ਖਾਲਿਸਤਾਨ ਐਲਾਨ ਦਿਵਸ ਦੀ 33ਵੀਂ ਵਰ੍ਹੇਗੰਢ 'ਤੇ : Dr. Amarjit Singh washington D.C
Submitted by Administrator
Saturday, 27 April, 2019- 04:17 am
ਖਾਲਿਸਤਾਨ ਐਲਾਨ ਦਿਵਸ ਦੀ 33ਵੀਂ ਵਰ੍ਹੇਗੰਢ 'ਤੇ  :  Dr. Amarjit Singh washington D.C

ਖਾਲਿਸਤਾਨ ਦੀ ਕਰੀਬ ਆ ਰਹੀ ਮੰਜ਼ਿਲ


          29 ਅਪਰੈਲ 1986 ਦਾ ਦਿਨ ਇੱਕ ਇਤਿਹਾਸਕ ਦਿਨ ਹੈ, ਜਿਸ ਦਿਨ 26 ਜਨਵਰੀ, 1986 ਦੇ ਸਰਬੱਤ ਖਾਲਸੇ ਵਲੋਂ ਥਾਪੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਵਾਲੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰਕੇ ਅੰਤਰਰਾਸ਼ਟਰੀ ਹਲਚਲ ਮਚਾ ਦਿੱਤੀ ਸੀ। ਜੂਨ '84 ਦੇ ਘੱਲੂਘਾਰੇ ਨੇ ਸਿੱਖ ਮਾਨਸਿਕਤਾ ਨੂੰ ਬੜੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ ਅਤੇ ਰੋਹ ਵਿੱਚ ਭਰੀ ਹੋਈ ਸਿੱਖ ਕੌਮ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਦਰਸਾਏ ਰਸਤੇ 'ਤੇ ਚੱਲਣ ਲਈ ਤੱਤਪਰ ਸੀ। ਗੁਰਧਾਮਾਂ 'ਤੇ ਫੌਜੀ ਹਮਲੇ ਦੀ ਸੂਰਤ ਵਿੱਚ ਖਾਲਿਸਤਾਨ ਦੀ ਨੀਂਹ ਰੱਖਣ ਦਾ ਜ਼ਿਕਰ ਉਨ੍ਹਾਂ ਕੀਤਾ ਹੋਇਆ ਸੀ। ਸੋ ਪੰਥਕ ਕਮੇਟੀ ਦਾ ਦਿਸ਼ਾ ਨਿਰਦੇਸ਼ ਸੰਤਾਂ ਦੇ ਆਸ਼ੇ ਅਨੁਸਾਰ ਹੀ ਸੀ। ਖਾਲਿਸਤਾਨ ਐਲਾਨ ਦੀ 33ਵੀਂ ਵਰ੍ਹੇਗੰਢ ਮੌਕੇ 'ਤੇ ਜਿੱਥੇ ਅਸੀਂ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿਰ ਝੁਕਾਉਂਦੇ ਹਾਂ, ਉੱਥੇ ਪਿਛਲੇ ਵਰ੍ਹਿਆਂ ਵਿੱਚ ਖਾਲਿਸਤਾਨੀ ਲਹਿਰ ਦੀਆਂ ਪ੍ਰਾਪਤੀਆਂ, ਘਾਟਿਆਂ 'ਤੇ ਵੀਚਾਰ ਕਰਨੀ ਵੀ ਲਾਹੇਵੰਦ ਹੋਵੇਗੀ।

          ਇਨ੍ਹਾਂ 32 ਵਰ੍ਹਿਆਂ ਦੇ ਅਰਸੇ ਵਿੱਚ ਡੇਢ ਲੱਖ ਤੋਂ ਜ਼ਿਆਦਾ ਸਿੰਘ-ਸਿੰਘਣੀਆਂ ਨੇ ਜਾਮ-ਏ-ਸ਼ਹਾਦਤ ਪੀਤਾ ਹੈ। ਕੀ ਇਨ੍ਹਾਂ ਦੀਆਂ ਕੁਰਬਾਨੀਆਂ ਨੇ ਕੋਈ ਰੰਗ ਨਹੀਂ ਲਿਆਂਦਾ? ਵੀਚਾਰਵਾਨ ਵੀਚਾਰ ਕਰਦੇ ਹਨ - ਬਿਬੇਕਹੀਣ ਪ੍ਰਾਪੇਗੰਡੇ ਵਿੱਚ ਯਕੀਨ ਰੱਖਦੇ ਹਨ! ਸਾਨੂੰ ਆਪਣੀ ਤਾਕਤ ਦਾ ਸ਼ਾਇਦ ਅਹਿਸਾਸ ਨਾ ਹੋਵੇ ਪਰ ਸਾਡਾ ਦੁਸ਼ਮਣ ਸਾਡੀ ਤਾਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ।

         ਖਾਲਸਾ ਸਾਜਨਾ ਦਿਵਸ ਦੀ ਯਾਦ ਵਿੱਚ ਦੁਨੀਆਂ ਭਰ ਵਿੱਚ ਹੋ ਰਹੀਆਂ ਸਿੱਖ ਪਰੇਡਾਂ ਅਤੇ ਕੱਢੇ ਜਾ ਰਹੇ ਨਗਰ ਕੀਰਤਨਾਂ ਦੌਰਾਨ, ਖਾਲਿਸਤਾਨ ਦੀ ਗੂੰਜ ਜਪਾਨ ਤੋਂ ਲੈ ਕੇ (ਜਿੱਥੇ ਇਸ ਧਰਤੀ 'ਤੇ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ) ਵੈਨਕੂਵਰ (ਜਿੱਥੇ ਅਖੀਰ ਵਿੱਚ ਸੂਰਜ ਛਿਪਦਾ ਹੈ) ਤੱਕ ਸਪੱਸ਼ਟ ਦਿਖਾਈ ਦੇਂਦੀ ਹੈ। ਦੁਨੀਆਂ ਭਰ ਵਿਚਲੀਆਂ ਭਾਰਤੀ ਅੰਬੈਸੀਆਂ, ਕੌਂਸਲੇਟਾਂ, ਹਾਈ ਕਮਿਸ਼ਨਾਂ ਦੀ ਸਿੱਖ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਦੇ ਬਾਵਜੂਦ, 5 ਮਿਲੀਅਨ ਸਿੱਖ ਡਾਇਸਪੋਰਾ, ਖਾਲਿਸਤਾਨ ਦੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਵਧ ਰਿਹਾ ਹੈ। ਕੀ ਪਿਛਲੇ 32 ਵਰ੍ਹਿਆਂ ਦੌਰਾਨ ਇਹ ਪ੍ਰਾਪਤੀ ਕੋਈ ਛੋਟੀ ਪ੍ਰਾਪਤੀ ਹੈ?

          ਪਿਛਲੇ ਵਰ੍ਹਿਆਂ ਵਿੱਚ ਭਾਰਤੀ ਨਕਸ਼ੇ ਦੀ ਕੈਦ ਵਿਚਲਾ ਦਲਿਤ ਵਰਗ, ਬ੍ਰਾਹਮਣਵਾਦ ਦੇ ਖਿਲਾਫ ਖੜ੍ਹਾ ਹੋਇਆ ਹੈ। ਅੱਜ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣਵਾਦ ਦਾ ਸਤਾਇਆ ਦਲਿਤ, ਪਹਿਲਾਂ ਦਲਿਤ ਦੇ ਤੌਰ 'ਤੇ ਸੋਚਦਾ ਹੈ - ਫੇਰ ਉਸ ਦੀ ਕੋਈ ਪਾਰਟੀ ਹੈ। ਇਹ ਉਲਟੀ ਗੰਗਾ ਵਗਾਉਣ ਵਾਲਾ ਕੌਣ ਹੈ? ਠੀਕ ਹੈ, ਖਾਲਿਸਤਾਨ ਲਹਿਰ ਵਿੱਚ ਸਰਕਾਰੀ ਨੀਤੀ ਅਨੁਸਾਰ ਲੁਟੇਰਿਆਂ ਦੀ ਘੁਸਪੈਠ ਨੇ ਲਹਿਰ ਨੂੰ ਨੁਕਸਾਨ ਵੀ ਪਹੁੰਚਾਇਆ ਤੇ ਲੋਕਾਂ ਨੂੰ ਬੇਦਿਲ ਵੀ ਕੀਤਾ ਪਰ ਕੀ ਇਸ ਦੌਰ ਵਿੱਚ ਸੱਚੇ-ਸੁੱਚੇ ਕੌਮੀ ਪ੍ਰਵਾਨਿਆਂ ਦੀ ਕੋਈ ਕਮੀ ਰਹੀ ਹੈ? ਪ੍ਰਾਪਤੀਆਂ ਨੂੰ ਛੁਟਿਆਉਣ ਤੇ ਕਮਜ਼ੋਰੀਆਂ ਨੂੰ ਪਹਾੜ ਬਣਾ ਕੇ ਵੇਖਣਾ, ਇਹ-ਬੇਈਮਾਨ ਬੁੱਧੀਜੀਵੀਆਂ ਦੇ ਲੱਛਣ ਹਨ, ਸਚਿਆਰੇ ਗੁਰਸਿੱਖਾਂ ਦੇ ਨਹੀਂ!

          ਖਾਲਿਸਤਾਨ ਐਲਾਨ ਨਾਲ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਕਸ਼ਮੀਰ, ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਆਦਿ ਭਾਰਤ ਦੇ ਅੱਠ ਸੂਬਿਆਂ ਵਿੱਚ ਹਥਿਆਰਬੰਦ ਸੰਘਰਸ਼ ਨੇ ਜ਼ੋਰ ਫੜਿਆ। ਆਂਧਰਾ ਪ੍ਰਦੇਸ਼, ਬੰਗਾਲ, ਕਰਨਾਟਕਾ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ, ਮਹਾਰਾਸ਼ਟਰਾ ਆਦਿ ਪ੍ਰਾਂਤਾਂ ਵਿੱਚ ਨਕਸਲਬਾੜੀ ਲਹਿਰ ਮੁੜ ਜ਼ੋਰ ਫੜ੍ਹ ਰਹੀ ਹੈ। ਭਾਰਤ ਦੀਆਂ ਆਪਣੀਆਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਨਕਸਲਬਾੜੀਆਂ ਕੋਲ 50 ਹਜ਼ਾਰ ਤੋਂ ਜ਼ਿਆਦਾ ਟਰੇਂਡ ਹਥਿਆਰਬੰਦ ਗੁਰੀਲੇ ਹਨ। ਪਿਛਲੇ ਸਮੇਂ ਦੌਰਾਨ ਨਕਸਲੀਆਂ ਨੇ ਹਜ਼ਾਰ-ਹਜ਼ਾਰ ਦੀ ਗਿਣਤੀ ਵਿੱਚ ਧਾਤੂ-ਖਾਣਾਂ 'ਤੇ ਵੀ ਹਮਲੇ ਆਰੰਭੇ ਹੋਏ ਹਨ। ਨਕਸਲਬਾੜੀਆਂ ਵਿੱਚ ਬਹੁਗਿਣਤੀ ਜ਼ਮੀਨ-ਰਹਿਤ ਦਲਿਤਾਂ ਅਤੇ ਆਦਿਵਾਸੀਆਂ ਦੀ ਹੈ, ਜਿਹੜੇ ਸਦੀਆਂ ਤੋਂ ਬ੍ਰਾਹਮਣਵਾਦ ਦੀ ਵਿਚਾਰਧਾਰਾ ਦੇ ਸਤਾਏ ਹੋਏ ਹਨ।

         ਕਦੇ ਜਿਵੇਂ ਆਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਲੀ ਦੇ ਔਰੰਗਜ਼ੇਬੀ ਨਿਜ਼ਾਮ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਪ੍ਰੇਰਣਾ ਲੈ ਕੇ ਬਾਅਦ ਵਿੱਚ ਭਾਰਤ ਭਰ ਵਿੱਚ ਬਗਾਵਤਾਂ ਉੱਠ ਖੜ੍ਹੀਆਂ ਸਨ, ਜਿਨ੍ਹਾਂ ਨੇ ਅਖੀਰ ਵਿੱਚ ਮੁਗਲੀਆ ਸਲਤਨਤ ਦੀ ਸਫ ਵਲੇਟ ਦਿੱਤੀ ਸੀ, ਉਵੇਂ ਹੀ ਖਾਲਸਾ ਪੰਥ ਨੇ ਖਾਨਦਾਨੀ ਬਾਦਸ਼ਾਹਤ ਰਾਹੀਂ ਸਥਾਪਤ ਇੰਦਰਾ ਗਾਂਧੀ ਦੀ ਤਾਨਾਸ਼ਾਹ ਹਕੂਮਤ ਨੂੰ ਚੈਲਿੰਜ ਕੀਤਾ ਤੇ ਇਉਂ ਭਾਰੀ ਕੁਰਬਾਨੀਆਂ ਦੇ ਕੇ ਭਾਰਤ ਵਿਚਲੀਆਂ ਦੂਸਰੀਆਂ ਦੱਬੀਆਂ ਕੁਚਲ਼ੀਆਂ ਕੌਮਾਂ ਤੇ ਤਹਿਰੀਕਾਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਉਹ ਆਪਣੇ ਹੱਕ ਮੰਗਣ।

         ਅੱਜ ਭਾਰਤ ਦਾ ਅਖੌਤੀ ਲੋਕਤੰਤਰੀ ਚਿਹਰਾ ਅੰਤਰਰਾਸ਼ਟਰੀ ਭਾਈਚਾਰੇ ਦੀ ਕਚਹਿਰੀ ਵਿੱਚ ਇੱਕ ਖੂੰਨੀ ਦਰਿੰਦਗੀ ਵਾਲੇ ਚਿਹਰੇ ਦੀ ਪਛਾਣ ਰੱਖਦਾ ਹੈ। ਜਿੱਥੇ ਭਾਰਤੀ ਉਪ ਮਹਾਂਦੀਪ ਵਿਚਲੀ ਸਿੱਖ ਕੌਮ ਨੇ ਇਸ ਅਰਸੇ ਅੰਦਰ ਬਹੁਤ ਕਸ਼ਟ ਭੋਗੇ ਹਨ, ਉਥੇ ਪਰਦੇਸੀ ਖਾਲਸਾ ਜੀ ਨੇ ਵੀ ਆਪਣੇ ਵਿੱਤ ਅਨੁਸਾਰ ਇਸ ਵਿੱਚ ਸ਼ਲਾਘਾਯੋਗ ਹਿੱਸਾ ਪਾਇਆ ਹੈ। ਕਦੇ ਗਦਰ ਲਹਿਰ ਦੇ 'ਬਾਬਿਆਂ' ਨੇ ਨਾਰਥ ਅਮਰੀਕਾ ਦੀ ਧਰਤੀ ਤੋਂ ਵਾਪਸ ਜਾ ਕੇ, ਭਾਰਤ ਵਿੱਚੋਂ ਫਿਰੰਗੀ ਦਾ ਰਾਜ ਸਮਾਪਤ ਕਰਨ ਲਈ ਗਦਰ ਦੀਆਂ ਗੂੰਜਾਂ ਪਈਆਂ ਸਨ। ਉਹਨਾਂ ਦੀਆਂ ਕੁਰਬਾਨੀਆਂ ਨੇ ਸਾਹ-ਸੱਤ ਹੀਣ ਭਾਰਤੀਆਂ ਵਿੱਚ ਇੱਕ ਨਵੀਂ ਰੂਹ ਫੂਕੀ ਸੀ। ਇਵੇਂ ਹੀ ਖਾਲਿਸਤਾਨ ਦੀ ਲਹਿਰ ਦਾ ਧੁਰਾ ਭਾਵੇਂ ਪੰਜਾਬ ਦੀ ਧਰਤੀ 'ਤੇ ਲਹੂ ਡੋਲ੍ਹਵੀਂ ਲੜਾਈ ਲੜਨ ਵਾਲੇ ਖਾਲਿਸਤਾਨੀ ਯੋਧੇ ਹਨ ਪਰ ਭਾਰਤੀ ਜ਼ੁਲਮਾਂ ਦੀ ਕਹਾਣੀ ਨੂੰ ਬਾਹਰ ਲਿਆਉਣ ਵਿੱਚ ਪਰਦੇਸੀ ਖਾਲਸਾ ਜੀ ਨੇ ਕੇਂਦਰੀ ਰੋਲ ਅਦਾ ਕੀਤਾ ਹੈ। ਜੂਨ '84 ਵਿੱਚ ਭਾਰਤੀ ਫੌਜ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ 'ਤੇ ਕੀਤੇ ਗਏ ਟੈਂਕਾਂ-ਤੋਪਾਂ ਦੇ ਹਮਲੇ ਦੇ ਰੋਸ ਵਜੋਂ ਦੁਨੀਆਂ ਭਰ ਵਿੱਚ ਬੈਠੇ ਸਿੱਖ ਉੱਠ ਖੜ੍ਹੇ ਸਨ। ਭਾਰਤੀ ਖੁਫੀਆ ਏਜੰਸੀਆਂ ਵਲੋਂ ਏਅਰ ਇੰਡੀਆ ਦਾ 'ਹਾਦਸਾ' ਕਰਵਾ ਕੇ, ਉਸ ਵਿਚਲੇ 329 ਮੁਸਾਫਰਾਂ ਨੂੰ ਮਾਰ ਮੁਕਾਉਣਾ ਅਤੇ ਇਸ ਨੂੰ ਅਖੌਤੀ 'ਸਿੱਖ ਦਹਿਸ਼ਤਗਰਦੀ' ਦੇ ਖਾਤੇ ਵਿੱਚ ਪਾਉਣਾ, ਬਾਹਰਲੇ ਸਿੱਖਾਂ ਨੂੰ 'ਬਦਨਾਮ' ਕਰਨ ਦੀ ਕੋਝੀ ਸਾਜ਼ਿਸ਼ ਸੀ। ਇਸੇ ਤਰ੍ਹਾਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਨੇ ਈਸਾਈ, ਮੁਸਲਮਾਨ, ਦਲਿਤ ਜਥੇਬੰਦੀਆਂ ਦੇ ਨਾਲ ਰਲਕੇ, ਜਿਵੇਂ ਭਾਰਤੀ ਸਿਆਸਤਦਾਨਾਂ ਨੂੰ ਅਦਾਲਤਾਂ 'ਚ ਘਸੀਟਿਆ ਹੋਇਆ ਹੈ, ਇਹ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ ਸਿੱਖਾਂ ਦੀ ਤਾਕਤ ਦਾ ਮੁਜ਼ਾਹਰਾ ਹੈ। ਇਸੇ ਬਿਨ੍ਹਾ 'ਤੇ ਸਿੱਖ ਕੌਮ ਨੇ ਜਗਦੀਸ਼ ਟਾਈਟਲਰ, ਕਮਲ ਨਾਥ, ਸੱਜਣ ਕੁਮਾਰ ਵਰਗਿਅÎਾਂ ਨੂੰ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਸਜ਼ਾਵਾਂ ਦਿਵਾਉਣ ਲਈ ਜ਼ੋਰਦਾਰ ਲਾਮਬੰਦੀ ਅਰੰਭੀ ਹੋਈ ਹੈ। 'ਸਿੱਖਜ਼ ਫਾਰ ਜਸਟਿਸ' ਜਥੇਬੰਦੀ ਦੀ ਇਸ ਵਿੱਚ ਵਿਸ਼ੇਸ਼ ਭੂਮਿਕਾ ਹੈ।

        ਅਠਾਰਵੀਂ ਸਦੀ ਦੇ ਬਿਖੜੇ ਸਮੇਂ ਸਿੰਘ ਹਜ਼ਾਰਾਂ ਵਿੱਚ ਸਨ ਤੇ ਕੇਵਲ ਇੱਕ ਥਾਂ ਨਾਲ ਹੀ ਜੁੜੇ (ਪੰਜਾਬ ਜਾਂ ਬੀਕਾਨੇਰ) ਹੋਏ ਸਨ। ਪਰ ਅੱਜ ਅਸੀਂ ਕਰੋੜਾਂ ਵਿੱਚ ਹਾਂ ਅਤੇ ਦੁਨੀਆਂ ਭਰ ਵਿੱਚ ਫੈਲੇ ਹੋਏ ਹਾਂ। ਆਰਥਿਕ ਤੌਰ 'ਤੇ ਅਸੀਂ ਸੌਖੇ ਹਾਂ। ਬਾਹਰਲੇ ਦੇਸ਼ਾਂ ਦੀ ਰਾਜਨੀਤਕ ਪ੍ਰਕਿਰਿਆ ਨੂੰ ਅਸੀਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਸਾਡੇ ਲਈ ਹਾਅ ਦਾ ਨਾਅਰਾ ਮਾਰ ਰਹੀਆਂ ਹਨ। ਪਿਛਲੇ 32 ਵਰ੍ਹਿਆਂ ਵਿੱਚ ਅੰਤਰਰਾਸ਼ਟਰੀ ਤੌਰ 'ਤੇ ਸਾਡੀ ਸਿੱਖ ਦੇ ਤੌਰ 'ਤੇ ਪਛਾਣ ਬਣੀ ਹੈ। ਨਗਰ ਕੀਰਤਨਾਂ ਵਿੱਚ ਕੇਸਰੀ ਦਸਤਾਰਾਂ ਅਤੇ ਚੁੰਨੀਆਂ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਸਿੰਘ-ਸਿੰਘਣੀਆਂ, ਭੁਜੰਗੀ ਸ਼ਾਮਲ ਹੋ ਰਹੇ ਹਨ। ਮੀਡੀਏ, ਭਾਰਤੀ ਏਜੰਸੀਆਂ ਅਤੇ ਭਾਰਤ ਸਰਕਾਰ ਦੇ ਭਾਰੀ ਦਬਾਅ ਦੇ ਬਾਵਜੂਦ ਜਿਵੇਂ ਵਿਸਾਖੀ ਦੇ ਨਗਰ ਕੀਰਤਨਾਂ ਮੌਕੇ ਲੱਖਾਂ ਸਿੱਖ ਸੰਗਤਾਂ ਖਾਲਿਸਤਾਨ ਦੇ ਕਾਜ ਅਤੇ ਖਾਲਿਸਤਾਨੀ ਸ਼ਹੀਦਾਂ ਪ੍ਰਤੀ ਆਪਣੀ ਸਮਰਪਣ ਭਾਵਨਾ ਦਾ ਪ੍ਰਗਟਾਵਾ ਕਰਦੀਆਂ ਹਨ, ਇਹ ਖਾਲਿਸਤਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦਾ ਪ੍ਰਤੱਖ ਸਬੂਤ ਹੈ। ਮੁਸਲਮਾਨ ਭਾਈਚਾਰੇ ਨਾਲ ਜਿੰਨਾ ਮੇਲ ਮਿਲਾਪ ਅੱਜ ਹੈ, ਇੰਨਾ ਪਿਛਲੇ ਪੰਜ ਸੌ ਵਰ੍ਹਿਆਂ ਵਿੱਚ ਕਦੇ ਵੇਖਣ ਨੂੰ ਨਹੀਂ ਆਇਆ। ਹਿੰਦ ਸਰਕਾਰ ਦਾ ਗਾਂਧੀਵਾਦੀ ਚਿਹਰਾ ਅੱਜ ਦੁਨੀਆਂ ਦੀਆਂ ਨਜ਼ਰਾਂ ਵਿੱਚ ਹਿਟਲਰਵਾਦੀ ਬਣਕੇ ਸਾਹਮਣੇ ਆ ਚੁੱਕਾ ਹੈ। ਇੰਦਰਾ ਗਾਂਧੀ, ਜਨਰਲ ਵੈਦਿਆ, ਬੇਅੰਤੇ ਸਮੇਤ ਕਈ ਦੁਸ਼ਟ ਜੰਮਪੁਰੀ ਪਹੁੰਚਾਏ ਗਏ ਹਨ। ਬਾਕੀ ਡਰ ਡਰ ਕੇ ਜੀਵਨ ਦੀਆਂ ਘੜੀਆਂ ਬਿਤਾ ਰਹੇ ਹਨ। ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਬਹਾਦਰ ਸਿੰਘ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਅੰਦਰ ਅੱਜ ਵੀ ਖਾਲਿਸਤਾਨ ਦੇ ਤਰਾਨੇ ਗਾ ਰਹੇ ਹਨ। ਖਾਲਿਸਤਾਨ ਸ਼ਬਦ ਆਪਣਿਆਂ ਤੇ ਵਿਰੋਧੀਆਂ ਦੋਹਾਂ ਦੀ ਜ਼ੁਬਾਨ 'ਚੋਂ ਅਸਾਨੀ ਨਾਲ ਨਿਕਲ ਜਾਂਦਾ ਹੈ। ਖਾਲਿਸਤਾਨ ਦੀ ਪ੍ਰਾਪਤੀ ਦਾ ਨਿਸ਼ਾਨਾ ਮਿੱਥ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਇੰਟਰਨੈਸ਼ਨਲ, ਅਕਾਲੀ ਦਲ ਇੰਟਰਨੈਸ਼ਨਲ ਆਦਿ ਪਾਰਟੀਆਂ ਆਪੋ-ਆਪਣੇ ਵਿੱਤ ਅਨੁਸਾਰ ਯਤਨਸ਼ੀਲ ਹਨ, ਭਾਵੇਂ ਕਿ ਇਸਦੀ ਕੀਮਤ ਪੰਥਕ ਆਗੂਆਂ ਨੂੰ 'ਦੇਸ਼ਧ੍ਰੋਹ' ਦੇ ਮੁਕੱਦਮਿਆਂ ਵਿੱਚ ਜੇਲ੍ਹ-ਯਾਤਰਾ ਕਰਕੇ ਚੁਕਾਉਣੀ ਪੈ ਰਹੀ ਹੈ। ਕੀ ਇਹ ਸਭ ਪ੍ਰਾਪਤੀਆਂ ਸਾਡੇ ਸੀਮਤ ਸਾਧਨਾਂ ਤੇ ਘਰ ਦੇ ਭੇਤੀਆਂ ਦੀਆਂ ਗਦਾਰੀਆਂ ਦੇ ਬਾਵਜੂਦ ਘੱਟ ਹਨ?

         ਅਨੰਦਪੁਰ ਸਾਹਿਬ ਦੀ ਇੱਕ ਲੜਾਈ ਵੇਲੇ ਨਿਸ਼ਾਨ ਸਾਹਿਬ ਚੁੱਕੀ ਭਾਈ ਆਲਮ ਸਿੰਘ ਅੱਗੇ ਨਿਕਲ ਗਏ ਅਤੇ ਦੁਸ਼ਮਣ ਦੇ ਘੇਰੇ ਵਿੱਚ ਆ ਗਏ। ਮੁਸਲਮਾਨ ਸੈਨਾਪਤੀ ਨੇ ਕਿਹਾ ਕਿ ਜੇ ਉਹ ਝੰਡਾ ਸੁੱਟ ਦੇਵੇ ਤਾਂ ਉਸ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਸਿੰਘ ਦੇ ਨਾਂਹ ਕਰਨ 'ਤੇ ਸੈਨਾਪਤੀ ਨੇ ਕਿਹਾ ਕਿ ਉਸ ਦੀਆਂ ਬਾਹਾਂ ਕੱਟ ਦਿੱਤੀਆਂ ਜਾਣਗੀਆਂ ਤਾਂ ਉਸ ਨੇ ਕਿਹਾ ਕਿ ਮੈਂ ਪੈਰਾਂ ਨਾਲ ਨਿਸ਼ਾਨ ਸਾਹਿਬ ਫੜ੍ਹ ਲਵਾਂਗਾ। ਸੈਨਾਪਤੀ ਨੇ ਕਿਹਾ ਕਿ ਜੇ ਤੇਰੀਆਂ ਲੱਤਾਂ ਵੱਢ ਦਿੱਤੀਆਂ ਗਈਆਂ, ਫੇਰ ਕੀ ਕਰੇਂਗਾ? ਭਾਈ ਆਲਮ ਸਿੰਘ ਨੇ ਕਿਹਾ ਕਿ ਫੇਰ ਮੈਂ ਮੂੰਹ ਨਾਲ ਨਿਸ਼ਾਨ ਸਾਹਿਬ ਫੜ੍ਹ ਲਵਾਂਗਾ। ਸੈਨਾਪਤੀ ਨੇ ਕਿਹਾ, ਤੇਰਾ ਸਿਰ ਉਡਾ ਦਿੱਤਾ ਜਾਵੇਗਾ। ਇਹ ਸੁਣ ਕੇ ਭਾਈ ਆਲਮ ਸਿੰਘ ਨੇ ਕਿਹਾ ਕਿ ਮੈਂ ਸਿੱਖ ਦਾ ਫਰਜ਼ ਪੂਰਾ ਕਰ ਦਿਆਂਗਾ। ਅੱਗੇ ਨਿਸ਼ਾਨ ਸਾਹਿਬ ਦੇ ਮਾਲਕ ਕਲਗੀਧਰ ਪਾਤਸ਼ਾਹ ਨੇ ਵੇਖਣਾ ਹੈ ਕਿ ਇਸ ਨੂੰ ਕਿਵੇਂ ਉੱਚਾ ਰੱਖਣਾ ਹੈ। ਇਹ ਸੁਣ ਕੇ ਸੈਨਾਪਤੀ ਨੇ ਗੁੱਸੇ ਨਾਲ ਤਲਵਾਰ ਦਾ ਵਾਰ ਕੀਤਾ ਤੇ ਭਾਈ ਸਾਹਿਬ ਦੇ ਸ਼ਹੀਦ ਹੋਣ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਉੱਥੇ ਅੱਪੜ ਕੇ ਨਿਸ਼ਾਨ ਸਾਹਿਬ ਸੰਭਾਲ ਚੁੱਕੇ ਸਨ ਤੇ ਨਾਲ ਹੀ ਮੁਗਲ ਸੈਨਾਪਤੀ ਨੂੰ ਨਰਕਵਾਸੀ ਬਣਾ ਚੁੱਕੇ ਸਨ। ਇਹ ਹੈ ਸਿੱਖੀ ਸਿਦਕ ਅਤੇ ਵਿਸ਼ਵਾਸ਼।

          ਖਾਲਿਸਤਾਨ ਦਿਵਸ ਦੇ ਮੌਕੇ 'ਤੇ ਭਾਈ ਆਲਮ ਸਿੰਘ ਵਰਗੀ ਦ੍ਰਿੜਤਾ ਤੇ ਗੁਰੂ ਵਿਸ਼ਵਾਸ ਦੋਹਰਾਉਣ ਦੀ ਲੋੜ ਹੈ। ਜੰਗ ਜਾਰੀ ਹੈ ਤੇ ਉਸ ਦਿਨ ਤੱਕ ਜਾਰੀ ਰਹੇਗੀ ਜਦੋਂ ਤੱਕ ਖਾਲਸਾ ਪੰਥ ਆਪਣੀ ਮੰਜ਼ਿਲ-ਏ-ਮਕਸੂਦ 'ਖਾਲਿਸਤਾਨ' ਹਾਸਲ ਨਹੀਂ ਕਰ ਲੈਂਦਾ। ਘੱਲੂਘਾਰੇ, ਪੁਰਾਤਨ ਸਿੰਘਾਂ ਦੇ ਰਾਜ ਲੈਣ ਦੇ ਇਰਾਦੇ ਨੂੰ ਡੁਲਾ ਨਹੀਂ ਸਨ ਸਕੇ ਤੇ ਅੱਜ ਦਾ ਦੌਰੇ-ਜ਼ੁਲਮ ਵੀ ਖਾਲਿਸਤਾਨ ਦੀ ਪ੍ਰਾਪਤੀ ਦੇ ਪੰਥਕ ਨਿਸ਼ਾਨੇ ਨੂੰ ਹਾਸਲ ਕਰਨ ਵਿੱਚ ਰੋਕ ਨਹੀਂ ਬਣ ਸਕਦਾ। ਪੰਥ ਨੇ ਬਹੁਤ ਪੈਂਡਾ ਤੈਅ ਕਰ ਲਿਆ ਹੈ। ਖੂਨੀ ਨਦੀ ਤਰ ਕੇ ਆਏ ਕੇਸਰੀ ਕਾਫਲੇ ਦੇ ਸ਼ਾਹ ਸਵਾਰਾਂ ਨੂੰ ਮੰਜ਼ਿਲ ਖੜ੍ਹੀ ਉਡੀਕ ਰਹੀ ਹੈ।

          ਆਓ! ਇਸ 33ਵੀਂ ਵਰ੍ਹੇਗੰਢ ਮੌਕੇ 'ਤੇ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿਰ ਝੁਕਾਉਂਦੇ ਹੋਏ ਇਹ ਪ੍ਰਣ ਦੋਹਰਾਈਏ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਚੈਨ ਨਾਲ ਨਹੀਂ ਬੈਠਾਂਗੇ। ਗੁਰੂ ਅੰਗ-ਸੰਗ ਸਹਾਈ ਹੋਵੇਗਾ।

ਖਾਲਿਸਤਾਨ ਜ਼ਿੰਦਾਬਾਦ!

© 2011 | All rights reserved | Terms & Conditions