ਕੈਪਟਨ ਅਰਮਿੰਦਰ ਸਿੰਘ ਸਾਬ ਜਰਾ ਵੇਖ ਕੇ ਚਲੋ : ਆਗੇ ਹੀ ਨਹੀਂ ਪੀਛੇ ਭੀ
Submitted by Administrator
Wednesday, 24 April, 2019- 03:29 am
ਕੈਪਟਨ ਅਰਮਿੰਦਰ ਸਿੰਘ ਸਾਬ ਜਰਾ ਵੇਖ ਕੇ ਚਲੋ : ਆਗੇ ਹੀ ਨਹੀਂ ਪੀਛੇ ਭੀ

          1984 ਵਿਚ ਆਪਣੇ ਰਾਜਕਾਲ ਦੌਰਾਨ ਦੁਬਾਰਾ ਤੋਂ ਰਾਜ ਗੱਦੀ ਤੇ ਕਾਬਜ਼ ਹੋਣ ਲਈ ਇੰਦਰਾ ਨੇ ਜੋ ਘਟੀਆ ਖੇਡ ਖੇਡੀ ਉਸ ਬਾਬਤ ਬੇਅੰਤ ਲੇਖ ਲਿਖੇ ਜਾ ਚੁੱਕੇ ਹਨ । ਉਸ ਨੇ ਚੋਣਾਂ ਜਿੱਤਣ ਲਈ ਇਨਸਾਨੀਅਤ ਦੀ ਹਰ ਹੱਦ ਨੂੰ ਉਲੰਘਿਆ।ਆਪਣੀਆਂ ਤਿਆਰ ਕੀਤੀਆਂ ਏਜੰਸੀਆਂ ਤੋਂ ਪੰਜਾਬ ਵਿਚ ਹਿੰਦੂਆਂ ਦੇ ਕਤਲ ਕਰਾ ਕੇ ਉਨ੍ਹਾਂ ਅੰਦਰ ਇਹ ਡਰ ਪੈਦਾ ਕੀਤਾ ਕਿ ਸਿੱਖਾਂ ਨੇ ਤੁਹਾਨੂੰ ਮਾਰ ਦੇਣਾ ਜਾਂ ਪੰਜਾਬ ਤੋਂ ਭਜਾ ਦੇਣਾ।ਇਨ੍ਹਾਂ ਤੋਂ ਤੁਹਾਨੂੰ ਮੈਂ ਹੀ ਬਚਾ ਸਕਦੀ ਹਾਂ।ਉਸ ਨੇ ਕਿਵੇਂ ਹੌਲੀ ਹੌਲੀ ਹਾਲਾਤਾਂ ਨੂੰ ਵਿਗਾੜਿਆ ਅਤੇ ਫਿਰ ਬਹੁਗਿਣਤੀ ਹਿੰਦੂਆਂ ਨੂੰ ਖ਼ੁਸ਼ ਕਰਨ ਲਈ ਸਿੱਖਾਂ ਨਾਲ ਉਸ ਜੋ ਕੁੱਝ ਕੀਤਾ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ।ਆਪਣੀ ਸਕੀਮ ਨੂੰ ਸਿਰੇ ਚਾੜਨ ਲਈ ਉਸ ਨੇ ਲੋੜ ਮੁਤਾਬਕ ਆਪਣਿਆਂ ਦੀ ਬਲੀ ਵੀ ਦਿੱਤੀ ਪਰ ਮੜ੍ਹ ਉਹ ਵੀ ਸਿੱਖਾਂ ਦੇ ਸਿਰ ਹੀ ਦਿੱਤੀ।ਜਿਸ ਦੇ ਅਨੇਕਾਂ ਸਬੂਤ ਸਾਹਮਣੇ ਆ ਚੁੱਕੇ ਹਨ।

         ਉਸ ਦੀ ਮੌਤ ਤੋਂ ਬਾਅਦ ਰਜੀਵ ਗਾਂਧੀ ਨੇ ਆਪਣੀ ਮਾਂ ਦੀ ਪਹਿਲਾਂ ਬਣੀ ਸਕੀਮ ਮੁਤਾਬਕ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਕਤਲ ਕਰਾ ਕੇ ਉਸ ਦਾ ਸੁਪਨਾ ਪੂਰਾ ਕੀਤਾ ਅਤੇ ਸਤਾ ਤੇ ਕਾਬਜ ਹੋਇਆ।

         ਇਨ੍ਹਾਂ ਦੇ ਜੁਲਮ ਤੋਂ ਸਤਾਏ ਸਿੱਖਾਂ ਨੇ 1989 ਵਿਚ ’ਜਨਤਾ ਦਲ’ ( ਹੁਣ ਭਾਰਤੀ ਜਨਤਾ ਪਾਰਟੀ ) ਨਾਲ ਰਲ ਕੇ ਚੋਣਾਂ ਜਿੱਤੀਆਂ ਅਤੇ ਵੀ ਪੀ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ । ਉਸ ਨੇ ਗੱਦੀ ਸੰਭਾਲਦਿਆਂ ਹੀ ਬਿਆਨ ਦਿੱਤਾ ਕਿ ਮੈਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਅਤੇ ਕੋਈ ਸੁਰੱਖਿਆ ਅਧਿਕਾਰੀ ਨਾਲ ਲੈ ਕੇ ਨਹੀਂ ਜਾਣਾ ਬਲਕਿ ਖੁੱਲ੍ਹੀ ਜੀਪ ਵਿਚ ਜਾਣਾ ਹੈ।ਸਿੱਖਾਂ ਨੇ ਉਨ੍ਹਾਂ ਦੇ ਬਿਆਨ ਨੂੰ ਜੀ ਆਇਆਂ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਤੁਸੀਂ ਆਓ ਤਾਂ ਸਹੀ ਮੋਢਿਆਂ ਤੇ ਚੁੱਕ ਕੇ ਘੁਮਾ ਦਿਆਂਗੇ ਜੀਪ ਦੀ ਵੀ ਲੋੜ ਨਹੀਂ।ਸਿਰਫ਼ ਕਿਹਾ ਹੀ ਨਹੀਂ ਘੁਮਾਇਆ ਵੀ।

          ਕੈਪਟਨ ਸਾਹਿਬ ਅਸੀਂ ਤੁਹਾਡੇ ਅਤੇ ਤੁਹਾਡੇ ਰਹਿਬਰਾਂ ਤੋਂ ਜਵਾਬ ਚਾਹੁੰਦੇ ਹਾਂ ਇਹ ਕੁੱਝ ਕਹਿਣ ਅਤੇ ਕਰਨ ਦੇ ਵਾਲੇ ਸਿੱਖ ਅੱਤਵਾਦੀ ਕਿਵੇਂ ਬਣ ਗਏ ? ਸਾਡਾ ਇਹ ਬਿਆਨ ਸਾਬਤ ਕਰਦਾ ਕਿ ਅਸੀਂ ਆਪਣੇ ਹੱਕ ਸ਼ਾਂਤੀ ਨਾਲ ਚਾਹੁੰਦੇ ਸੀ।ਜਿਸ ਨੂੰ ਦੁਨੀਆਂ ਦਾ ਕੋਈ ਵੀ ਇਮਾਨਦਾਰ ਬੰਦਾ ਝੁਠਲਾ ਨਹੀਂ ਸਕਦਾ।ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਅਸੀਂ ਜੀਓ ਅਤੇ ਜਿਊਣ ਦਿਓ ਦੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ੀ ਸੋਚ ਦੇ ਧਾਰਨੀ ਹਾਂ।ਜਿਸ ਤੋਂ ਇਹ ਮਕਾਰ ਭਲੀਭਾਂਤ ਜਾਣੂ ਹਨ ਪਰ ਸਾਨੂੰ ਜਾਣ ਬੁਝ ਕੇ ਗ਼ਲਤ ਪੜ੍ਹਦੇ ਹਨ।ਉਸ ਵਕਤ ਵੀ ਇਨ੍ਹਾਂ ਸਾਡੇ ਇਸ ਬਿਆਨ ਨੂੰ ਸਾਡੀ ਕਮਜ਼ੋਰੀ ਸਮਝਿਆ ਅਤੇ ਸਾਨੂੰ ਪੁਰੀ ਤਰ੍ਹਾਂ ਦਬਾ ਦੇਣ ਦਾ ਇਹ ਸਹੀ ਮੌਕਾ ਸਮਝ ਕੇ ਇੱਕ ਕੋਝਾ ਇਤਿਹਾਸ ਰਚਣ ਦਾ ਯਤਨ ਕੀਤਾ।ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਹਿੰਦੂ ਰਾਜ ਦੇ ਸੁਪਨਿਆਂ ਦਾ ਇਤਿਹਾਸ।

          ਕੈਪਟਨ ਸਾਹਿਬ ਆਓ ਹੁਣ ਥੋੜ੍ਹਾ ਤੁਹਾਡੀ ਯਾਦ ਸ਼ਕਤੀ ਨੂੰ ਥੋੜ੍ਹਾ ਹੋਰ ਤਾਜ਼ਾ ਕਰਾਂ। ਤੁਸੀਂ ਆਪਣੇ ਪਹਿਲੇ ਰਾਜਕਾਲ ਸਮੇਂ ਪਾਣੀ ਦੇ ਮਸਲੇ ਤੇ ਪਹਿਲੇ ਮੁੱਖ ਮੰਤਰੀਆਂ ਵਲੋਂ ਪਾਏ ਸਾਰੇ ਮਤੇ ਰੱਦ ਕਰ ਕੇ ਪੰਜਾਬ ਨੂੰ ਥੋੜ੍ਹਾ ਜਿਹਾ ਜਾਂ ਕਹਿ ਲਓ ਕਿ ਅਧੂਰਾ ਜਿਹਾ ਇਨਸਾਫ਼ ਲੈ ਕੇ ਦਿੱਤਾ।ਦੁਨੀਆਂ ਭਰ ਦੇ ਸਿੱਖਾਂ ਨੇ ਇਹ ਨਹੀਂ ਵੇਖਿਆ ਕਿ ਤੁਸੀਂ ਕਾਂਗਰਸੀ ਹੋ ਜਾਂ ਕੁੱਝ ਹੋਰ ਉਨ੍ਹਾਂ ਨੇ ਤੁਹਾਨੂੰ ਸਿਰ ਤੇ ਚੁੱਕ ਲਿਆ ਕਿ ਸ਼ੁਕਰ ਹੈ ਕੋਈ ਤਾਂ ਸਾਨੂੰ ਇਨਸਾਫ਼ ਲੈ ਕੇ ਦੇਣ ਵੱਲ ਵੱਧਿਆ।ਇਸੇ ਕੈਨੇਡਾ ਦੇ ਸਿੱਖਾਂ ਨੇ ਤੁਹਾਨੂੰ ਕਹਿਰਾਂ ਦਾ ਪਿਆਰ ਦਿੱਤਾ।ਜਿਸ ਦਾ ਮੈਂ ਖ਼ੁਦ ਚਸ਼ਮਦੀਦ ਗਵਾਹ ਹਾਂ । ਸਿਆਟਲ ਤੋਂ ਸਪੈਸ਼ਲ ਚੱਲ ਕੇ ਵੈਨਕੁਅਰ ਤੁਹਾਡੇ ਸਵਾਗਤ ਲਈ ਰੱਖੇ ਸਮਾਰੋਹ ਵਿਚ ਸ਼ਾਮਲ ਹੋਇਆ ਸੀ।

          ਹੁਣ ਤੁਹਾਨੂੰ ਫਿਰ ਉਹੀ ਸੁਆਲ ਹੈ ਕਿ ਤੁਹਾਡਾ ਇੰਨਾ ਜਿਆਦਾ ਸੁਆਗਤ ਕਰਨ ਵਾਲੇ ਸਿੱਖ ਅੱਤਵਾਦੀ ਕਿਵੇਂ ਬਣ ਗਏ ? ਤੁਹਾਨੂੰ ਇਨਸਾਫ਼ ਮੰਗਣ ਵਾਲੇ ਲੋਕ ਅਤੇ ਲਗਾਤਾਰਤਾ ਨਾਲ ਇੰਨਸਾਫ਼ ਨਾ ਮਿਲਣ ਕਾਰਨ ਆਪਣੇ ਵੱਖਰੇ ਰਾਜ ਦੀ ਮੰਗ ਕਰਨ ਵਾਲੇ ਲੋਕ ਅੱਤਵਾਦੀ ਕਿਉਂ ਲਗਦੇ ਹਨ।ਅਜੇ ਕੱਲ੍ਹ ਤੁਹਾਡੇ ਸਾਹਮਣੇ ਇਕਬਾਲੀਆ ਦੇਣ ਵਾਲੇ ਅਸੀਮਾ ਨੰਦ ਵਰਗੇ ਬੇਦੋਸ਼ਿਆਂ ਦੇ ਕਾਤਲ ਅਤੇ ਕਰਨਲ ਪ੍ਰੋਹਿਤ, ਸਾਧਵੀ ਪ੍ਰਗਿਆ ਬਰੀ ਕਰ ਦਿੱਤੇ ਗਏ ਹਨ ਪਰ ਸਿੱਖ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤੇ ਜਾ ਰਹੇ।ਦਸੋ ਸਿੱਖ ਵੱਖਰੇ ਰਾਜ ਦੀ ਮੰਗ ਨਾ ਕਰਨ ਤਾਂ ਹੋਰ ਕੀ ਕਰਨ ?

          ਹੁਣ ਤੁਹਾਡੇ ਨਾਲ ਤੀਜੀ ਇਤਿਹਾਸਿਕ ਘਟਨਾ ਦਾ ਜਿਕਰ ਕਰਨ ਲੱਗਾ ਹਾਂ ਜਿਹੜੀ ਸਾਬਤ ਕਰਦੀ ਹੈ ਕਿ ਸਿੱਖ ਇਨਸਾਫ਼ ਚਾਹੁੰਦੇ ਹਨ ਅਤੇ ਜਿਸ ਪਾਸਿਓਂ ਵੀ ਆਸ ਦਿਸਦੀ ਹੈ ਉਸ ਪਾਸੇ ਭੱਜ ਤੁਰਦੇ ਹਨ।ਤੁਹਾਡਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਕੁੱਝ ਸਾਲ ਪਹਿਲਾਂ ਬਾਦਲਾਂ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾ ਕੇ ਇਸੇ ਕੈਨੇਡਾ ਦੀ ਧਰਤੀ ਤੇ ਆਇਆ।ਇਕੱਲੇ ਸਰੀ ਵਿਚ ਹੀ ਉਸ ਦੇ ਸੁਆਗਤ ਲਈ ਪੰਦਰਾਂ ਹਜ਼ਾਰ (15,000) ਦਾ ਇਕੱਠ ਹੋਇਆ।ਉਸ ਦੇ ਵਿਚਾਰ ਸੁਣਨ ਪਹੁੰਚਾ।ਮੈਂ ਫਿਰ ਦੱਸ ਦਿਆਂ ਕਿ ਤੁਹਾਨੂੰ ਅਤੇ ਤੁਹਾਡੇ ਰਹਿਬਰਾਂ ਨੂੰ ਸਿੱਖਾਂ ਦੀਆਂ ਅਜਿਹੀਆਂ ਕਾਰਵਾਈਆਂ ਕਮਜ਼ੋਰੀ ਲਗਦੀਆਂ ਹਨ।ਦੋਸ਼ ਜਿਸ ਕਿਸੇ ਨੂੰ ਵੀ ਦੇਣਾ ਦੇ ਦਿਓ ਪਰ ਕਦੇ ਤਾਂ ਇਸ ਦਾ ਹਿਸਾਬ ਹੋਏਗਾ ਅਤੇ ਜੇ ਤੁਹਾਨੂੰ ਇਹ ਅੱਤਵਾਦ ਲਗਦਾ ਹੈ ਤਾਂ ਇਸ ਨੂੰ ਪੈਦਾ ਕਰਨ ਵਾਲੇ ਤੁਸੀਂ ਲੋਕ ਹੋ।ਸੱਚੀ ਸੁੱਚੀ ਕਿਰਤ ਕਰਨ ਵਾਲਿਆਂ ਦੇ ਹੱਥੀਂ ਗੰਨਾਂ ਫੜਾਉਣ ਵਾਲੇ ਤੁਸੀਂ ਲੋਕ ਹੋ।

          ਆਓ ਇੱਕ ਆਖਰੀ ਗੱਲ ਵੀ ਕਰ ਲਈਏ ਜਿਹੜੀ ਅਜੇ ਦੋ ਕੂ ਸਾਲ ਦੀ ਹੈ।ਦਿੱਲੀ ਤੋਂ ਇੱਕ ਹੋਰ ਮਹਾਂਪੁਰਖ ਉੱਠਿਆ।ਅਖੇ ਮੈਂ ਇੰਨਕਲਾਬ ਲਿਆ ਦਿਆਂਗਾ।ਸਾਡੇ ਸੂਝਵਾਨ ਲੀਡਰਾਂ ਨੇ ਬਹੁਤ ਰੌਲ਼ਾ ਪਾਇਆ ਕਿ ਸਿੱਖੋ ਤੁਸੀਂ ਫਿਰ ਧੋਖਾ ਖਾਣਾ ਹੈ ਪਰ ਭੋਲ਼ੇ ਸਿੱਖ ਫਿਰ ਇਤਬਾਰ ਕਰ ਗਏ।ਲੱਖਾਂ ਡਾਲਰ ਇਸ ਆਸ ਨਾਲ ਭੇਟ ਚਾੜ੍ਹ ਦਿੱਤੇ ਕਿ ਸ਼ਾਇਦ ਇੱਥੋਂ ਹੀ ਗੱਲ ਬਣ ਜਾਵੇ।ਹਜਾਰਾਂ ਸਿੱਖ ਇਸੇ ਕੈਨੇਡਾ ਦੀ ਧਰਤੀ ਤੋਂ ਆਪਣੇ ਕੰਮ ਕਾਰ ਛੱਡ ਕੇ ਪੰਜਾਬ ਪਹੁੰਚੇ।ਮਿਲਿਆ ਕੀ ?

          ਕੈਪਟਨ ਸਾਹਿਬ ਅਸਲ ਕਹਾਣੀ ਕੁੱਝ ਹੋਰ ਹੈ ਜਿਸ ਤੋਂ ਤੁਸੀਂ, ਬਾਦਲ ਅਤੇ ਉਸ ਦੇ ਚਹੇਤੇ ਭਲੀਭਾਂਤ ਜਾਣੂ ਹੋ।ਤੁਸੀਂ ਸਾਰੇ ਪੰਜਾਬ ਦੀ ਅੰਨੀ ਲੁੱਟ ਕਰ ਕੇ ਬੁਰੀ ਤਰ੍ਹਾਂ ਦਿੱਲੀ ਵਾਲਿਆਂ ਵਲੋਂ ਬੁਣੇ ਜਾਲ ਵਿਚ ਫਸ ਚੁੱਕੇ ਹੋ।ਹੁਣ ਉਨ੍ਹਾਂ ਦੀ ਹਰ ਗੱਲ ਮੰਨਣੀ ਤੁਹਾਡੀ ਸਭ ਦੀ ਮਜਬੂ੍ਰੀ ਹੈ।

          ਅਸਲ ਕਹਾਣੀ ਇਹ ਹੈ ਕਿ "ਸਿੱਖ ਇੱਕ ਵੱਖਰੀ ਕੌਮ ਹੈ" ਬੱਸ ਇਹੀ ਪੰਜ ਕੂ ਸ਼ਬਦ ਹਨ ਜਿਹੜੇ ਤੁਹਾਡੇ ਰਹਿਬਰਾਂ ਦੇ ਸੰਘੋਂ ਹੇਠਾਂ ਨਹੀਂ ਲੰਘ ਰਹੇ।ਹਰ ਮਕਾਰੀ ਚਾਲ ਨਾਲ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ।ਪਰ ਹੁਣ ਤੁਹਾਡੀ ਗੱਲ ਸਿਰੇ ਨਹੀਂ ਲਗਣੀ।ਹੁਣ ਝੂਠ ਹੋਰ ਨਹੀਂ ਵਿਕਣਾ।ਤੁਸੀਂ ਦੁਨੀਆਂ ਨੂੰ ਬਹੁਤ ਗੁਮਰਾਹ ਕਰ ਲਿਆ ਹੈ।ਹੁਣ ਲੋਕ ਸੋਸ਼ਲ ਮੀਡੀਏ ਰਾਹੀਂ ਹਰ ਗੱਲ ਦੀ ਸਚਾਈ ਜਾਣ ਲੈਂਦੇ ਹਨ।ਇਸ ਲਈ ਤੁਹਾਨੂੰ ਸਲਾਹ ਹੈ ਕਿ ਹੋਰ ਝੂਠ ਬੋਲਣਾ ਅਤੇ ਪ੍ਰਚਾਰਨਾ ਬੰਦ ਕਰੋ।ਧੰਨਵਾਦ।

© 2011 | All rights reserved | Terms & Conditions