ਅੱਜ ਕਨੇਡੀਅਨ ਪਾਰਲੀਮੈਂਟ ਹਿੱਲ ਔਟਵਾ ਦੇ ਵਿਹੜੇ ਵਿੱਚ ਕੇਸਰੀ ਨਿਸ਼ਾਨ ਲਹਿਰਾਈਆਂ ਗਿਆ।
Submitted by Administrator
Monday, 15 April, 2019- 04:23 am
ਅੱਜ ਕਨੇਡੀਅਨ ਪਾਰਲੀਮੈਂਟ ਹਿੱਲ ਔਟਵਾ ਦੇ ਵਿਹੜੇ ਵਿੱਚ ਕੇਸਰੀ ਨਿਸ਼ਾਨ ਲਹਿਰਾਈਆਂ ਗਿਆ।

          ਕੈਨੇਡਾ ਸਰਕਾਰ ਨੂੰ ਬਾਹਰੀ ਪ੍ਰਭਾਵ ਤੋਂ ਮੁਕਤ ਹੋ ਕੇ ਕਨੇਡੀਅਨ ਸਿੱਖਾਂ ਨੂੰ ਬਦਨਾਮ ਕਰਨ ਦੀ ਕਵਾਇਦਾ ਨੂੰ ਤਿਆਗੇ, ਨਹੀਂ ਤਾਂ ਸਿੱਖ ਭਾਈਚਾਰਾ ਅਤੇ ਲਿਬਰਲ ਪਾਰਟੀ ਦਾ 125 ਸਾਲ ਪੁਰਾਣਾ ਰਿਸ਼ਤਾ ਤਹਿਸ ਨਹਿਸ਼ ਹੋ ਸਕਦਾ ਹੈ।


         ਔਟਵਾ , ਮਨਵੀਰ ਸਿੰਘ : ਸਿੱਖ ਹੈਰੀਟੇਜ ਮੰਥ ਮਨਾਉਂਦਿਆਂ ਅੱਜ ਕਨੇਡੀਅਨ ਪਾਰਲੀਮੈਂਟ ਹਿੱਲ ਔਟਵਾ ਦੇ ਵਿਹੜੇ ਵਿੱਚ ਕੇਸਰੀ ਨਿਸ਼ਾਨ ਲਹਿਰਾਅ ਕੇ ਖਾਲਸਾ ਪੰਥ ਦੀ ਅੱਡਰੀ ਪਹਿਚਾਣ ਸਥਾਪਤ ਕਰਨ ਦਾ ਇੱਕ ਹੋਰ ਮੀਲ ਪੱਥਰ ਗੱਡ ਦਿੱਤਾ ਗਿਆ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸੀਨੀਅਰ ਆਗੂ ਅਤੇ ਕੌਮੀ ਕ੍ਰਿਆਵਾਦੀ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ ਹਨ।
         ਔਟਵਾ, ਮਾਂਟਰੀਅਲ ਅਤੇ ਟਰਾਂਟੋ ਤੋਂ ਬੱਸਾਂ ਰਾਹੀਂ ਪਹੁੰਚੀ ਸਿੱਖ ਸੰਗਤ ਨੇ ਪਾਰਲੀਮੈਂਟ ਹਿੱਲ ਤੇ ਅਪਣੱਤ ਮਹਿਸੂਸ ਕਰਦਿਆਂ ਅੱਜ ਵਿਚਾਰਾਂ ਪੇਸ਼ ਕੀਤੀਆਂ ਅਤੇ ਫੇਰ ਜੈਕਾਰਿਆਂ ਦੀ ਗੂੰਜ ਵਿੱਚ ਕੇਸਰੀ ਕੌਮੀ ਝੰਡਾ ਲਹਿਰਾਅ ਕੇ ਸਿੱਖ ਹੈਰੀਟਜ਼ ਮੰਥ ਮਨਾਇਆ।
         ਸੰਨ 2013 ਵਿੱਚ ਉਨਟਾਰੀਓ ਦੀ ਅਸੰਬਲੀ ਵਿੱਚ ਜਗਮੀਤ ਸਿੰਘ ਨੇ ਸਿੱਖ ਹੈਰੀਟੇਜ ਮੰਥ ਮਨਾਉਣ ਨੂੰ ਮਾਨਤਾ ਦਿਵਾਈ ਸੀ, ਉਪਰੰਤ ਪਰਮਜੀਤ ਸਿੰਘ ਬਿਰਦੀ ਦੇ ਯਤਨਾਂ ਸਦਕਾ ਬਰੈਂਪਟਨ ਸਿਟੀ ਹਾਲ ਨੇ ਸਿੱਖ ਹੈਰੀਟੇਜ਼ ਮੰਥ ਨੂੰ ਰਵਾਇਤੀ ਤੌਰ ਤੇ ਮਨਾਤਾ ਦਿੱਤੀ। ਸੰਨ 2017 ਵਿੱਚ ਸਿੱਖ ਹੈਰੀਟੇਜ ਮੰਥ ਤੇ ਕੇਸਰੀ ਝੰਡਾ ਲਹਿਰਾਉਣ ਦੌਰਾਨ ਕਨੇਡੀਅਨ ਐਮ ਪੀਆ ਨੂੰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਇਕ ਮੈਮੋਰੰਡਮ ਦੇ ਕੇ ਮੰਗ ਕੀਤੀਂ ਗਈ ਸੀ ਕਿ ਫੈਡਰਲ ਪੱਧਰ ਤੇ ਸਿੱਖ ਹੈਰੀਟੇਜ ਮੰਥ ਨੂੰ ਮਾਨਤਾ ਦਿੱਤੀ ਜਾਵੇ, ਫਲਸਰੂਪ ਨਵੰਬਰ 2018 ਵਿੱਚ ਸਰੀ ਤੋਂ ਐਮ ਪੀ ਸੁੱਖ ਧਾਲੀਵਾਲ ਨੇ ਪ੍ਰਾਈਵੇਟ ਬਿੱਲ ਸੀ-376 ਲਿਆ ਕੇ ਕਨੇਡੀਅਨ ਪਾਰਲੀਮੈਂਟ ਵਿੱਚ ਫੈਡਰਲ ਪੱਧਰ ਤੇ ਸਿੱਖ ਹੈਰੀਟੇਜ ਮੰਥ ਨੂੰ ਮੁਕੰਮਲ ਤੌਰ ਤੇ ਮਾਨਤਾ ਦੇ ਦਿੱਤੀ ਸੀ।
          ਕੈਨੇਡਾ ਵਿੱਚ ਸਿੱਖ 1897 ਵਿੱਚ ਪਹਿਲੀ ਵਾਰ ਆਏ ਸਨ ਅਤੇ 1914 ਵਿੱਚ ਜਦੋਂ ਕੈਨੇਡਾ ਬ੍ਰਿਟਿਸ਼ ਰਾਜ ਦਾ ਹਿੱਸਾ ਸੀ ਤਾਂ ਕਾਮਾਗਾਟਾ ਮਾਰੂ ਜਹਾਜ਼ ਸਮੁੰਦਰੀ ਤੱਟ ਤੋਂ ਵਾਪਿਸ ਕਰ ਦਿੱਤਾ ਗਿਆ ਸੀ। ਇਸ ਤੋਂ ਕੈਨੇਡਾ ਵਿੱਚ ਸਿੱਖ ਵਿਰਸੇ ਦਾ ਮੁੱਢ ਬੱਝਿਆ ਸੀ। ਇਸ ਤੋਂ ਪਹਿਲਾਂ ਸਿੱਖ ਵਿਰਸੇ ਦੇ ਮਹਾਨ ਕਾਰਨਾਮੇ ਜਿਸ ਵਿੱਚ ਗੁਰੁ ਨਾਨਕ ਸਾਹਿਬ ਦਾ ਫਲਸਫਾ ਸਰਬੱਤ ਦਾ ਭਲਾ, ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ ਅਤੇ ਭਾਈ ਘਨੱਈਆ ਜੀ ਦੀ ਸੋਚ ਤੋਂ ਉਪਜੀ ਰੈਡ ਕਰਾਸ ਆਦਿ ਅੱਜ ਸੰਸਾਰ ਭਰ ਦੀ ਬਣੀ ਪੰਚਾਇਤ "ਯੂ ਐਨ" ਦੇ ਸਿੱਧਾਂਤਾਂ ਵਿਚੋਂ ਝਾਕਦੇ ਹਨ।
          ਅੱਜ ਜਿਥੇ ਸਿੱਖ ਹੈਰੀਟੇਜ ਮੰਥ ਮਨਾਉਣ ਲਈ ਕੈਨੇਡਾ ਦੇ ਸਿੱਖ ਥਾਂ ਥਾਂ ਸਮਾਗਮ ਉਲੀਕ ਕੇ ਗੁਆਂਢੀ ਕੈਨੇਡੀਅਨ ਲੋਕਾਂ ਨੂੰ ਸਿੱਖੀ ਦੇ ਮਹਾਨ ਫਲਸਫੇ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਵਿੱਚ ਹਨ ਉਥੇ ਭਾਰਤ ਸਰਕਾਰ ਦੀ ਖੁਫੀਆ ਏਜੰਸੀਆਂ ਦੇ ਕਾਰਕੁੰਨਾਂ ਨੇ ਕੈਨੇਡਾ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕਵਾਇਦ ਆਰੰਭੀ ਹੋਈ ਹੈ, ਫਲਸਰੂਪ ਕੈਨੇਡਾ ਸਰਕਾਰ ਨੇ 2018 ਦੀ ਪਬਲਿਕ ਸੇਫਟੀ ਰਿਪੋਰਟ ਵਿੱਚ ਸਿੱਖ (ਖਾਲਿਸਤਾਨੀ) ਅੱਤਵਾਦੀ ਗਰਦਾਨਦਿਆਂ ਇਨ੍ਹਾਂ ਤੋਂ ਕੈਨੇਡਾ ਨੂੰ ਖਤਰੇ ਦੀ ਤੱਥਹੀਣ ਗੱਲ ਦਰਜ ਕਰ ਦਿੱਤੀ ਸੀ। ਕਨੇਡੀਅਨ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਜਥੇਬੰਦੀਆਂ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ, ਵਰਲਡ ਸਿੱਖ ਆਰਗੇਨਾਈਜੇਸ਼ਨ, ਉਨਟਾਰੀਓ ਗੁਰੁਦਆਰਾਜ਼ ਕਮੇਟੀ, ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਅਤੇ ਬੀ ਸੀ ਸਿੱਖ ਕੌਂਸਲ ਨੇ ਪਬਲਿਕ ਸੇਫਟੀ ਮੰਤਰੀ ਨਾਲ ਮਿਲ ਕੇ ਉਸਨੂੰ ਇਸਤੇ ਗੌਰ ਕਰਨ ਦੀ ਅਪੀਲ ਕੀਤੀ ਸੀ, ਅਤੇ 21 ਜਨਵਰੀ 2019 ਨੂੰ ਮੰਤਰੀ ਰਾਲਫ ਗੁਡੇਲ ਨੇ ਇਸ ਰਿਪੋਰਟ ਦੀ ਭਾਸ਼ਾ ਦੇ ਅਣਉਚਿੱਤ ਹੋਣ ਨੂੰ ਪ੍ਰਵਾਨ ਕਰਦਿਆਂ ਇਸ ਤੇ ਗੌਰ ਕਰਨ ਦਾ ਭਰੋਸਾ ਦੁਆਇਆ ਸੀ, ਜੋ ਅਜੇ ਤੱਕ ਨਹੀਂ ਹੋਇਆ।
ਅੱਜ ਝੰਡਾ ਲਹਿਰਾਉਣ ਮੌਕੇ ਸੁਖਮਿੰਦਰ ਸਿੰਘ ਹੰਸਰਾ ਨੇ ਇਸਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਨੇਡਾ ਸਰਕਾਰ ਦੀ ਅਜਿਹੀ ਬੇਹੂਦਾ ਕਾਰਵਾਈ ਕਨੇਡੀਅਨ ਸਿੱਖਾਂ ਨੂੰ ਮੰਜੂਰ ਨਹੀਂ ਹੈ। ਅਗਰ ਕੈਨੇਡਾ ਸਰਕਾਰ ਕੋਲ ਕੋਈ ਅਜਿਹੇ ਤੱਥ ਹਨ ਤਾਂ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ, ਪਰ ਖਾਲਿਸਤਾਨੀ ਕ੍ਰਿਆਸ਼ੀਲਤਾ ਨੂੰ ਅੱਤਵਾਦ ਨਾਲ ਜੋੜ ਕੇ ਭਾਰਤ ਸਰਕਾਰ ਨੂੰ ਖੁਸ਼ ਕਰਨ ਲਈ ਆਪਣੇ ਹੀ ਨਾਗਰਿਕਾਂ ਉਪਰ ਊਂਝਾਂ ਲਾਉਣੀਆਂ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ।
          ਹੰਸਰਾ ਨੇ ਕਿਹਾ ਕਿ ਸਿੱਖ ਇਨਟੈਗਰਟੀ ਨੂੰ ਬਰਕਰਾਰ ਰੱਖਣ ਲਈ ਹਰ ਸਿੱਖ ਸੰਸਥਾ ਯਤਨਸ਼ੀਲ ਹੈ, ਪਰ ਕੈਨੇਡਾ ਦੀ ਲਿਬਰਲ ਸਰਕਾਰ, ਜਿਸ ਵਿੱਚ 4 ਸਿੱਖ ਮੰਤਰੀ ਵੀ ਉੱਚੇ ਅਹੁਦਿਆਂ ਤੇ ਬੈਠੇ ਹਨ, ਪ੍ਰਵਾਹ ਨਹੀਂ ਕਰ ਰਹੀ। ਇਸਦਾ ਦੇ ਨਤੀਜੇ ਵਜੋਂ ਦੋ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਈਮੇਲ ਕੈਂਪੇਨ, ਸੈਮੀਨਾਰ, ਟਾਊਨ ਹਾਲ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਸਿਵਲ ਕਾਰਵਾਈਆਂ ਚੋਂ ਲਿਬਰਲ ਸਰਕਾਰ ਖਿਲਾਫ ਸਿੱਖ ਕੌਮ ਦਾ ਗੁੱਸਾ ਸਾਹਮਣੇ ਆਵੇਗਾ ਜਿਸ ਵਿਚੋਂ ਐਜੀਟੇਸ਼ਨ ਦੇ ਰੂਪ ਵਿੱਚ ਮੁਜਾਹਰੇ ਅਤੇ ਅਕਤੂਬਰ ਵਿੱਚ ਹੋ ਰਹੀ ਆਮ ਚੋਣ ਵਿੱਚ ਲਿਬਰਲ ਪਾਰਟੀ ਖਿਲਾਫ ਕੋਈ ਸਖਤ ਫੈਸਲਾ ਵੀ ਲਿਆ ਜਾ ਸਕਦਾ ਹੈ, ਜਿਸ ਦਾ ਸਿੱਧਾ ਅਸਰ ਹੋਰਨਾਂ ਮਸਲਿਆਂ ਤੇ ਬੁਰੀ ਤਰ੍ਹਾਂ ਘਿਰੀ ਟਰੂਡੋ ਸਰਕਾਰ ਤੇ ਪੈਣਾ ਲਾਜ਼ਮੀ ਹੈ।
         ਸਟੇਜ ਦੀ ਸੇਵਾ ਨਿਭਾ ਰਹੇ ਮਾਂਟਰੀਅਲ ਤੋਂ ਆਏ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਊਬਿਕ ਸਟੇਟ ਦੇ ਪ੍ਰਧਾਨ ਮਨਵੀਰ ਸਿੰਘ ਨੇ ਇਸ ਮੌਕਾ ਸਿੱਖ ਹੈਰੀਟੇਜ ਮੰਥ ਦੀ ਵਧਾਈ ਦਿੰਦਿਆਂ ਕੈਨੇਡਾ ਸਰਕਾਰ ਨੂੰ ਬਾਹਰੀ ਪ੍ਰਭਾਵ ਤੋਂ ਮੁਕਤ ਹੋ ਕੇ ਕਨੇਡੀਅਨ ਸਿੱਖਾਂ ਨੂੰ ਬਦਨਾਮ ਕਰਨ ਦੀ ਕਵਾਇਦਾ ਨੂੰ ਤਿਆਗਣਾ ਚਾਹੀਦਾ ਹੈ, ਨਹੀਂ ਤਾਂ ਸਿੱਖ ਭਾਈਚਾਰਾ ਅਤੇ ਲਿਬਰਲ ਪਾਰਟੀ ਦਾ 125 ਸਾਲ ਪੁਰਾਣਾ ਰਿਸ਼ਤਾ ਤਹਿਸ ਨਹਿਸ਼ ਹੋ ਸਕਦਾ ਹੈ।© 2011 | All rights reserved | Terms & Conditions