ਮੁਜਰਿਮਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਸ਼ਹੀਦ ਪਰਿਵਾਰਾਂ ਦਾ ਸਾਥ ਦਿਉ : ਹਰਜਿੰਦਰ ਸਿੰਘ ਮਾਝੀ
Submitted by Administrator
Thursday, 16 May, 2019- 03:10 pm
ਮੁਜਰਿਮਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਸ਼ਹੀਦ ਪਰਿਵਾਰਾਂ ਦਾ ਸਾਥ ਦਿਉ : ਹਰਜਿੰਦਰ ਸਿੰਘ ਮਾਝੀ

ਸਿੱਖ ਜਗਤ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਬੜੇ ਦੁੱਖ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ ਅਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਲੋਕ ਸਭਾ ਲਈ ਉਮੀਦਵਾਰ ਬਣਾਇਆ ਹੈ। ਇਹ ਉਹ ਵਿਅਕਤੀ ਹਨ ਜਿਹੜੇ ਫਰਵਰੀ ੧੯੮੬ ਵਿੱਚ ਵਾਪਰੇ ਸਾਕਾ ਨਕੋਦਰ ਬੇਅਦਬੀ ਕਾਂਡ ਲਈ ਕਿਸੇ ਨਾ ਕਿਸੇ ਰੂਪ ਵਿੱਚ ਜਿੰਮੇਵਾਰ ਹਨ। ਦਰਬਾਰਾ ਸਿੰਘ ਗੁਰੂ ਉਸ ਸਮੇਂ ਜਲੰਧਰ ਦਾ ਵਧੀਕ ਡਿਪਟੀ ਕਮਿਸ਼ਨਰ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ੫ ਸਰੂਪ ਸਾੜੇ ਜਾਣ 'ਤੇ ਰੋਸ ਪ੍ਰਗਟਾਅ ਰਹੇ ਸਿੱਖਾਂ ਉਪਰ ਪੰਜਾਬ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾ ਕੇ ੪ ਸਿੱਖ ਨੌਜਵਾਨਾਂ (ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਿਲਮਣ ਸਿੰਘ ਗੌਰਸੀਆਂ, ਭਾਈ ਹਰਮਿੰਦਰ ਸਿੰਘ ਚਲੂਪੁਰ) ਨੂੰ ਸ਼ਹੀਦ ਕਰ ਦਿੱਤਾ ਸੀ। ਦਰਬਾਰਾ ਸਿੰਘ ਗੁਰੂ ਨੇ ਜਿਲ੍ਹਾ ਮੈਜਿਸਟਰੇਟ ਹੁੰਦਿਆਂ ਇੰਨ੍ਹਾਂ ਨੌਜਵਾਨਾਂ ਦੇ ਅੱਧੀ ਰਾਤ ਨੂੰ ਪੋਸਟ ਮਾਰਟਮ ਕਰਨ ਦੇ ਹੁਕਮ ਦਿੱਤੇ ਸਨ ਅਤੇ ਪੰਜਾਬ ਪੁਲਿਸ ਨੇ ਇੰਨ੍ਹਾਂ ਨੌਜਵਾਨਾਂ ਨੂੰ ਅਣਪਛਾਤੇ ਅਤੇ ਲਾਵਾਰਸ ਕਹਿ ਕੇ ਸਾੜ ਦਿੱਤਾ ਸੀ।

ਸੰਨ ੨੦੦੧ ਵਿੱਚ ਬਾਦਲ ਸਰਕਾਰ ਮੌਕੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ ਤਾਂ ਸਪੀਕਰ ਦੀ ਕੁਰਸੀ 'ਤੇ ਚਰਨਜੀਤ ਸਿੰਘ ਅਟਵਾਲ ਅੱਖਾਂ ਮੀਚ ਕੇ ਬੈਠੇ ਸਨ। ਦੇਰੀ ਨਾਲ ਪੇਸ਼ ਹੋਈ ਰਿਪੋਰਟ 'ਤੇ ਨਾ ਕੋਈ ਬਹਿਸ਼ ਹੋਈ ਅਤੇ ਨਾ ਹੀ ਐਕਸ਼ਨ ਟੇਕਨ ਰਿਪੋਰਟ ਨਾਲ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਬੇਕਸੂਰ ਸਿੱਖਾਂ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਇਜ਼ਹਾਰ ਆਲਮ (ਐਸ. ਐਸ. ਪੀ.) ਅਤੇ ਦਰਬਾਰਾ ਸਿੰਘ ਗੁਰੂ (ਏ. ਡੀ. ਸੀ.) ਨੂੰ ਬਚਾਉਣਾ ਚਾਹੁੰਦੇ ਸਨ। ਅੱਜ ਸਮੁੱਚਾ ਪੰਜਾਬੀ ਜਗਤ ਜਾਣਦਾ ਹੈ ਕਿ ਦਰਬਾਰਾ ਗੁਰੂ ਅਤੇ ਆਲਮ ਵਰਗੇ ਮਨੁੱਖਤਾ ਵਿਰੋਧੀ ਅਨਸਰਾਂ ਨੂੰ ਬਾਦਲਾਂ ਨੇ ਆਪਣੀ ਪਾਰਟੀ ਅਤੇ ਸਰਕਾਰਾਂ ਵਿੱਚ ਉੱਚ ਅਹੁਦੇ ਦੇ ਕੇ ਨਿਵਾਜਿਆ ਹੈ ਜਦ ਕਿ ਸ਼ਹੀਦ ਪਰਿਵਾਰਾਂ ਦੀ ਕਦੇ ਵੀ ਸਾਰ ਨਹੀਂ ਲਈ। ਚਰਨਜੀਤ ਸਿੰਘ ਅਟਵਾਲ ਨੇ ਪੇਸ਼ ਹੋਈ ਰਿਪੋਰਟ 'ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਬਚਾਉਣ ਲਈ ਹੀ ਕੋਈ ਵੀ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਅਟਵਾਲ ਵੀ ਬਰਾਬਰ ਦਾ ਜਿੰਮੇਵਾਰ ਹੈ।

ਅਸੀਂ ਦਰਬਾਰ-ਏ-ਖਾਲਸਾ ਵੱਲੋਂ ਪੰਜਾਬ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੇਕਸੂਰ ਸਿੱਖਾਂ ਦੇ ਕਾਤਲਾਂ ਅਤੇ ਉਨ੍ਹਾਂ ਦੀ ਪੁਸਤ ਪਨਾਹੀ ਕਰਨ ਵਾਲਿਆਂ ਨੂੰ ਵੋਟਾਂ ਨਾ ਪਾਉਣ ਕਿਉਂਕਿ ਸਿੱਖ ਜਗਤ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੋਂ ਉਪਰ ਕੁੱਝ ਨਹੀਂ ਹੈ। ਇੰਨ੍ਹਾਂ ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਹੋਈਆਂ ਹਨ। ਮਨੁੱਖਤਾ ਦੇ ਕਾਤਲਾਂ ਨੂੰ ਜੇਲ੍ਹ ਵਿੱਚ ਭੇਜਣ ਦੀ ਥਾਂ ਬਾਦਲਾਂ ਦੀ ਸੋਚ ਇੰਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਣ ਦੀ ਹੈ। ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਹੈ ਕਿ ਦਰਬਾਰਾ ਗੁਰੂ, ਚਰਨਜੀਤ ਅਟਵਾਲ ਅਤੇ ਬਾਦਲਾਂ ਨੂੰ ਵੋਟਾਂ ਨਾ ਪਾਉ ਅਤੇ ਇੰਨ੍ਹਾਂ ਮੁਜਰਿਮਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਸ਼ਹੀਦ ਪਰਿਵਾਰਾਂ ਦਾ ਸਾਥ ਦਿਉ।

ਜਾਰੀ ਕਰਤਾ

ਹਰਜਿੰਦਰ ਸਿੰਘ ਮਾਝੀ
ਮੁੱਖ ਸੇਵਾਦਾਰ
ਦਰਬਾਰ-ਏ-ਖਾਲਸਾ

© 2011 | All rights reserved | Terms & Conditions