ਕੀ ਘੱਟ ਗਿਣਤੀਆਂ ਨੂੰ ਭਾਰਤ ਵਿੱਚ ਕਦੇ ਇਨਸਾਫ ਮਿਲੇਗਾ ? : Dr. Amarjit Singh washington D.C
Submitted by Administrator
Friday, 3 May, 2019- 02:36 am
ਕੀ ਘੱਟ ਗਿਣਤੀਆਂ ਨੂੰ ਭਾਰਤ ਵਿੱਚ ਕਦੇ ਇਨਸਾਫ ਮਿਲੇਗਾ ? :  Dr. Amarjit Singh washington D.C

ਜੇ ਰਾਵਣ ਦੇ ਸ੍ਰੀ ਲੰਕਾ ਦੇਸ਼ ਵਲੋਂ ਬੁਰਕੇ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਤਾਂ ਭਗਵਾਨ ਰਾਮ ਦੇ ਦੇਸ਼ ਭਾਰਤ ਵਿੱਚ ਕਿਉਂ ਨਹੀਂ - ਸ਼ਿਵ ਸੈਨਾ

ਭਾਰਤ ਸੁਪਰੀਮ ਕੋਰਟ ਨੇ ਨਵੰਬਰ '84 ਵਿੱਚ ਤ੍ਰਿਲੋਕਪੁਰੀ ਵਿੱਚ ਮਾਰੇ ਗਏ ਸੈਂਕੜੇ ਸਿੱਖਾਂ ਦੇ 15 ਕਾਤਲਾਂ ਨੂੰ ਕੀਤਾ ਬਰੀ!

ਗੁਜਰਾਤ ਵਿੱਚ 2004 ਵਿੱਚ 19 ਸਾਲਾ ਲੜਕੀ ਇਸ਼ਰਤ ਜਹਾਂ ਅਤੇ ਹੋਰ ਮੁਸਲਮਾਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਉੁਚ ਪੁਲਿਸ ਅਫਸਰਾਂ ਵਨਜਾਰਾ ਅਤੇ ਅਮੀਂ ਨੂੰ ਸੀ. ਬੀ. ਆਈ. ਕੋਰਟ ਨੇ ਕੀਤਾ ਬਰੀ!

ਨੈਸ਼ਨਲ ਹਾਈਵੇ ਅਥਾਰਿਟੀ ਨੇ ਅੰਮ੍ਰਿਤਸਰ ਵਿੱਚ ਲਗਾਏ ਇੱਕ ਦਿਸ਼ਾ ਸੂਚਕ ਬੋਰਡ 'ਤੇ ਸ੍ਰੀ ਦਰਬਾਰ ਸਾਹਿਬ ਨੂੰ ਲਿਖਿਆ 'ਸੁਨਹਿਰੀ ਮੰਦਰ'!
ਵਾਸ਼ਿੰਗਟਨ (ਡੀ. ਸੀ.) 4 ਮਈ, 2019 - 130 ਕਰੋੜ ਅਬਾਦੀ ਵਾਲਾ ਭਾਰਤ ਦੇਸ਼ ਇਸ ਵੇਲੇ ਘੱਟਗਿਣਤੀਆਂ ਲਈ ਇੱਕ ਕੁੰਭੀ ਨਰਕ ਬਣਦਾ ਜਾ ਰਿਹਾ ਹੈ। ਚੋਣਾਂ ਦੇ ਇਸ ਮੌਸਮ ਵਿੱਚ ਹਰ ਸਿਆਸੀ ਪਾਰਟੀ ਵਲੋਂ ਬਹੁਗਿਣਤੀ ਦੀਆਂ ਵੋਟਾਂ ਹਥਿਆਉਣ ਲਈ ਘੱਟਗਿਣਤੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੀਡਰਾਂ ਵਲੋਂ ਮੰਦਰਾਂ ਵਿੱਚ ਪੂਜਾ ਕਰਨਾ, ਚੋਣ-ਪ੍ਰਕ੍ਰਿਆ ਦਾ ਹਿੱਸਾ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਹਰ ਛੋਟੇ-ਵੱਡੇ ਆਗੂ ਵਲੋਂ ਘੱਟਗਿਣਤੀਆਂ ਦੇ ਖਿਲਾਫ ਜ਼ਹਿਰੀਲੇ ਭਾਸ਼ਣ ਰੋਜ਼ਮਰ੍ਹਾ ਦੀ ਗੱਲ ਬਣ ਗਈ ਹੈ। ਚੋਣ ਕਮਿਸ਼ਨ ਇੱਕ 'ਗੂੰਗਾ ਭਲਵਾਨ' ਬਣ ਕੇ ਹਿੰਦੂਤਵੀਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ।

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਬੀਜੇਪੀ ਦੀ ਸਹਿਯੋਗੀ ਪਾਰਟੀ ਹੈ। ਇਹ ਸਰਕਾਰ ਵਿੱਚ ਵੀ ਭਾਈਵਾਲ ਹੈ। ਭਾਵੇਂ ਸ਼ਿਵ ਸੈਨਾ 'ਮਰਾਠਾ ਮਾਣੂ' ਦੀ ਰਾਜਨੀਤੀ ਕਰਦਿਆਂ ਸਮੇਂ-ਸਮੇਂ ਗੁਜਰਾਤੀਆਂ, ਤਾਮਿਲਾਂ, ਯੂ. ਪੀ. ਦੇ ਭਈਆਂ ਨੂੰ ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾਉਂਦੀ ਰਹੀ ਹੈ ਪਰ ਮੁਸਲਮਾਨਾਂ ਦੇ ਖਿਲਾਫ ਨਫਰਤ ਅਤੇ ਹਿੰਸਾ ਵਿੱਚ ਸ਼ਿਵ ਸੈਨਾ ਤੇ ਬੀਜੇਪੀ ਪੂਰੀ ਤਰ੍ਹਾਂ ਬਗਲਗੀਰ ਹਨ। 1992 ਵਿੱਚ ਬਾਬਰੀ ਮਸੀਤ ਨੂੰ ਸਾਂਝੇ ਤੌਰ 'ਤੇ ਤੋੜਨ ਤੋਂ ਸ਼ੁਰੂ ਹੋਇਆ ਇਹ ਗੱਠਜੋੜ ਕਈ ਝਟਕਿਆਂ ਦੇ ਬਾਵਜੂਦ ਮੁਸਲਮਾਨ ਵਿਰੋਧ 'ਤੇ ਪੂਰੀ ਤਰ੍ਹਾਂ ਟਿਕਿਆ ਹੋਇਆ ਹੈ। ਪਿਛਲੇ ਦਿਨੀਂ ਈਸਟਰ ਦੇ ਮੌਕੇ 'ਤੇ ਸ੍ਰੀਲੰਕਾ ਦੇ ਚਰਚਾਂ ਤੇ ਹੋਟਲਾਂ 'ਤੇ ਹੋਏ ਹਿੰਸਕ ਹਮਲਿਆਂ ਵਿੱਚ ਸੈਂਕੜਿਆਂ ਲੋਕ ਮਾਰੇ ਗਏ ਅਤੇ ਸੈਂਕੜਿਆਂ ਹੀ ਜ਼ਖਮੀ ਹੋਏ। ਇਸ ਨਿਖੇਧੀਯੋਗ ਹਮਲੇ ਨੂੰ 'ਇਸਲਾਮਿਕ ਸਟੇਟ' ਦੇ ਖਾਤੇ ਵਿੱਚ ਪਾਇਆ ਗਿਆ! ਸ੍ਰੀ ਲੰਕਾ ਦੇ ਪ੍ਰਧਾਨ ਮੈਥਰੀਪਾਲਾ ਸਿਰੀਸੈਨਾ ਨੇ ਮੁਸਲਿਮ ਔਰਤਾਂ ਵਲੋਂ ਜਨਤਕ ਥਾਵਾਂ 'ਤੇ ਬੁਰਕਾ ਪਾਉਣ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਕੁਝ ਹਲਕਿਆਂ ਵਲੋਂ ਸ੍ਰੀਲੰਕਾ ਬੰਬ ਧਮਾਕਿਆਂ ਲਈ ਭਾਰਤੀ ਖੁਫੀਆ ਏਜੰਸੀ ਰਾਅ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਲੰਕਾ ਦੀ ਮੌਜੂਦਾ ਸਰਕਾਰ ਭਾਰਤ ਦੀ ਪ੍ਰੋਕਸੀ ਸਰਕਾਰ ਹੈ। ਸ੍ਰੀਲੰਕਾ ਇਸ ਵੇਲੇ ਚੀਨ ਤੇ ਭਾਰਤ ਵਿਚਕਾਰ ਇੱਕ ਸਿਆਸੀ ਸੈਂਡਵਿੱਚ ਬਣਿਆ ਹੋਇਆ ਹੈ। ਇਸ ਲਈ ਉੱਥੋਂ ਦੀ ਅੰਦਰੂਨੀ ਸਥਿਤੀ ਬਾਰੇ ਠੀਕ ਮੁਲਾਂਕਣ ਕਰਨਾ ਆਸਾਨ ਨਹੀਂ ਹੈ।

ਪਿਛਲੇ ਦਿਨੀਂ ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' ਵਿੱਚ ਇੱਕ ਐਡੀਟੋਰੀਅਲ ਛਪਿਆ, ਜਿਸ ਵਿੱਚ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਵੀ ਸ੍ਰੀ ਲੰਕਾ ਵਾਂਗ, ਭਾਰਤ ਵਿੱਚ ਵੀ ਬੁਰਕੇ 'ਤੇ ਪਾਬੰਦੀ ਲਾਵੇ ਕਿਉਂਕਿ ਬੁਰਕਾ ਪਹਿਨਣਾ, ਰਾਸ਼ਟਰੀ ਸੁਰੱਖਿਆ ਲਈ ਇੱਕ ਬਹੁਤ ਵੱਡਾ ਖਤਰਾ ਹੈ। ਹਿੰਦੂ ਜ਼ਹਿਨੀਅਤ ਵਿੱਚ ਅੱਜ ਵੀ ਸ੍ਰੀ ਲੰਕਾ ਨੂੰ ਬੁਰਾਈ ਦੇ ਪ੍ਰਤੀਕ ਰਾਵਣ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਜਦੋਂ ਕਿ ਭਾਰਤ ਨੂੰ ਅੱਛਾਈ ਦੇ ਪ੍ਰਤੀਕ ਰਾਮ ਨਾਲ! ਸ਼ਿਵ ਸੈਨਾ ਦੀ ਇਹ ਲਿਖਤ ਇਸ ਹਿੰਦੂ ਜ਼ਹਿਨੀਅਤ ਦਾ ਖੁੱਲ੍ਹਾ ਪ੍ਰਗਟਾਵਾ ਕਰਦੀ ਹੈ। ਸ਼ਿਵ ਸੈਨਾ ਅਨੁਸਾਰ, 'ਜੇ ਰਾਵਣ ਦੇ ਸ੍ਰੀ ਲੰਕਾ ਦੇਸ਼ ਵਲੋਂ ਬੁਰਕੇ 'ਤੇ ਪਾਬੰਦੀ ਲਗਾਈ ਜਾ ਸਗਦੀ ਹੈ ਤਾਂ ਭਗਵਾਨ ਰਾਮ ਦੇ ਦੇਸ਼ ਭਾਰਤ ਵਿੱਚ ਕਿਉਂ ਨਹੀਂ।' ਪ੍ਰਸਿੱਧ ਫਿਲਮ ਸਕ੍ਰਿਪਟ ਲਿਖਾਰੀ ਜਾਵੇਦ ਅਖਤਰ ਨੇ ਠੀਕ ਕਿਹਾ ਹੈ, 'ਜੇ ਬੁਰਕੇ 'ਤੇ ਪਾਬੰਦੀ ਲਾਉਣੀ ਹੈ ਤਾਂ ਘੁੰਡ 'ਤੇ ਵੀ ਪਾਬੰਦੀ ਲਾਈ ਜਾਵੇ।' ਪਰ ਹਕੀਕਤ ਵਿੱਚ ਹਿੰਤੂਤਵੀ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਇਹ ਸਪੱਸ਼ਟ ਸੁਨੇਹਾ ਦੇ ਰਹੇ ਹਨ ਕਿ ਤੁਸੀਂ ਪੂਰੀ ਤਰ੍ਹਾਂ ਸਾਡੇ ਰਹਿਮੋ-ਕਰਮ 'ਤੇ ਹੋ। ਸਾਡੀ ਈਨ ਤੁਹਾਨੂੰ ਮੰਨਣੀ ਪਵੇਗੀ।

ਹਿੰਦੂਤਵੀਆਂ ਵਲੋਂ ਇਹ ਹੀ ਸੁਨੇਹਾ ਵਾਰ-ਵਾਰ ਸਿੱਖ ਕੌਮ ਨੂੰ ਵੀ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨੀਂ, ਜਦੋਂ ਦਿੱਲੀ ਹਾਈਕੋਰਟ ਨੇ ਨਵੰਬਰ '84 ਦੀ ਸਿੱਖ ਨਸਲਕੁਸ਼ੀ ਲਈ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਗੁਲਾਮ ਜ਼ਹਿਨੀਅਤ ਦੇ ਅਕਾਲੀ ਆਗੂ ਅਤੇ ਹੋਰ ਪਗੜੀਧਾਰੀ ਪੁੱਠੀਆਂ ਛਾਲਾਂ ਮਾਰਨ ਲੱਗੇ ਤੇ ਇੱਕੋ ਰੱਟ ਲਾਈ - 'ਵੇਖੋ ਜੀ! ਸਿੱਖਾਂ ਨੂੰ ਇਨਸਾਫ ਮਿਲ ਗਿਆ ਹੈ। ਕੌਣ ਕਹਿੰਦਾ ਹੈ, ਭਾਰਤ ਵਿੱਚ ਨਿਆਂ ਨਹੀਂ ਮਿਲਦਾ।' ਸੱਜਣ ਕੁਮਾਰ ਨੇ ਆਪਣੇ ਕੇਸ ਦੀ ਅਪੀਲ ਸੁਪਰੀਮ ਕੋਰਟ ਵਿੱਚ ਕਰ ਦਿੱਤੀ। ਯਾਦ ਰਹੇ ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਜਦੋਂ ਤ੍ਰਿਲੋਕਪੁਰੀ ਵਿੱਚ ਮਾਰੇ ਗਏ ਸੈਂਕੜਿਆਂ ਸਿੱਖਾਂ ਦੇ 15 ਕਾਤਲਾਂ ਨੂੰ ਸਜ਼ਾਵਾਂ ਸੁਣਾਈਆਂ ਸਨ ਤਾਂ ਉਪਰੋਕਤ ਨਸਲ ਦੇ ਜ਼ਰ-ਖਰੀਦਾਂ ਨੇ ਇਹੋ ਜਿਹੀ ਕਾਵਾਂ-ਰੌਲੀ ਹੀ ਪਾਈ ਸੀ। 30 ਅਪ੍ਰੈਲ ਨੂੰ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਇੱਕ ਬੈਂਚ ਨੇ, ਤ੍ਰਿਲੋਕਪੁਰੀ ਸਿੱਖ ਕਤਲੇਆਮ ਦੇ 15 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਬੈਂਚ ਦਾ ਕਹਿਣਾ ਹੈ ਕਿ 'ਦੋਸ਼ੀਆਂ ਦੇ ਖਿਲਾਫ ਨਾ ਕੋਈ ਸਿੱਧਾ ਸਬੂਤ ਹੈ ਅਤੇ ਨਾ ਹੀ ਇਨ੍ਹਾਂ ਦੀ ਸ਼ਨਾਖਤ ਹੋਈ ਹੈ।' ਯਾਦ ਰਹੇ, ਰੰਜਨ ਗੋਗੋਈ ਦਾ ਪਿਤਾ ਤਰੁਣ ਗੋੰਗੋਈ, ਆਸਾਮ ਦਾ ਕਾਂਗਰਸੀ ਮੁੱਖ ਮੰਤਰੀ ਰਿਹਾ ਹੈ। ਸੱਜਣ ਕੁਮਾਰ ਵੀ ਸੁਪਰੀਮ ਕੋਰਟ ਵਿੱਚੋਂ ਸ਼ਰਤੀਆ ਬਰੀ ਹੋਵੇਗਾ। ਕੀ ਇਨ੍ਹਾਂ ਦਿੱਲੀ ਦਰਬਾਰ ਦੇ ਟੌਂਟ-ਬਟੌਂਤਾਂ ਕੋਲ ਹੁਣ ਕੁਝ ਹੋਰ ਕਹਿਣ ਲਈ ਹੈ?

ਬੜਾ ਮਸ਼ਹੂਰ ਅਖਾਣ ਹੈ - 'ਸਈਆਂ ਭਏ ਕੋਤਵਾਲ, ਤੋ ਡਰ ਕਾਹੇ ਕਾ।' ਬੀਜੇਪੀ ਦੇ ਰਾਜ ਵਿੱਚ ਸਾਰੇ ਹਿੰਦੂਤਵੀ ਦਹਿਸ਼ਤਗਰਦ ਅਤੇ ਕਾਤਲ ਇੱਕ-ਇੱਕ ਕਰਕੇ ਬਾਹਰ ਆ ਰਹੇ ਹਨ। ਕਰਨਲ ਪੁਰੋਹਿਤ, ਸਵਾਮੀ ਅਸੀਮਾਨੰਦ, ਮੰਤਰੀ ਕੋਡਾਨੀ, ਸਾਧਵੀ ਪੱ੍ਰਗਿਆ ਸਮੇਤ ਇਨ੍ਹਾਂ ਦੀ ਲੰਮੀ ਲਿਸਟ ਹੈ। ਇਨ੍ਹਾਂ ਨੂੰ 'ਹੀਰੋ' ਵਜੋਂ ਸਨਮਾਨਿਆ ਗਿਆ। ਸਾਧਵੀ ਪ੍ਰਗਿਆ, ਜਿਹੜੀ ਸਿਹਤ ਦੇ ਆਧਾਰ 'ਤੇ ਜ਼ਮਾਨਤ 'ਤੇ ਰਿਹਾਅ ਹੋਈ ਹੈ, ਹੁਣ ਭੁਪਾਲ ਤੋਂ ਬੀਜੇਪੀ ਦੀ ਪਾਰਲੀਮਾਨੀ ਉਮੀਦਵਾਰ ਹੈ। ਇਸ ਲਿਸਟ ਵਿੱਚ ਹੁਣ ਗੁਜਰਾਤ ਦਾ ਸਾਬਕਾ ਡੀ. ਜੀ. ਪੁਲਿਸ ਵਣਜਾਰਾ ਅਤੇ ਐਨ. ਕੇ. ਅਮੀਂ ਵੀ ਸ਼ਾਮਲ ਹੋ ਗਏ ਹਨ। ਇਨ੍ਹਾਂ ਪੁਲਿਸ ਅਫਸਰਾਂ ਨੇ 15 ਜੂਨ, 2004 ਨੂੰ ਮੋਦੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ 'ਤੇ ਅਹਿਮਦਾਬਾਦ ਸ਼ਹਿਰ ਦੇ ਬਾਹਰ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ। ਇਸ ਮੁਕਾਬਲੇ ਵਿੱਚ ਮੁੰਬਈ ਦੀ ਰਹਿਣ ਵਾਲੀ 19 ਸਾਲਾ ਲੜਕੀ ਇਸ਼ਰਤ ਜਹਾਂ, ਜਾਵੇਦ ਸ਼ੇਖ, ਅਮਜ਼ਦ ਅਲੀ ਅਤੇ ਜੀਸ਼ਨ ਜੌਹਰ ਨੂੰ ਮਾਰ ਮੁਕਾਇਆ ਗਿਆ ਸੀ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ 'ਤੇ ਹੋਈ ਪੜਤਾਲ ਵਿੱਚ ਸੀ. ਬੀ. ਆਈ. ਦੀ ਸਪੈਸ਼ਲ ਕੋਰਟ ਵਲੋਂ ਵਣਜਾਰਾ ਅਤੇ ਅਮੀਂ ਨੂੰ ਇਸ ਝੂਠੇ ਪੁਲਿਸ ਮੁਕਾਬਲੇ ਦਾ ਦੋਸ਼ੀ ਪਾਇਆ ਗਿਆ ਸੀ। ਸੀ. ਬੀ. ਆਈ. ਕੋਰਟ ਵਲੋਂ ਇਨ੍ਹਾਂ ਦੋਹਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਆਗਿਆ ਲਈ ਗੁਜਰਾਤ ਸਰਕਾਰ ਦੀ ਆਗਿਆ ਕਾਨੂੰਨੀ ਤੌਰ 'ਤੇ ਜ਼ਰੁਰੀ ਹੈ ਪਰ ਗੁਜਰਾਤ ਸਰਕਾਰ ਨੇ ਇਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਆਗਿਆ ਨਹੀਂ ਦਿੱਤੀ। ਨਤੀਜੇ ਦੇ ਤੌਰ 'ਤੇ ਸੀ. ਬੀ. ਆਈ. ਅਦਾਲਤ ਨੇ ਇਨ੍ਹਾਂ ਦੋਹਾਂ ਕਾਤਲ ਅਫਸਰਾਂ ਨੂੰ ਬਰੀ ਕਰ ਦਿੱਤਾ ਹੈ। ਇਹ ਹੈ ਗਾਂਧੀ ਦੇ ਰਾਮ ਰਾਜ ਦਾ ਅਸਲ ਨਮੂਨਾ!

ਅਠਾਰ੍ਹਵੀਂ ਸਦੀ ਵਿੱਚ ਮੁਗਲਾਂ ਤੇ ਅਫਗਾਨਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਾਰ-ਵਾਰ ਹਮਲਿਆਂ ਦਾ ਸ਼ਿਕਾਰ ਬਣਾਇਆ। ਮੱਸਾ ਰੰਘੜ ਅਤੇ ਅਹਿਮਦ ਸ਼ਾਹ ਅਬਦਾਲੀ ਇਸ ਕਾਰੇ ਦੇ ਖਲਨਾਇਕ ਹਨ। ਅੰਗਰੇਜ਼ਾਂ ਨੇ ਮਹੰਤਾਂ ਦਾ ਕਬਜ਼ਾ ਕਰਵਾਇਆ, ਜਿਨ੍ਹਾਂ ਦੇ ਸਮੇਂ ਪ੍ਰਕਰਮਾ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਇਨ੍ਹਾਂ ਨੂੰ 'ਮੰਦਰ' ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸਿੰਘ ਸਭਾ ਲਹਿਰ ਦੇ ਜ਼ੋਰ ਪੈਣ 'ਤੇ ਇਹ ਮੂਰਤੀਆਂ ਸਰਬਰਾਹ ਨੇ ਇੱਥੋਂ ਚੁੱਕ ਕੇ ਅੰਮ੍ਰਿਤਸਰ ਦੇ ਹਿੰਦੂਆਂ ਦੇ ਹਵਾਲੇ ਕਰ ਦਿੱਤੀਆਂ। ਮਦਨ ਮੋਹਨ ਮਾਲਵੀਆ ਅਤੇ ਸੇਠ ਬਿਰਲਾ ਦੀ ਦੌਲਤ ਨਾਲ, ਹਿੰਦੂਆਂ ਨੇ ਦਰਬਾਰ ਸਾਹਿਬ ਵਰਗੀ ਦਿੱਖ ਵਾਲਾ ਦੁਰਗਿਆਣਾ ਮੰਦਰ ਬਣਾ ਕੇ, ਇਹ ਮੂਰਤੀਆਂ ਉੱਥੇ ਸਥਾਪਤ ਕਰ ਦਿੱਤੀਆਂ। 1920ਵਿਆਂ ਦੀ ਅਕਾਲੀ ਲਹਿਰ ਦੀ ਬਦੌਲਤ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਅਤੇ ਦਰਬਾਰ ਸਾਹਿਬ ਸਮੇਤ ਗੁਰਦੁਆਰਿਆਂ 'ਤੇ 'ਹਿੰਦੂ ਦਾਅਵੇ' ਦਾ ਅੰਤ ਹੋਇਆ।

ਦਰਬਾਰ ਸਾਹਿਬ ਤੇ ਸਿੱਖ ਰਾਜ ਵੇਲੇ ਕਾਫੀ ਸੋਨੇ ਦਾ ਕੰਮ ਹੋਇਆ। ਅੰਗਰੇਜ਼ਾਂ ਨੇ ਇਸ ਨੂੰ 'ਗੋਲਡਨ ਟੈਂਪਲ' ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਸਿੱਖ ਪ੍ਰੰਪਰਾ ਦੇ ਨਾਂਵਾਂ 'ਸ੍ਰੀ ਹਰਿਮੰਦਰ ਸਾਹਿਬ', 'ਸ੍ਰੀ ਦਰਬਾਰ ਸਾਹਿਬ' ਦੀ ਥਾਂ 'ਤੇ ਅੰਗਰੇਜ਼ੀ ਜ਼ੁਬਾਨ ਵਾਲਿਆਂ ਵਿੱਚ ਗੋਲਡਨ ਟੈਂਪਲ ਜ਼ਿਆਦਾ ਮਸ਼ਹੂਰ ਹੋਇਆ। 1947 ਤੋਂ ਬਾਅਦ ਦੇ ਹਿੰਦੂ ਰਾਜ ਵਿੱਚ ਕਿਸੇ ਸਾਜ਼ਿਸ਼ ਤਹਿਤ ਸਰਕਾਰੀ ਲਿਖਤਾਂ ਤੇ ਬੋਲਚਾਲ ਵਿੱਚ ਇਸ ਪਵਿੱਤਰ ਸਥਾਨ ਨੂੰ 'ਸਵਰਨ ਮੰਦਰ' ਵਜੋਂ ਪ੍ਰਚਾਰਿਆ ਗਿਆ। ਹਰ ਸਰਕਾਰੀ ਵਜ਼ੀਰ, ਦਰਬਾਰ ਸਾਹਿਬ ਆਉਣ ਤੋਂ ਬਾਅਦ 'ਦੁਰਗਿਆਣਾ ਮੰਦਰ' ਵੀ ਜਾਣ ਲੱਗਾ। ਇਹ ਯਤਨ ਵੀ ਦਰਬਾਰ ਸਾਹਿਬ ਦੀ ਅਹਿਮੀਅਤ ਨੂੰ ਘਟਾਉਣ ਲਈ ਸੀ। ਜੂਨ '84 ਦੇ ਫੌਜੀ ਹਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੰਡਰਾਤ ਬਣਾ ਦਿੱਤਾ ਗਿਆ ਜਦੋਂ ਕਿ ਸ੍ਰੀ ਦਰਬਾਰ ਸਾਹਿਬ ਤੇ ਸੈਂਕੜਿਆਂ ਗੋਲੀਆਂ ਦੇ ਨਿਸ਼ਾਨ ਸਨ, ਜਿਨ੍ਹਾਂ ਨੂੰ ਸਰਕਾਰੀ ਪਿੱਠੂ ਸ਼੍ਰੋਮਣੀ ਕਮੇਟੀ ਵਲੋਂ ਮਿਟਾ ਦਿੱਤਾ ਗਿਆ। ਇਸ 'ਰੱਬ ਦੇ ਘਰ' (ਜਿਹੜਾ ਕਿ ਹਰਿਮੰਦਰ ਸਾਹਿਬ ਦਾ ਸ਼ਾਬਦਕ ਅਰਥ ਹੈ) ਦੀ ਵਡਿਆਈ ਇਸ ਵੇਲੇ ਕੁੱਲ ਜਗਤ ਵਿੱਚ ਫੈਲੀ ਹੋਈ ਹੈ। ਰੋਜ਼ਾਨਾ ਇੱਕ ਲੱਖ ਤੋਂ ਜ਼ਿਆਦਾ ਲੋਕ, ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਆਰ. ਐਸ. ਐਸ. ਨੂੰ ਸਿੱਖਾਂ ਦੀ 'ਵੱਖਰੀ ਹੋਂਦ' ਬੜੀ ਬੁਰੀ ਤਰ੍ਹਾਂ ਰੜਕਦੀ ਹੈ। ਆਰ. ਐਸ. ਐਸ. ਸਿੱਖਾਂ ਨੂੰ ਆਪਣੇ ਵਿੱਚ ਪੂਰੀ ਤਰ੍ਹਾਂ ਜਜ਼ਬ ਕਰਨ ਲਈ ਬੁਰੀ ਤਰ੍ਹਾਂ ਬੇਚੈਨ ਹੈ।

ਹੁਣ ਕੇਂਦਰ ਸਰਕਾਰ ਅਧੀਨ, 'ਨੈਸ਼ਨਲ ਹਾਈਵੇ ਅਥਾਰਿਟੀ' ਨੇ ਇੱਕ ਨਵਾਂ ਦਾਅ ਖੇਡਿਆ ਹੈ। ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਮਜੀਠਾ ਬਾਈਪਾਸ ਨੇੜੇ, ਜਿਹੜਾ ਦਿਸ਼ਾ-ਨਿਰਦੇਸ਼ਕ ਬੋਰਡ ਲਾਇਆ ਗਿਆ ਹੈ, ਇਸ ਉੱਪਰ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਨੂੰ ਦਰਸਾਉਂਦਿਆਂ ਪੰਜਾਬੀ ਵਿੱਚ ਇਸ ਨੂੰ 'ਸੁਨਹਿਰੀ ਮੰਦਰ', ਹਿੰਦੀ ਵਿੱਚ 'ਸਵਰਨ ਮੰਦਰ' ਅਤੇ ਅੰਗਰੇਜ਼ੀ ਵਿੱਚ 'ਗੋਲਡਨ ਟੈਂਪਲ' ਲਿਖਿਆ ਗਿਆ ਹੈ। ਸੋ ਜ਼ਾਹਰ ਹੈ ਕਿ ਸ਼ਬਦਾਂ ਦੇ ਜਾਦੂ ਨਾਲ ਇਸ ਪਵਿੱਤਰ ਗੁਰ-ਅਸਥਾਨ ਨੂੰ ਇੱਕ ਹਿੰਦੂ ਮੰਦਰ ਵਾਂਗ ਦਰਸਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਉਦੋਂ ਪ੍ਰੋਟੈਸਟ ਯਾਦ ਆਇਆ ਜਦੋਂ ਕਿ ਇਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਹੋਈ। ਬੇਸ਼ੱਕ ਇਸ ਨੂੰ ਹੁਣ ਬਦਲ ਦਿੱਤਾ ਜਾਵੇਗਾ ਪਰ ਹਿੰਦੂਤਵੀ ਅਜਿਹੇ ਟੈਸਟ ਕਰਨੋਂ ਬਾਜ਼ ਨਹੀਂ ਆਉਂਦੇ। ਕੀ 30 ਮਿਲੀਅਨ ਸਿੱਖ ਕੌਮ ਭਾਰਤੀ ਗੁਲਾਮੀ ਦੇ ਜੂਲ਼ੇ 'ਚੋਂ ਨਿਕਲਣ ਲਈ ਸੰਘਰਸ਼ਸ਼ੀਲ ਹੋਵੇਗੀ ਜਾਂ ਹਿੰਦੂ ਗੁਲਾਮੀ ਵਿੱਚ ਹੀ ਦਮ ਤੋੜੇਗੀ?

© 2011 | All rights reserved | Terms & Conditions