ਰੂਸ ਦੀ ਥਲ ਸੈਨਾ ਦੇ ਮੁਖੀ ਵਲੋਂ ਸ੍ਰੀ ਦਰਬਾਰ ਸਾਹਿਬ ਯਾਤਰਾ ਦੇ ਕੀ ਮਾਅਨੇ ? : Dr. Amarjit Singh washington D.C
Submitted by Administrator
Friday, 15 March, 2019- 04:16 pm
ਰੂਸ ਦੀ ਥਲ ਸੈਨਾ ਦੇ ਮੁਖੀ ਵਲੋਂ ਸ੍ਰੀ ਦਰਬਾਰ ਸਾਹਿਬ ਯਾਤਰਾ ਦੇ ਕੀ ਮਾਅਨੇ ? :  Dr. Amarjit Singh washington D.C

ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਨਾਲ ਗੱਲਬਾਤ ਦੌਰਾਨ ਭਾਰਤ ਨੇ ਰੱਖੀ ਪਾਸਪੋਰਟ ਦੀ ਸ਼ਰਤ! 

ਕਰਤਾਰਪੁਰ ਦਾ ਲਾਂਘਾ 100 ਫੀਸਦੀ ਆਈ. ਐਸ. ਆਈ. ਦਾ ਪ੍ਰਾਜੈਕਟ - ਕੈਪਟਨ ਅਮਰਿੰਦਰ! 

ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਦੀ ਮੀਟਿੰਗ ਕਵਰੇਜ ਲਈ ਪਾਕਿਸਤਾਨੀ ਪੱਤਰਕਾਰਾਂ ਨੂੰ ਵੀਜ਼ਾ ਦੇਣ ਤੋਂ ਕੀਤੀ ਨਾਂਹ! 

ਪਾਕਿਸਤਾਨ ਦੇ ਸੂਬੇ ਖੈਬਰ-ਪਖਤੂਨਖਵਾ ਵਿਚਲੇ 4 ਇਤਿਹਾਸਕ ਕਿਲ੍ਹਿਆਂ - ਬਾਲਾ ਹਿਸਾਰ, ਜਮਰੌਦ, ਸ਼ਬਕਦਾਰ ਅਤੇ ਕਿਲ੍ਹਾ ਬਾੜਾ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਹਰੀ ਸਿੰਘ ਨਲੂਆ ਦੀਆਂ ਤਸਵੀਰਾਂ ਹੋਣਗੀਆਂ ਸਥਾਪਤ! 

ਇੱਕ ਪਾਸੇ ਵਿਰਸਾ ਸੰਭਾਲਣ ਵਾਲੇ ਅਤੇ ਦੂਜੇ ਪਾਸੇ ਸਿੱਖੀ ਦਾ ਖੁਰਾ-ਖੋਜ ਮਿਟਾਉਣ ਦਾ ਏਜੰਡਾ ਲਾਗੂ ਕਰਨ ਵਾਲੇ!          ਵਾਸ਼ਿੰਗਟਨ (ਡੀ. ਸੀ.) 16 ਮਾਰਚ, 2019 - ਅਕਾਲ ਪੁਰਖ ਦੀ ਖੇਡ ਨੂੰ ਮਨੁੱਖੀ ਅੱਖ ਵੇਖਣ ਤੇ ਸਮਝਣ ਤੋਂ ਅਸਮਰੱਥ ਹੁੰਦੀ ਹੈ। ਪਿਛਲੇ ਵਰ੍ਹੇ ਦੌਰਾਨ ਸਿੱਖ ਹੋਮਲੈਂਡ ਵਿੱਚ ਵਾਪਰ ਰਹੇ ਕੁਝ ਚਮਤਕਾਰ - ਇਸ ਸੱਚ ਦੀ ਪੁਸ਼ਟੀ ਕਰਦੇ ਹਨ। 28 ਨਵੰਬਰ, 2018 ਨੂੰ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਰੱਖਿਆ ਗਿਆ ਨੀਂਹ-ਪੱਥਰ, ਨਾ-ਸਿਰਫ ਭਾਰਤ-ਪਾਕਿਸਤਾਨ ਸਬੰਧਾਂ ਲਈ ਅਹਿਮ ਸੀ ਬਲਕਿ ਇਸ ਨੇ ਸਿੱਖ ਫੈਕਟਰ ਨੂੰ ਉਸ ਖਿੱਤੇ ਵਿੱਚ ਤੀਸਰੀ ਧਿਰ ਵਜੋਂ ਸਥਾਪਤ ਕੀਤਾ ਅਤੇ ਇਸ ਕਦਮ ਨੂੰ ਫੌਰਨ ਅੰਤਰਰਾਸ਼ਟਰੀ ਮਾਨਤਾ ਵੀ ਮਿਲੀ। ਚੀਨ, ਅਮਰੀਕਾ, ਰੂਸ ਸਮੇਤ ਦੁਨੀਆਂ ਭਰ ਦੀਆਂ ਹਕੂਮਤਾਂ ਨੇ ਇਸ ਦੀ ਸ਼ਲਾਘਾ ਕੀਤੀ। 30 ਮਿਲੀਅਨ ਸਿੱਖ ਕੌਮ ਜਿੱਥੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਜੁੜੀ ਉੱਥੇ ਪਾਕਿਸਤਾਨ ਲਈ ਬੇ-ਪਨਾਹ ਮੁਹੱਬਤ ਦਾ ਵੀ ਆਪ-ਮੁਹਾਰੇ ਇਜ਼ਹਾਰ ਹੋਇਆ। ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਨੀਤੀ ਘਾੜਿਆਂ ਲਈ ਅਚਨਚੇਤ ਵਾਪਰੇ ਇਸ ਧਾਰਮਿਕ ਰੰਗ ਦੇ ਸਿਆਸੀ ਫੈਸਲੇ ਨੇ ਦੋਚਿੱਤੀ ਵਾਲੀ ਸਥਿਤੀ ਪੈਦਾ ਕਰ ਦਿੱਤੀ। ਉਨ੍ਹਾਂ ਲਈ ਇਸ ਤੋਂ ਭੱਜਣਾ ਔਖਾ ਸੀ, ਇਸ ਲਈ ਉਨ੍ਹਾਂ ਨੇ ਦੋ ਦਿਨ ਪਹਿਲਾਂ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਾਲੇ ਪਾਸੇ ਵਾਇਸ ਪ੍ਰੈਜ਼ੀਡੈਂਟ ਤੋਂ ਨੀਹ ਪੱਥਰ ਰਖਵਾ ਕੇ ਖਾਨਾ-ਪੂਰਤੀ ਕੀਤੀ। ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰਨ ਲਈ ਪਾਕਿਸਤਾਨ ਨੇ ਦਿਨ-ਰਾਤ ਕੰਮ ਅਰੰਭਿਆ ਅਤੇ ਉਸ ਪਾਸੇ 40 ਫੀਸਦੀ ਤੋਂ ਜ਼ਿਆਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। 

          ਪੁਲਵਾਮਾ, ਬਾਲਾਕੋਟ ਅਤੇ ਪਾਕਿਸਤਾਨ ਵਲੋਂ ਜਵਾਬੀ ਹਮਲੇ ਦੀ ਕਸ਼ੀਦਗੀ ਦੇ ਬਾਵਜੂਦ, ਭਾਰਤ ਵਲੋਂ 13 ਮਾਰਚ ਨੂੰ ਅਟਾਰੀ ਬਾਰਡਰ 'ਤੇ ਪਾਕਿਸਤਾਨੀ ਵਫਦ ਨਾਲ ਲਾਂਘੇ ਸਬੰਧੀ ਗੱਲਬਾਤ ਅੱਗੇ ਤੋਰਨੀ, ਇਹੀ ਦਰਸਾਉਂਦਾ ਹੈ ਕਿ ਬਾਬੇ ਨਾਨਕ ਦੇ ਕਰਤਾਰਪੁਰ ਦੀ 'ਸਪਿੱਨ' ਕਿੰਨੀ ਜ਼ੋਰਦਾਰ ਹੈ।  

          ਭਾਰਤ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਰੁਕਾਵਟਾਂ ਖੜ੍ਹੀਆਂ ਕਰਨ ਦੀ ਪ੍ਰਕ੍ਰਿਆ ਬਦਸਤੂਰ ਜਾਰੀ ਹੈ। ਦੋਹਾਂ ਦੇਸ਼ਾਂ ਦੇ ਵਫਦਾਂ ਦੀ ਦਿੱਲੀ 'ਚ ਹੋਣ ਵਾਲੀ ਮੀਟਿੰਗ ਨੂੰ ਅਖੀਰਲੇ ਵਕਤ 'ਤੇ ਰੱਦ ਕਰਕੇ ਇਸ ਨੂੰ ਅਟਾਰੀ ਵਿਖੇ ਰੱਖਿਆ ਗਿਆ। ਪਾਕਿਸਤਾਨ ਦੇ ਪੱਤਰਕਾਰਾਂ ਵਲੋਂ ਇਸ ਮੀਟਿੰਗ ਨੂੰ ਕਵਰ ਕੀਤਾ ਜਾਣਾ ਸੀ ਪਰ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਵਿਰੋਧ ਜਤਾਉਂਦਿਆਂ ਕਿਹਾ ਕਿ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਪਾਕਿਸਤਾਨ ਨੇ ਭਾਰਤ ਦੇ 30 ਪੱਤਰਕਾਰਾਂ ਨੂੰ ਇਸ ਲਈ ਵੀਜ਼ੇ ਦਿੱਤੇ ਸਨ। ਪਰ ਪਾਕਿਸਤਾਨ ਦੇ ਪ੍ਰੋਟੈਸਟ ਦਾ ਭਾਰਤ 'ਤੇ ਕੋਈ ਅਸਰ ਨਹੀਂ ਹੋਇਆ।  

          ਪਾਕਿਸਤਾਨੀ ਵਫਦ ਨਾਲ ਗੱਲਬਾਤ ਤੋਂ ਠੀਕ ਪਹਿਲਾਂ ਭਾਰਤੀ ਏਜੰਸੀਆਂ ਨੇ ਮੀਡੀਏ ਦੀ ਵਰਤੋਂ ਕਰਕੇ ਇੱਕ ਨਾਂਹ-ਪੱਖੀ ਮਾਹੌਲ ਸਿਰਜਿਆ। ਹਿੰਦੂਤਵੀ ਸ਼ੋਅ ਬਵਾਏ ਕੈਪਟਨ ਅਮਰਿੰਦਰ ਦਾ ਇੱਕ ਇੰਟਰਵਿਊ, 'ਦੀ ਹਿੰਦੁਸਤਾਨ ਟਾਈਮਜ਼' ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਉਸ ਦਾ ਕਹਿਣਾ ਸੀ, 'ਕਰਤਾਰਪੁਰ ਸਾਹਿਬ ਦਾ ਲਾਂਘਾ 100 ਫੀਸਦੀ ਆਈ. ਐਸ. ਆਈ. ਦਾ ਪ੍ਰਾਜੈਕਟ ਹੈ। ਪਾਕਿਸਤਾਨੀ ਫੌਜ ਮੁਖੀ ਜਨਰਲ ਬਾਜਵਾ 2020 ਰਾਇਸ਼ੁਮਾਰੀ ਲਈ ਸਿੱਖਾਂ ਦੀ ਹਮਦਰਦੀ ਚਾਹੁੰਦਾ ਹੈ। 2020 ਪ੍ਰਾਜੈਕਟ ਵੀ ਆਈ. ਐਸ. ਆਈ. ਦਾ ਪ੍ਰਾਜੈਕਟ ਹੈ। ਰਾਇਸ਼ੁਮਾਰੀ ਦੀਆਂ ਗੱਲਾਂ ਇਹ ਖੁਫੀਆ ਏਜੰਸੀ ਹੀ ਕਰਵਾ ਰਹੀ ਹੈ। ਪਾਕਿਸਤਾਨ ਅਸਲ ਵਿੱਚ ਨਹੀਂ ਚਾਹੁੰਦਾ ਕਿ ਕਰਤਾਰਪੁਰ ਲਾਂਘਾ ਮੁਕੰਮਲ ਹੋਵੇ।' 13 ਮਾਰਚ ਨੂੰ ਭਾਰਤੀ ਨਿਊਜ਼ ਏਜੰਸੀ ਪੀ. ਟੀ. ਆਈ. ਵਲੋਂ ਨਸ਼ਰ ਕੀਤੀ ਖਬਰ ਦਾ ਸਿਰਲੇਖ ਹੈ - 'ਭਾਰਤ ਵਲੋਂ ਪਾਕਿਸਤਾਨ ਤੋਂ ਗਰੰਟੀ ਮੰਗੀ ਜਾਵੇਗੀ ਕਿ ਉਹ ਕਰਤਾਰਪੁਰ ਜਾਣ ਵਾਲੇ ਸਿੱਖਾਂ ਨੂੰ ਖਾਲਿਸਤਾਨੀ ਪ੍ਰਾਪੇਗੰਡੇ ਤੋਂ ਬਚਾਏਗੀ।' ਇਸ ਖਬਰ ਵਿੱਚ ਪਾਕਿਸਤਾਨ ਵਿਚਲੇ ਭਾਰਤੀ ਡਿਪਲੋਮੈਟਾਂ ਨੂੰ ਨਨਕਾਣਾ ਸਾਹਿਬ ਵਿਖੇ ਸਿੱਖ ਯਾਤਰੂਆਂ ਨੂੰ ਨਾ ਮਿਲਣ ਦੇਣ ਅਤੇ ਗੁਰਦੁਆਰਿਆਂ ਵਿੱਚ ਖਾਲਿਸਤਾਨੀ ਪੋਸਟਰ ਹੋਣ 'ਤੇ ਵੀ ਵਿਰੋਧ ਜਤਾਇਆ ਗਿਆ ਹੈ।  

         ਛੇਕੜਲੀਆਂ ਮੀਡੀਆ ਖਬਰਾਂ ਅਨੁਸਾਰ ਦੋਹਾਂ ਦੇਸ਼ਾਂ ਦੇ ਵਫਦਾਂ ਦੀ ਅਟਾਰੀ ਵਿਖੇ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਨੂੰ 'ਸਦਭਾਵਨਾ ਭਰਪੂਰ ਮਾਹੌਲ' ਵਿੱਚ ਹੋਈ ਦੱਸਿਆ ਜਾ ਰਿਹਾ ਹੈ। ਅਗਲੀ ਮੀਟਿੰਗ 2 ਅਪ੍ਰੈਲ ਨੂੰ ਵਾਘਾ ਵਿਖੇ ਹੋਵੇਗੀ। ਪਾਕਿਸਤਾਨ ਨੇ ਇਸ ਯਾਤਰਾ ਨੂੰ ਵੀਜ਼ਾ-ਫਰੀ ਰੱਖਿਆ ਹੈ ਪਰ ਭਾਰਤੀ ਸਾਈਡ ਨੇ ਪਾਸਪੋਰਟ ਦੀ ਸ਼ਰਤ ਰੱਖੀ ਹੈ। ਯਾਦ ਰਹੇ ਸਿੱਖਾਂ ਵਲੋਂ ਇਹ ਮੰੰਗ ਸੀ ਕਿ ਦਰਸ਼ਨ ਲਈ ਜਾਣ ਵਾਲਿਆਂ ਕੋਲ ਸਿਰਫ ਸ਼ਨਾਖਤੀ ਕਾਰਡ ਜਾਂ ਆਧਾਰ ਕਾਰਡ ਹੋਣਾ ਜ਼ਰੂਰੀ ਬਣਾਇਆ ਜਾਏ ਨਾਕਿ ਪਾਸਪੋਰਟ! ਜੇ ਪਾਕਿਸਤਾਨ ਨੇ ਵੀਜ਼ਾ ਨਹੀਂ ਦੇਣਾ ਤਾਂ ਫਿਰ ਪਾਸਪੋਰਟ ਦੀ ਕੀ ਲੋੜ ਹੈ? ਭਾਵੇਂ ਸਿੱਖਾਂ ਨੂੰ ਖੁਸ਼ ਰੱਖਣ ਲਈ ਰੋਜ਼ਾਨਾ 5000 ਯਾਤਰੂਆਂ ਨੂੰ ਜਾਣ ਦੇਣ ਦੀ ਮੰਗ ਕੀਤੀ ਗਈ ਹੈ ਪਰ ਪਾਸਪੋਰਟ ਬਣਾਉਣਾ ਉੱਥੇ ਹਾਰੀ-ਸਾਰੀ ਦੇ ਵੱਸ ਵਿੱਚ ਨਹੀਂ ਹੈ। ਸੋ ਜ਼ਾਹਰ ਹੈ ਕਿ ਦਰਸ਼ਨਾਂ ਲਈ ਜਾਣ ਵਾਲਿਆਂ ਦੀ ਗਿਣਤੀ ਸੀਮਤ ਹੀ ਰਹਿ ਜਾਵੇਗੀ। ਦੇਖੋ ਆਗੇ ਆਗੇ ਹੋਤਾ ਹੈ ਕਿਆ! 

         ਜੂਨ-84 ਦੇ ਘੱਲੂਘਾਰੇ ਨੂੰ ਵਰਤਾਉਣ ਲਈ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਕੇ. ਜੀ. ਬੀ., ਇੰਗਲੈਂਡ ਦੀ ਖੁਫੀਆ ਏਜੰਸੀ M-੧੬, ਇਜ਼ਰਾਇਲ ਦੀ ਮੌਸਾਦ ਨੇ, ਭਾਰਤੀ ਖੁਫੀਆ ਏਜੰਸੀ ਰਾਅ ਨਾਲ ਮਿਲ ਕੇ ਅਹਿਮ ਭੂਮਿਕਾ ਅਦਾ ਕੀਤੀ ਸੀ। 'ਰੱਬ ਦੇ ਘਰ' ਹਰਿਮੰਦਰ ਸਾਹਿਬ ਅਤੇ 'ਰੱਬੀ ਤਖਤ' ਅਕਾਲ ਤਖਤ 'ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਸਿੰਘਾਂ ਨੇ ਸਿੱਧਿਆਂ ਸਜ਼ਾ-ਯਾਫਤਾ ਕੀਤਾ। ਪਰ ਇਸ ਕੁਕਰਮ ਵਿੱਚ ਸ਼ਾਮਲ ਧਿਰਾਂ ਨੂੰ ਵੀ ਸਜ਼ਾ ਮਿਲਣ ਦਾ 'ਰੱਬੀ ਇਨਸਾਫ' ਜਾਰੀ ਹੈ। 26 ਦਸੰਬਰ, 1991 ਨੂੰ ਸੁਪਰ-ਪਾਵਰ ਸੋਵੀਅਤ ਯੂਨੀਅਨ 15 ਟੁਕੜਿਆਂ ਵਿੱਚ ਵੰਡਿਆ ਗਿਆ। ਸੋਵੀਅਤ ਯੂਨੀਅਨ ਨਾਂ ਦਾ ਦੇਸ਼, ਦੁਨੀਆਂ ਦੇ ਨਕਸ਼ੇ ਤੋਂ ਹੀ ਮਿਟ ਗਿਆ। ਕਦੀ ਉਹ ਬ੍ਰਿਟਿਸ਼ ਸਲਤਨਤ, ਜਿਹਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਡੁੱਬਦਾ, ਅੱਜ ਨਾ ਸਿਰਫ ਇੱਕ 'ਥਰਡ ਰੇਟ ਪਾਵਰ' ਹੈ ਬਲਕਿ ਬਰੈਗਜ਼ਿਟ ਮਾਮਲੇ ਵਿੱਚ ਉਸ ਨੂੰ ਯੂਰਪ ਦੇ ਦੂਸਰੇ ਦੇਸ਼ ਵੀ ਥੂ-ਥੂ ਕਰ ਰਹੇ ਹਨ ਅਤੇ ਉਸਦੀ ਜੱਗ-ਹਸਾਈ ਹੋ ਰਹੀ ਹੈ।  

         13 ਮਾਰਚ ਨੂੰ ਜਦੋਂ ਅਟਾਰੀ ਵਿਖੇ ਭਾਰਤ-ਪਾਕਿਸਤਾਨ ਦੇ ਵਫਦਾਂ ਵਿੱਚ ਕਰਤਾਰਪੁਰ ਲਾਂਘੇ ਸਬੰਧੀ ਮੁਲਾਕਾਤ ਹੋ ਰਹੀ ਸੀ, ਠੀਕ ਉਸ ਵੇਲੇ ਰੂਸ ਦੀ ਥਲ ਸੈਨਾ ਦੇ ਮੁਖੀ ਕਰਨਲ-ਜਰਨਲ ਅੋਲੈਗ ਸੈਲਿਊਕਵ, ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਸਨ। ਲਗਭਗ 35 ਵਰ੍ਹੇ ਪਹਿਲਾਂ ਜਿਸ ਅਸਥਾਨ ਨੂੰ ਤਬਾਹ ਕਰਨ ਲਈ ਕੇ. ਜੀ. ਬੀ. ਭਾਰਤੀ ਖੁਫੀਆ ਏਜੰਸੀਆਂ ਨਾਲ ਬਗਲਗੀਰ ਸੀ- ਅੱਜ ਰੂਸ ਦੇ ਮੁਖੀ ਦੀ ਕੀ ਮਜ਼ਬੂਰੀ ਉਸ ਨੂੰ ਇੱਥੇ ਸਿਰ ਝੁਕਾਉਣ 'ਤੇ ਮਜ਼ਬੂਰ ਕਰ ਰਹੀ ਹੈ? ਕੀ ਇਹ ਰੂਸ ਦੇ ਪ੍ਰਧਾਨ ਪੂਤਿਨ ਵਲੋਂ ਆਦੇਸ਼ਾਂ ਅਨੁਸਾਰ ਗੁਰੂ ਤੋਂ ਮੰਗਿਆ ਮਾਫੀਨਾਮਾ ਤਾਂ ਨਹੀਂ? ਸਿਆਸੀ ਅੰਦਾਜ਼ ਵਿੱਚ ਵੇਖਿਆ ਜਾਏ ਤਾਂ ਰੂਸ ਦੀਆਂ ਭਾਰਤ ਤੋਂ ਦੂਰੀਆਂ ਵਧ ਰਹੀਆਂ ਹਨ ਅਤੇ ਉਹ ਚੀਨ ਤੇ ਪਾਕਿਸਤਾਨ ਦੇ ਕਰੀਬ ਆ ਰਿਹਾ ਹੈ। ਰੂਸ ਦੇ ਫੌਜੀ ਮੁਖੀ ਦੀ ਦਰਬਾਰ ਸਾਹਿਬ ਯਾਤਰਾ ਜਿੱਥੇ ਸਾਊਥ ਏਸ਼ੀਆ ਵਿੱਚ ਸਿੱਖ ਫੈਕਟਰ ਨੂੰ ਅਹਿਮੀਅਤ ਦੇਣਾ ਹੈ, ਉੱਥੇ ਲੁਕਵੇਂ ਅੰਦਾਜ਼ ਵਿੱਚ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਾ ਵੀ ਹੈ। ਚੀਨ ਦੇ ਭਾਰਤ ਵਿੱਚ ਅੰਬੈਸਡਰ ਨੇ, ਪਿਛਲੇ ਵਰ੍ਹੇ ਦਰਬਾਰ ਸਾਹਿਬ ਦੀ ਯਾਤਰਾ ਕਰਕੇ ਇਹੋ ਜਿਹੇ ਪ੍ਰਭਾਵ ਹੀ ਛੱਡੇ ਸਨ। ਕੀ ਗੁਰੂ ਦੀ ਪ੍ਰਤੱਖ ਕਲਾ ਨਹੀਂ ਵਾਪਰ ਰਹੀ?  

        ਮੀਡੀਆ ਰਿਪੋਰਟਾਂ ਅਨੁਸਾਰ, ਪਿਸ਼ਾਵਰ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਯਤਨਾਂ ਸਦਕਾ, ਖੈਬਰ-ਪਖਤੂਨਖਵਾ ਵਿੱਚ ਸਥਿਤ ਚਾਰ ਪ੍ਰਮੁੱਖ ਕਿਲ੍ਹਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਹਰੀ ਸਿੰਘ ਨਲੂਆ ਦੀਆਂ ਤਸਵੀਰਾਂ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਇਨ੍ਹਾਂ ਕਿਲ੍ਹਿਆਂ ਵਿੱਚ ਬਾਲਾ ਹਿਸਾਰ, ਜਮਰੌਦ, ਸ਼ਬਕਦਰ ਅਤੇ ਕਿਲ੍ਹਾ ਬਾੜਾ ਸ਼ਾਮਲ ਹਨ। ਯਾਦ ਰਹੇ ਸਿੱਖ ਰਾਜ ਦੌਰਾਨ ਇਨ੍ਹਾਂ ਕਿਲ੍ਹਿਆਂ ਦੀ ਤਾਮੀਰ-ਮੁਰੰਮਤ ਜਨਰਲ ਹਰੀ ਸਿੰਘ ਨਲੂਏ ਵਲੋਂ ਕਰਵਾਈ ਗਈ ਸੀ। ਹੁਣ ਇਨ੍ਹਾਂ ਕਿਲ੍ਹਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਪਾਕਿਸਤਾਨੀ ਫੌਜ ਕੋਲ ਹੈ। 27 ਜੂਨ ਨੂੰ ਕਿਲ੍ਹਾ ਬਾਲਾ ਹਿਸਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੀ ਧਾਰਮਿਕ ਦੀਵਾਨ ਸਜਾ ਕੇ ਮਨਾਈ ਜਾਵੇਗੀ, ਜਿਸ ਦੀ ਮਨਜ਼ੂਰੀ ਆਈ. ਜੀ. ਫਰੰਟੀਅਰ ਕੋਰਪਸ ਵਲੋਂ ਦਿੱਤੀ ਗਈ ਹੈ। ਇਹ ਕਿਲ੍ਹੇ ਆਮ ਲੋਕਾਂ ਲਈ ਦੋ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਖੋਲ੍ਹੇ ਜਾਂਦੇ ਹਨ। ਮਹਾਰਾਜਾ ਰਣਜੀਤ ਸਿੰਘ ਤੇ ਜਨਰਲ ਹਰੀ ਸਿੰਘ ਨਲੂਆ ਦੀਆਂ ਤਸਵੀਰਾਂ ਪੱਕੇ ਤੌਰ 'ਤੇ ਕਿਲ੍ਹਿਆਂ ਵਿੱਚ ਸਥਾਪਤ ਰਹਿਣਗੀਆਂ।  

         ਇਹ ਸਿੱਖ ਕੌਮ ਨੇ ਵੇਖਣਾ ਹੈ ਕਿ ਮੌਜੂਦਾ ਸਥਿਤੀਆਂ ਵਿੱਚ ਸਾਡਾ ਹਮਦਰਦ ਦੋਸਤ ਕੌਣ ਹੈ? ਸਾਡਾ ਵਿਰਸਾ ਸੰਭਾਲਣ ਵਾਲੇ ਜਾਂ ਸਾਡਾ ਖੁਰਾ ਖੋਜ ਮਿਟਾਉਣ ਦਾ ਏਜੰਡਾ ਲਾਗੂ ਕਰਨ ਵਾਲੇ?  

© 2011 | All rights reserved | Terms & Conditions