ਸੀ. ਬੀ. ਐਸ. ਈ. ਸਿਲੇਬਸ 'ਚੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਲੋਕਤੰਤਰ ਸਬੰਧੀ ਚੈਪਟਰ ਬਾਹਰ ਕੱਢ ਦਿੱਤੇ ਗਏ ! : Dr. Amarjit Singh washington D.C
Submitted by Administrator
Saturday, 27 April, 2019- 04:22 am
ਸੀ. ਬੀ. ਐਸ. ਈ. ਸਿਲੇਬਸ 'ਚੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਲੋਕਤੰਤਰ ਸਬੰਧੀ ਚੈਪਟਰ ਬਾਹਰ ਕੱਢ ਦਿੱਤੇ ਗਏ !  :  Dr. Amarjit Singh washington D.C

ਇੱਕ ਭਾਰਤੀ ਸ਼ਹਿਰੀ ਹੋਣ ਦੇ ਨਾਤੇ ਮੈਂ ਨਹੀਂ ਚਾਹੁੰਦਾ ਕਿ ਨਰਿੰਦਰ ਮੋਦੀ ਮੇਰਾ ਪ੍ਰਧਾਨ ਮੰਤਰੀ ਹੋਵੇ - ਨੋਬਲ ਇਨਾਮ ਜੇਤੂ ਅਮ੍ਰਿਤਿਆ ਸੇਨ!

ਲੋਕਾਂ ਦਾ ਇਹ ਪੁੱਛਣ ਦਾ ਹੱਕ ਹੈ ਕਿ ਬਾਲਾਕੋਟ 'ਚ ਕੀ ਹੋਇਆ! ਜੇ ਕੋਈ ਸ਼ੇਰ ਮਾਰਨ ਦਾ ਦਾਅਵਾ ਕਰਦਾ ਹੈ ਤਾਂ ਉਸਨੂੰ ਮਰਿਆ ਸ਼ੇਰ ਵਿਖਾਉਣਾ ਪੈਂਦਾ ਹੈ - ਹਾਮਿਦ ਅਨਸਾਰੀ, ਸਾਬਕਾ ਉੱਪ ਰਾਸ਼ਟਰਪਤੀ

ਜੇ ਮੋਦੀ ਦੇ ਕਹਿਣ ਅਨੁਸਾਰ ਭਾਰਤ ਨੇ ਨਿਊਕਲੀਅਰ ਬੰਬ ਦੀਵਾਲੀ ਲਈ ਨਹੀਂ ਰੱਖੇ ਤਾਂ ਯਾਦ ਰੱਖੋ ਪਾਕਿਸਤਾਨ ਨੇ ਵੀ ਕੋਈ ਈਦ ਲਈ ਨਹੀਂ ਰੱਖੇ- ਮਹਿਬੂਬਾ ਮੁਫਤੀ, ਸਾਬਕਾ ਮੁੱਖ ਮੰਤਰੀ ਜੰਮੂ-ਕਸ਼ਮੀਰ


ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ 'ਜਿਣਸੀ ਛੇੜਛਾੜ' ਦੇ ਦੋਸ਼ ਉਸ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕਰਨ ਦੀ ਆਰ. ਐਸ. ਐਸ. ਦੀ ਸਾਜ਼ਿਸ਼!           ਵਾਸ਼ਿੰਗਟਨ (ਡੀ. ਸੀ.) 27 ਜੁਲਾਈ, 2019 - ਭਾਰਤ ਵਿੱਚ ਇਸ ਵੇਲੇ ਅੱਡ-ਅੱਡ ਪੜਾਵਾਂ ਵਿੱਚ ਲੋਕ ਸਭਾ ਲਈ ਵੋਟਾਂ ਪੈ ਰਹੀਆਂ ਹਨ। ਆਰ. ਐਸ. ਐਸ. ਦੀ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਨੇ ਇਲੈਕਟ੍ਰਾਨਿਕ, ਪ੍ਰਿੰਟ ਤੇ ਸੋਸ਼ਲ ਮੀਡੀਏ ਤੇ ਆਪਣੀ ਪੂਰੀ ਅਜ਼ਾਰੇਦਾਰੀ ਸਥਾਪਤ ਕੀਤੀ ਹੋਈ ਹੈ। ਸਿਰਫ ਤੇ ਸਿਰਫ 'ਮੋਦੀ ਬ੍ਰਾਂÎਡ ਖਾਣਾ' ਹੀ ਭਾਰਤ ਦੇ ਇੱਕ ਬਿਲੀਅਨ 300 ਮਿਲੀਅਨ ਲੋਕਾਂ ਸਾਹਮਣੇ ਪਰੋਸਿਆ ਜਾ ਰਿਹਾ ਹੈ। ਕੋਈ ਵਿਰਲਾ ਟਾਂਵਾ ਨੈਟਵਰਕ ਜਾਂ ਪੱਤਰਕਾਰ ਹੀ, ਇਸ 'ਹਿੰਦੂਤਵੀ ਝੱਖੜ' ਦੇ ਵਿਰੁੱਧ ਖਲੋਣ ਦੀ ਹਮਾਇਤ ਵਿਖਾ ਰਿਹਾ ਹੈ। ਅਕਸ਼ੇ ਕੁਮਾਰ ਵਰਗੇ ਫਿਲਮੀ ਸਿਤਾਰੇ, ਆਰ. ਐਸ. ਐਸ. ਦੇ ਦਲਾਲ ਬਣ ਕੇ ਉਸ ਦੇ 'ਇੰਟਰਵਿਊ' ਦਾ ਡਰਾਮਾ ਰਚ ਕੇ, ਉਸ ਨੂੰ ਇੱਕ 'ਮਹਾਨ ਸ਼ਖਸ' ਵਜੋਂ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਮੋਦੀ ਦੇ ਹੱਥ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਮੋਦੀ ਬਾਓਪਿਕਸ, ਕੇਸਰੀ, ਐਕਸੀਡੈਂਟਲ ਪ੍ਰਧਾਨ ਮੰਤਰੀ ਆਦਿ ਫਿਲਮਾਂ, ਐਨ ਚੋਣਾਂ ਦੇ ਮੌਕੇ ਰਿਲੀਜ਼ ਕੀਤੀਆਂ ਗਈਆਂ ਹਨ ਤਾਂ ਕਿ ਹਿੰਦੂਤਵੀਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਦਹਿਸ਼ਤਗਰਦ ਸਾਧਵੀ ਪ੍ਰੱਗਿਆ, ਸਾਕਸ਼ੀ ਮਹਾਰਾਜ, ਮੋਦੀ, ਅਮਿਤ ਸ਼ਾਹ ਵਲੋਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਨਫਰਤ ਭਰਪੂਰ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ-ਕਮਿਸ਼ਨ, ਮੋਦੀ ਸਰਕਾਰ ਦੀ ਇੱਕ ਮਹਿਜ਼ 'ਐਕਸਟੈਨਸ਼ਨ' ਬਣ ਕੇ ਰਹਿ ਗਿਆ ਹੈ। ਭਾਰਤ ਭਰ ਵਿੱਚ ਇਸ ਵੇਲੇ ਪੱਸਰੇ ਡਰ ਤੇ ਹਨੇਰੇ ਦੇ ਇਸ ਮਾਹੌਲ ਵਿੱਚ ਚੰਦ ਬਹਾਦਰ ਸ਼ਖਸੀਅਤਾਂ ਇਸ 'ਕੂੜ ਦੀ ਮੱਸਿਆ' ਵਿੱਚ ਪੂਰਨਮਾਸ਼ੀ ਦੇ ਚੰਨ ਵਾਂਗ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

          ਅਮ੍ਰਿਤਿਆ ਸੇਨ, ਇੱਕ ਨੋਬਲ ਇਨਾਮ ਜੇਤੂ ਭਾਰਤੀ ਸ਼ਹਿਰੀ ਹਨ। ਉਹ ਅੱਜਕੱਲ੍ਹ ਨਾਲੰਦਾ ਯੂਨੀਵਰਸਿਟੀ ਬਿਹਾਰ ਦੇ ਚਾਂਸਲਰ ਹਨ। 17 ਜੁਲਾਈ ਨੂੰ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਉਹ ਚਾਂਸਲਰ ਦੇ ਤੌਰ 'ਤੇ ਆਪਣਾ ਕੰਮਕਾਜ ਜਾਰੀ ਰੱਖਣ ਜਦੋਂ ਕਿ ਯੂਨੀਵਰਸਿਟੀ ਬੋਰਡ ਦੇ ਮੈਂਬਰ ਉਨ੍ਹਾਂ ਵਲੋਂ ਅਸਤੀਫਾ ਦੇਣ ਦੇ ਖਿਲਾਫ ਹਨ। ਇਸ ਸਬੰਧੀ ਉਨ੍ਹਾਂ ਨੇ ਇੱਕ 4000 ਸ਼ਬਦਾਂ ਦੀ ਲਿਖਤ ਲਿਖੀ ਹੈ, ਜਿਹੜੀ ਕਿ 'ਨਿਊਯਾਰਕ ਰੀਵਿਊ ਆਫ ਬੁੱਕਜ਼' ਦੇ ਅਗਸਤ ਅੰਕ ਵਿੱਚ ਪ੍ਰਕਾਸ਼ਤ ਹੋਵੇਗੀ। ਹਾਲ ਹੀ ਵਿੱਚ ਅਮ੍ਰਿਤਿਆ ਸੇਨ ਨੇ ਇੰਡੀਆ ਟੂਡੇ ਟੀ. ਵੀ. ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ, 'ਇੱਕ ਭਾਰਤੀ ਸ਼ਹਿਰੀ ਹੋਣ ਦੇ ਨਾਤੇ ਮੈਂ ਨਹੀਂ ਚਾਹੁੰਦਾ ਕਿ ਨਰਿੰਦਰ ਮੋਦੀ ਮੇਰਾ ਪ੍ਰਧਾਨ ਮੰਤਰੀ ਹੋਵੇ। ਹਿੰਦੂਤਵੀ ਰਾਜ ਵਿੱਚ ਸੈਕੂਲਰਿਜ਼ਮ ਦਾ ਭੋਗ ਪੈ ਰਿਹਾ ਹੈ। 'ਘਰ ਵਾਪਸੀ' ਵਰਗੀਆਂ ਲਹਿਰਾਂ ਦੇ ਹੁੰਦਿਆਂ ਘੱਟਗਿਣਤੀਆਂ ਜ਼ੁਲਮਾਂ ਦਾ ਸ਼ਿਕਾਰ ਹਨ, ਚਰਚਾਂ 'ਤੇ ਹਮਲੇ ਹੋ ਰਹੇ ਹਨ। ਅਕਾਦਮਿਕ ਆਜ਼ਾਦੀ ਦਾ ਭੋਗ ਪੈ ਗਿਆ ਹੈ। ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਜ਼, ਇੰਡੀਅਨ ਕੌਂਸਲ ਆਫ ਹਿਸਟੌਰੀਕਲ ਰਿਸਰਚ, ਟਾਟਾ ਫਾਊਂਡੇਸ਼ਨ ਆਫ ਫੰਡਾਮੈਂਟਲ ਰਿਸਰਚ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆਦਿ ਸੰਸਥਾਵਾਂ ਵਿੱਚ ਸਿੱਧੀ-ਸਿੱਧੀ ਦਖਲਅੰਦਾਜ਼ੀ ਹੋ ਰਹੀ ਹੈ। ਭਾਰਤੀ ਸੈਕੂਲਰ ਤਾਣਾ-ਬਾਣਾ ਪੂਰੀ ਤਰ੍ਹਾਂ ਬਰਬਾਦ ਹੋ ਰਿਹਾ ਹੈ......।' ਅਸੀਂ ਅਮ੍ਰਿਤਿਆ ਸੇਨ ਦੀ ਨਿੱਡਰ ਪਹੁੰਚ ਨੂੰ ਸਲਾਮ ਪੇਸ਼ ਕਰਦੇ ਹਾਂ।

         ਭਾਰਤ ਵਿੱਚ ਰਾਸ਼ਟਰਪਤੀ, ਉੱਪ-ਰਾਸ਼ਟਰਪਤੀ, ਗਵਰਨਰ ਆਦਿ ਦੇ ਅਹੁਦਿਆਂ 'ਤੇ ਬੈਠੇ ਲੋਕ 'ਰਿਟਾਇਰਾਂ' ਵਾਂਗ ਹੁੰਦੇ ਹਨ ਅਤੇ ਲੋਕਾਂ ਦੀ ਟੈਕਸ ਮਨੀ ਦੇ ਸਿਰ 'ਤੇ ਐਸ਼ ਕਰਦੇ ਹਨ। ਇਨ੍ਹਾਂ ਅਹੁਦਿਆਂ ਤੋਂ ਹਟਣ ਤੋਂ ਬਾਅਦ ਉਹ ਬਿਲਕੁਲ ਹੀ ਖਾਮੋਸ਼ ਹੋ ਜਾਂਦੇ ਹਨ। ਪਰ ਭਾਰਤ ਦੇ ਸਾਬਕਾ ਉੱਪ-ਰਾਸ਼ਟਰਪਤੀ ਹਾਮਿਦ ਅਨਸਾਰੀ ਇੱਕ 'ਅਪਵਾਦ' ਹਨ। ਉਹ ਭਾਰਤ ਦੇ ਰਾਜਸੀ ਮਾਹੌਲ ਸਬੰਧੀ ਖੁੱਲ੍ਹ ਕੇ ਲਿਖਦੇ ਹਨ ਅਤੇ ਬਿਨਾਂ ਡਰ ਬੋਲਦੇ ਹਨ, ਭਾਵੇਂ ਕਿ ਇੱਕ ਮੁਸਲਮਾਨ ਹੋਣ ਦੇ ਨਾਤੇ ਇਹ ਸੌਖਾ ਕੰਮ ਨਹੀਂ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਟੀ. ਵੀ. ਚੈਨਲ 'ਤਿਰੰਗਾ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੋਦੀ ਸਰਕਾਰ 'ਤੇ ਤਿੱਖੇ ਵਾਰ ਕੀਤੇ ਹਨ। ਆਪਣੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਹੈ ਕਿ, ''ਹਰ ਸ਼ਹਿਰੀ ਦਾ ਇਹ ਹੱਕ ਹੈ ਕਿ ਉਹ ਸਰਕਾਰ ਅਤੇ ਫੌਜ ਤੋਂ ਸਵਾਲ ਪੁੱਛੇ! ਜਵਾਬ ਦੇਣਾ ਸਰਕਾਰ ਦਾ ਫਰਜ਼ ਹੈ। ਜੇ ਮੈਂ ਇਹ ਦਾਅਵਾ ਕਰਾਂ ਕਿ ਮੈਂ ਸ਼ੇਰ ਮਾਰਿਆ ਹੈ ਤਾਂ ਮੈਨੂੰ ਆਪਣਾ ਦਾਅਵਾ ਸੱਚ ਕਰਨ ਲਈ ਮਰਿਆ ਸ਼ੇਰ ਵਿਖਾਉਣਾ ਪਵੇਗਾ। ਜੇ ਭਾਰਤੀ ਹਵਾਈ ਫੌਜ ਦੇ ਬਾਲਾਕੋਟ ਹਮਲੇ 'ਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਸਰਕਾਰ ਦਾ ਫਰਜ਼ ਹੈ ਕਿ ਉਹ ਇਨ੍ਹਾਂ ਸਵਾਲਾਂ ਦਾ ਤਸੱਲੀਬਖਸ਼ ਜਵਾਬ ਦੇਵੇ। ਭਾਰਤ ਵਿੱਚ ਇਸ ਵੇਲੇ ਜਾਣ-ਬੁੱਝ ਕੇ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਵਲੋਂ ਹਟਾਇਆ ਜਾ ਸਕੇ। ਹੁਣ ਪ੍ਰੱਗਿਆ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬਾਬਰੀ ਮਸੀਤ ਤੋੜਨ ਵਿੱਚ ਉੱਘਾ ਰੋਲ ਅਦਾ ਕੀਤਾ। ਉਸ 'ਤੇ ਕੇਸ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ।'' ਹਾਮਿਦ ਅਨਸਾਰੀ ਨੇ ਬੜੀ ਬੇਬਾਕੀ ਨਾਲ ਸੱਚ ਬਿਆਨਿਆ ਹੈ। ਯਾਦ ਰਹੇ ਹਾਮਿਦ ਅਨਸਾਰੀ 2007 ਤੋਂ 2017 ਤੱਕ 10 ਸਾਲ, ਭਾਰਤ ਦੇ ਉੱਪ-ਰਾਸ਼ਟਰਪਤੀ ਰਹੇ ਹਨ।

         ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅੱਜਕੱਲ੍ਹ ਪੂਰੀ 'ਜੁਝਾਰੂ ਰੌਂਅ' ਵਿੱਚ ਹਨ। ਉਹ ਅਨੰਤਨਾਗ ਹਲਕੇ ਤੋਂ ਐਮ. ਪੀ. ਦੀ ਚੋਣ ਲੜ ਰਹੇ ਹਨ। ਕੁਝ ਮਹੀਨੇ ਪਹਿਲਾਂ ਤੱਕ ਉਨ੍ਹਾਂ ਦੀ ਪੀ. ਡੀ. ਪੀ. ਪਾਰਟੀ ਦੀ ਬੀਜੇਪੀ ਨਾਲ ਕੁਲੀਸ਼ਨ ਸਰਕਾਰ ਸੀ। ਬੀਜੇਪੀ ਨੇ ਇੱਕਤਰਫਾ ਫੈਸਲਾ ਲੈਂਦਿਆਂ ਸਰਕਾਰ ਤੋੜ ਦਿੱਤੀ ਅਤੇ ਕਸ਼ਮੀਰ ਨੂੰ ਫੌਜ ਦੇ ਹਵਾਲੇ ਕਰਕੇ ਗਵਰਨਰੀ ਰਾਜ ਲਾਗੂ ਕਰ ਦਿੱਤਾ। ਉਸ ਤੋਂ ਬਾਅਦ ਮਹਿਬੂਬਾ ਦੇ ਤੇਵਰ ਕਾਫੀ ਹਮਲਾਵਰ ਰੁਖ ਅਖਤਿਆਰ ਕਰ ਗਏ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਬਿਆਨ ਸੀ ਕਿ 'ਜੇ ਭਾਰਤ ਸਰਕਾਰ ਨੇ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਦੇਣ ਵਾਲੀ ਧਾਰਾ-370 ਤੇ ਧਾਰਾ 35 ਏ ਖਤਮ ਕੀਤੀ ਤਾਂ ਕਸ਼ਮੀਰ ਦਾ ਭਾਰਤ ਨਾਲੋਂ ਪੂਰੀ ਤਰ੍ਹਾਂ ਨਾਤਾ ਟੁੱਟ ਜਾਵੇਗਾ।' ਹੁਣ ਮਹਿਬੂਬਾ ਨੇ ਮੋਦੀ ਤੇ ਇੱਕ ਹੋਰ ਤਿੱਖਾ ਵਾਰ ਕੀਤਾ ਹੈ। ਪਿਛਲੇ ਦਿਨੀਂ ਮੋਦੀ ਨੇ ਰਾਜਸਥਾਨ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ, 'ਭਾਰਤ ਹੁਣ ਪਹਿਲਾਂ ਵਾਲਾ ਭਾਰਤ ਨਹੀਂ ਰਿਹਾ। ਅਸੀਂ ਪਾਕਿਸਤਾਨ ਵਿੱਚ 'ਵੜ ਕੇ' ਹਮਲਾ ਕੀਤਾ ਹੈ। ਜਿਹੜੇ ਕਹਿੰਦੇ ਹਨ ਕਿ ਪਾਕਿਸਤਾਨ ਦਾ ਹੱਥ ਨਿਊਕਲੀਅਰ ਬਟਨ 'ਤੇ ਹੈ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਦਾ ਨਿਊਕਲੀਅਰ ਜ਼ਖੀਰਾ, ਦੀਵਾਲੀ ਮੌਕੇ ਵਰਤਣ ਲਈ ਨਹੀਂ ਹੈ।' ਸੋ ਜ਼ਾਹਰ ਹੈ ਕਿ ਮੋਦੀ ਦੀ ਇਹ ਟਿੱਪਣੀ ਪੂਰੀ ਤਰ੍ਹਾਂ ਭੜਕਾਊ ਅਤੇ ਗੈਰ-ਜ਼ਿੰਮੇਵਾਰ ਹੈ ਪਰ ਕਿਸੇ ਵੀ ਦੂਸਰੀ ਰਾਸ਼ਟਰੀ ਪਾਰਟੀ ਨੇ ਇਸ ਨੂੰ ਚੈਲੰਜ ਨਹੀਂ ਕੀਤਾ। ਸਭ ਰਾਸ਼ਟਰੀ ਪਾਰਟੀਆਂ ਆਪਣੀ 'ਦੇਸ਼ ਭਗਤੀ' (ਜਿਸ ਦਾ ਮਤਲਬ ਹੈ ਪਾਕਿਸਤਾਨ ਵਿਰੋਧੀ) ਸਾਬਤ ਕਰਨ 'ਤੇ ਲੱਗੀਆਂ ਹੋਈਆਂ ਹਨ। ਮਹਿਬੂਬਾ ਨੇ ਮੋਦੀ ਨੂੰ ਚੈਲੰਜ ਕਰਦਿਆਂ ਕਿਹਾ, 'ਇਸ ਵੇਲੇ ਦੇਸ਼ ਬਹੁਤ ਮਾੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਹੈ। ਮੋਦੀ ਵਲੋਂ ਨਿਊਕਲੀਅਰ ਹਥਿਆਰਾਂ ਨੂੰ ਸਿਆਸੀ ਬਹਿਸਬਾਜ਼ੀ ਦਾ ਹਿੱਸਾ ਬਣਾਉਣਾ ਅਤਿ-ਨਿੰਦਣਯੋਗ ਹੈ। ਜੇ ਭਾਰਤ ਨੇ ਨਿਊਕਲੀਅਰ ਹਥਿਆਰ ਦੀਵਾਲੀ ਲਈ ਨਹੀਂ ਰੱਖੇ ਹੋਏ ਤਾਂ ਪਾਕਿਸਤਾਨ ਨੇ ਵੀ ਇਹ ਈਦ ਲਈ ਨਹੀਂ ਸੰਭਾਲੇ ਹੋਏ।' ਅਸੀਂ ਮਹਿਬੂਬਾ ਮੁਫਤੀ ਦੇ ਸਟੈਂਡ ਦੀ ਹਮਾਇਤ ਕਰਦੇ ਹਾਂ। ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਵੀ ਫੌਜੀ-ਟਕਰਾਅ ਬਹੁਤ ਜਲਦ 'ਨਿਊਕਲੀਅਰ ਜੰਗ' ਵਿੱਚ ਤਬਦੀਲ ਹੋ ਜਾਵੇਗਾ, ਜਿਸ ਦਾ ਮਤਲਬ ਹੋਵੇਗਾ ਪੰਜਾਬ, ਜੰਮੂ-ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਬਹੁਤ ਵੱਡੇ ਹਿੱਸੇ ਦੀ ਤਬਾਹੀ।

         ਬੀਜੇਪੀ ਦੇ ਵੱਡੇ ਲੀਡਰਾਂ ਦੇ ਬਿਆਨ ਹਨ ਕਿ 2019 ਦੀਆਂ ਚੋਣਾਂ ਅਖੀਰਲੀਆਂ ਹੋਣਗੀਆਂ, ਫੇਰ ਚੋਣਾਂ ਦੀ ਲੋੜ ਹੀ ਨਹੀਂ ਰਹੇਗੀ। ਜ਼ਾਹਰ ਹੈ ਕਿ ਹਿੰਦਤਵੀ ਵਿਚਾਰਧਾਰਾ ਵਾਲੇ 'ਸੰਵਿਧਾਨਕ ਲੋਕਤੰਤਰ' ਦਾ ਅੰਤ ਕਰਕੇ ਭਾਰਤ ਵਿੱਚ ਮਨੂੰ-ਵਰਣਵਿਵਸਥਾ ਆਧਾਰਿਤ, ਬ੍ਰਾਹਮਣ ਦੀ ਅਜ਼ਾਰੇਦਾਰੀ ਵਾਲਾ ਰਾਜ ਪ੍ਰਬੰਧ ਲਾਗੂ ਕਰਨਗੇ। ਇਹ ਸਿਸਟਮ ਲਾਗੂ ਕਰਨ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਭਾਰਤ ਦੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਨੇ ਅਜੋਕੇ ਅਕਾਦਮਿਕ ਸੈਸ਼ਨ ਤੋਂ 10ਵੀਂ ਕਲਾਸ ਦੇ ਵਿੱਦਿਆ ਦੇ ਸਿਲੇਬਸ 'ਚੋਂ ਲੋਕਤੰਤਰ ਸਬੰਧੀ ਪੰਜ ਚੈਪਟਰ 'ਹਟਾਉਣ' ਦਾ ਆਦੇਸ਼ ਦਿੱਤਾ ਹੈ। ਇਹ ਚੈਪਟਰ ਹਨ - ਡੈਮੋਕ੍ਰੇਸੀ ਨੂੰ ਚੈਲੰਜ, ਡੈਮੋਕ੍ਰੇਸੀ ਅਤੇ ਵਿਭਿਧਤਾ, ਸਿਆਸੀ ਸੰਘਰਸ਼ ਦੀਆਂ ਲਹਿਰਾਂ, ਜੰਗਲ ਅਤੇ ਜੰਗਲੀ, ਜ਼ਿੰਦਗੀ,Œ ਪਾਣੀ ਸੰਸਾਧਨ। ਯਾਦ ਰਹੇ, ਸੈਕੰਡਰੀ ਐਜੂਕੇਸ਼ਨ ਨਾਲ ਸਬੰਧਿਤ ਸੀ. ਬੀ. ਐਸ. ਈ. ਸਿੱਧੇ ਤੌਰ 'ਤੇ ਕੇਂਦਰੀ ਮੰਤਰਾਲੇ -ਹਿਊਮਨ ਰਿਸੋਰਸ ਮਨਿਸਟਰੀ ਦੇ ਅਧੀਨ ਹੈ। ਮਨਿਸਟਰੀ ਵਲੋਂ ਲੰਮੇ ਸਮੇਂ ਤੋਂ ਵਿੱਦਿਆ ਦਾ 'ਭਗਵਾਂਕਰਣ' ਕਰਨ ਦਾ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ। ਇਸੇ 'ਭਗਵਾਂ ਏਜੰਡੇ' ਤਹਿਤ ਹੁਣ 'ਲੋਕਤੰਤਰ' ਵੀ ਗੈਰ-ਜ਼ਰੂਰੀ ਐਲਾਨਦਿਆਂ, ਪੰਜ ਚੈਪਟਰ, 10ਵੀਂ ਦੇ ਸਿਲੇਬਸ 'ਚੋਂ ਗਾਇਬ ਕਰ ਦਿੱਤੇ ਗਏ ਹਨ।

         ਭਗਵਾਂ ਬ੍ਰਿਗੇਡ ਨੇ ਭਾਰਤ ਵਿੱਚ ਪਾਰਲੀਮੈਂਟ, ਮੀਡੀਆ, ਐਡਮਨਿਸਟਰੇਸ਼ਨ 'ਤੇ ਤਾਂ ਆਪਣੀ ਪੂਰੀ ਅਜ਼ਾਰੇਦਾਰੀ ਕਾਇਮ ਕਰ ਹੀ ਲਈ ਹੈ ਪਰ ਜੁਡੀਸ਼ੀਅਰੀ ਕਦੀ-ਕਦੀ 'ਸਲਿੱਪ' ਮਾਰ ਜਾਂਦੀ ਹੈ। ਸੁਪਰੀਮ ਕੋਰਟ ਦੇ ਪਿਛਲੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਤਾਂ ਨੰਗੇ ਧੜ ਹਿੰਦੂਤਵੀ ਏਜੰਡੇ ਨੂੰ ਅੱਗੇ ਤੋਰਿਆ ਸੀ। ਪਰ ਅਸਾਮੀ ਮੂਲ ਦੇ ਨਵੇਂ ਚੀਫ ਜਸਟਿਸ ਰੰਜਨ ਗੋਗੋਈ, ਹਿੰਦੂਤਵੀਆਂ ਦੇ ਪੂਰੇ ਕੰਟਰੋਲ ਵਿੱਚ ਆਉਣ ਤੋਂ ਅਜੇ ਤੱਕ ਆਕੀ ਹੋਏ ਬੈਠੇ ਸਨ। ਇਸ ਲਈ ਰੰਜਨ ਗੋਗੋਈ ਨੇ ਮੋਦੀ ਸਰਕਾਰ ਦੀ ਚਾਹਨਾ ਅਨੁਸਾਰ, ਨਾ ਤਾਂ ਬਾਬਰੀ ਮਸੀਤ ਬਨਾਮ ਰਾਮ ਮੰਦਰ ਸਬੰਧੀ ਚੋਣਾਂ ਤੋਂ ਪਹਿਲਾਂ ਸੁਣਵਾਈ ਕੀਤੀ ਅਤੇ ਨਾ ਹੀ ਰਾਫੇਲ ਜਹਾਜ਼ਾਂ ਨਾਲ ਸਬੰਧਿਤ ਸੌਦੇਬਾਜ਼ੀ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਰਫਾ-ਦਫਾ ਕੀਤਾ। ਹਿੰਦੂਤਵੀਆਂ ਨੂੰ ਰੰਜਨ ਗੋਗੋਈ ਆਪਣੇ ਰਸਤੇ ਦਾ ਰੋੜਾ ਨਜ਼ਰ ਆ ਰਹੇ ਹਨ। ਚੋਣ ਪ੍ਰਚਾਰ ਦੇ ਸ਼ੋਰ-ਸ਼ਰਾਬੇ ਦੌਰਾਨ ਹਿੰਦੂਤਵੀਆਂ ਨੇ ਰੰਜਨ ਗੋਗੋਈ ਦੇ ਖਿਲਾਫ ਕਿਆਮਤ ਦੀ ਚਾਲ ਚੱਲੀ ਹੈ।

         ਮੀਡੀਆ ਰਿਪੋਰਟਾਂ ਅਨੁਸਾਰ ਇੱਕ ਸਾਬਕਾ ਜੂਨੀਅਰ ਮੁਲਜ਼ਮਾ ਨੇ ਦੋਸ਼ ਲਾਇਆ ਹੈ ਕਿ ਰੰਜਨ ਗੋਗੋਈ ਨੇ ਵਰ੍ਹਾ 2018 ਦੌਰਾਨ ਉਸ ਦਾ 'ਜਿਣਸੀ ਸੋਸ਼ਣ' ਕੀਤਾ। ਇਸ ਸਬੰਧੀ ਉਸ ਨੇ ਵੇਰਵੇ ਸਹਿਤ ਸੁਪਰੀਮ ਕੋਰਟ ਦੇ 22 ਜੱਜਾਂ ਨੂੰ ਦਰਖਾਸਤ ਦਿੱਤੀ ਹੈ। ਰੰਜਨ ਗੋਗੋਈ ਨੇ ਇਸ ਦੀ ਭਾਵੇਂ ਭਰਪੂਰ ਨਿੰਦਿਆ ਕੀਤੀ ਹੈ ਪਰ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਲਈ ਤਿੰਨ ਜੱਜਾਂ ਦਾ ਪੈਨਲ ਵੀ ਕਾਇਮ ਕੀਤਾ ਹੈ। ਚੀਫ ਜਸਟਿਸ ਨੇ ਇਸ 'ਇਖਲਾਕੀ ਦੋਸ਼' 'ਤੇ ਬੇਬਾਕ ਟਿੱਪਣੀ ਕਰਦਿਆਂ ਕਿਹਾ ਹੈ, 'ਇਸ ਵੇਲੇ ਭਾਰਤ ਦੀ ਜੁਡੀਸ਼ੀਅਰੀ ਖਤਰੇ ਵਿੱਚ ਹੈ। ਇਸ ਘਟਨਾ ਪਿੱਛੇ ਕੋਈ ਵੱਡੀ ਤਾਕਤ ਹੈ, ਜਿਹੜੀ ਕਿ ਚੀਫ ਜਸਟਿਸ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਪਿਛਲੇ 20 ਸਾਲਾਂ ਤੋਂ ਮੈਂ ਆਪਣਾ ਫਰਜ਼ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ। ਮੇਰੇ ਅਕਾਊਂਟ ਵਿੱਚ ਸਿਰਫ 7 ਲੱਖ ਰੁਪਈਏ ਹਨ। ਮੇਰੇ ਚਪੜਾਸੀ ਕੋਲ ਮੇਰੇ ਤੋਂ ਜ਼ਿਆਦਾ ਪੈਸੇ ਹਨ। ਮੈਂ ਬਿਲਕੁਲ ਨਹੀਂ ਡਰਦਾ ਅਤੇ ਆਪਣੇ ਫਰਜ਼ਾਂ ਦੀ ਇਮਾਨਦਾਰੀ ਨਾਲ ਪੂਰਤੀ ਕਰਦਾ ਰਹਾਂਗਾ।'

        ਪਾਠਕਜਨ! ਕੀ ਕੋਈ ਭੁਲੇਖਾ ਰਹਿ ਜਾਂਦਾ ਹੈ ਕਿ ਪਰਦੇ ਪਿੱਛੇ ਕਿਹੜੀ ਵੱਡੀ ਤਾਕਤ ਹੈ, ਜਿਹੜੀ ਕਿ ਜੁਡੀਸ਼ੀਅਰੀ ਦੀ ਧੌਣ ਦਾ ਮਣਕਾ ਤੋੜਨਾ ਚਾਹੁੰਦੀ ਹੈ?

© 2011 | All rights reserved | Terms & Conditions