ਨਿਆਂ ਪ੍ਰਣਾਲੀ ਅਤੇ ਸਰਕਾਰ ਸਿੱਖ ਹੱਕਾਂ ਅਤੇ ਇਛਾਵਾਂ ਨੂੰ ਕੁਚਲਣ ਲਈ ਇਕ-ਮਿਕ
Submitted by Administrator
Friday, 15 February, 2019- 07:57 am
ਨਿਆਂ ਪ੍ਰਣਾਲੀ ਅਤੇ ਸਰਕਾਰ ਸਿੱਖ ਹੱਕਾਂ ਅਤੇ ਇਛਾਵਾਂ ਨੂੰ ਕੁਚਲਣ ਲਈ ਇਕ-ਮਿਕ

         

         ਨਵਾਂਸ਼ਹਿਰ- ਦਲ ਖਾਲਸਾ ਦੇ ਕਾਰਜਕਰਤਾਵਾਂ ਨੇ ਖਾਲਿਸਤਾਨੀ ਸਾਹਿਤ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ, ਜਿਨਾਂ ਨੂੰ ਆਧਾਰ ਬਣਾ ਕੇ ਨਵਾਂਸ਼ਹਿਰ ਕੋਰਟ ਦੇ ਵਧੀਕ ਜੱਜ ਨੇ ਤਿੰਨ ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਨੂੰ ਪਿਛਲੇ ਦਿਨੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਨੂੰ ਹੱਥਾਂ ਫੜ੍ਹ ਕੇ ਸ਼ਹਿਰ ਵਿੱਚ ਰੋਸ ਮਾਰਚ ਅਤੇ ਉਪਰੰਤ ਜਿਲਾ ਕਚਿਹਰੀਆਂ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।ਉਹਨਾਂ ਸਰਕਾਰ ਨੂੰ ਵੰਗਾਰ ਪਾਈ ਕਿ ਉਹ ਉਹਨਾਂ ਨੂੰ ਵੀ ਗ੍ਰਿਫਤਾਰ ਕਰੇ।

          ਉਹਨਾਂ ਜੋਸ਼ੀਲੇ ਅੰਦਾਜ ਵਿੱਚ ਕਿਹਾ ਕਿ ਸਿੱਖ ਸ਼ਹੀਦ ਉਹਨਾਂ ਦੇ ਨਾਇਕ ਹਨ ਅਤੇ ਇਹਨਾਂ ਦੀਆਂ ਤਸਵੀਰਾਂ, ਇਹਨਾਂ ਨਾਲ ਸਬੰਧਤਿ ਸਾਹਿਤ ਸਿੱਖ ਲਾਏਬਰੇਰੀਆਂ, ਅਜਾਇਬ ਘਰਾਂ ਅਤੇ ਸਾਡੇ ਘਰਾਂ ਦਾ ਸ਼ਿੰਗਾਰ ਹਨ।

          ਜਥੇਬੰਦੀ ਦਾ ਮੰਨਣਾ ਹੈ ਕਿ ਜੱਜ ਰਣਧੀਰ ਵਰਮਾ ਦਾ ਫੈਸਲਾ ਬੋਲਣ ਦੀ ਆਜਾਦੀ ਦੇ ਸੰਵਿਧਾਨਕ ਹੱਕ ਨੂੰ ਮਨਫੀ ਕਰਨਾ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਕੰਧ ਵਲ ਧੱਕਣਾ ਹੈ। ਉਹਨਾਂ ਕਿਹਾ ਕਿ ਮਹਿਜ਼ ਖਾਲਿਸਤਾਨੀ ਸਾਹਿਤ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਰੱਖਣ ਨੂੰ ਆਧਾਰ ਬਣਾ ਕੇ ਤਿੰਨ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦੇਣਾ ਫਿਰਕਾਪ੍ਰਸਤੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਦੁਨੀਆਂ ਅੰਦਰ ਦੇਸ਼ਧ੍ਰਹ ਵਰਗੇ ਕਾਲੇ ਕਾਨੂੰਨ ਖਤਮ ਕੀਤੇ ਜਾ ਰਹੇ ਹਨ ਪਰ ਅਫਸੋਸ ਕਿ ਭਾਰਤ ਇਹਨਾਂ ਕਾਲੇ ਕਾਨੂੰਨਾਂ ਦੀ ਆੜ ਹੇਠ ਆਜ਼ਾਦੀ ਮੰਗਣ ਵਾਲਿਆਂ ਦੀ ਆਵਾਜ਼ ਨੂੰ ਅਦਾਲਤੀ ਪ੍ਰਕਿਰਿਆ ਰਾਂਹੀ ਖਾਮੋਸ਼ ਕਰ ਰਿਹਾ ਹੈ।

         ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਨਵਾਂਸ਼ਹਿਰ ਜੱਜ ਨੇ ਨਿਆਂਪਾਲਿਕਾ ਦੀ ਸੀਮਾ ਤੋਂ ਅੱਗੇ ਜਾ ਕੇ ਸਰਕਾਰ ਦੀ ਭੂਮਿਕਾ ਨਿਭਾਈ ਹੈ । ਉਹਨਾਂ ਇਸ ਫੈਸਲੇ ਨੂੰ ਅਦਾਲਤੀ ਧੱਕਾ ਅਤੇ ਨਿਆਂ-ਵਿਰੋਧੀ ਦਸਿਆ ।

         ਉਨ੍ਹਾਂ ਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕਤਰ ਪ੍ਰੋ ਮਹਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਪੰਥਕ ਫਰੰਟ ਦੇ ਆਗੂ ਸੁਖਦੇਵ ਸਿੰਘ ਭੌਰ ਵੀ ਧਰਨੇ ਵਿੱਚ ਸ਼ਾਮਿਲ ਸਨ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦ ਇਸ ਫੈਸਲੇ ਦੇ ਖਿਲਾਫ ਵਿਆਪਕ ਰੋਸ ਪਾਇਆ ਗਿਆ ਤਾਂ ਪੰਜਾਬ ਪੁਲਿਸ ਨੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਅਰਵਿੰਦਰ ਸਿੰਘ 'ਤੇ ਹਥਿਆਰਾਂ ਦੀ ਸਪਲਾਈ ਦਾ ਇੱਕ ਹੋਰ ਮੁਕੱਦਮਾ ਪਾ ਦਿੱਤਾ ਜਿਸ ਤੋਂ ਪੁਲਿਸ, ਸਰਕਾਰ ਅਤੇ ਨਿਆਂ ਪ੍ਰਣਾਲੀ ਦੀ ਮਿਲੀ ਭੁਗਤ ਸਪਸ਼ਟ ਨਜ਼ਰ ਆਉਂਦੀ ਹੈ।ਦਲ ਖਾਲਸਾ ਵਲੋਂ ਆਯੋਜਿਤ ਅਜ ਦੇ ਰੋਸ ਮੁਜ਼ਾਹਰੇ ਵਿੱਚ ਅਰਵਿੰਦਰ ਸਿੰਘ ਦੇ ਮਾਤਾ ਜੀ ਨੇ ਵੀ ਸ਼ਮੂਲੀਅਤ ਕੀਤੀ।

          ਜਥੇਦਾਰ ਧਾਮੀ ਨੇ ਕਿਹਾ ਕਿ ਸਮੁੱਚਾ ਕੇਸ ਨੌਜਵਾਨਾਂ ਨੂੰ ਫਸਾਉਣ ਲਈ ਬਣਾਇਆ ਗਿਆ ਹੈ।

          ਉਹਨਾਂ ਦਸਿਆ ਕਿ ੧੨੧ ਧਾਰਾ ਦੇ ਤਹਿਤ ਕੇਸ ਭਾਵੇਂ 'ਸਰਕਾਰ ਦੇ ਖਿਲਾਫ ਜੰਗ' ਛੇੜਨ ਦਾ ਸੀ ਪਰ ਜੱਜ ਵਰਮਾ ਨੇ ਕਿਤੇ ਵੀ ਸਰਕਾਰ ਵਿਰੁੱਧ ਜੰਗ ਛੇੜਣ ਦੀ ਮਿਲੀਭੁਗਤ ਸਾਬਿਤ ਨਹੀਂ ਕੀਤੀ। ਫੈਸਲੇ ਵਿੱਚ ਬਿਲਕੁਲ ਨਹੀਂ ਦੱਸਿਆ ਗਿਆ ਹੈ ਕਿ ਕਿਤਾਬਾਂ ਪੜ੍ਹਨ ਤੋਂ ਬਾਅਦ ਕੋਈ ਭੜਕਾਊ ਜਾਂ ਹਿੰਸਕ ਕਾਰਵਾਈ ਕੀਤੀ ਗਈ। ਇਹ ਵੀ ਨਹੀਂ ਸਾਬਿਤ ਕੀਤਾ ਗਿਆ ਕਿ ਦੋਸ਼ੀਆਂ ਨੇ ਕਿਤਾਬਾਂ ਪੜ੍ਹੀਆਂ ਵੀ ਸਨ ਕਿ ਨਹੀਂ। ਦੇਸ਼-ਵਿਦੇਸ਼ ਵਿੱਚ ਹੋਏ ਸੋਸ਼ਲ ਮੀਡੀਆ ਸੰਪਰਕ ਤੋਂ ਕਿਸੇ ਜੁਰਮ ਦੀ ਕਾਰਵਾਈ ਬਾਰੇ ਕੋਈ ਵੇਰਵਾ ਨਹੀਂ ਹੈ। ਦੋਸ਼ੀਆਂ ਨੂੰ ਗੈਰ-ਕਾਨੂੰਨੀ ਕਾਰਵਾਈ ਰੋਕਥਾਮ ਐਕਟ ੧੯੬੭ ਦੇ ਤਹਿਤ ਬਰੀ ਕਰ ਦਿੱਤਾ ਗਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਕਿਸੇ ਵੀ ਪਾਬੰਦੀਸ਼ੁਦਾ ਜਥੇਬੰਦੀ ਦੇ ਮੈਂਬਰ ਜਾਂ ਕਾਰਕੁੰਨ ਨਹੀਂ ਸਨ। ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੇ ਕਦੇ ਕੋਈ ਗੁਪਤ ਜਾਂ ਜਨਤਕ ਇਕੱਤਰਤਾ ਕੀਤੀ ਹੋਵੇ ਜਿਸ ਦਾ ਮਕਸਦ ਸਰਕਾਰ ਦੇ ਖਿਲਾਫ ਜੰਗ ਛੇੜਣ ਦਾ ਹੋਵੇ। ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ, "ਨਵਾਂ ਸ਼ਹਿਰ ਦੇ ਜੱਜ ਦਾ ਫੈਸਲਾ ਪੰਜਾਬ ਦੇ ਨਿਆਂ ਪ੍ਰਣਾਲੀ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਇ ਹੈ।

          ਜਥੇਦਾਰ ਭੌਰ ਨੇ ਧਰਨੇ ਦੇ ਮੌਕੇ ਬੋਲਦਿਆਂ ਕਿਹਾ ਕਿ ਭਾਰਤ ਮੁਲਕ ਵਿੱਚ ਵੱਖਰੀ ਰਾਏ ਰੱਖਣ ਅਤੇ ਬੋਲਣ ਵਾਲੀਆਂ ਧਿਰਾਂ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੱਜ ਰਣਧੀਰ ਵਰਮਾ ਦਾ ਇਹ ਫੈਸਲਾ ਬੋਲਣ ਦੇ ਹੱਕ ਨੂੰ ਦਬਾਉਣ ਅਤੇ ਫਿਰਕਾਪ੍ਰਸਤੀ ਵਾਲਾ ਨਜ਼ਰ ਆਉਂਦਾ ਹੈ।"

          ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ, "ਦੋਸ਼ੀਆਂ ਦੇ ਖਿਲਾਫ ਇਲਜ਼ਾਮ ਹੈ ਕਿ ਉਨ੍ਹਾਂ ਕੋਲ ੯੭ ਕਿਤਾਬਾਂ, ੧੯੮ ਤਸਵੀਰਾਂ, ਸਾਕਾ ੧੯੭੮ ਦੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਅਤੇ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਦੀਆਂ ਕਿਤਾਬਾਂ ਮਿਲੀਆਂ ਹਨ। ਉਨ੍ਹਾਂ ਨੇ ਵਿਅੰਗਮਈ ਅੰਦਾਜ ਵਿੱਚ ਪੁੱਛਿਆ ਕਿ ਇਸ ਨਾਲ ਦੇਸ਼ ਵਿਰੁੱਧ ਜੰਗ ਕਿਵੇਂ ਹੋਈ? ਉਹਨਾਂ ਕਿਹਾ ਕਿ ਕੋਈ ਵੀ ਕਿਤਾਬ ਜਾਂ ਤਸਵੀਰ ਨੂੰ ਸਰਕਾਰ ਨੇ ਪਾਬੰਦੀਸ਼ੁਦਾ ਨਹੀਂ ਕੀਤਾ ਹੈ।

          ਸਿੱਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਮੰਡ ਨੇ ਕਿਹਾ ਬਹੁਤ ਹੈਰਾਨੀ ਦੀ ਗੱਲ ਹੈ ਕਿ ਜੱਜ ਨੇ ਤੱਥਾਂ ਨੂੰ ਅਧਾਰ ਬਨਾਉਣ ਦੀ ਬਜਾਏ ਦੋਸ਼ੀਆਂ ਦੇ ਦਿਮਾਗ ਨੂੰ ਪੜ੍ਹਨ ਨੂੰ ਦੋਸ਼ ਸਾਬਿਤ ਕਰਨ ਲਈ ਵਰਤਿਆ ਹੈ। ਉਹਨਾਂ ਵਿਰੁੱਧ ਕੋਈ ਵੀ ਹਿੰਸਕ ਕਾਰਵਾਈ ਸਾਬਿਤ ਨਹੀਂ ਹੋਈ ਜਿਸ ਨਾਲ ਕਿ ਉਨ੍ਹਾਂ ਨੂੰ ਇੰਨੀ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਤਿੰਨੋ ਨੌਜਵਾਨਾਂ ਨੂੰ ਗੈਰ ਕਾਨੂੰਨੀ ਕਾਰਵਾਈ ਰੋਕਥਾਮ ਐਕਟ ਤਹਿਤ ਬਰੀ ਵੀ ਕੀਤਾ ਪਰ ਤਰਕ ਅਤੇ ਤੱਥਾਂ ਦੀ ਕਸਵੱਟੀ 'ਤੇ ਫੈਸਲਾ ਲੰਗੜਾ ਅਤੇ ਨਿਆਂ-ਵਿਰੋਧੀ ਹੀ ਜਾਪਦਾ ਹੈ।

         ਅੱਜ ਦੇ ਰੋਸ ਮੁਜ਼ਾਹਰੇ ਵਿੱਚ ਰਣਵੀਰ ਸਿੰਘ, ਦਲਜੀਤ ਸਿੰਘ ਮੌਲ਼ਾ, ਜਰਨੈਲ ਸਿੰਘ, ਜਸਵੀਰ ਸਿੰਘ ਖੰਡੂਰ, ਦਿਲਬਾਗ ਸਿੰਘ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਗੁਰਦੀਪ ਸਿੰਘ ਕਾਲਕੱਟ, ਪੰਜਾਬ ਯੂਨੀਵਰਸਟੀ ਤੋਂ ਐਸ.ਐਫ.ਐਸ ਦੇ ਆਗੂ ਸੰਦੀਪ ਸਿੰਘ ਨੇ ਵੀ ਹਿੱਸਾ ਲਿਆ।

© 2011 | All rights reserved | Terms & Conditions