 05:38 am
ਜੰਮੂ ਕਸ਼ਮੀਰ ਦੀਆਂ ਲੋਕਲ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਆਪਣੇ ਪੱਧਰ ’ਤੇ ਹੀ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਦਸੰਬਰ ਮਹੀਨੇ ’ਚ ਹੀ ਕਰ ਰਹੀਆਂ ਹਨ ਰੀਲੀਜ਼

          ਬਠਿੰਡਾ, 12 ਦਸੰਬਰ (ਕਿਰਪਾਲ ਸਿੰਘ) : ਭਾਈ ਮੱਖਨ ਸਿੰਘ ਪ੍ਰਧਾਨ ਵਿਸ਼ਵ ਚੇਤਨਾ ਲਹਿਰ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ; ਭਾਈ ਨਵਦੀਪ ਪਾਲ ਸਿੰਘ ਤੇ ਭਾਈ ਦਪਿੰਦਰ ਸਿੰਘ ਸਿੱਖ ਨੌਜਵਾਨ ਸਭਾ ਸੈਨਿਕ ਕਲੋਨੀ ਜੰਮੂ; ਅਤੇ ਭਾਈ ਭੂਪਿੰਦਰ ਸਿੰਘ ਗੜ੍ਹੀ (ਊਧਮਪੁਰ) ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਦੇ ਅਧਾਰ ’ਤੇ ਜਾਰੀ ਕੀਤੇ ਜਾ ਰਹੇ ਕੈਲੰਡਰਾਂ ਵਿੱਚ ਹਰ ਸਾਲ ਹੀ ਗੁਰਪੁਰਬਾਂ ਦੀਆਂ ਤਰੀਖਾਂ 11 ਤੋਂ 19 ਦਿਨ ਅੱਗੇ ਪਿੱਛੇ ਹੋ ਜਾਣ ਕਾਰਨ ਸੰਗਤਾਂ ਵਿੱਚ ਭੰਬਲਭੂਸਾ ਪਿਆ ਰਹਿੰਦਾ ਹੈ; ਇਸ ਲਈ ਜੰਮੂ ਕਸ਼ਮੀਰ ਦੀਆਂ ਮੁੱਖ ਲੋਕਲ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਉਹ ਬਿਕ੍ਰਮੀ ਕੈਲੰਡਰ ਨੂੰ ਮੁੱਢੋਂ ਰੱਦ ਕਰ ਕੇ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸ ਦਿਹਾੜੇ ਮਨਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਦੇ 90% ਤੋਂ ਵੱਧ ਗੁਰੁਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਇਆ ਜਾ ਰਿਹਾ ਅਤੇ ਬਾਕੀ ਦੇ ਪ੍ਰਬੰਧਕਾਂ ਨੂੰ ਸੰਗਤਾਂ ਆਪਣੇ ਪੱਧਰ ’ਤੇ ਹੀ ਸਮਝਾ ਕੇ ਇਸੇ ਦਿਨ ਮਨਾਉਣ ਲਈ ਤਿਆਰ ਕਰਨ ਦੇ ਆਹਰੇ ਲੱਗੀਆਂ ਹੋਈਆਂ ਹਨ। ਪੋਹ ਸੁਦੀ 7 ਨੂੰ ਗੁਰਪੁਰਬ ਮਨਾਉਣ ਵਾਲੇ ਪ੍ਰਬੰਧਕਾਂ ਤੋਂ ਸੰਗਤਾਂ ਪੁੱਛਦੀਆਂ ਹਨ ਕਿ ਜੇ ਹਰ ਸਾਲ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕਰਮਵਾਰ ਸੂਰਜੀ ਮਹੀਨੇ ਦੀ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਂਦੇ ਹਨ ਤਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ! ਜੋ ਕਿ ਹਰ ਸਾਲ ਹੀ ਸਾਂਝੇ ਕੈਲੰਡਰ ਦੀ 5 ਜਨਵਰੀ ਨੂੰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਪਾਵਨ ਅੰਗ ’ਤੇ ਲਿਖਿਆ ਹੈ ਕਿ ਗੁਰਪੁਰਬ ਚੰਦਰਮਾਂ ਦੀਆਂ ਤਰੀਖਾਂ ਅਤੇ ਬਾਕੀ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਨਾਲ ਮਨਾਏ ਜਾਣ? ਕਿਸੇ ਵੀ ਪ੍ਰਬੰਧਕ ਜਾਂ ਜਥੇਦਾਰ ਕੋਲ ਸੰਗਤਾਂ ਦੇ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ ਤਾਂ ਉਹ ਬੇਵੱਸ ਜਾਪਦੇ ਹਨ ਪਰ ਫਿਰ ਵੀ ਕੁਝ ਕੁ ਹਾਲੀ ਵੀ ਦੁਚਿਤੀ ਵਿੱਚ ਪਏ ਹੋਏ ਹਨ। ਉਮੀਦ ਹੈ ਕਿ ਬਾਕੀ ਬਚੇ 10% ਗੁਰੁਆਰਿਆਂ ਵਿੱਚੋਂ ਵੀ ਕੁਝ ਆਪਣਾ ਪ੍ਰੋਗਰਾਮ ਬਦਲ ਕੇ 23 ਪੋਹ / 5 ਜਨਵਰੀ ਨੂੰ ਗੁਰਪੁਰਬ ਮਨਾਉਣ ਦਾ ਫੈਸਲਾ ਕਰ ਲੈਣ।

         ਸੰਗਤਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ 11 ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਆਪਣੇ ਪੱਧਰ ’ਤੇ ਹੀ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਦਸੰਬਰ ਮਹੀਨੇ ’ਚ ਹੀ ਰੀਲੀਜ਼ ਕਰਨ ਦਾ ਫੈਸਲਾ ਕਰ ਲਿਆ ਹੈ, ਤਾ ਕਿ ਕਿਸੇ ਵੀ ਪ੍ਰਬੰਧਕ ਅਤੇ ਸੰਗਤ ਨੂੰ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਸਬੰਧੀ ਸਮਾਗਮਾਂ ਦਾ ਪ੍ਰੋਗਰਾਮ ਉਲੀਕਣ ਵਿੱਚ ਕੋਈ ਮੁਸ਼ਕਲ ਪੇਸ਼ ਨੇ ਆਵੇ। ਉਨ੍ਹਾਂ ਦੱਸਿਆ ਕਿ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਦੇਣ ਲਈ ‘ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁਕਵਾਂ ਹੈ’ ਨਾਮ ਦਾ ਟ੍ਰੈਕਟ ਛਪਵਾ ਕੇ ਮੁਫਤ ਵੰਡਣ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ; ਨਾਨਕਸ਼ਾਹੀ ਸੰੰਮਤ 550 (2018-19) ਦੇ ਕੈਲੰਡਰ ਦਾ ਡਿਜ਼ਾਈਨ ਤਿਆਰ ਕਰ ਕੇ ਛਪਣ ਲਈ ਪ੍ਰਿੰਟਿੰਗ ਪ੍ਰੈੱਸ ਨੂੰ ਦੇ ਦਿੱਤਾ ਹੈ ਅਤੇ ਕੈਲੰਡਰ ਛਪਦੇ ਸਾਰ ਹੀ 25 ਦਸੰਬਰ ਤੋਂ ਪਹਿਲਾਂ ਪਹਿਲਾਂ ਹੀ ਰੀਲੀਜ਼ ਕਰ ਦਿੱਤਾ ਜਾਵੇਗਾ ਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਪੋਹ ਸੁਦੀ 7 ਨੂੰ ਮਨਾਉਣ ਦੀ ਥਾਂ 23 ਪੋਹ ਜਿਹੜੀ ਕਿ ਹਰ ਸਾਲ ਹੀ 5 ਜਨਵਰੀ ਨੂੰ ਆਉਂਦੀ ਹੈ; ਨੂੰ ਮਨਾਉਣ ਸਬੰਧੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਹੋਰ ਚੇਤੰਨਤਾ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

          ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਰਹੇ ਗੁਰਦੁਆਰਿਆਂ ਨੂੰ ਛੱਡ ਕੇ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਵੀ 90% ਤੋਂ ਵੱਧ ਗੁਰਦੁਆਰਿਆਂ ਵਿੱਚ ਗੁਰਪੁਰਬ ਪੋਹ ਸੁਦੀ 7 ਦੀ ਥਾਂ 23 ਪੋਹ/ 5 ਜਨਵਰੀ ਜਾਂ ਛੁੱਟੀ ਵਾਲਾ ਦਿਨ ਜਾਣ ਕੇ ਇਸ ਦੇ ਅੱਗੇ ਪਿੱਛੇ ਆ ਰਹੇ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।

 ਜੰਮੂ ਕਸ਼ਮੀਰ ਦੀਆਂ ਸੰਸਥਾਵਾਂ ਵੱਲੋਂ ਛਪ ਰਹੇ ਨਾਨਕਸ਼ਾਹੀ ਕੈਲੰਡਰ ਦੀ ਫੋਟੋ

© 2011 | All rights reserved | Terms & Conditions