ਪੁਲਵਾਮਾ ਜ਼ਿਲ੍ਹੇ ਦੀ ਆੜ ਵਿੱਚ ਮੋਦੀ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ !: Dr. Amarjit Singh washington D.C
Submitted by Administrator
Saturday, 23 February, 2019- 03:37 pm
ਪੁਲਵਾਮਾ ਜ਼ਿਲ੍ਹੇ ਦੀ ਆੜ ਵਿੱਚ ਮੋਦੀ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ !:  Dr. Amarjit Singh washington D.C

ਭਾਰਤ ਜੰਗ ਸ਼ੁਰੂ ਕਰ ਸਕਦਾ ਹੈ ਪਰ ਇਸ ਦਾ ਖਾਤਮਾ ਕਿਸੇ ਦੇ ਹੱਥ ਵਿੱਚ ਨਹੀਂ ਹੋਵੇਗਾ ਅਤੇ ਇਹ ਮਨੁੱਖਤਾ ਦੀ ਤਬਾਹੀ ਹੋਵੇਗੀ - ਇਮਰਾਨ ਖਾਨ

ਭਾਰਤ ਦੇ 36 ਬਾਲੀਵੁੱਡ ਐਕਟਰ ਗਾਇਕ ਪੈਸੇ ਲਈ ਕੋਈ ਵੀ ਪ੍ਰਾਪੇਗੰਡਾ ਕਰਨ ਨੂੰ ਤਿਆਰ - ਕੋਬਰਾ ਸਟਿੰਗ ਅਪਰੇਸ਼ਨ!

ਪੁਲਵਾਮਾ ਘਟਨਾ ਤੋਂ ਬਾਅਦ, ਭਾਰਤ ਭਰ ਵਿੱਚ ਕਸ਼ਮੀਰੀ ਵਿਦਿਆਰਥੀ ਵਪਾਰੀ ਹਿੰਦੂਤਵੀ ਭੀੜਾਂ ਦੇ ਨਿਸ਼ਾਨੇ 'ਤੇ!

ਸਿੱਖਾਂ ਨੇ ਕਸ਼ਮੀਰੀਆਂ ਨੂੰ ਆਪਣੀ ਹਿਫਾਜ਼ਤ ਵਿੱਚ ਲੈ ਕੇ ਚਾਰ-ਚੁਫੇਰਿਉਂ ਵਾਹ-ਵਾਹ ਖੱਟੀ ਪਰ ਹਿੰਦੂਤਵੀਆਂ ਵਲੋਂ ਧਮਕੀਆਂ ਦਾ ਸਿਲਸਿਲਾ ਜਾਰੀ!

ਕੀ ਭਾਰਤ ਇੱਕ ਹਿੰਦੂਤਵੀ ਗੁੰਡਾਤੰਤਰ ਨਹੀਂ ਬਣ ਚੁੱਕਾ?

 

         ਵਾਸ਼ਿੰਗਟਨ (ਡੀ. ਸੀ.) 23 ਫਰਵਰੀ, 2019 - 14 ਫਰਵਰੀ ਨੂੰ ਕਸ਼ਮੀਰ ਵਾਦੀ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਮਾਰੇ ਗਏ 46 ਸੀ. ਆਰ. ਪੀ. ਐਫ ਜਵਾਨਾਂ ਦੀਆਂ ਲਾਸ਼ਾਂ 'ਤੇ ਵੋਟਾਂ ਦੀ ਸਿਆਸਤ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਭਾਰਤ ਭਰ ਵਿੱਚ ਇਲੈਕਟ੍ਰਾਨਿਕ ਮੀਡੀਆ, ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ, ਪਾਕਿਸਤਾਨ ਦੇ ਖਿਲਾਫ ਜੰਗ ਦਾ ਬਿਗਲ ਅਤੇ ਮੁਸਲਮਾਨਾਂ-ਕਸ਼ਮੀਰੀਆਂ ਦੇ ਖਿਲਾਫ ਨਫਰਤ ਦੀ ਹਨੇਰੀ ਪਿਛਲੇ ਇੱਕ ਹਫਤੇ ਤੋਂ ਲਗਾਤਾਰਾ ਝੁਲਾਈ ਜਾ ਰਹੀ ਹੈ। ਸਾਰੀਆਂ ਵਿਰੋਧੀ ਪਾਰਟੀਆਂ ਕੋਲ ਵੀ ਦੇਸ਼-ਭਗਤੀ ਦਾ ਗਾਣਾ ਉੱਚੀ ਉੱਚਾ ਗਾਉਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਸਭ ਸਿਆਸੀ ਗੁੰਡੇ, ਬਦਮਾਸ਼, ਅਪਰਾਧੀ ਅਤੇ ਭ੍ਰਿਸ਼ਟ ਲੋਕਾਂ ਨੇ ਆਪਣੇ ਆਪ ਨੂੰ ਤਿਰੰਗੇ ਝੰਡੇ ਵਿੱਚ ਲਪੇਟਿਆ ਹੋਇਆ ਹੈ। ਜਿਹੜਾ ਵੀ ਕੋਈ ਪੱਤਰਕਾਰ ਜਾਂ ਲੀਡਰ ਹਮਲੇ ਦੇ ਕਾਰਨਾਂ ਦੀ ਤਹਿਕੀਕਾਤ ਵਿੱਚ ਜਾਣਾ ਚਾਹੁੰਦਾ ਹੈ ਜਾਂ ਬੇਲੋੜੀ ਜੰਗੀ ਭਾਸ਼ਾ ਵਾਲੀ ਬਿਆਨਬਾਜ਼ੀ 'ਤੇ ਇਤਰਾਜ਼ ਕਰਦਾ ਹੈ, ਉਸ ਦੇ ਗਲ ਵਿੱਚ 'ਗਦਾਰ' ਦਾ ਫੱਟਾ ਪਾ ਕੇ ਉਸ ਦੀ ਖਿੱਚ-ਧੂਹ ਸ਼ੁਰੂ ਕਰ ਦਿੱਤੀ ਜਾਂਦੀ ਹੈ। ਭਾਰਤ ਭਰ ਵਿੱਚ ਹਿੰਦੂਤਵੀਆਂ ਨੇ ਸਹਿਮ ਦਾ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਹੈ ਜਿਵੇਂ ਕਿ ਨਾਜ਼ੀਆਂ ਨੇ 1930ਵਿਆਂ ਵਿੱਚ ਜਰਮਨੀ ਨੂੰ ਬਣਾਇਆ ਹੋਇਆ ਸੀ।

          ਨਿਰਪੱਖ ਅੱਖ ਨਾਲ ਵੇਖਦਿਆਂ ਸਪੱਸ਼ਟ ਹੁੰਦਾ ਹੈ ਕਿ ਇਹ ਕਾਰਾ ਅਜੀਤ ਡੋਵਲ ਦੀਆਂ ਖੁਫੀਆ ਏਜੰਸੀਆਂ ਦੀ ਕਰਤੂਤ ਹੀ ਹੈ, ਜਿਵੇਂ ਕਿ 20 ਮਾਰਚ, 2000 ਨੂੰ ਅਮਰੀਕੀ ਪ੍ਰਧਾਨ ਕਲਿੰਟਨ ਦੀ ਭਾਰਤ ਫੇਰੀ ਵੇਲੇ, ਕਸ਼ਮੀਰ ਵਾਦੀ ਵਿੱਚ ਕੀਤਾ ਗਿਆ 35 ਸਿੱਖਾਂ ਦਾ ਕਤਲੇਆਮ ਸੀ। ਉਦੋਂ ਵਾਜਪਾਈ ਦੀ ਸਰਕਾਰ ਸੀ ਅਤੇ ਸਿੱਖ ਕਤਲੇਆਮ ਨੂੰ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਖਾਤੇ ਵਿੱਚ ਪਾਇਆ ਗਿਆ ਸੀ। ਹੁਣ ਇਸ ਨਿੰਦਣਯੋਗ ਕਾਰੇ ਨੂੰ ਜੈਸ਼-ਏ-ਮੁਹੰਮਦ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ।

           ਸਾਊਥ ਏਸ਼ੀਆ ਦੀ ਸਥਿਤੀ ਨੂੰ ਸਮਝਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਆਰ. ਐਸ. ਐਸ. ਨੇ ਇਸ ਵਾਰਦਾਤ ਨਾਲ, 2019 ਦੀਆਂ ਚੋਣਾਂ ਜਿੱਤਣ ਦਾ ਰਾਹ ਪੱਧਰਾ ਕਰ ਲਿਆ ਹੈ। ਅਮਰੀਕਨ ਖੁਫੀਆ ਏਜੰਸੀ ਦੇ ਮੁਖੀ ਨੇ ਸੈਨੇਟ-ਕਮੇਟੀ ਦੀ ਸੁਣਵਾਈ ਦੌਰਾਨ, ਭਾਰਤ ਬਾਰੇ ਬੋਲਦਿਆਂ ਕਿਹਾ ਸੀ ਕਿ ਭਾਰਤ ਵਿੱਚ 2019 ਦੀਆਂ ਚੋਣਾਂ ਤੋਂ ਪਹਿਲਾਂ ਫਿਰਕੂ-ਫਸਾਦ ਹੋ ਸਕਦੇ ਹਨ। ਇਹ ਘਟਨਾ, ਉਸ ਦਿਸ਼ਾ ਵਲ ਸੇਧਤ, ਵੱਡੀ ਪੁਲਾਂਘ ਹੈ। ਸਿੱਖਾਂ ਲਈ 'ਕਰਤਾਰਪੁਰ ਲਾਂਘਾ' ਇੱਕ ਬੜੀ ਅਹਿਮੀਅਤ ਵਾਲਾ ਵਾਕਿਆ ਸੀ। ਹੁਣ ਮੋਦੀ ਸਰਕਾਰ ਜਦੋਂ ਚਾਹੇ ਇਸ ਨੂੰ ਰੱਦ ਕਰ ਸਕਦੀ ਹੈ ਅਤੇ ਭਾਰਤੀ ਨਕਸ਼ੇ ਵਿਚਲੇ ਪ੍ਰਮੁੱਖ ਸਿੱਖ ਲੀਡਰਾਂ ਅਤੇ ਸਿਆਸੀ ਪਾਰਟੀਆਂ ਵਲੋਂ ਕੋਈ ਚੂੰ-ਚਾਂ ਵੀ ਨਹੀਂ ਕੀਤੀ ਜਾਵੇਗੀ। ਗਵਾਂਢੀ ਮੁਲਕ ਪਾਕਿਸਤਾਨ ਲਈ ਇਸ ਮੁੱਦੇ ਦੀ ਆੜ ਵਿੱਚ ਚੀਨ-ਪਾਕਿਸਤਾਨ ਆਰਥਿਕ ਲਾਂਘਾ, ਪਾਕਿਸਤਾਨ ਵਿੱਚ ਪੂੰਜੀ ਨਿਵੇਸ਼ ਆਦਿ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਅਮਰੀਕਾ ਵਲੋਂ ਅਫਗਾਨਿਸਤਾਨ 'ਚੋਂ ਨਿਕਲਣ ਦਾ ਫੈਸਲਾ ਅਤੇ ਪਾਕਿਸਤਾਨ ਰਾਹੀਂ ਤਾਲਿਬਾਨ ਨਾਲ ਗੱਲਬਾਤ ਦਾ ਅਮਰੀਕੀ ਉੱਦਮ ਭਾਰਤ ਨੂੰ ਪਿੱਛੇ ਧੱਕਦਾ ਹੈ, ਸੋ ਭਾਰਤ ਵਲੋਂ ਦੁੱਧ ਵਿੱਚ ਕਾਂਜੀ ਘੋਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ, ਭਾਰਤੀ ਖੁਫੀਆ ਏਜੰਸੀ ਰਾਅ ਦੇ ਵੱਡੇ ਜਸੂਸ ਕੁਲਭੂਸ਼ਣ ਯਾਦਵ ਦੇ ਖਿਲਾਫ ਚੱਲ ਰਹੇ ਮੁਕੱਦਮੇ 'ਤੇ ਵੀ ਇਹ ਘਟਨਾ ਅਸਰਅੰਦਾਜ਼ ਹੋਵੇਗੀ। ਪਿਛਲੇ ਕੁਝ ਸਮੇਂ ਤੋਂ ਕਸ਼ਮੀਰੀਆਂ ਦੀ ਆਜ਼ਾਦੀ ਤਹਿਰੀਕ ਲਈ ਅੰਤਰਰਾਸ਼ਟਰੀ ਹਮਦਰਦੀ ਦਾ ਮਾਹੌਲ ਬਣ ਰਿਹਾ ਸੀ। ਵਰ੍ਹਾ-2018 ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਕਸ਼ਮੀਰ ਵਿੱਚ ਭਾਰਤੀ ਜ਼ੁਲਮਾਂ ਦੇ ਖਿਲਾਫ ਇੱਕ 49 ਸਫਿਆਂ ਦੀ ਰਿਪੋਰਟ ਵੀ ਜਾਰੀ ਕੀਤੀ ਹੈ। ਇਸ ਰਿਪੋਰਟ 'ਤੇ 20 ਫਰਵਰੀ ਨੂੰ ਯੂਰੋਪੀਅਨ ਪਾਰਲੀਮੈਂਟ ਦੀ ਹਿਊਮਨ ਰਾਈਟਸ ਸਬ-ਕਮੇਟੀ ਵਿੱਚ ਵਿਚਾਰ ਚਰਚਾ ਵੀ ਹੋਈ ਹੈ। ਇਸ ਵਿਚਾਰ ਚਰਚਾ ਤੋਂ 6 ਦਿਨ ਪਹਿਲਾਂ ਪੁਲਵਾਮਾ ਘਟਨਾ ਦਾ ਹੋਣਾ ਦੱਸਦਾ ਹੈ ਕਿ ਇਸਦੇ 'ਪਿੱਛੇ ਖੜ੍ਹੇ' ਖਿਡਾਰੀਆਂ ਨੇ ਇੱਕ ਤੀਰ ਨਾਲ ਇੱਕੋ ਵੇਲੇ ਕਿੰਨੇ ਨਿਸ਼ਾਨੇ ਫੁੰਡੇ ਹਨ।

           ਇਸ ਇੱਕ ਹਫਤੇ ਦੌਰਾਨ ਪਾਕਿਸਤਾਨ ਨੂੰ ਰੱਜ ਕੇ ਭੰਡਿਆ ਗਿਆ ਅਤੇ ਇੱਕ ਜੰਗੀ ਪਾਗਲਪਣ (ਵਾਰ ਹਿਸਟੀਰੀਆ) ਦਾ ਮਾਹੌਲ ਸਿਰਜਿਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨੇਕਨੀਅਤੀ ਦੀ ਵੀ ਪੂਰੀ ਬਦਖੋਈ ਕੀਤੀ ਗਈ। ਭਾਰਤੀ ਜਨਤਾ ਨੂੰ ਨਾਂਹ-ਪੱਖੀ ਭਾਵਨਾਵਾਂ ਦੀ ਹਨੇਰੀ ਰਾਹੀਂ ਯਕੀਨ ਕਰਵਾਇਆ ਗਿਆ ਕਿ ਭਾਰਤ ਜਦੋਂ ਚਾਹੇ, ਪਾਕਿਸਤਾਨ ਨੂੰ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਕਰ ਸਕਦਾ ਹੈ। ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਦੀ ਪਾਕਿਸਤਾਨ ਫੇਰੀ ਕਰਕੇ ਰੁੱਝੇ ਹੋਏ ਇਮਰਾਨ ਖਾਨ ਨੇ ਅਖੀਰ ਭਾਰਤ ਨੂੰ ਅਸਲੀਅਤ ਦਾ ਸ਼ੀਸ਼ਾ ਵਿਖਾਇਆ ਹੈ। ਲਗਭਗ 6 ਮਿੰਟ ਦੇ ਆਪਣੇ ਭਾਸ਼ਣ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੀ ਪੁਲਵਾਮਾ ਹਮਲੇ ਵਿੱਚ ਸ਼ਮੂਲੀਅਤ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਪਿਛਲੇ ਵਰ੍ਹਿਆਂ ਦੌਰਾਨ 70 ਹਜ਼ਾਰ ਲੋਕਾਂ ਦੀਆਂ ਕੁਰਬਾਨੀਆਂ ਅਤੇ 100 ਬਿਲੀਅਨ ਡਾਲਰ ਦਾ ਘਾਟਾ 'ਦਹਿਸ਼ਤਗਰਦੀ' ਦੀ ਵਜ੍ਹਾ ਕਰਕੇ ਝੱਲਿਆ ਹੈ। ਅਸੀਂ 'ਨਵਾਂ ਪਾਕਿਸਤਾਨ' ਸਿਰਜ ਰਹੇ ਹਾਂ, ਜਿਸ ਵਿੱਚ ਦਹਿਸ਼ਤਗਰਦੀ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਭਾਰਤ ਨੂੰ 'ਸਬੂਤਾਂ ਸਹਿਤ' ਗੱਲ ਕਰਨ ਲਈ ਕਿਹਾ ਹੈ, ਇਲਜ਼ਾਮਾਂ ਨਾਲ ਨਹੀਂ। ਭਾਰਤ ਦੀਆਂ ਜੰਗਬਾਜ਼ੀ ਦੀਆਂ ਧਮਕੀਆਂ ਦਾ ਪੁਖਤਾ ਜਵਾਬ ਦੇਂਦਿਆਂ ਇਮਰਾਨ ਖਾਨ ਨੇ ਕਿਹਾ, 'ਭਾਰਤ ਜੰਗ ਸ਼ੁਰੂ ਕਰ ਸਕਦਾ ਹੈ ਪਰ ਇਸ ਦਾ ਖਾਤਮਾ ਕਿਸੇ ਦੇ ਹੱਥ ਵਿੱਚ ਨਹੀਂ ਹੋਵੇਗਾ। ਇਸ ਜੰਗ ਦਾ ਮਤਲਬ ਹੋਵੇਗਾ, ਮਨੁੱਖਤਾ ਦੀ ਤਬਾਹੀ। ਇਹ ਭਾਰਤ ਨੇ ਵੇਖਣਾ ਹੈ ਕਿ ਉਹ ਕੀ ਚਾਹੁੰਦਾ ਹੈ।' ਇਮਰਾਨ ਖਾਨ ਦੀ ਇੱਕ-ਇੱਕ ਗੱਲ ਵਿੱਚੋਂ ਇਮਾਨਦਾਰੀ ਅਤੇ ਸਚਾਈ ਝਲਕਦੀ ਹੈ।

            ਭਾਰਤ ਦਾ ਮੀਡੀਆ, ਅਫਸਰਸ਼ਾਹੀ ਅਤੇ ਜੁਡੀਸ਼ੀਅਰੀ ਤਾਂ 'ਵਿਕਾਊਮਾਲ' ਹੈ ਹੀ ਪਰ ਬਾਲੀਵੁੱਡ ਦੀ ਫਿਲਮ ਇੰਡਸਟਰੀ ਵੀ ਇਸ ਪਿੜ ਵਿੱਚ ਕਿਸੇ ਤੋਂ ਪਿੱਛੇ ਨਹੀਂ ਹੈ। ਆਨਲਾਈਨ ਪੋਰਟਲ 'ਕੋਬਰਾ ਪੋਸਟ' ਨੇ ਹਾਲ ਹੀ ਵਿੱਚ ਇੱਕ ਸਟਿੰਗ ਅਪਰੇਸ਼ਨ ਕੀਤਾ ਹੈ, ਜਿਸ ਦਾ ਉਨ੍ਹਾਂ ਨਾਂ ਰੱਖਿਆ 'ਕਰੈਕੀ'। ਕੋਬਰਾ ਪੋਸਟ ਐਡੀਟਰ ਅਨੀਰੁਧ ਬਹਿਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਨੇ ਫਰਜ਼ੀ ਪਬਲਿਕ ਰਿਲੇਸ਼ਨਜ਼ ਮੈਨੇਜਰਾਂ ਰਾਹੀਂ ਅੱਡ-ਅੱਡ ਫਨਕਾਰਾਂ ਤੱਕ ਪਹੁੰਚ ਕੀਤੀ। ਇਨ੍ਹਾਂ ਕਲਾਕਾਰਾਂ ਨੂੰ ਕਿਹਾ ਗਿਆ ਕਿ ਜੇ ਉਹ 2019 ਦੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜਿਵੇਂ ਕਿ ਫੇਸਬੁੱਕ, ਟਵਿਟਰ, ਵੈਬਸਾਈਟ ਆਦਿ ਰਾਹੀਂ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣ ਵਾਲੇ ਮੈਟੀਰੀਅਲ ਦਾ ਪ੍ਰਚਾਰ-ਪ੍ਰਸਾਰ ਕਰਨ ਤਾਂ ਉਨ੍ਹਾਂ ਨੂੰ ਮੋਟੀ ਰਕਮ ਦਿੱਤੀ ਜਾਵੇਗੀ। ਕੋਬਰਾ ਪੋਸਟ ਅਨੁਸਾਰ ਬਹੁਤੇ ਕਲਾਕਾਰਾਂ ਨੇ ਬਿਨਾਂ ਅੱਖ ਝਪਕਿਆਂ ਦੋ ਲੱਖ ਰੁਪੱਈਏ ਤੋਂ ਲੈ ਕੇ 50 ਲੱਖ ਰੁਪਈਏ ਤੱਕ ਦਾ ਸੌਦਾ ਕਰ ਲਿਆ। ਬਹੁਤਿਆਂ ਨੇ ਪੈਸੇ ਨਕਦ ਮੰਗੇ ਤਾਂ ਕਿ ਇਹ ਕਿਸੇ ਕਾਗਜ਼ਾਂ-ਪੱਤਰਾਂ ਵਿੱਚ ਨਾ ਆਉਣ। ਪੈਸੇ ਲੈ ਕੇ ਵਿਕਣ ਵਾਲੇ ਇਨ੍ਹਾਂ 36 ਫਨਕਾਰਾਂ ਵਿੱਚ ਜੈਕੀ ਸ਼ਰੌਫ, ਕੈਲਾਸ਼ ਖੈਰ, ਸੋਨੂੰ ਸੂਦ, ਵਿਵੇਕ ਓਬਰਾਇ, ਸ਼ਰੀਆ ਤਾਲਪਦੇ, ਸੰਨੀ ਲਿਓਨ, ਸ਼ਕਤੀ ਕਪੂਰ, ਅਮੀਸ਼ਾ ਪਟੇਲ, ਰਾਖੀ ਸਾਵੰਤ, ਮੀਕਾ, ਟੀ. ਵੀ. ਸਟਾਰ ਪੰਕਜ ਧੀਰ, ਮਨੀਸ਼ਾ ਲਾਂਬਾ, ਮਹਿਮਾ ਚੌਧਰੀ, ਕਾਮੇਡੀਅਨ ਰਾਜਪਾਲ ਯਾਦਵ, ਰਾਜੂ ਸ੍ਰੀਵਾਸਤਵਾ ਆਦਿ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਓਹ ਵੀ ਨਾਮ ਹਨ, ਜਿਹੜੇ ਕਿ ਪਾਕਿਸਤਾਨ ਦੇ ਖਿਲਾਫ ਜੰਗ ਕਰਨ ਦੀਆਂ ਭੜਕਾਊ ਬਿਆਨਬਾਜ਼ੀਆਂ ਕਰ ਰਹੇ ਹਨ। ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਆਰ. ਐਸ. ਐਸ. ਨੇ ਪੈਸੇ ਦੇ ਜ਼ੋਰ ਅਤੇ ਡਰ ਦੇ ਹਥਿਆਰ ਨਾਲ ਭਾਰਤ ਨੂੰ ਇੱਕ ਹਿੰਦੂਤਵੀ ਗੁੰਡਾਤੰਤਰ ਬਣਾ ਧਰਿਆ ਹੈ।

            ਪਿਛਲੀ ਲਿਖਤ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹਿੰਦੂਤਵੀਆਂ ਨੇ ਜੰਮੂ ਵਿੱਚ, ਕਸ਼ਮੀਰ ਵਾਦੀ ਨਾਲ ਸਬੰਧਿਤ ਮੁਸਲਮਾਨ ਪਰਿਵਾਰਾਂ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਜਦੋਂ ਕਿ ਉਹ ਖਰਾਬ ਮੌਸਮ ਦੀ ਵਜ੍ਹਾ ਕਰਕੇ ਉੱਤੇ ਫਸੇ ਹੋਏ ਸਨ। ਸਿੱਖਾਂ ਨੇ ਨਾ ਸਿਰਫ ਉਨ੍ਹਾਂ ਨੂੰ ਗੁਰਦਵਾਰਿਆਂ ਅਤੇ ਆਪਣੇ ਘਰਾਂ ਵਿੱਚ ਪਨਾਹ ਹੀ ਦਿੱਤੀ ਬਲਕਿ ਲੰਗਰ ਅਤੇ ਦੂਸਰੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਸੁਰੱਖਿਅਤ ਕਸ਼ਮੀਰ ਵਾਦੀ ਸਥਿਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ। ਪੁਲਵਾਮਾ ਘਟਨਾ ਤੋਂ ਬਾਅਦ ਭਾਰਤ ਭਰ ਵਿੱਚ ਕਸ਼ਮੀਰੀ ਮੂਲ ਦੇ ਵਿਦਿਆਰਥੀ ਅਤੇ ਵਪਾਰੀ ਹਿੰਦੂਤਵੀ ਭੀੜਾਂ ਦੇ ਨਿਸ਼ਾਨੇ 'ਤੇ ਆਏ। ਉਤਰਾਖੰਡ, ਯੂ. ਪੀ., ਦਿੱਲੀ, ਹਰਿਆਣਾ ਆਦਿ ਸਟੇਟਾਂ ਤੋਂ ਭਜਾਏ ਗਏ ਸੈਂਕੜੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਦੇ ਸਿੱਖਾਂ ਨੇ ਆਪਣੇ ਘਰਾਂ ਅਤੇ ਗੁਰਦਵਾਰਿਆਂ ਵਿੱਚ ਸੁਰੱਖਿਅਤ ਥਾਂ ਦਿੱਤੀ, ਲੰਗਰ ਛਕਾਇਆ ਅਤੇ ਹੋਰ ਲੋੜਾਂ ਪੂਰੀਆਂ ਕੀਤੀਆਂ। ਕੁਝ ਥਾਵਾਂ 'ਤੇ ਸਿੱਖ ਨੌਜਵਾਨਾਂÎ ਨੇ ਉਨ੍ਹਾਂ ਹੋਸਟਲਾਂ ਅਤੇ ਕਾਲਜਾਂ ਦੇ ਬਾਹਰ ਪਹਿਰਾ ਦਿੱਤਾ, ਜਿੱਥੇ ਕਸ਼ਮੀਰੀ ਵਿਦਿਆਰਥੀ ਅਸੁਰੱਖਿਅਤ ਸਨ। ਕਸ਼ਮੀਰੀ ਵਿਦਿਆਰਥੀਆਂ, ਵਪਾਰੀਆਂ, ਟਰੱਕ ਡਰਾਇਵਰਾਂ ਅਤੇ ਹੋਰ ਮੁਸਾਫਰਾਂ ਨੂੰ ਵਾਦੀ ਵਿੱਚ ਸੁਰੱਖਿਅਤ ਪਹੁੰਚਣ ਤੋਂ ਬਾਅਦ, ਸਿੱਖਾਂ ਦਾ ਬਾਖੂਬੀ ਧੰਨਵਾਦ ਕੀਤਾ। ਮਹਿਬੂਬਾ ਮੁਫਤੀ, ਓਮਰ ਅਬਦੁੱਲਾ ਸਮੇਤ ਬਹੁਤ ਸਾਰੇ ਕਸ਼ਮੀਰੀ ਆਗੂਆਂ ਨੇ ਸਿੱਖਾਂ ਦੀ ਸਿਫਤ ਵਿੱਚ ਕਸੀਦੇ ਪੜ੍ਹੇ। ਆਮ ਕਸ਼ਮੀਰੀਆਂ ਨੇ ਸਿੱਖਾਂ ਦੀ ਸਰਾਹਨਾ ਕਰਦਿਆਂ ਸੈਂਕੜੇ ਪੋਸਟਾਂ ਸੋਸ਼ਲ ਮੀਡੀਆ 'ਤੇ ਪਾਈਆਂ। ਸਿੱਖਾਂ ਲਈ ਕਸ਼ਮੀਰੀ ਵਪਾਰਾਂ 'ਚ ਰਿਆਇਤ ਦੇ ਐਲਾਨ ਕਰ ਦਿੱਤੇ ਗਏ। ਸਿੱਖਾਂ ਦੀ ਬੱਲੇ-ਬੱਲੇ ਨਾ ਸਹਾਰਦਿਆਂ ਹਿੰਦੂਤਵੀਆਂ ਵਲੋਂ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਅਤੇ ਅਤੇ ਗੁਰਦਵਾਰੇ ਸਾੜਨ ਦੀ ਬੜਕ ਵੀ ਮਾਰੀ ਜਾ ਰਹੀ ਹੈ। ਤਜ਼ੀਆਕਾਰਾਂ ਵਲੋਂ ਇਸ ਸਮੁੱਚੇ ਘਟਨਾਕ੍ਰਮ ਨੂੰ ਕਸ਼ਮੀਰੀਆਂ ਦੇ ਖਿਲਾਫ 'ਮਿੰਨੀ ਨਵੰਬਰ-1984' ਦੀ ਸੰਗਿਆ ਦਿੱਤੀ ਗਈ ਹੈ।

            ਉਪਰੋਕਤ ਘਟਨਾਕ੍ਰਮ ਦੀ ਰੌਸ਼ਨੀ ਵਿੱਚ ਕੀ ਕਿਸੇ ਨੂੰ ਕੋਈ ਭੁਲੇਖਾ ਰਹਿ ਜਾਂਦਾ ਹੈ ਕਿ ਭਾਰਤ ਇੱਕ ਹਿੰਦੂਤਵੀ ਗੁੰਡਾਡੰਤਰ ਹੈ ਨਾ ਕਿ ਲੋਕਤੰਤਰ?

© 2011 | All rights reserved | Terms & Conditions