ਸਿੱਖ ਯੂਥ ਆਫ਼ ਪੰਜਾਬ ਨੇ ਜਾਰੀ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 551
Submitted by Administrator
Monday, 15 April, 2019- 03:48 am
ਸਿੱਖ ਯੂਥ ਆਫ਼ ਪੰਜਾਬ ਨੇ ਜਾਰੀ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 551

          ਸ਼੍ਰੀ ਅਨੰਦਪੁਰ ਸਾਹਿਬ:-ਦਲ ਖਾਲਸਾ ਨਾਲ ਸਬੰਧਤ ਨੌਜਵਾਨ ਸਿੱਖ ਜਥੇਬੰਦੀ ਸਿੱਖ ਯੂਥ ਆਫ਼ ਪੰਜਾਬ ਨੇ ਅੱਜ ਵਿਸਾਖੀ ਮੌਕੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਿੱਖ ਰਾਸ਼ਟਰ ਦਿਵਸ ਵਜੋਂ ਮਨਾਉਂਦੇ ਹੋਏ ਸਿੱਖ ਪ੍ਰਭੂਸੱਤਾ ਅਤੇ ਆਜ਼ਾਦੀ ਦਾ ਪ੍ਰਤੀਕ ਝੰਡਾ ਲਹਿਰਾਇਆ ਉਪਰੰਤ ਅਰਦਾਸ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੂਲ ਨਾਨਕਸ਼ਾਹੀ ਕਲੰਡਰ ਸੰਮਤ 551 ਜਿਸ ਨੂੰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ ਜਾਰੀ ਕੀਤਾ।
          2003 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀ ਪਰ 2010 ਇਸ ਦੀ ਭਾਵਨਾ ਨੂੰ ਮੁੜ ਬਿਕਰਮੀ ਕਰ ਦਿੱਤਾ। 

          ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਮੁੜ ਬਿਕਰਮੀ ਕਰਨਾ ਕਮੇਟੀ ਦਾ ਆਰ.ਐੱਸ.ਐੱਸ. ਅੱਗੇ ਝੁੱਕਣਾ ਦਰਸਾਉਂਦਾ ਹੈ।
          ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਬਾਹਰੀ ਰਾਜਨੀਤਿਕ ਦਬਾਅ ਕਬੂਲਣਾ ਬੰਦ ਕਰੇ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹਕੀਕਤ ਵਿੱਚ ਲਾਗੂ ਕਰੇ।
         ਨੌਜਵਾਨ ਸਿੱਖ ਜਥੇਬੰਦੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਜਤਨਸ਼ੀਲ ਰਹਿਣ ਦਾ ਅਹਿਦ ਕੀਤਾ।
         ਪਾਰਟੀ ਕਾਰਕੁਨਾਂ ਨੇ ਵਿਸਾਖੀ ਮੌਕੇ ਪਹੁੰਚੀਆਂ ਸੰਗਤਾਂ ਵਿੱਚ ਨਾਨਕਸ਼ਾਹੀ ਕੈਲੰਡਰ ਵੰਡਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਥਕ ਦਿਨ ਤਿਉਹਾਰ ਨਾਨਕਸ਼ਾਹੀ ਕਲੰਡਰ ਅਨੁਸਾਰ ਹੀ ਮਨਾਉਣ।
         ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਝੰਡੇ ਦੀ ਰਸਮ ਅਦਾ ਕੀਤੀ ਤਾਂ ਨੌਜਵਾਨਾਂ ਨੇ ਰਾਜ ਕਰੇਗਾ ਖ਼ਾਲਸਾ ਅਤੇ ਆਜ਼ਾਦੀ ਪਸੰਦ ਨਾਅਰਿਆਂ ਨਾਲ ਝੰਡੇ ਨੂੰ ਸਲਾਮੀ ਦਿੱਤੀ। ਰਸਮ ਅਦਾ ਕਰਨ ਤੋਂ ਬਾਅਦ ਮੰਡ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਅਤੇ ਨਿਆਰੀ ਕੌਮ ਹੈ ਜੋ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਰਾਜ ਕਰ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਰਾਜ ਕਰਨ ਦਾ ਦਾਅਵਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪੰਜਾਬ ਨੂੰ ਜਬਰਨ ਆਪਣੀ ਕਾਲੋਨੀ ਬਣਾ ਕੇ ਰੱਖਿਆ ਹੋਇਆ ਹੈ।
         ਉਹਨਾਂ ਰਿਫਰੈਂਡਮ 2020 ਦੇ ਨਾਮ ਉੱਤੇ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਹਰ ਕੌਮ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਉਨ੍ਹਾਂ ਗੱਲ ਸਾਫ਼ ਕਰਦਿਆਂ ਕਿਹਾ ਕਿ ਪੰਜਾਬ ਵਿਵਾਦ ਦਾ ਹੱਲ ਭਾਰਤੀ ਨਿਜ਼ਾਮ ਹੇਠ ਚੱਲਦੀਆਂ ਵੋਟਾਂ ਰਾਹੀਂ ਨਹੀਂ ਹੋ ਸਕਦਾ ਬਲਕਿ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਰਿਫਰੈਂਡਮ ਕਰਵਾਉਣ ਨਾਲ ਹੋ ਸਕਦਾ ਹੈ।
         ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੇ ਆਈਂ.ਜ਼ੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਲਤ ਅਤੇ ਝੂਠੇ ਪ੍ਰਾਪੇਗੰਡੇ ਦੇ ਪ੍ਰਚਾਰ ਕਾਰਨ ਚੁੱਕਿਆ ਹੋਇਆ ਕਦਮ ਦੱਸਦਿਆਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਅਤੇ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਜਾਰੀ ਰੱਖਣ ਦੀ ਜ਼ਿੰਮੇਵਾਰੀ ਮੁੜ ਸੌਂਪਣੀ ਚਾਹੀਦੀ ਹੈ।
         ਪਾਰਟੀ ਸਕੱਤਰ ਗੁਰਨਾਮ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਅੰਦਰ ਫੈਲੇ ਡੇਰਾਵਾਦ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਡੇਰੇ ਚੁੱਪ-ਚਾਪ ਅਤੇ ਯੋਜਨਾਬੰਦ ਤਰੀਕੇ ਨਾਲ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੀ ਪਾਰਟੀ ਮੀਤ-ਪ੍ਰਧਾਨ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਕਾਹਨੂੰਵਾਨ ਸਾਹਿਬ ਵਿਖੇ ਵੀ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ ਗਿਆ ਹੈ।
         ਨੌਜਵਾਨ ਸਿੱਖ ਜਥੇਬੰਦੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਆਪਣੇ ਅੰਦਰ ਰਾਜਨੀਤਿਕ ਅਤੇ ਸਮਾਜਿਕ ਸਮਝ ਨੂੰ ਵਧਾਉਣ।

© 2011 | All rights reserved | Terms & Conditions