ਮੋਦੀ ਵਲੋਂ ਭਾਰਤ ਦੇ ਸਪੇਸ-ਪਾਵਰ ਬਣਨ ਦੀ ਨੌਟੰਕੀ : Dr. Amarjit Singh washington D.C
Submitted by Administrator
Saturday, 30 March, 2019- 06:31 am
ਮੋਦੀ ਵਲੋਂ ਭਾਰਤ ਦੇ ਸਪੇਸ-ਪਾਵਰ ਬਣਨ ਦੀ ਨੌਟੰਕੀ  :  Dr. Amarjit Singh washington D.C


          'ਨੌਟੰਕੀ ਮਾਸਟਰ' ਨਰਿੰਦਰ ਮੋਦੀ ਭਾਰਤ ਦੀਆਂ ਪਾਰਲੀਮਾਨੀ ਚੋਣਾਂ ਜਿੱਤਣ ਲਈ ਇੱਕ ਤੋਂ ਬਾਅਦ ਇੱਕ ਕਬੂਤਰ ਆਪਣੀ ਟੋਕਰੀ ਹੇਠੋਂ ਕੱਢ ਕੇ ਦਰਸ਼ਕਾਂ ਦਾ ਦਿਲ ਬਹਿਲਾ ਰਿਹਾ ਹੈ। ਪੁਲਵਾਮਾ ਹਮਲੇ ਦੀ ਆੜ ਵਿੱਚ ਪਾਕਿਸਤਾਨ ਵਿੱਚ ਬਾਲਾਕੋਟ ਹਮਲੇ ਦੀ ਹਕੀਕਤ ਜੱਗ-ਜ਼ਾਹਰ ਹੋਣ 'ਤੇ ਵੀ ਮੋਦੀ ਨੇ ਝੂਠ ਦਾ ਪੱਲਾ ਨਹੀਂ ਛੱਡਿਆ ਅਤੇ ਡੰਕੇ ਦੀ ਚੋਟ 'ਤੇ ਆਪਣੀ ਬਹਾਦਰੀ ਅਤੇ ਹੌਂਸਲੇ ਦਾ ਗੁਣ-ਗਾਇਨ ਕਰਦਾ ਰਿਹਾ। ਪਾਕਿਸਤਾਨ ਵਲੋਂ ਭਾਰਤੀ ਪਾਇਲਟ ਅਭਿਨੰਦਨ ਨੂੰ ਤਿੰਨ ਦਿਨ ਦੇ ਵਿੱਚ-ਵਿੱਚ ਰਿਹਾਅ ਕਰਨ ਦੀ ਸਦਭਾਵਨਾ ਨੂੰ ਵੀ ਮੋਦੀ ਨੇ ਬੜੀ ਬੇਸ਼ਰਮੀ ਨਾਲ ਆਪਣੀ ਬਹਾਦਰੀ ਦੱਸਦਿਆਂ, ਅਭਿਨੰਦਨ ਨੂੰ ਵੀ ਇੱਕ 'ਝੂਠਾ ਹੀਰੋ' ਬਣਾ ਧਰਿਆ। ਪਰ ਬੀਜੇਪੀ ਦੇ ਨਾਗਪੁਰ-ਆਕਾਵਾਂ ਨੂੰ ਇਹ ਲੱਗਾ ਕਿ ਇਸ ਤਰ੍ਹਾਂ ਚੋਣਾਂ ਜਿੱਤੀਆਂ ਨਹੀਂ ਜਾਣੀਆਂ, ਇਸ ਲਈ ਉਨ੍ਹਾਂ ਨੇ ਮੋਦੀ ਨੂੰ ਕੋਈ ਹੋਰ ਕਰਤੱਬ ਵਿਖਾਉਣ ਲਈ ਕਿਹਾ। ਮੋਦੀ ਨੇ ਆਪਣੇ ਮਾਲਕਾਂ ਦਾ ਹੁਕਮ ਵਜਾਉਂਦਿਆਂ, ਧਰਤੀ ਅਤੇ ਪਾਣੀ ਤੋਂ ਉੱਪਰ ਪੁਲਾੜ ਵਿੱਚ ਜਾ ਕੇ 'ਭਾਰਤ ਮਾਤਾ ਕੀ ਜੈ' ਦੇ ਨਾਹਰੇ ਗੁੰਜਾ ਦਿੱਤੇ! ਹੋ ਸਕਦਾ ਹੈ ਕਿ ਚੋਣਾਂ ਤੋਂ ਪਹਿਲਾਂ ਮੋਦੀ ਆਪਣੇ ਅਖੀਰਲੇ ਹਥਿਆਰ ਵਜੋਂ ਇਹ ਐਲਾਨ ਕਰ ਦੇਵੇ ਕਿ ਬਹੁਤ ਜਲਦੀ ਪੁਲਾੜ ਵਿੱਚ 'ਰਾਮ-ਮੰਦਰ' ਦਾ ਨਿਰਮਾਣ ਕੀਤਾ ਜਾਵੇਗਾ। ਜੈ ਬੋਲੋ ਬੇਈਮਾਨ ਕੀ! ਜੈ ਬੋਲੋ! 

          27 ਮਾਰਚ ਨੂੰ ਭਾਰਤ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਬਹੁਤ ਜਲਦੀ ਨਰਿੰਦਰ ਮੋਦੀ ਦੇਸ਼ ਦੇ ਨਾਂ ਸੁਨੇਹਾ ਦੇਣਗੇ। ਸੋਸ਼ਲ ਮੀਡੀਆ ਅਤੇ ਹੋਰ ਗੰਭੀਰ ਹਲਕਿਆਂ ਵਿੱਚ ਇਹ ਫਿਕਰ ਦਾ ਇਜ਼ਹਾਰ ਹੋਇਆ ਕਿ ਕਿਤੇ ਮੋਦੀ-ਐਮਰਜੈਂਸੀ ਲਾਉਣ ਤਾਂ ਨਹੀਂ ਜਾ ਰਿਹਾ। ਜਦੋਂ ਮੋਦੀ ਨਾਟਕੀ ਅੰਦਾਜ਼ ਵਿੱਚ ਟੀ. ਵੀ. ਸਕਰੀਨ 'ਤੇ ਆਇਆ ਤਾਂ ਬਹੁਤਿਆਂ ਦੇ ਮੂੰਹੋਂ 'ਖੋਦਿਆ ਪਹਾੜ ਤੇ ਨਿੱਕਲਿਆ ਚੂਹਾ' ਅਖਾਣ ਨਿੱਕਲਿਆ। ਮੋਦੀ ਨੇ ਬੜਾ ਗੱਜ-ਵੱਜ ਕੇ ਐਲਾਨ ਕੀਤਾ ਕਿ ਭਾਰਤ ਹੁਣ ਪੁਲਾੜ ਵਿੱਚ ਚੌਥੀ ਵੱਡੀ ਸੁਪਰ-ਪਾਵਰ ਬਣ ਗਿਆ ਹੈ। ਮੋਦੀ ਅਨੁਸਾਰ ਅਮਰੀਕਾ, ਰੂਸ ਤੇ ਚੀਨ ਪਹਿਲਾਂ ਹੀ ਪੁਲਾੜ ਵਿੱਚ ਸੈਟੇਲਾਈਟ ਨੂੰ ਮਾਰ ਗਿਰਾਉਣ ਦੀ ਸਲਾਹੁਤਾ ਰੱਖਦੇ ਸਨ, ਹੁਣ ਭਾਰਤ ਨੇ ਵੀ 300 ਕਿਲੋਮੀਟਰ ਦੀ ਉਚਾਈ ਉੱਤੇ 2-3 ਮਿੰਟ ਵਿੱਚ ਸੈਟੇਲਾਈਟ ਨੂੰ ਡੇਗਣ ਦੀ ਮੁਹਾਰਤ ਹਾਸਲ ਕਰ ਲਈ ਹੈ! ਭਾਰਤ ਮਾਤਾ ਕੀ ਜੈ ਹੋ!! 

          ਹਾਲਾਂਕਿ ਦੁਨੀਆਂ ਦੀ ਕਿਸੇ ਵੀ ਵਿਗਿਆਨਕ ਸੰਸਥਾ ਜਾਂ ਸਰਕਾਰ ਵਲੋਂ ਭਾਰਤ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ। ਅਮਰੀਕਾ ਦੇ ਸਟੇਟ ਵਿਭਾਗ ਵਲੋਂ ਪੱਤਰਕਾਰ ਵਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ 'ਪੁਲਾੜੀ ਕਚਰਾ' ਨਾ ਫੈਲਾਉਣ ਦੀ ਟਿੱਪਣੀ ਕੀਤੀ ਗਈ ਪਰ ਇਸ ਦਾਅਵੇ ਲਈ ਭਾਰਤੀ ਪ੍ਰਧਾਨ ਮੰਤਰੀ ਦੇ ਬਿਆਨ ਦਾ ਹੀ ਹਵਾਲਾ ਦਿੱਤਾ ਗਿਆ। ਇਸ ਸਬੰਧੀ ਪਾਕਿਸਤਾਨ ਦੇ ਬੁਲਾਰੇ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ, 'ਪਾਕਿਸਤਾਨ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਦੇ ਸਖਤ ਖਿਲਾਫ ਹੈ। ਪੁਲਾੜ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ ਅਤੇ ਹਰੇਕ ਦੇਸ਼ ਦੀ ਇਹ ਜ਼ਿੰਮੇਵਾਰੀ ਹੈ ਕਿ ਪੁਲਾੜ ਦੇ ਫੌਜੀਕਰਣ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਰਗਰਮੀਆਂ ਤੋਂ ਬਚੇ। ਪਾਕਿਸਤਾਨ ਦਾ ਮੰਨਣਾ ਹੈ ਕਿ ਪੁਲਾੜ ਬਾਰੇ ਵਰਤਮਾਨ ਕੌਮਾਂਤਰੀ ਕਾਨੂੰਨਾਂ ਦੇ ਖੱਪਿਆਂ ਨੂੰ ਭਾਰਤ ਦੀ ਜ਼ਰੂਰਤ ਹੈ ਤਾਂ ਜੋ ਕੋਈ ਵੀ ਦੇਸ਼ ਪੁਲਾੜ ਤਕਨੀਕ ਦੀ ਸਮਾਜਿਕ, ਆਰਥਿਕ ਵਿਕਾਸ ਦੀਆਂ ਸ਼ਾਂਤਮਈ ਸਰਗਰਮੀਆਂ ਲਈ ਖਤਰਾ ਨਾ ਬਣੇ।' ਅਸੀਂ ਪਾਕਿਸਤਾਨ ਵਲੋਂ ਲਏੇ ਗਏ ਸਟੈਂਡ ਦੀ ਭਰਪੂਰ ਸ਼ਲਾਘਾ ਕਰਦੇ ਹਾਂ। 

          ਇੱਕ ਪਾਸੇ ਇਸ ਧਰਤੀ ਤੇ ਵਾਤਾਵਰਣ ਸਬੰਧੀ ਪ੍ਰਦੂਸ਼ਣ ਨੂੰ ਲੈ ਕੇ ਭਾਰੀ ਫਿਕਰਮੰਦੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਧਰਤੀ, ਪਾਣੀ, ਹਵਾ ਦੇ ਪ੍ਰਦੂਸ਼ਿਤ ਹੋਣ ਦਾ ਕਾਰਣ 'ਓਜ਼ੋਨ ਪ੍ਰਭਾਵ' ਦੱਸਿਆ ਜੰਦਾ ਹੈ। ਮੌਸਮ ਬਦਲ ਰਹੇ ਹਨ। ਵੱਡੇ-ਵੱਡੇ ਪਹਾੜਾਂ ਦੇ ਤੋਦੇ ਯਾਨੀ ਗਲੇਸ਼ੀਅਰ ਪਿਘਲ ਰਹੇ ਹਨ। ਨਤੀਜੇ ਵਜੋਂ ਕਿਤੇ ਹੜ੍ਹ ਅਤੇ ਕਿਤੇ ਸੋਕਾ ਆਮ ਜਿਹੀਆਂ ਸਮੱਸਿਆਵਾਂ ਬਣਦੇ ਜਾ ਰਹੇ ਹਨ। ਵਾਤਾਵਰਣ ਪ੍ਰੇਮੀਆਂ ਵਲੋਂ ਦੁਨੀਆਂ ਭਰ ਵਿੱਚ ਇਸ ਸਬੰਧੀ ਜ਼ੋਰਦਾਰ ਲਾਬਿੰਗ ਕੀਤੀ ਜਾਂਦੀ ਹੈ। ਸਿਆਸੀ ਤੌਰ 'ਤੇ 'ਗਰੀਨ ਪਾਰਟੀ' ਦਾ ਵਜੂਦ ਹੈ ਅਤੇ ਦਰਜਨਾਂ ਐਨ. ਜੀ. ਓ'ਜ਼ ਇਸ ਸਬੰਧੀ ਦੁਨੀਆਂ ਭਰ ਵਿੱਚ ਜਾਗੂਰਕਤਾ ਫੈਲਾਅ ਰਹੀਆਂ ਹਨ। ਜਿਸ ਭਾਰਤ ਦੇਸ਼ ਵਿੱਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 7 ਦੇਸ਼ ਹੋਣ, ਉਸ ਨੂੰ ਪੁਲਾੜ ਵਿੱਚ ਕਚਰਾ ਖਿਲਾਰਨ ਦਾ ਹੱਕ ਕਿਸ ਨੇ ਦਿੱਤਾ ਹੈ? ਪੁਲਾੜ ਵਿੱਚ ਕਚਰਾ ਖਿਲਾਰਨ ਦੇ ਦੋਸ਼ ਤੋਂ ਬਚਣ ਲਈ ਭਾਰਤ ਵਲੋਂ ਦਾਅਵਾ ਕੀਤਾ ਗਿਆ ਹੈ ਕਿ 'ਕੂੜਾ ਫੈਲਣੋਂ ਰੋਕਣ ਲਈ ਹੇਠਲੇ ਵਾਯੂਮੰਡਲ ਵਿੱਚ ਇਹ ਪ੍ਰੀਖਣ ਕੀਤਾ ਗਿਆ ਹੈ। ਜੋ ਵੀ ਕੂੜਾ ਪੈਦਾ ਹੋਇਆ ਹੈ, ਉਹ ਕੁਝ ਹਫਤਿਆਂ ਵਿੱਚ ਵਾਪਸ ਧਰਤੀ 'ਤੇ ਆ ਜਾਵੇਗਾ।' ਇਸ ਦਾ ਮਤਲਬ ਇਹ ਹੈ ਕਿ ਭਾਰਤ ਵਲੋਂ ਧਰਤੀ ਨੂੰ ਹੋਰ ਪ੍ਰਦੂਸ਼ਿਤ ਕਰਨ ਲਈ ਪੂਰਾ ਜੀਅ-ਜਾਨ ਨਾਲ ਯਤਨ ਕੀਤੇ ਜਾ ਰਹੇ ਹਨ। ਇਹ ਇਸ ਦੇ ਬਾਵਜੂਦ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਸ਼ਿਕਾਰ ਕਈ ਦੇਸ਼ਾਂ ਦੇ ਨੁਮਾਇੰਦਿਆਂ ਵਲੋਂ ਉਥੋਂ ਅੰਬੈਸੀਆਂ ਸ਼ਿਫਟ ਕਰਨ ਦੀ ਇੱਛਾ ਜਤਾਈ ਜਾ ਰਹੀ ਹੈ।  

          ਹੁਣ ਮੋਦੀ ਦੇ ਇਸ ਦਾਅਵੇ ਨੂੰ ਪਰਖਦੇ ਹਾਂ ਕਿ 'ਭਾਰਤ, ਪੁਲਾੜ ਦੀ ਇੱਕ ਸੁਪਰ ਪਾਵਰ ਬਣ ਗਿਆ ਹੈ?' ਬੀ. ਬੀ. ਸੀ. ਦੇ ਵਿਗਿਆਨ ਪੱਤਰਕਾਰ ਪੱਲਵ ਬਾਗਲਾ ਦਾ ਕਹਿਣਾ ਹੈ ਕਿ - 'ਭਾਰਤ ਵਲੋਂ ਪਹਿਲਾਂ ਤੋਂ ਲਾਂਚ ਕੀਤੀ ਗਈ ਸੈਟੇਲਾਈਟ ਦੇ ਖਿਲਾਫ ਕੋਈ ਤਜਰਬਾ ਕੀਤਾ ਗਿਆ ਹੈ। ਇਸ ਦੀ ਕਿਸੇ ਪਾਸਿਓਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।' ਸੋ ਜ਼ਾਹਰ ਹੈ ਕਿ ਇਹ ਸਿਰਫ ਮੋਦੀ ਦੀ ਇੱਕ ਜੁਮਲੇਬਾਜ਼ੀ ਹੋ ਸਕਦੀ ਹੈ। ਪੱਲਵ ਬਾਗਲਾ ਦਾ ਅੱਗੋਂ ਕਹਿਣਾ ਹੈ ਕਿ, 'ਹੁਣ ਤੱਕ ਕੋਈ ਵੀ ਉਦਾਹਰਣ ਸਾਹਮਣੇ ਹੀਂ ਹੈ ਕਿ ਕਿਸੇ ਦੇਸ਼ ਨੇ ਇਸ ਤਕਨੀਕ ਦਾ ਇਸਤੇਮਾਲ ਜੰਗ ਦੇ ਸਮੇਂ ਕੀਤਾ ਹੋਵੇ।'  

          ਹੁਣ ਵੇਖਣਾ ਇਹ ਹੈ ਕਿ ਕੀ ਇਸ ਅਖੌਤੀ ਪ੍ਰਾਪਤੀ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ? ਹਕੀਕਤ ਇਹ ਹੈ ਕਿ ਸਾਲ-2012 ਵਿੱਚ ਡੀ. ਆਰ. ਡੀ. ਓ. ਦੇ ਮੁਖੀ ਵਿਗਿਆਨੀ ਡਾ. ਵਿਜੇ ਕੁਮਾਰ ਸਾਰਸਵਤ ਨੇ 'ਇੰਡੀਆ ਟੂਡੇ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, 'ਭਾਰਤ, ਸੈਟੇਲਾਈਟਾਂ ਨੂੰ ਤਬਾਹ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਅਜਿਹੀਆਂ ਮਿਜ਼ਾਇਲਾਂ ਬਣਾਉਣ ਲਈ ਸਾਰੀਆਂ ਚੀਜ਼ਾਂ ਪੁਲਾੜ ਵਿੱਚ ਹੀ ਹਨ ਅਤੇ ਲੋੜੀਂਦੀ ਫਾਈਨ ਟਿਊਨਿੰਗ ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਕਰ ਲਈ ਜਾਵੇਗੀ। ਅਸੀਂ ਪੁਲਾੜ ਵਿੱਚ ਕੂੜਾ ਫੈਲਣ ਤੋਂ ਰੋਕਣ ਲਈ ਅਜਿਹਾ ਕੋਈ ਟੈਸਟ ਨਹੀਂ ਕਰਾਂਗੇ।' 

          ਪਾਠਕਜਨ! ਜ਼ਾਹਰ ਹੈ ਕਿ ਮੋਦੀ ਸਰਕਾਰ ਨੇ ਕੱਦੂ ਵਿੱਚ ਤੀਰ ਨਹੀਂ ਮਾਰਿਆ। ਆਪਣੀ ਵੱਟਸ ਐਪ ਯੂਨੀਵਰਸਿਟੀ ਦੀਆਂ ਫੇਕ-ਖਬਰਾਂ ਵਿੱਚ ਇੱਕ ਹੋਰ ਫੇਕ ਖਬਰ ਦਾ ਵਾਧਾ ਕੀਤਾ ਹੈ। - ਵੰਦੇ ਮਾਤਰਮ!! 

© 2011 | All rights reserved | Terms & Conditions