'ਜੁਮਲਾਗਰਦੀ ਦੇ ਬਾਦਸ਼ਾਹ ਮੋਦੀ ਦੀਆਂ ਮੋਦੀਠੱਗਣੀਆਂ' : Dr. Amarjit Singh washington D.C
Submitted by Administrator
Friday, 4 January, 2019- 07:51 am
'ਜੁਮਲਾਗਰਦੀ ਦੇ ਬਾਦਸ਼ਾਹ ਮੋਦੀ ਦੀਆਂ ਮੋਦੀਠੱਗਣੀਆਂ' :  Dr. Amarjit Singh washington D.C

          2019 ਦੀਆਂ ਪਾਰਲੀਮਾਨੀ ਚੋਣਾਂ ਲਈ ਚੋਣ-ਪ੍ਰਚਾਰ ਦਾ ਅਮਲ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ਹਾਲ ਹੀ ਵਿੱਚ ਹੋਈਆਂ ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ, ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਇਸ ਲਈ ਉਹ ਹੁਣ 'ਹਮਲਾਵਰ ਰੁਖ' ਵਿੱਚ ਹਨ। ਬੀ. ਜੇ. ਪੀ. ਦੀ ਚੋਣ ਵਿਓਂਤਬੰਦੀ ਵਿੱਚ ਅਯੁੱਧਿਆ ਵਿੱਚ ਰਾਮ-ਮੰਦਰ ਬਣਾਉਣਾ, ਪਾਕਿਸਤਾਨ ਦੀ ਆਲੋਚਨਾ ਆਦਿ ਪ੍ਰਮੁੱਖ ਨੁਕਤੇ ਹਨ ਪਰ ਹਾਲ ਦੀ ਘੜੀ ਕੋਈ 'ਚੱਕਵਾਂ ਨਾਹਰਾ' ਉਨ੍ਹਾਂ ਦੀ ਪਕੜ ਵਿੱਚ ਨਹੀਂ ਹੈ। 2014 ਦੀਆਂ ਚੋਣਾਂ ਵਿੱਚ ਬੀ. ਜੇ. ਪੀ. ਕੋਲ ਵਿਕਾਸ, ਕਾਂਗਰਸੀ ਭ੍ਰਿਸ਼ਟਾਚਾਰ, ਵਿਦੇਸ਼ੀ ਬੈਂਕਾਂ ਵਿਚਲਾ ਕਾਲਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੇ ਬੈਂਕ ਅਕਾਊਂਟ ਵਿੱਚ 15 ਲੱਖ ਰੁਪੱਈਆ ਜਮ੍ਹਾਂ ਹੋਣਾ ਆਦਿ ਬੜੇ ਚਲਾਵੇਂ ਨਾਹਰੇ ਸਨ, ਜਿਨ੍ਹਾਂ ਨੇ ਕਾਟ ਵੀ ਕੀਤੀ। 2014 ਤੋਂ ਕੁਝ ਪਹਿਲਾਂ ਬੀ. ਜੇ. ਪੀ. ਨੇ ਅੰਨਾ ਹਜ਼ਾਰੇ, ਰਾਮਦੇਵ ਆਦਿ ਦੇ ਅੰਦੋਲਨਾ ਰਾਹੀਂ ਕਾਂਗਰਸ ਨੂੰ ਇੱਕ ਭ੍ਰਿਸ਼ਟ ਪਾਰਟੀ ਸਾਬਤ ਕੀਤਾ। ਮੋਦੀ ਦੇ 'ਗੁਜਰਾਤ ਮਾਡਲ' ਨੂੰ ਅਖੌਤੀ 'ਵਿਕਾਸ ਮਾਡਲ' ਕਹਿ ਕੇ ਪਰਚਾਰਿਆ ਗਿਆ ਅਤੇ 'ਸਭ ਕਾ ਵਿਕਾਸ, ਸਭ ਕਾ ਸਾਥ' ਦਾ ਨਾਹਰਾ ਖੂਬ ਪ੍ਰਚਾਰਿਆ ਗਿਆ। ਮੋਦੀ ਨੇ 2002 ਵਿੱਚ ਗੁਜਰਾਤ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ ਫਿਰਕੂ ਹਿੰਦੂਆਂ ਤੋਂ 'ਹਿਰਦੇ ਸਮਰਾਟ' ਦਾ ਲਕਬ ਪਹਿਲਾਂ ਹੀ ਹਾਸਲ ਕੀਤਾ ਹੋਇਆ ਸੀ। ਸੋ ਬਹੁਗਿਣਤੀ ਹਿੰਦੂਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਮੋਦੀ, ਜਿੱਥੇ ਭਾਰਤ ਵਿਚਲੇ ਮੁਸਲਮਾਨਾਂ ਨੂੰ ਥਾਂ ਸਿਰ ਰੱਖ ਸਕਦਾ ਹੈ, ਉਥੇ ਸਿਰਫ ਉਹ ਹੀ ਪਾਕਿਸਤਾਨ ਨੂੰ ਨੱਥ ਪਾ ਸਕਦਾ ਹੈ। ਸੋ ਕੁਲ ਮਿਲਾ ਕੇ ਬੇ. ਜੇ. ਪੀ. ਦੀ ਵਿਉਂਤਬੰਦੀ ਕਾਮਯਾਬ ਰਹੀ ਅਤੇ ਮੋਦੀ-ਅਮਿਤ ਸ਼ਾਹ ਦੀ ਜੁਗਲਬੰਦੀ ਹੇਠ, 2014 ਵਿੱਚ ਬੀ. ਜੇ. ਪੀ. ਨੇ ਆਪਣੇ ਬਲਬੂਤੇ 'ਤੇ ਬਹੁਗਿਣਤੀ ਹਾਸਲ ਕੀਤੀ।

           ਮੋਦੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਜਾ ਰਹੇ ਹਨ। ਮੋਦੀ ਸਰਕਾਰ ਲਗਭਗ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਜਦੋਂ ਲੋਕਾਂ ਨੇ ਬੀ. ਜੇ. ਪੀ. ਨੂੰ ਆਪਣੇ ਵਾਅਦਿਆਂ ਦੀ ਯਾਦ-ਦਹਾਨੀ ਕਰਵਾਈ ਤਾਂ ਬੀ. ਜੇ. ਪੀ. ਪ੍ਰਧਾਨ ਨੇ ਕਿਹਾ ਕਿ ਇਹ ਹਕੀਕਤ ਵਿੱਚ ਪੂਰੇ ਕਰਣ ਵਾਲੇ ਵਾਅਦੇ ਨਹੀਂ ਸਨ, ਇਹ ਸਿਰਫ 'ਜੁਮਲੇਬਾਜ਼ੀ' ਸੀ। ਮੋਦੀ ਸਰਕਾਰ ਨੇ 'ਸਵਿੱਸ ਬੈਂਕਾਂ' ਵਿਚਲੇ ਕਾਲੇ ਧਨ ਨੂੰ ਵਾਪਸ ਤਾਂ ਕੀ ਲਿਆਉਣਾ ਸੀ, ਇਸ ਦੇ ਉਲਟ ਵਿਜੈ ਮਾਲਿਆ, ਲਲਿਤ ਮੋਦੀ, ਨੀਰਵ ਮੋਦੀ ਸਮੇਤ ਹੋਰ ਦਰਜਨਾਂ 'ਮੋਦੀ ਤੇ ਸ਼ਾਹ' ਲੋਕਾਂ ਦਾ ਅਰਬਾਂ-ਖਰਬਾਂ ਰੁਪਿਆ ਲੈ ਕੇ 'ਸਰਕਾਰੀ ਮੱਦਦ' ਨਾਲ ਰਫੂਚੱਕਰ ਹੋ ਗਏ। ਮੋਦੀ ਵਲੋਂ ਸਿੱਧੇ ਤੌਰ 'ਤੇ ਫਰਾਂਸ ਨਾਲ ਕੀਤੀ ਰੈਫੇਲ ਜਹਾਜ਼ਾਂ ਦੀ ਕਈ ਹਜ਼ਾਰ ਕਰੋੜ ਰੁਪੱਈਏ ਦੀ 'ਡੀਲ' ਨੇ, ਭ੍ਰਿਸ਼ਟਾਚਾਰ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਮੋਦੀ ਨੇ ਆਪਣੇ ਅੰਬਾਨੀ ਯਾਰਾਂ ਦੇ ਪਿਛਲੇ-ਅਗਲੇ ਸਾਰੇ ਘਾਟੇ ਪੂਰੇ ਕਰ ਦਿੱਤੇ। ਜੀ. ਐਸ. ਟੀ. ਤੇ ਨੋਟਬੰਦੀ ਨੇ ਮੱਧ-ਵਰਗੀ ਵਪਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ। ਕਿਰਸਾਣੀ ਦੀ ਮੰਦਹਾਲੀ ਇਸ ਹੱਦ ਤੱਕ ਵਧੀ ਕਿ ਕਿਸਾਨਾਂ ਦੀ ਆਤਮਹੱਤਿਆ ਦਰ ਇਨ੍ਹਾਂ 5 ਵਰ੍ਹਿਆਂ 'ਚ ਕਈ ਗੁਣਾ ਜ਼ਿਆਦਾ ਹੋਈ ਹੈ। ਵਿਦੇਸ਼ ਨੀਤੀ ਦਾ ਪੂਰੀ ਤਰ੍ਹਾਂ ਜਨਾਜ਼ਾ ਨਿੱਕਲਿਆ। ਨੇਪਾਲ, ਭਾਰਤ ਨਾਲੋਂ ਤੋੜ²-ਵਿਛੋੜਾ ਕਰਕੇ ਚੀਨ ਦੀ ਗੋਦ ਵਿੱਚ ਜਾ ਬੈਠਾ ਹੈ। ਭੂਟਾਨ ਦੇ ਮੋਢੇ 'ਤੇ ਬੰਦੂਕ ਧਰ ਕੇ ਭਾਰਤ ਨੇ ਡੋਕਲਾਮ ਵਿੱਚ ਚੀਨ ਨਾਲ ਪੰਗਾ ਲਿਆ ਪਰ ਕਈ ਮਹੀਨਿਆਂ ਦੇ 'ਸਟੈਂਡ ਆਫ' ਤੋਂ ਬਾਅਦ ਆਨੇ ਵਾਲੀ ਥਾਂ 'ਤੇ ਆਣ ਟਿਕੇ। ਪਾਕਿਸਤਾਨ ਦੇ ਖਿਲਾਫ 'ਸਰਜੀਕਲ ਸਟਰਾਈਕਸ' ਦਾ ਬੜਾ ਪ੍ਰਚਾਰ ਕੀਤਾ ਗਿਆ ਪਰ ਸੱਚ ਇਹ ਹੈ ਕਿ ਭਾਰਤ ਨੇ ਪਿਛਲੇ ਪੰਜ ਵਰ੍ਹਿਆਂ ਵਿੱਚ ਜਿੰਨੇ ਫੌਜੀ ਕਸ਼ਮੀਰ ਸੈਕਟਰ ਦੀ ਸਰਹੱਦ 'ਤੇ ਮਰਵਾਏ ਹਨ, ਇੰਨੇ ਪਹਿਲਾਂ ਕਦੀ ਨਹੀਂ ਮਰੇ। ਕਸ਼ਮੀਰੀ ਆਜ਼ਾਦੀ ਸੰਘਰਸ਼ ਇਸ ਵੇਲੇ ਸਿਖਰ 'ਤੇ ਹੈ, ਜਿਸ ਨੂੰ ਮੋਦੀ ਸਰਕਾਰ ਦਾ ਅੰਨ੍ਹਾ ਜ਼ੁਲਮ 'ਦਬਾਉਣ' ਵਿੱਚ ਪੂਰੀ ਤਰ੍ਹਾਂ ਨਾ-ਕਾਮਯਾਬ ਰਿਹਾ ਹੈ। ਅਫਗਾਨਿਸਤਾਨ ਵਿੱਚ ਭਾਰਤੀ ਨੀਤੀ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਅਮਰੀਕੀ ਪ੍ਰਧਾਨ ਟਰੰਪ ਨੇ ਮੋਦੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਹੈ ਕਿ ਉਹ ਮੈਨੂੰ ਵਾਰ-ਵਾਰ ਕਹਿੰਦਾ ਹੈ ਕਿ 'ਭਾਰਤ ਨੇ ਅਫਗਾਨਿਸਤਾਨ ਵਿੱਚ ਲਾਇਬਰੇਰੀ ਬਣਾ ਕੇ ਦਿੱਤੀ ਹੈ।' ਉਸ ਨੇ ਕਿਹਾ ਕਿ ਇਹ ਭਾਰਤ ਦਾ ਅਫਗਾਨਿਸਤਾਨ ਵਿੱਚ ਯੋਗਦਾਨ ਹੈ।

          ਮੋਦੀ ਸਰਕਾਰ ਇਸ ਗੱਲ ਦਾ ਜ਼ਰੂਰ ਫਖਰ ਕਰ ਸਕਦੀ ਹੈ ਕਿ ਉਸ ਨੇ ਦੇਸ਼ ਦੀਆਂ ਸੁਪਰੀਮ ਕੋਰਟ, ਸੀ. ਬੀ. ਆਈ., ਰਿਜ਼ਰਵ ਬੈਂਕ ਵਰਗੀਆਂ ਸੰਸਥਾਵਾਂ ਪੂਰੀ ਤਰ੍ਹਾਂ ਤਬਾਹ ਕਰਕੇ, ਇਨ੍ਹਾਂ ਦਾ ਹਿੰਦੂਕਰਣ ਕਰ ਦਿੱਤਾ ਹੈ। ਇਸੇ ਤਰ੍ਹਾਂ ਲਵ-ਜਿਹਾਦ, ਗਊ ਮਤਾ ਭਗਤਾਂ, ਘਰ-ਵਾਪਸੀ ਦੇ ਅਲੰਬਰਦਾਰ 'ਹਿੰਦੂਤਵੀਆਂ' ਤੋਂ ਮੁਸਲਮਾਨਾਂ, ਦਲਿਤਾਂ, ਇਸਾਈਆਂ 'ਤੇ ਸੈਂਕੜਿਆਂ ਹਮਲਿਆਂ ਨਾਲ ਉਨ੍ਹਾਂ ਨੂੰ ਸਬਕ ਜ਼ਰੂਰ ਸਿਖਾਇਆ ਹੈ। ਮੀਡੀਏ ਨੂੰ ਖਰੀਦ ਕੇ ਜਾਂ ਕਤਲਾਂ ਨਾਲ ਡਰਾ-ਧਮਕਾ ਕੇ 'ਬੰਦੇ ਦੇ ਪੁੱਤ' ਬਣਾ ਦਿੱਤਾ ਗਿਆ ਹੈ। ਇਸ ਵੇਲੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ' ਵਿੱਚ ਦਿਨ-ਰਾਤ 'ਮੋਦੀ ਗੁਣ-ਗਾਇਨ' ਦੇ 'ਅਖੰਡ ਮੰਤਰ ਜਾਪ' ਚਲਦੇ ਹਨ। ਭਾਰਤ ਦੇ ਕਰੋੜਾਂ ਲੋਕਾਂ ਨੂੰ ਚੌਵੀ ਘੰਟੇ, 'ਮੋਦੀ ਡਿਸ਼' ਪਰੋਸੀ ਜਾਂਦੀ ਹੈ। ਇਸ ਤੋਂ ਇਲਾਵਾ ਆਰ. ਐਸ. ਐਸ. ਦੇ ਹਜ਼ਾਰਾਂ ਤਨਖਾਹਦਾਰ ਆਈ. ਟੀ. ਇੰਜਨੀਅਰ, 'ਵਟਸ ਐਪ ਯੂਨੀਵਰਸਿਟੀ' 'ਤੇ 'ਫੇਕ ਨਿਊਜ਼' ਦੀ ਰੋਜ਼ਾਨਾ ਮੈਨੂਫੈਕਚਰਿੰਗ ਕਰਦੇ ਹਨ, ਜਿਹੜੀ ਕਿ ਲਗਾਤਾਰਤਾ ਨਾਲ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ। ਅਮਿਤ ਸ਼ਾਹ ਅਨੁਸਾਰ ਖਬਰ ਝੂਠੀ ਹੋਵੇ ਜਾਂ ਸੱਚੀ, ਅਸੀਂ ਲੋਕਾਂ ਤੱਕ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ-ਪਹਿਲਾਂ ਪਹੁੰਚਾ ਦਿੰਦੇ ਹਾਂ। ਬੀਜੇਪੀ ਦੇ ਇਸ 'ਮੇਡ ਇਨ ਇੰਡੀਆ' ਬਰਾਂਡ ਦੀ ਸ਼ਲਾਘਾ ਕਰਨੀ ਬਣਦੀ ਹੈ।

          ਮੋਦੀ ਨੇ ਆਪਣੇ ਚੋਣ-ਪ੍ਰਚਾਰ ਦੀ ਨਵੇਂ-ਸਾਲ ਦੀ ਪਹਿਲੀ ਰੈਲੀ ਗੁਰਦਾਸਪੁਰ ਵਿੱਚ ਕੀਤੀ ਹੈ। ਨਾਟਕੀ ਅੰਦਾਜ਼ ਵਿੱਚ ਜਾਣੇ ਜਾਂਦੇ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਵਿੱਚ ਕੀਤੀ। ਮੋਦੀ ਨੇ ਵਿਨੋਦ ਖੰਨਾ, ਦੇਵਾਨੰਦ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਰੀਫਾਂ ਦੇ ਪੁਲ਼ ਬੰਨ੍ਹੇ। ਮੋਦੀ ਨੇ ਆਪਣੇ ਭਾਸ਼ਨ ਵਿੱਚ ਸਿੱਖਾਂ ਨੂੰ ਖੁਸ਼ ਕਰਨ ਦਾ ਮਿਜਾਜ਼ ਵੀ ਰੱਖਿਆ। ਉਸ ਨੇ ਨਵੰਬਰ-84 ਲਈ ਕਾਂਗਰਸ ਦੇ ਸਿਰ ਭਾਂਡਾ ਭੰਨ੍ਹਦਿਆਂ, ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦਾ ਸਿਹਰਾ ਆਪ ਹੀ ਆਪਣੇ ਸਿਰ 'ਤੇ ਬੰਨ੍ਹਿਆ। ਮੋਦੀ ਨੇ ਇਹ ਭੁੱਲਣ ਵਿੱਚ ਹੀ ਬਿਹਤਰੀ ਸਮਝੀ ਕਿ ਨਾ-ਸਿਰਫ ਆਰ. ਐਸ. ਐਸ. ਦੇ ਵਿਚਾਰਕ ਨਾਨਾ ਜੀ ਦੇਸ਼ਮੁੱਖ ਨੇ 8 ਨਵੰਬਰ, 1984 ਨੂੰ ਆਪਣੀ ਲਿਖਤ ਵਿੱਚ ਨਵੰਬਰ-84 ਦੀ ਨਸਲਕੁਸ਼ੀ ਲਈ ਸਿੱਖਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਸੀ, ਬਲਕਿ ਸੈਂਕੜਿਆਂ ਬੀਜੇਪੀ ਵਰਕਰਾਂ ਨੇ ਇਸ ਨਸਲਕੁਸ਼ੀ ਵਿੱਚ ਅਹਿਮ ਰੋਲ ਵੀ ਅਦਾ ਕੀਤਾ ਸੀ। ਮੋਦੀ ਨੇ ਕਰਤਾਰਪੁਰ ਲਾਂਘੇ ਦਾ ਕਰੈਡਿਟ ਵੀ ਖੁਦ ਹੀ ਲਿਆ ਜਦੋਂ ਕਿ ਉਸ ਨੇ ਕਾਂਗਰਸ ਨੂੰ ਪਿਛਲੇ 70 ਸਾਲਾਂ ਤੋਂ ਇਸ ਲਾਂਘੇ ਲਈ ਕੁਝ ਨਾ ਕਰਨ ਦਾ ਤਾਅਨਾ ਮਾਰਿਆ। ਮੋਦੀ ਨੂੰ ਇਹ ਵੀ ਭੁੱਲ ਗਿਆ ਕਿ ਇਨ੍ਹਾਂ 70 ਸਾਲਾਂ ਵਿੱਚ ਤਿੰਨ ਵਾਰ ਵਾਜਪਾਈ ਦੀ ਸਰਕਾਰ ਬਣੀ ਤੇ ਇਸ ਤੋਂ ਇਲਾਵਾ ਵੀ. ਪੀ. ਸਿੰਘ ਦੀ ਸਰਕਾਰ ਵਿੱਚ ਵੀ ਬੀਜੇਪੀ ਭਾਈਵਾਲ ਰਹੀ। ਮੋਦੀ ਨੇ ਕਰਤਾਰਪੁਰ ਲਾਂਘੇ 'ਤੇ ਨਵਜੋਤ ਸਿੱਧੂ ਦੀ ਅਲੋਚਨਾ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ। ਇਸ ਰੈਲੀ ਵਿੱਚ ਮੋਦੀ ਨੇ ਕਿਸਾਨਾਂ ਨਾਲ ਕੋਰਾ ਝੂਠ ਬੋਲਦਿਆਂ ਗੱਪ ਮਾਰੀ ਕਿ ਸਾਡੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰੀ ਤਰ੍ਹਾਂ ਲਾਗੂ ਕਰ ਦਿੱਤੀ ਹੈ।

          ਪਾਠਕਜਨ! ਹੁਣ ਵੇਖਣਾ ਇਹ ਹੋਵੇਗਾ ਕਿ ਕੀ ਜੁਮਲਾਗਰਦੀ ਦੇ ਬਾਦਸ਼ਾਹ ਨਰਿੰਦਰ ਮੋਦੀ ਦੀਆਂ 'ਮੋਦੀਠਗਣੀਆਂ' 2019 ਵਿੱਚ ਵੀ ਕਾਰਗਰ ਸਾਬਤ ਹੋਣਗੀਆਂ

© 2011 | All rights reserved | Terms & Conditions