ਜੰਮੂ ਵਿੱਚ ਹਿੰਦੂ ਵਿਦਿਆਰਥੀਆਂ ਨੇ, ਕਸ਼ਮੀਰੀ ਮੁਸਾਫਿਰਾਂ ਨੂੰ ਪੱਥਰ ਮਾਰੇ ਜਦੋਂਕਿ ਸਿੱਖਾਂ ਨੇ ਉਨ੍ਹਾਂ ਨੂੰ ਦਿੱਤੀ ਪਨਾਹ ਤੇ ਛਕਾਏ ਲੰਗਰ ! : Dr. Amarjit Singh washington D.C
Submitted by Administrator
Friday, 15 February, 2019- 07:48 am
ਜੰਮੂ ਵਿੱਚ ਹਿੰਦੂ ਵਿਦਿਆਰਥੀਆਂ ਨੇ, ਕਸ਼ਮੀਰੀ ਮੁਸਾਫਿਰਾਂ ਨੂੰ ਪੱਥਰ ਮਾਰੇ ਜਦੋਂਕਿ ਸਿੱਖਾਂ ਨੇ ਉਨ੍ਹਾਂ ਨੂੰ ਦਿੱਤੀ ਪਨਾਹ ਤੇ ਛਕਾਏ ਲੰਗਰ ! :  Dr. Amarjit Singh washington D.C

ਕਸ਼ਮੀਰ ਵਾਦੀ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਸੀ. ਆਰ. ਪੀ. ਐਫ. ਦੇ 40 ਜਵਾਨਾਂ ਦਾ ਹਲਾਕ ਹੋਣਾ, ਕਸ਼ਮੀਰ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਦੇ ਰਿਹਾ ਹੈ ਦੁਹਾਈ!

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਬੱਲੋਕੀ ਜੰਗਲੀ ਰੱਖ ਦਾ ਨਾਂ 'ਬਾਬਾ ਗੁਰੂ ਨਾਨਕ ਰੱਖ' ਰੱਖਣ ਅਤੇ ਗੁਰੂ ਨਾਨਕ ਯੂਨੀਵਰਸਿਟੀ ਖੋਲ੍ਹਣ ਦੇ ਐਲਾਨ ਨੇ ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਟੌਂਟ-ਬਟੌਂਟਾਂ ਨੂੰ ਲਾਈਆਂ ਮਿਰਚਾਂ!

'ਫੌਜ ਨੇ ਦਰਬਾਰ ਸਾਹਿਬ ਕੰਪਲੈਕਸ 'ਚੋਂ ਸਿੱਖ ਰੈਫਰੈਂਸ ਲਾਇਬਰੇਰੀ ਦਾ ਚੁੱਕਿਆ ਮੈਟੀਰੀਅਲ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ' - ਜਨਰਲ ਜੇ. ਜੇ. ਸਿੰਘ

'ਜੇ ਅਣਖ ਨਾਲ ਜਿਊਣਾ ਹੈ ਤਾਂ ਲੜਨਾ ਪਵੇਗਾ' - ਸੰਤ ਭਿੰਡਰਾਂਵਾਲੇ          ਵਾਸ਼ਿੰਗਟਨ, ਡੀ. ਸੀ. (16 ਫਰਵਰੀ, 2019) -ਭਾਰਤੀ ਕਬਜ਼ੇ ਹੇਠਲੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ ਵਿੱਚ ਸੀ. ਆਰ. ਪੀ. ਐਫ. ਦੀ ਟੁਕੜੀ 'ਤੇ ਹੋਏ ਇੱਕ ਆਤਮਘਾਤੀ ਹਮਲੇ ਵਿੱਚ 40 ਦੇ ਕਰੀਬ ਜਵਾਨ ਮਾਰੇ ਗਏ ਹਨ ਅਤੇ 50 ਤੋਂ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਇਲਾਕੇ ਦੇ ਆਦਿਨ ਨਾਂ ਦੇ ਨੌਜਵਾਨ ਨੇ ਇਹ ਆਤਮਘਾਤੀ ਹਮਲਾ ਕੀਤਾ, ਭਾਵੇਂ ਕਿ ਇਸ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨਾਂ ਦੀ ਜਥੇਬੰਦੀ ਨੇ ਲਈ ਹੈ। ਇਹ ਹਮਲਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਪਕੜ ਵਿੱਚ ਆਉਣ ਵਾਲੀਆਂ ਕਈ ਗੱਡੀਆਂ ਰਬੜ ਤੇ ਲੋਹੇ ਦਾ ਕਬਾੜ ਬਣ ਗਈਆਂ ਅਤੇ ਇਸ ਦੀ ਧਮਕ 10-10 ਮੀਲ ਤੱਕ ਸੁਣਾਈ ਦਿੱਤੀ। ਕਸ਼ਮੀਰ ਵਿੱਚ, ਪਿਛਲੇ 30 ਵਰ੍ਹਿਆਂ ਦੇ ਖਾੜਕੂ ਸੰਘਰਸ਼ ਵਿੱਚ ਇਹ ਸਭ ਤੋਂ ਮਾਰੂ ਹਮਲਾ ਹੈ। ਉੜੀ ਸੈਕਟਰ ਵਿੱਚ 18 ਸਤੰਬਰ, 2016 ਨੂੰ, ਭਾਰਤੀ ਫੌਜ ਦੇ ਕੈਂਪ 'ਤੇ ਹੋਏ ਇੱਕ ਹਮਲੇ ਵਿੱਚ 19 ਜਵਾਨ ਮਾਰੇ ਗਏ ਸਨ। ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੰਮੂ-ਕਸ਼ਮੀਰ ਵਿੱਚ, 18 ਵੱਡੇ ਖਾੜਕੂ ਹਮਲੇ ਹੋਏ ਪਰ ਅਜੋਕੇ ਹਮਲੇ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਉੜੀ ਹਮਲੇ ਤੋਂ ਬਾਅਦ, ਮੋਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਹਦੂਦ ਅੰਦਰ ਵੜ ਕੇ 6 'ਸਰਜੀਕਲ ਸਟਰਾਈਕ' ਕਰਕੇ, ਪਾਕਿਸਤਾਨ ਨੂੰ ਐਨੀ ਨਾਨੀ ਯਾਦ ਕਰਵਾਈ ਹੈ ਕਿ ਉਹ ਹੁਣ ਭਾਰਤ ਦੇ ਖਿਲਾਫ ਕੋਈ ਹਮਲਾ ਕਰਨ ਦੀ ਜੁਰਅਤ ਨਹੀਂ ਕਰੇਗਾ। 'ਸਰਜੀਕਲ ਸਟਰਾਈਕ' ਨੂੰ ਚੋਣ-ਵਿਸ਼ਾ ਬਣਾ ਕੇ ਮੋਦੀ ਨੇ ਯੂ. ਪੀ. ਤੇ ਉੱਤਰ ਪੂਰਬ ਦੀਆਂ ਸਟੇਟਾਂ ਦੀਆਂ ਚੋਣਾਂ ਵੀ ਜਿੱਤੀਆਂ।

          ਪਰ ਹੁਣ ਹੋਏ ਘਾਤਕ ਹਮਲੇ ਤੋਂ ਬਾਅਦ ਭਾਰਤ ਸਰਕਾਰ, ਯੂ. ਐਨ. ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਤੇ ਦੇਸ਼ਾਂ ਤੋਂ ਮੰਗ ਕਰ ਰਹੀ ਹੈ ਕਿ 'ਪਾਕਿਸਤਾਨੀ ਦਹਿਸ਼ਤਗਰਦੀ' ਨੂੰ ਨੱਥ ਪਾਈ ਜਾਵੇ ਅਤੇ ਭਾਰਤ ਨੂੰ ਦਹਿਸ਼ਤਗਰਦੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ। ਰੂਸ ਤੇ ਅਮਰੀਕਾ ਦੀਆਂ ਅੰਬੈਂਸੀਆਂ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਪਰ, ਜੁਮਲੇਬਾਜ਼ ਮੋਦੀ ਸਰਕਾਰ ਦੱਸ ਸਕਦੀ ਹੈ ਕਿ ਇਨ੍ਹਾਂ ਦੇ ਅਖੌਤੀ 'ਸਰਜੀਕਲ ਸਟਰਾਈਕਜ਼' ਦੇ ਦਾਅਵਿਆਂ ਦਾ ਅਸਲ ਸੱਚ ਕੀ ਸੀ? ਪਾਕਿਸਤਾਨ ਨੂੰ 'ਯਾਦ ਆਈ ਨਾਨੀ' ਦੋਬਾਰਾ ਕਿਉਂ ਭੁੱਲ ਗਈ? ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜੇ ਵਾਰਦਾਤ ਕਰਨ ਵਾਲਾ ਨੌਜਵਾਨ, ਲੋਕਲ ਕਸ਼ਮੀਰੀ ਹੈ ਤਾਂ ਪਾਕਿਸਤਾਨ ਨੂੰ ਵਾਰ-ਵਾਰ ਵਿੱਚ ਘੜੀਸਣ ਦੀ ਕੀ ਤੁਕ ਬਣਦੀ ਹੈ? ਭਾਰਤ ਸਰਕਾਰ, ਕਸ਼ਮੀਰੀਆਂ ਨਾਲ ਗੱਲਬਾਤ ਕਰਕੇ ਅਤੇ ਯੂ. ਐਨ. ਸੁਰੱਖਿਆ ਕੌਂਸਲ ਦੇ ਮਤਿਆਂ ਅਨੁਸਾਰ, ਜੰਮੂ-ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾ ਕੇ ਮਸਲੇ ਦਾ ਹੱਲ ਕਿਉਂ ਨਹੀਂ ਕੱਢ ਸਕਦੀ?

          ਪਰ ਹਿੰਦੂਤਵੀਆਂ ਦਾ ਕਸ਼ਮੀਰੀ ਮੁਸਲਮਾਨਾਂ ਪ੍ਰਤੀ ਕੀ ਰਵੱਈਆ ਹੈ, ਇਸ ਦੀ ਇੱਕ ਮਿਸਾਲ ਜੰਮੂ ਵਿੱਚ ਵਾਪਰੀ ਘਟਨਾ ਹੈ। ਕਸ਼ਮੀਰ ਵਾਦੀ ਵਿੱਚ ਭਾਰੀ ਬਰਫਬਾਰੀ ਦੀ ਵਜ੍ਹਾ ਕਰਕੇ ਜੰਮੂ-ਕਸ਼ਮੀਰ ਹਾਈਵੇਅ ਲਗਭਗ ਇੱਕ ਹਫਤੇ ਲਈ ਬੰਦ ਰਿਹਾ। ਜੰਮੂ ਸ਼ਹਿਰ- ਜੰਮੂ-ਕਸ਼ਮੀਰ ਸਟੇਟ ਦੀ ਸਰਦੀਆਂ ਦੀ ਰਾਜਧਾਨੀ ਵੀ ਹੈ। ਹਾਈਵੇਅ ਬੰਦ ਹੋਣ ਕਰਕੇ, ਜੰਮੂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਸ਼ਮੀਰੀ ਮੁਸਾਫਰ, ਜਿਨ੍ਹਾਂ ਵਿੱਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ, ਬੜੀ ਮੰਦਹਾਲੀ ਵਿੱਚ ਫਸੇ ਬੈਠੇ ਸਨ। ਜੰਮੂ ਦੇ ਹੋਟਲ, ਸਰਾਵਾਂ ਭਰੀਆਂ ਹੋਈਆਂ ਸਨ। ਕੁਝ ਮੁਸਾਫਰਾਂ ਨੂੰ ਜੰਮੂ ਔਕਾਫ ਬੋਰਡ ਦੀ ਬਿਲਡਿੰਗ ਵਿੱਚ ਠਹਿਰਾਇਆ ਗਿਆ। ਇਸ ਦੌਰਾਨ ਜੰਮੂ ਸਾਇੰਸ ਕਾਲਜ ਦੇ ਸੈਂਕੜੇ ਹਿੰਦੂ ਵਿਦਿਆਰਥੀਆਂ ਨੇ ਕਸ਼ਮੀਰੀ ਮੁਸਾਫਰਾਂ 'ਤੇ ਪੱਥਰਾਂ-ਇੱਟਾਂ ਨਾਲ ਧਾਵਾ ਬੋਲਿਆ, ਜਿਸ ਦੌਰਾਨ ਕੁਝ ਬੀਬੀਆਂ-ਬੱਚੇ ਬੇਹੋਸ਼ ਹੋ ਗਏ। ਜਿਉਂ ਹੀ ਇਲਾਕੇ ਦੇ ਸਿੱਖਾਂ ਨੂੰ ਇਸ ਘਟਨਾਕ੍ਰਮ ਦਾ ਪਤਾ ਲੱਗਾ, ਉਨ੍ਹਾਂ ਨੇ ਕਸ਼ਮੀਰੀਆਂ ਦੇ ਹੱਕ ਵਿੱਚ ਪਹਿਰਾ ਦਿੱਤਾ। ਜੰਮੂ ਦੇ ਪ੍ਰਮੁੱਖ ਗੁਰਦੁਆਰਿਆਂ ਮਹਾਰਾਣੀ ਚੰਦ ਕੌਰ, ਗੁਰਦੁਆਰਾ ਨਾਨਕ ਨਗਰ, ਗੁਰਦੁਆਰਾ ਡਿਗਿਆਨਾ ਆਸ਼ਰਮ ਸਮੇਤ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਮੁਸਾਫਰਾਂ ਨੂੰ ਠਹਿਰਾਇਆ ਗਿਆ। ਸਾਰੇ ਗੁਰਦੁਆਰਿਆਂ ਵਿੱਚੋਂ ਲੰਗਰ ਤਿਆਰ ਕਰਕੇ ਥਾਓਂ-ਥਾਈਂ ਫਸੇ ਬੈਠੇ ਮੁਸਾਫਰਾਂ ਤੱਕ ਪਹੁੰਚਾਇਆ ਗਿਆ। ਸਿੱਖਾਂ ਦੀ ਇਸ ਫਰਾਖਦਿਲੀ ਅਤੇ ਇਨਸਾਨੀਅਤ ਨਾਲ ਲਬਰੇਜ਼ ਪਹੁੰਚ ਨੇ ਨਾ-ਸਿਰਫ ਕਸ਼ਮੀਰੀਆਂ ਦੇ ਦਿਲ ਜਿੱਤੇ ਬਲਕਿ ਸੋਸ਼ਲ ਮੀਡੀਏ ਵਿੱਚ ਵੀ ਇਸ ਦੀ ਰੱਜ ਕੇ ਤਾਰੀਫ ਹੋਈ। ਜੰਮੂ ਦੇ ਸਿੱਖਾਂ ਨੇ ਆਪਣੇ ਇਸ ਸਿੱਖੀ ਵਰਤਾਰੇ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ।

          ਹਿੰਦੂਤਵੀ ਸੋਚ ਤੇ ਤੰਗਦਿਲੀ ਵਰਤਾਰਾ ਸਿਰਫ ਜੰਮੂ ਵਿੱਚ ਹੀ ਵੇਖਣ ਨੂੰ ਨਹੀਂ ਆਇਆ। ਇਸ ਤੋਂ ਪਹਿਲਾਂ ਕੇਰਲਾ ਵਿੱਚ ਆਏ ਹੜਾਂ ਦੌਰਾਨ, ਹਿੰਦੂਤਵੀ ਵੈਬਸਾਈਟਾਂ ਤੋਂ ਪ੍ਰਚਾਰਿਆ ਗਿਆ ਸੀ ਕਿ ਹੜ੍ਹ-ਪੀੜਤਾਂ ਦੀ ਕੋਈ ਮਦਦ ਨਾ ਕੀਤੀ ਜਾਵੇ ਕਿਉਕਿ ਇਹ ਮੁਸਲਮਾਨ ਅਤੇ ਇਸਾਈ ਹਨ ਅਤੇ ਇਨ੍ਹਾਂ ਨੂੰ ਗਊ ਮਾਤਾ ਖਾਣ ਦੀ ਸਜ਼ਾ ਮਿਲੀ ਹੈ। ਇਸੇ ਤਰ੍ਹਾਂ ਮੀਆਂਮਾਰ ਦੇ ਰੋਹੰਗੀਆ ਮੁਸਲਮਾਨਾਂ ਦੀ ਮਦਦ ਕਰਨ ਲਈ ਸਿੱਖਾਂ ਨੂੰ ਵੀ ਇਸਲਾਮਿਕ ਅੱਤਵਾਦ ਨਾਲ ਜੋੜਿਆ ਗਿਆ ਸੀ। ਜੇ ਹਿੰਦੂਤਵੀਆਂ ਦੇ ਮਨਾਂ ਅਤੇ ਵਰਤਾਰੇ ਵਿੱਚ ਘੱਟਗਿਣਤੀਆਂ ਪ੍ਰਤੀ ਇੰਨੀ ਨਫਰਤ ਭਰੀ ਹੋਈ ਹੈ ਤਾਂ ਫੇਰ ਘੱਟਗਿਣਤੀਆਂ ਕਿਵੇਂ ਇਨ੍ਹਾਂ ਨਾਲ ਅਖੌਤੀ ਭਾਰਤ ਦੇਸ਼ ਵਿੱਚ ਗੁਜ਼ਾਰਾ ਕਰ ਸਕਦੀਆਂ ਹਨ? ਕਸ਼ਮੀਰੀਆਂ ਵਲੋਂ ਭਾਰਤ ਦੀ ਸੱਤ ਲੱਖ ਫੌਜ ਦੇ ਸਾਹਮਣੇ ਛਾਤੀ ਡਾਹ ਕੇ ਖਲੋਣਾ, ਭਾਰਤੀ ਸਟੇਟ ਦੇ ਜ਼ੁਲਮਾਂ ਅਤੇ ਹਿੰਦੂ ਬਹੁਗਿਣਤੀ ਦੀ ਨਫਰਤ ਦੀ ਵਜ੍ਹਾ ਕਰਕੇ ਹੈ। ਭਾਰਤੀ ਨਕਸ਼ੇ ਵਿੱਚ ਕੈਦ ਸਿੱਖ ਕੌਮ ਨੂੰ ਵੀ ਕਸ਼ਮੀਰੀਆਂ ਵਾਂਗ ਨੰਗੇ ਧੜ ਆਪਣੇ ਹੱਕਾਂ ਲਈ ਮੁਕੰਮਲ ਆਜ਼ਾਦੀ ਲਈ ਖਲੋਣ ਦੀ ਲੋੜ ਹੈ।

          ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜ਼ਿਲ੍ਹਾ ਨਨਕਾਣਾ ਸਾਹਿਬ ਦੀ ਬੱਲੋਕੀ ਜੰਗਲੀ ਰੱਖ ਵਿੱਚ ਹੋਰ ਰੁੱਖ ਲਾਉਣ ਦੀ ਮੁਹਿੰਮ ਵਿੱਢੀ। ਇਸ ਦੇ ਉਦਘਾਟਨੀ ਭਾਸ਼ਣ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਮੇਰੀ ਚਾਹਨਾ ਹੈ ਕਿ ਇਸ ਬੱਲੋਕੀ ਜੰਗਲੀ ਰੱਖ ਦਾ ਨਾਂ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਰੱਖਿਆ ਜਾਵੇ। ਉਨ੍ਹਾਂ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਦਾ ਇਕਰਾਰ ਵੀ ਕੀਤਾ। ਇਸ ਸਬੰਧੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਵੀ ਟਵੀਟ ਕੀਤਾ। ਖਾੜੀ ਦੇਸ਼ਾਂ ਦੇ ਮੁਖੀਆਂ ਦੀ ਇੱਕ ਸਭਾ ਨੂੰ ਸੰਬੋਧਨ ਕਰਦਿਆਂ, ਇਮਰਾਨ ਖਾਨ ਨੇ ਕਿਹਾ ਕਿ ਸਿੱਖਾਂ ਦਾ ਮੱਕਾ ਤੇ ਮਦੀਨਾ ਭਾਵ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਹਨ ਅਤੇ ਅਸੀਂ ਦੁਨੀਆਂ ਭਰ ਦੇ ਸਿੱਖਾਂ ਲਈ ਇਨ੍ਹਾਂ ਦੀ ਯਾਤਰਾ ਨੂੰ ਅਸਾਨ ਬਣਾਵਾਂਗੇ। ਅਸੀਂ ਆਪਣੀਆਂ ਘੱਟਗਿਣਤੀਆਂ ਨਾਲ ਉਹੋ ਜਿਹਾ ਸਲੂਕ ਨਹੀਂ ਕਰਾਂਗੇ, ਜਿਵੇਂ ਭਾਰਤ ਮੁਸਲਮਾਨਾਂ ਨਾਲ ਕਰ ਰਿਹਾ ਹੈ।

          ਇਮਰਾਨ ਖਾਨ ਦੇ ਉਪਰੋਕਤ ਐਲਾਨਾਂ ਤੋਂ ਬਾਅਦ, ਭਾਰਤੀ ਹਾਕਮਾਂ ਅਤੇ ਉਨ੍ਹਾਂ ਟੌਂਟ-ਬਟੌਂਤਾਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ। ਇਸ ਨੂੰ ਆਈ. ਐਸ. ਆਈ. ਦਾ ਖਾਲਿਸਤਾਨ ਦੀ ਲਹਿਰ ਨੂੰ ਉਭਾਰਨ ਦਾ ਏਜੰਡਾ ਦੱਸਿਆ ਗਿਆ। ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਵਿੱਚ ਸਿੱਖ ਧਰਮ, ਸਿੱਖ ਗੁਰੂਆਂ ਅਤੇ ਸਿੱਖ ਵਿਰਾਸਤ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਅਜੇ ਤੱਕ ਜਾਰੀ ਹਨ। ਭਾਰਤੀ ਸਿੱਖਾਂ ਨੂੰ ਦੇਸ਼ ਭਗਤ ਅਤੇ ਡਾਇਸਪੋਰਾ ਸਿੱਖਾਂ ਨੂੰ 'ਗਦਾਰ' ਅਤੇ ਆਈ. ਐਸ. ਆਈ. ਦੇ ਏਜੰਟ ਸਾਬਤ ਕੀਤਾ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਕੀਤੇ ਗਏ 'ਭੰਡੀ ਪ੍ਰਚਾਰ' ਦਾ ਦੂਸਰਾ ਚਰਨ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। ਭਾਰਤੀ ਸਟੇਟ ਸਿੱਖਾਂ ਨਾਲ ਇੰਨੀ ਦੁਸ਼ਮਣੀ ਰੱਖਦੀ ਹੈ ਤਾਂ ਸਿੱਖ ਕੌਮ ਨੂੰ ਸਮਝਣ ਵਿੱਚ ਕੀ ਔਖਿਆਈ ਹੈ ਕਿ ਉਨ੍ਹਾਂ ਦਾ ਭਲਾ ਕਿਸ ਵਿੱਚ ਹੈ? ਕੀ ਖਾਲਿਸਤਾਨ ਦੀ ਕਾਇਮੀ ਬਿਨਾਂ ਸਿੱਖ ਕੌਮ ਭਾਰਤ ਦੇ ਨਕਸ਼ੇ ਵਿੱਚ ਜ਼ਿੰਦਾ ਰਹਿ ਸਕਦੀ ਹੈ?

           ਪਿਛਲੇ ਦਿਨੀਂ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ. ਜੇ. ਸਿੰਘ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੰਕਸ਼ਾਫ ਕੀਤਾ ਕਿ 'ਜੂਨ-'84 ਦੇ ਭਾਰਤੀ ਫੌਜੀ ਹਮਲੇ ਵੇਲੇ ਫੌਜ ਨੇ ਜੋ ਮੈਟੀਰੀਅਲ, ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਚੁੱਕਿਆ ਸੀ, ਉਹ ਸਰਕਾਰੀ ਅਧਿਕਾਰੀਆਂ ਨੂੰ ਲਿਸਟ ਬਣਾ ਕੇ ਵਾਪਸ ਕਰ ਦਿੱਤਾ ਗਿਆ ਸੀ। ਉਨ੍ਹਾਂ ਅਨੁਸਾਰ ਉਨ੍ਹਾਂ ਨੇ ਲਿਸਟ ਵੀ ਵੇਖੀ ਹੈ, ਜਿਸ 'ਤੇ ਉਨ੍ਹਾਂ ਅਧਿਕਾਰੀਆਂ ਦੇ ਦਸਤਖਤ ਹਨ, ਜਿਨ੍ਹਾਂ ਨੂੰ ਉਹ ਵਸਤੂਆਂ ਦਿੱਤੀਆਂ ਅਤੇ ਉਨ੍ਹਾਂ ਸਿਵਲ ਅਧਿਕਾਰੀਆਂ ਦੇ ਵੀ ਦਸਤਖਤ ਹਨ, ਜਿਨ੍ਹਾਂ ਨੇ ਇਹ ਵਸੂਲ ਕੀਤੀਆਂ।' ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਿਵਲ 'ਏਜੰਸੀਆਂ' ਨੇ ਇਹ ਕੀਮਤੀ ਇਤਿਹਾਸਕ ਖਜ਼ਾਨਾ ਕਿੱਥੇ ਲੁਕੋ ਕੇ ਰੱਖਿਆ ਹੋਇਆ ਹੈ? ਇਹ ਸਿੱਖ ਕੌਮ ਨੂੰ ਵਾਪਸ ਕਿਉਂ ਨਹੀਂ ਕੀਤਾ ਜਾਂਦਾ? ਕੀ ਜਨਰਲ ਜੇ. ਜੇ. ਸਿੰਘ ਦੱਸ ਸਕਦੇ ਹਨ ਕਿ ਕਿਹੜੇ ਅਧਕਾਰੀਆਂ ਨੇ ਇਹ ਹਾਸਲ ਕੀਤਾ? ਜ਼ਾਹਰ ਹੈ ਕਿ ਇਹ ਸਭ ਭਾਰਤੀ ਖੁਫੀਆ ਏਜੰਸੀਆਂ ਦੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਨੇ ਸਾਡੀ ਇਤਿਹਾਸਕਤਾ, ਬਹੁਮੁੱਲੇ ਖਰੜੇ ਤੇ ਹੁਕਮਨਾਮੇ ਸਭ ਆਪਣੇ ਕਬਜ਼ੇ ਵਿੱਚ ਕਰ ਲਏ ਹਨ।

          ਵੀਹਵੀਂ ਸਦੀ ਦੇ ਮਹਾਨ ਸਿੱਖ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ 72ਵਾਂ ਜਨਮ ਦਿਨ ਦੁਨੀਆਂ ਭਰ ਦਾ ਜਾਗਰੂਕ, ਪੰਥ-ਪ੍ਰਸਤ ਸਿੱਖਾਂ ਵਲੋਂ ਮਨਾਇਆ ਗਿਆ। ਇਸ ਸਬੰਧੀ 12 ਫਰਵਰੀ ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਵਾਂਗ ਭਾਰੀ ਇਕੱਠ ਵੀ ਹੋਇਆ। ਅਫਸੋਸ! ਸੰਤਾਂ ਨੂੰ ਤਾਂ ਯਾਦ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਦੀ ਵਿਰਾਸਤ ਜਾਣੀ ਕਿ ਕੌਮੀ ਆਜ਼ਾਦੀ ਲਈ ਸੰਘਰਸ਼, ਉਸ ਵੱਲ ਬਹੁਤਿਆਂ ਨੇ ਪਿੱਠ ਕੀਤੀ ਹੋਈ ਹੈ। ਸੰਤ ਭਿੰਡਰਾਂਵਾਲਿਆਂ ਦੇ ਇਹ ਸ਼ਬਦ ਮਾਅਨੇ ਭਰਪੂਰ ਹਨ - 'ਜੇ ਅਣਖ ਨਾਲ ਜਿਊਣਾ ਹੈ ਤਾਂ ਲੜਨਾ ਪਵੇਗਾ' ਪਰ ਸਾਡਾ ਵੱਡਾ ਤਬਕਾ ਅਰਾਮਪ੍ਰਸਤੀ ਦੀ ਜ਼ਿੰਦਗੀ ਵਿੱਚ ਗਲਤਾਨ ਹੋਇਆ ਹੈ ਤੇ ਲੜਨ ਭਿੜਨ ਤੋਂ ਡਰਦਾ ਹੈ। ਕੀ ਅਸੀਂ ਕਸ਼ਮੀਰੀਆਂ ਤੋਂ ਕੋਈ ਸਬਕ ਸਿੱਖ ਸਕਦੇ ਹਾਂ?

© 2011 | All rights reserved | Terms & Conditions