ਡਾਕਟਰ ਜਸਮੀਤ ਸਿੰਘ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ ਦਾ ਖਾਲਸਾਈ ਰਵਾਇਤਾਂ ਮੁਤਾਬਕ ਅੰਤਿਮ ਸਸਕਾਰ
Submitted by Administrator
Sunday, 30 December, 2018- 07:58 pm
ਡਾਕਟਰ ਜਸਮੀਤ ਸਿੰਘ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ ਦਾ ਖਾਲਸਾਈ ਰਵਾਇਤਾਂ ਮੁਤਾਬਕ ਅੰਤਿਮ ਸਸਕਾਰ

        ਓਲੰਪੀਆ, ਦਸੰਬਰ 29 : ਡਾਕਟਰ ਜਸਮੀਤ ਸਿੰਘ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ 21 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ । ਉਨ੍ਹਾਂ ਦਾ ਅੱਜ ਪੂਰੇ ਖਾਲਸਾਈ ਰਹੋਰੀਤਾਂ ਨਾਲ ਸਸਕਾਰ ਕੀਤਾ ਗਿਆ। ਮਾਤਾ ਨੂੰ ਸ਼ਰਧਾਜਲੀ ਦੇਣ ਲਈ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ।ਸਸਕਾਰ ਘਰ ਵਿਚ ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ।ਉਨ੍ਹਾਂ ਨੂੰ ਸਤਿੰਦਰ ਕੌਰ ਚਾਵਲਾ, ਮਾਤਾ ਜੀ ਦੇ ਦੋਵਾਂ ਭਰਾਵਾਂ, ਉਨ੍ਹਾਂ ਦੀ ਬੇਟੀ ਗੁਰਮੀਤ ਕੌਰ, ਸ. ਹਰਪਾਲ ਸਿੰਘ, ਸਤਿੰਦਰ ਕੌਰ, ਬੇਟੇ ਡਾਕਟਰ ਜਸਮੀਤ ਸਿੰਘ, ਉਨ੍ਹਾਂ ਦੀ ਨੂੰਹ ਮੋਲੀਨਾ ਕੌਰ ਅਤੇ ਪੋਤੇ ਪੋਤੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਅਜਿਹੇ ਮੌਕੇ ਤੇ ਬੋਲਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਉਨ੍ਹਾਂ ਦੀ ਪੋਤੀ ਸਹਿਜ ਕੌਰ ਨੇ ਬੜੇ ਸਹਿਜ ਵਿਚ ਆਪਣੀ ਦਾਦੀ ਜੀ ਵਲੋਂ ਮਿਲੇ ਪਿਆਰ ਅਤੇ ਸੰਸਕਾਰਾਂ ਦਾ ਜਿਕਰ ਕੀਤਾ।ਸਤਿੰਦਰ ਕੌਰ ਚਾਵਲਾ ਜੀ ਨੇ ਆਪਣੇ ਸੀਮਤ ਵਿਚਾਰਾਂ ਨਾਲ ਮਾਤਾ ਜੀ ਦੇ ਜੀਵਨ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ।ਜਿਕਰਯੋਗ ਹੈ ਕਿ ਮਾਤਾ ਜੀ ਅਕਾਸ਼ਬਾਣੀ ਦਿੱਲੀ ਤੋਂ ਖਬਰਾਂ ਪ੍ਰਸਾਰਤ ਕਰਦੇ ਹੁੰਦੇ ਸਨ।ਉਪਰੰਤ ਸਤਿੰਦਰ ਕੌਰ ਅਤੇ ਮਾਤਾ ਜੀ ਦੇ ਦੋਵੇਂ ਭਰਾਵਾਂ ਨੇ ਇੱਕ ਸ਼ਬਦ “ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ” ਗਾਇਨ ਕਰ ਕੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਅੰਤ ਵਿਚ ਡਾਕਟਰ ਜਸਮੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਤੋਂ ਪਹਿਲਾਂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਤਿਗੁਰੂ ਜੀ ਆਪ ਜੀ ਨੇ ਜਿੰਨੇ ਵੀ ਸਾਲ ਮੇਰੇ ਮਾਤਾ ਜੀ ਨੂੰ ਬਖਸ਼ੇ ਸਨ ਉਸ ਲਈ ਆਪ ਜੀ ਦਾ ਕੋਟਾਨ ਕੋਟ ਧੰਨਵਾਦ।ਉਨ੍ਹਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਨਾਲ ਨਾਲ ਖਾਸ ਤੌਰ ਤੇ ਮਾਤਾ ਜੀ ਦੀ ਬਿਮਾਰੀ ਦੇ ਦੌਰਾਨ ਰਿਸ਼ਤੇਦਾਰਾਂ ਅਤੇ ਹੋਰ ਸੁਨੇਹੀਆਂ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਮਿਲੇ ਸਹਿਯੋਗ ਲਈ ਵੀ ਸਭ ਦਾ ਧੰਨਵਾਦ ਕੀਤਾ।

        ਉਪਰੰਤ ਉਨ੍ਹਾਂ ਦੀ ਦੇਹ ਨੂੰ ਸਸਕਾਰ ਘਰ ਵਿਚ ਲਿਜਾਇਆ ਗਿਆ ਜਿੱਥੇ ਡਾਕਟਰ ਜਸਮੀਤ ਸਿੰਘ ਨੇ ਅੰਤਿਮ ਅਰਦਾਸ ਖੁਦ ਆਪ ਕਰ ਕੇ ਉਨ੍ਹਾਂ ਦੀ ਦੇਹ ਨੂੰ ਅਗਨ ਭੇਟ ਕੀਤਾ।ਮਾਤਾ ਜੀ ਦੀ ਆਤਮਿਕ ਸ਼ਾਤੀ ਨਮਿਤ ਰੱਖੇ ਪਾਠ ਦਾ ਭੋਗ ਖਾਲਸਾ ਗੁਰਮਤਿ ਸੈਂਟਰ ਵਿਖੇ ਪਾਇਆ ਗਿਆ ਜਿੱਥੇ ਉਨ੍ਹਾਂ ਦੇ ਪੋਤੇ ਪੋਤੀਆਂ, ਹੋਰ ਬੱਚਿਆਂ ਅਤੇ ਭਾਈ ਮਾਨ ਸਿੰਘ ਜੀ ਦੇ ਜੱਥੇ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ।ਬਾਅਦ ਵਿਚ ਮਾਤਾ ਜੀ ਦੇ ਦੋਵਾਂ ਭਰਾਵਾਂ ਇੰਦਰਜੀਤ ਸਿੰਘ ਨਿਊਜਰਸੀ ਅਤੇ ਡਾਕਟਰ ਅਮਰਜੀਤ ਸਿੰਘ ਓਹਾਇਓ ਤੋਂ ਪਹੁੰਚੇ ਹੋਏ ਸਨ ਨੇ ਮਾਤਾ ਜੀ ਦੀ ਜੀਵਨ ਅਤੇ ਸਿਖਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਮਾਤਾ ਜੀ ਦੇ ਅਸੂਲਾਂ ਦੀ ਗੱਲ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੇਟੀ ਗੁਰਮੀਤ ਕੌਰ ਜੀ ਦੇ ਪਤੀ ਅਚਾਨਕ ਗੁਜਰ ਗਏ ਤਾਂ ਇੱਕ ਪਰਿਵਾਰਕ ਮਿੱਤਰ ਵਲੋਂ ਮਦਦ ਲਈ ਬੇਟੀ ਨੂੰ ਲੀਕਰ ਸਟੋਰ ਤੇ ਜੌਬ ਆਫਰ ਕੀਤੀ ਗਈ ਪਰ ਸਾਰੇ ਪਰਿਵਾਰ ਨੇ ਸਿੱਧਾ ਇਨਕਾਰ ਕਰ ਦਿੱਤਾ।ਉਨ੍ਹਾਂ ਆਪਣੇ ਜੀਜਾ ਜੀ (ਡਾਕਟਰ ਜਸਮੀਤ ਸਿੰਘ ਦੇ ਪਿਤਾ ਜੀ) ਵੀ ਬਾਰੇ ਜਿਕਰ ਕਰਦਿਆਂ ਦੱਸਿਆ ਕਿ ਇੱਕ ਵਾਰ ਮਿਊਨਿਸੀਪਲ ਕਮੇਟੀ ਤੋਂ ਇੱਕ ਸਰਟੀਫੀਕੇਟ ਲੈਣਾ ਸੀ ਜੋ ਕਿ ਪੰਜਾਹ ਰੁਪਏ ਰਿਸ਼ਵਤ ਦੇ ਕੇ ਅਸਾਨੀ ਨਾਲ ਲਿਆ ਜਾ ਸਕਦਾ ਸੀ ਪਰ ਉਨ੍ਹਾਂ ਨੇ 11 ਘੰਟੇ ਬਹਿ ਕੇ ਬਿਨਾਂ ਰਿਸਵਤ ਦਿੱਤੇ ਲਿਆ।
         ਇਸ ਦੁੱਖ ਦੀ ਘੜੀ ਵਿਚ ਡਾਕਟਰ ਜਸਮੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੈਨੇਡਾ ਅਤੇ ਅਮਰੀਕਾ ਦੇ ਦੂਰ ਦੁਰਾਡੇ ਸ਼ਹਿਰਾਂ ਤੋਂ ਆਏ ਹੋਏ ਸਨ ਉੱਥੇ ਲੋਕਲ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜਰੀ ਭਰੀ।

 

© 2011 | All rights reserved | Terms & Conditions