ਮਾਲੇਗਾਓਂ ਕੇਸ : ਸਾਧਵੀ ਪ੍ਰੱਗਿਆ ਤੇ ਕਰਕਰੇ
Submitted by Administrator
Friday, 3 May, 2019- 02:33 am

ਅਮਨਦੀਪ ਸਿੰਘ ਸੇਖੋਂ

ਜੇ ਤੁਸੀਂ ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਜਾਂ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੀ ਭਾਸ਼ਾ ਨਹੀਂ ਬੋਲਦੇ ਤਾਂ ਤੁਹਾਨੂੰ ਆਪਣੀ ਦੇਸ਼ਭਗਤੀ ਸਾਬਤ ਕਰਨੀ ਪਵੇਗੀ। ਹੇਮੰਤ ਕਰਕਰੇ 26 ਨਵੰਬਰ, 2008 ਦੀ ਰਾਤ ਨੂੰ ਅੱਤਵਾਦੀਆਂ ਦਾ ਮੁਕਾਬਲਾ ਕਰਦਿਆਂ ਹਲਾਕ ਹੋਇਆ ਅਤੇ ਅਗਲੀ ਸਵੇਰ ਸ਼ਿਵ ਸੈਨਾ ਨੇ ਉਸ ਦੀ ਤਸਵੀਰ ਨਾਲ ਆਪਣੇ ਨੇਤਾਵਾਂ ਦੀ ਤਸਵੀਰ ਵਾਲਾ ਬੈਨਰ ਲਗਾ ਦਿੱਤਾ ਪਰ ਇਸ ਤੋਂ ਪਹਿਲਾਂ 26/11 ਦੀ ਸਵੇਰ ਵੇਲੇ ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ਵਿੱਚ ਕਰਕਰੇ ਅਤੇ ਉਸ ਦੇ ਪਰਿਵਾਰ ਨੂੰ ਛਿੱਤਰ ਮਾਰ ਕੇ ਸਹੀ ਰਾਹ ਉੱਤੇ ਲਿਆਉਣ ਦੀ ਧਮਕੀ ਦਿੱਤੀ ਗਈ ਸੀ। ਉਸ ਵੇਲੇ ਦੇ ਭਾਜਪਾ ਦੇ ਮੁਖੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਰਕਰੇ ਦੀ ਪਤਨੀ ਨੇ ਅਫਸੋਸ ਕਰਨ ਲਈ ਆਉਣ ਤੋਂ ਮਨ੍ਹਾਂ ਕਰ ਦਿੱਤਾ। ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਦੋ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਉਸ ਬਹਾਦਰ ਔਰਤ ਨੇ ਠੁਕਰਾ ਦਿੱਤੀ ਕਿਉਂਕਿ ਜਿਹੋ ਜਿਹੀ ਭਾਸ਼ਾ ਪ੍ਰੱਗਿਆ ਸਿੰਘ ਠਾਕੁਰ ਨੇ ਕਰਕਰੇ ਲਈ ਵਰਤੀ ਹੈ, ਉਹੋ ਜਿਹੀ ਭਾਸ਼ਾ ਦੀ ਵਰਤੋਂ ਭਾਜਪਾ ਦੇ ਇਹ ਨੇਤਾ ਕਰਕਰੇ ਲਈ ਉਹਦੇ ਹਲਾਕ ਹੋਣ ਤੋਂ ਪਹਿਲਾਂ ਵਰਤਦੇ ਰਹੇ ਸਨ।

26 ਨਵੰਬਰ, 2008 ਦੀ ਘਟਨਾ ਵਿੱਚ ਹਲਾਕ ਹੋਣ ਤੋਂ ਪਹਿਲਾਂ ਕਰਕਰੇ ਸੰਘਵਾਦੀ ਤਾਕਤਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਸੀ। 29 ਸਤੰਬਰ, 2008 ਨੂੰ ਮਹਾਰਾਸ਼ਟਰ ਦੇ ਇੱਕ ਮੁਸਲਿਮ ਬਹੁਗਿਣਤੀ ਵਾਲੇ ਕਸਬੇ ਮਾਲੇਗਾਓਂ ਵਿੱਚ ਦੋ ਬੰਬ ਧਮਾਕੇ ਹੋਏ ਜਿਨ੍ਹਾਂ ਵਿੱਚ 9 ਜਣੇ ਮਾਰੇ ਗਏ ਸਨ ਅਤੇ 80 ਜ਼ਖਮੀ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਧਮਾਕੇ ਵਿੱਚ ਜੋ ਮੋਟਰਸਾਈਕਲ ਵਰਤੀ ਗਈ, ਉਹ ਪ੍ਰੱਗਿਆ ਠਾਕੁਰ ਦੀ ਸੀ। ਮਹਾਰਾਸ਼ਟਰ ਪੁਲੀਸ ਦੇ ਐਂਟੀ-ਟੈਰਰਿਸਟ ਸਕੁਐਡ ਦਾ ਮੁਖੀ ਹੇਮੰਤ ਕਰਕਰੇ ਸੀ। ਉਸ ਦਿਨ ਕੀਤੀਆਂ ਗਈਆਂ ਹਜ਼ਾਰਾਂ ਹੀ ਟੈਲੀਫੋਨ ਕਾਲਾਂ ਵਿੱਚੋਂ ਇੱਕ ਕਾਲ ਪ੍ਰੱਗਿਆ ਠਾਕੁਰ ਦੀ ਵੀ ਸੀ, ਜਿਸ ਵਿੱਚ ਉਹ ਦੂਸਰੇ ਸ਼ਖ਼ਸ ਨੂੰ ਡਾਂਟਦੀ ਹੈ ਕਿ ਉਸ ਦੀ ਮੋਟਰਸਾਈਕਲ ਕਿਉਂ ਵਰਤੀ ਗਈ, ਤੇ ਜੇ ਵਰਤੀ ਹੀ ਗਈ ਸੀ ਤਾਂ ਸਿਰਫ ਛੇ ਹੀ ਕਿਉਂ ਮਰੇ?

ਇਸ ਤੋਂ ਪਿੱਛੋਂ ਪ੍ਰੱਗਿਆ ਠਾਕੁਰ ਅਤੇ ਉਸ ਨਾਲ ਗੱਲ ਕਰਨ ਵਾਲੇ ਹੋਰ ਫੋਨਾਂ ਦੀ ਟੈਪਿੰਗ ਸ਼ੁਰੂ ਹੋਈ ਤੇ ਕੁੱਲ 440 ਮਿੰਟ ਦੇ ਫੋਨ ਰਿਕਾਰਡ ਸਬੂਤ ਦੇ ਤੌਰ ਉੱਤੇ ਵਰਤੇ ਗਏ। 30 ਅਕਤੂਬਰ, 2008 ਨੂੰ ਪ੍ਰੱਗਿਆ ਠਾਕੁਰ ਅਤੇ ਛੇ ਹੋਰ ਕਥਿਤ ਦੋਸ਼ੀਆਂ ਵਿਰੁੱਧ ਕੇਸ ਫਰੇਮ ਕੀਤੇ ਗਏ। ਇਨ੍ਹਾਂ ਦੇ ਗੁਰੱਪ ਵਿੱਚ ਇੱਕ ਦਇਆਨੰਦ ਪਾਂਡੇ ਵੀ ਸੀ, ਜਿਸ ਨੂੰ ਗੁਪਤ ਰੂਪ ਵਿੱਚ ਵੀਡੀਓ ਰਿਕਾਰਡਿੰਗ ਕਰਨ ਦੀ ਆਦਤ ਸੀ। ਉਸ ਦੇ ਲੈਪਟੌਪ ਵਿੱਚੋਂ ਇਸ ਕੇਸ ਨਾਲ ਸਬੰਧਿਤ 34 ਰਿਕਾਰਡਿੰਗਜ਼ ਮਿਲੀਆਂ। ਇਨ੍ਹਾਂ ਰਿਕਾਰਡਿੰਗਜ਼ ਅਤੇ ਪੁਲੀਸ ਨੂੰ ਦਿੱਤੇ ਕਥਿਤ ਦੋਸ਼ੀਆਂ ਦੇ ਬਿਆਨਾਂ ਨੇ ਇੱਕ ਵੱਡੇ ਆਤੰਕਵਾਦੀ ਸੰਗਠਨ ਦੀਆਂ ਪਰਤਾਂ ਖੋਲ੍ਹ ਦਿੱਤੀਆਂ।

ਇਹ ਸਪੱਸ਼ਟ ਹੋ ਗਿਆ ਕਿ ਇਸ ਸਾਜ਼ਿਸ਼ ਦੇ ਕਥਿਤ ਦੋਸ਼ੀਆਂ ਦਾ ਸਬੰਧ ਮਾਲੇਗਾਓਂ ਵਿੱਚ ਹੀ ਹੋਏ 2006 ਦੇ ਅਤੇ 2007 ਵਿੱਚ ਹੋਏ ਸਮਝੌਤਾ ਐਕਸਪ੍ਰੈਸ ਦੇ ਬੰਬ ਧਮਾਕਿਆਂ ਨਾਲ ਵੀ ਸੀ। ਇਹ ਕੇਸ ਨੰਗੀਆਂ ਤਾਰਾਂ ਦਾ ਅਜਿਹਾ ਗੁੱਛਾ ਸੀ ਜਿਸ ਨੂੰ ਹੱਥ ਲਾਉਣ ਤੋਂ ਮੌਕੇ ਦੀ ਕਾਂਗਰਸ ਸਰਕਾਰ ਡਰਦੀ ਸੀ। ਉਸ ਨੂੰ ਪਤਾ ਸੀ ਕਿ ਭਾਜਪਾ ਦੇ ਮੂੰਹ-ਫੱਟ ਨੇਤਾ ਇਸ ਕੇਸ ਦੇ ਆਧਾਰ ਉੱਤੇ ਕਾਂਗਰਸ ਨੂੰ ਹਿੰਦੂ ਵਿਰੋਧੀ ਗਰਦਾਨ ਦੇਣਗੇ ਜੋ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਉੱਤੇ ਹਮਲੇ ਕਰਦੇ ਹੋਏ ਆਖ ਵੀ ਰਹੇ ਹਨ। ਉਹ ਹਰ ਥਾਂ ਭੀੜ ਨੂੰ ਪੁੱਛਦੇ ਹਨ, ''ਭਾਈਓ, ਬਹਿਨੋਂ ਕਿਆ ਕੋਈ ਹਿੰਦੂ ਕਭੀ ਆਤੰਕਵਾਦੀ ਹੋ ਸਕਤਾ ਹੈ ਕਿਆ?''

ਕੁਦਰਤੀ ਹੈ ਕਿ ਕਿਸੇ ਵੀ ਧਰਮ ਦੇ ਲੋਕਾਂ ਨੂੰ ਆਤੰਕਵਾਦ ਨੂੰ ਆਪਣੇ ਧਰਮ ਨਾਲ ਜੋੜਿਆ ਜਾਣਾ ਪਸੰਦ ਨਹੀਂ। ਸਿੱਖ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਸਨ ਜਦੋਂ 'ਸਿੱਖ ਆਤੰਕਵਾਦ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਮੁਸਲਮਾਨ ਵੀ ਏਦਾਂ ਮਹਿਸੂਸ ਕਰਦੇ ਹਨ। 'ਮੁਸਲਿਮ ਆਤੰਕਵਾਦ' ਜਾਂ 'ਇਸਲਾਮੀ ਆਤੰਕਵਾਦ' ਸ਼ਬਦ ਵਰਤੇ ਜਾਂਦੇ ਹਨ। ਭਾਜਪਾ ਦਾ ਮੂੰਹ ਚਿੜਾਉਣ ਲਈ ਕੁਝ ਲੋਕਾਂ ਨੇ ਹਿੰਦੂ ਆਤੰਕਵਾਦੀ ਸ਼ਬਦ ਦੀ ਵਰਤੋਂ ਕੀਤੀ ਕਿਉਂਕਿ ਭਾਜਪਾ ਲੀਡਰ ਇਹ ਵਾਰ ਵਾਰ ਆਖਦੇ ਸਨ- ''ਹਰ ਮੁਸਲਮਾਨ ਆਤੰਕਵਾਦੀ ਨਹੀਂ ਪਰ ਹਰ ਆਤੰਕਵਾਦੀ ਮੁਸਲਮਾਨ ਹੈ।''

ਪਰ ਪ੍ਰੱਗਿਆ ਠਾਕੁਰ ਤੇ ਉਸ ਦੇ ਸਾਥੀ ਅਤੇ ਉਨ੍ਹਾਂ ਦੀਆਂ ਸਰਪ੍ਰਸਤ ਸਨਾਤਨ ਸੰਸਥਾ ਤੇ ਅਭਿਨਵ ਭਾਰਤ ਵਰਗੀਆਂ ਸੰਸਥਾਵਾਂ ਹਿੰਦੂਤਵ ਦੀ ਵਿਚਾਰਧਾਰਾ ਦੀਆਂ ਧਾਰਨੀ ਸਨ ਅਤੇ ਕਿਸੇ ਵੀ ਤਰ੍ਹਾਂ ਮੁਸਲਮਾਨ ਨਹੀਂ ਸਨ। ਇਸ ਨਾਲ ਇਹ ਸਾਬਿਤ ਹੁੰਦਾ ਸੀ ਕਿ ਸਾਰੇ ਆਤੰਕਵਾਦੀ ਮੁਸਲਮਾਨ ਨਹੀਂ ਹੁੰਦੇ, ਕਈ ਹਿੰਦੂ ਵੀ ਆਤੰਕਵਾਦੀ ਹੁੰਦੇ ਹਨ। ਇਸ ਸਚਾਈ ਤੋਂ ਭਾਜਪਾ, ਆਰਐੱਸਐੱਸ ਤੇ ਸ਼ਿਵ ਸੈਨਾ ਭੱਜਣਾ ਚਾਹੁੰਦੇ ਸਨ ਅਤੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਹੇਮੰਤ ਕਰਕਰੇ ਬੜਾ ਇਮਾਨਦਾਰ ਅਧਿਕਾਰੀ ਸੀ ਅਤੇ ਇਸ ਕੇਸ ਦੀ ਪੜਤਾਲ ਤੱਥਾਂ ਦੇ ਆਧਾਰ ਉੱਤੇ ਕਰ ਰਿਹਾ ਸਨ ਨਾ ਕਿ ਦੋਸ਼ੀਆਂ ਦੇ ਧਰਮ ਦੇ ਆਧਾਰ ਉੱਤੇ। ਕਰਕਰੇ ਦੀ ਮੌਤ ਤੱਕ ਕੋਈ ਵੀ ਇਸ ਕੇਸ ਵਿੱਚ ਦਖਲ ਨਾ ਦੇ ਸਕਿਆ।

ਕਰਕਰੇ ਦੀ ਮੌਤ ਤੋਂ ਪਿੱਛੋਂ ਇਹ ਕੇਸ ਪਹਿਲਾਂ ਸੀਬੀਆਈ ਨੂੰ ਦਿੱਤਾ ਗਿਆ ਅਤੇ ਫਿਰ ਐੱਨਆਈਏ (ਨੈਸ਼ਨਲ ਇੰਨਵੈਸਟੀਗੇਟਿਵ ਏਜੰਸੀ) ਨੂੰ। 2014 ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਇਸ ਕੜੀ ਦੇ ਸਾਰੇ ਕੇਸਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ। 2016 ਵਿੱਚ ਇਹ ਸਾਫ ਹੋ ਗਿਆ ਸੀ ਕਿ ਸਰਕਾਰੀ ਪੱਖ ਇਨ੍ਹਾਂ ਕੇਸਾਂ ਦੀ ਸਹੀ ਤਰੀਕੇ ਨਾਲ ਪੈਰਵੀ ਨਹੀਂ ਕਰ ਰਿਹਾ। ਇਸ ਕੇਸ ਦੇ ਇੱਕ ਵਿਸ਼ਲੇਸ਼ਕ ਨਿਰੰਜਨ ਟਕਲੇ ਨੇ ਇਸ ਬਾਰੇ ਕਈ ਲੇਖ ਲਿਖੇ ਹਨ ਅਤੇ ਯੂਟਿਊਬ ਉੱਤੇ ਉਸ ਦੇ ਲੈਕਚਰ ਵੀ ਪਏ ਹਨ। ਉਹ ਆਖਦਾ ਹੈ ਕਿ ਇਸ ਕੇਸ ਨਾਲ ਸੰਬੰਧਿਤ ਕਈ ਗਵਾਹ ਆਪਣੇ ਬਿਆਨਾਂ ਤੋਂ ਮੁੱਕਰ ਗਏ। 2016 ਵਿੱਚ ਆਰੋਪੀਆਂ ਦੇ ਇਕਬਾਲੀਆ ਬਿਆਨ ਮੁੰਬਈ ਦੀ ਸਪੈਸ਼ਲ ਕੋਰਟ ਵਿੱਚੋਂ ਚੋਰੀ ਹੋ ਗਏ। ਫੋਨ ਕਾਲਾਂ ਦੇ ਰਿਕਾਰਡ ਅਤੇ ਵੀਡੀਓ ਰਿਕਾਰਡਿੰਗਜ਼ ਨੂੰ ਅਦਾਲਤ ਵਿੱਚ ਸਬੂਤ ਦੇ ਤੌਰ ਉੱਤੇ ਪੇਸ਼ ਹੀ ਨਹੀਂ ਕੀਤਾ ਗਿਆ, ਕਿਉਂਕਿ ਇਨ੍ਹਾਂ ਵਿੱਚ ਕੁਝ ਅਜਿਹੇ ਪ੍ਰਭਾਵਸ਼ਾਲੀ ਸ਼ਖ਼ਸਾਂ ਬਾਰੇ ਵੀ ਤੱਥ ਉਜਾਗਰ ਹੁੰਦੇ ਸਨ,
ਜਿਸ ਨਾਲ ਭਾਜਪਾ-ਆਰਐੱਸਐੱਸ ਦੀ ਦੇਸ਼ਭਗਤੀ ਦਾ ਮਖੌਟਾ ਤਾਰ-ਤਾਰ ਹੋ ਜਾਂਦਾ। ਨਿਰੰਜਨ ਟਕਲੇ ਆਖਦਾ ਹੈ ਕਿ ਕਈ ਗੱਲਾਂ ਹੋਰ ਪੜਤਾਲ ਦੀ ਮੰਗ ਕਰਦੀਆਂ ਹਨ।

ਅੱਜ ਪ੍ਰੱਗਿਆ ਠਾਕੁਰ ਬੜੀ ਵੱਡੀ ਦੇਸ਼ਭਗਤ ਬਣ ਰਹੀ ਹੈ ਪਰ ਨਿਰੰਜਨ ਟਕਲੇ ਦਾ ਕਹਿਣਾ ਹੈ ਕਿ ਉਨ੍ਹਾਂ ਵੀਡੀਓ ਰਿਕਾਰਡਿੰਗਾਂ ਵਿੱਚ ਇਨ੍ਹਾਂ ਦੀ ਸੰਸਥਾ ਭਾਰਤ ਦੇ ਸੰਵਿਧਾਨ ਨੂੰ ਉਲਟਾ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਦੀ ਗੱਲ ਕਰਦੀ ਹੈ ਤਾਂ ਫਿਰ ਦੇਸ਼ਧ੍ਰੋਹੀ ਕੌਣ ਹੈ? ਹੇਮੰਤ ਕਰਕਰੇ ਜੋ ਇਸ ਸਾਜ਼ਿਸ਼ ਨੂੰ ਨੰਗਾ ਕਰਦਾ ਹੈ ਜਾਂ ਪ੍ਰੱਗਿਆ ਠਾਕੁਰ ਅਤੇ ਇਸ ਦੇ ਸਾਥੀ, ਜੋ ਦੇਸ਼ ਦਾ ਸੰਵਿਧਾਨਕ ਢਾਂਚਾ ਖਤਮ ਕਰ ਦੇਣਾ ਲੋਚਦੇ ਹਨ?

ਅੱਜ ਪ੍ਰੱਗਿਆ ਠਾਕੁਰ ਨੂੰ ਭਾਜਪਾ ਨੇ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਲਿਆਂਦਾ ਹੈ ਜਦਕਿ ਕੋਰਟ ਨੇ ਪ੍ਰੱਗਿਆ ਨੂੰ ਕੇਸ ਵਿੱਚੋਂ ਬਰੀ ਨਹੀਂ ਕੀਤਾ ਕਿਉਂਕਿ ਇਸ ਧਮਾਕੇ ਵਿੱਚ ਉਸ ਦੇ ਮੋਟਰਸਾਈਕਲ ਦੀ ਵਰਤੋਂ ਬਾਰੇ ਕੋਈ ਪੁਖ਼ਤਾ ਜਵਾਬ ਪੇਸ਼ ਨਹੀਂ ਸੀ ਕੀਤਾ ਜਾ ਸਕਿਆ। ਹੁਣ ਪ੍ਰੱਗਿਆ ਨੇ ਆਪਣੀਆਂ ਦੈਵੀ ਸ਼ਕਤੀਆਂ ਬਾਰੇ ਵੀ ਖੁਲਾਸਾ ਕੀਤਾ ਹੈ ਕਿ ਉਸ ਦੇ ਸਰਾਪ ਨਾਲ ਹੀ ਹੇਮੰਤ ਕਰਕੇ ਦੀ ਮੌਤ ਹੋਈ ਹੈ। ਕੀ ਉਹ ਆਪਣੇ ਸਰਾਪ ਕਾਰਨ ਹੋਏ ਇਸ ਹਮਲੇ ਵਿੱਚ ਮਰੇ 174 ਹੋਰ ਲੋਕਾਂ ਦੀ ਮੌਤ ਦੀ ਵੀ ਜ਼ਿੰਮੇਵਾਰੀ ਲਵੇਗੀ? ਧੰਨ ਹਨ ਉਸ ਨਾਲ ਸਟੇਜ ਉੱਤੇ ਬੈਠੇ ਭਾਜਪਾ ਲੀਡਰ, ਜੋ ਉਸ ਦੀ ਇਸ ਗੱਲ ਉੱਤੇ ਤਾੜੀਆਂ ਵਜਾ ਰਹੇ ਸਨ।

ਇਹ ਤਾੜੀਆਂ ਸਾਡੀ ਸੋਚ ਉੱਤੇ ਠਾਹ ਠਾਹ ਕਰਕੇ ਵੱਜਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਇੱਕ ਵਿਅਕਤੀ ਬਣ ਕੇ ਨਹੀਂ ਇੱਕ ਧਿਰ ਬਣ ਕੇ ਸੋਚਦੇ ਹਾਂ ਅਤੇ ਆਪਣੀ ਧਿਰ ਦੀ ਹਰ ਗ਼ਲਤ ਗੱਲ ਨੂੰ ਵੀ ਜਾਇਜ਼ ਠਹਿਰਾਉਂਣ ਤੱਕ ਜਾਂਦੇ ਹਾਂ। ਅਜਿਹੇ ਰੁਝਾਨਾਂ ਤੋਂ ਬਚਦੇ ਹੋਏ ਸਾਨੂੰ ਗ਼ਲਤ ਨੂੰ ਗ਼ਲਤ ਕਹਿਣ ਅਤੇ ਇੱਕ ਸਮੂਹ ਦੀ ਥਾਂ ਇੱਕ ਵਿਅਕਤੀ ਵਜੋਂ ਸੋਚਣ ਦੀ ਆਦਤ ਪਾਉਂਣੀ। ਨਹੀਂ ਤਾਂ ਸਿਆਸਦਾਨ ਸਾਡੇ ਜਾਤੀ ਅਤੇ ਧਰਮ ਦੇ ਮੁੱਦਿਆਂ ਨੂੰ ਹੀ ਅੱਗੇ ਰੱਖ ਕੇ ਵੋਟਾਂ ਬਟੋਰਦੇ ਰਹਿਣਗੇ ਅਤੇ ਸਾਡੇ ਸਿੱਖਿਆ, ਸਿਹਤ, ਵਾਤਾਵਰਨ ਅਤੇ ਰੁਜ਼ਗਾਰ ਦੇ ਬੁਨਿਆਦੀ ਮੁੱਦਿਆਂ ਦੀ ਕਦੇ ਪਰਵਾਹ ਨਹੀਂ ਕਰਨਗੇ।

- ਅਮਨਦੀਪ ਸਿੰਘ ਸੇਖੋਂ

© 2011 | All rights reserved | Terms & Conditions