'ਪੰਜਾਬ ਚੋਣਾਂ ਵਿੱਚ ਸਿੱਖ ਤੇ ਸਿੱਖ ਮੁੱਦੇ ਦੋਵੇਂ ਗਾਇਬ' : Dr. Amarjit Singh washington D.C
Submitted by Administrator
Sunday, 19 May, 2019- 03:18 pm
'ਪੰਜਾਬ ਚੋਣਾਂ ਵਿੱਚ ਸਿੱਖ ਤੇ ਸਿੱਖ ਮੁੱਦੇ ਦੋਵੇਂ ਗਾਇਬ' :  Dr. Amarjit Singh washington D.C
          ਭਾਰਤ ਭਰ ਵਿੱਚ ਲੋਕ ਸਭਾ ਚੋਣਾਂ ਦਾ ਸ਼ੋਰ-ਸ਼ਰਾਬਾ ਅਪ੍ਰੈਲ ਮਹੀਨੇ ਤੋਂ ਹੀ ਜਾਰੀ ਹੈ। ਪੰਜਾਬ ਵਿੱਚ ਕੁਝ ਦਿਨਾਂ ਬਾਅਦ ਵੋਟਾਂ ਪੈਣੀਆਂ ਹਨ। ਬੀ. ਜੇ. ਪੀ. ਦੇ 'ਮੀਡੀਆ ਸਪਿਨ ਮਾਸਟਰਾਂ' ਨੇ ਇਨ੍ਹਾਂ ਚੋਣਾਂ ਵਿੱਚ ਪਾਕਿਸਤਾਨ-ਵਿਰੋਧ ਨੂੰ ਪੁਲਵਾਮਾ, ਬਾਲਾਕੋਟ ਵਿੱਚ ਲਪੇਟ ਕੇ ਐਸੀ ਸਪਿਨ ਦਿੱਤੀ ਕਿ 130 ਕਰੋੜ ਲੋਕਾਂ ਦੀ ਸੋਝੀ ਹੀ ਗਾਇਬ ਹੋ ਗਈ। ਮੋਦੀ ਸਰਕਾਰ ਦੀ ਪਿਛਲੇ ਪੰਜ ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ-ਕਿਤਾਬ ਲੈਣ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਰਹਿਣ ਦਿੱਤਾ ਗਿਆ। ਜੇ ਕਿਸੇ ਨੇ ਹਿੰਮਤ ਕਰਕੇ ਸਵਾਲ ਖੜ੍ਹਾ ਕੀਤਾ ਤਾਂ ਉਸ 'ਤੇ ਫੌਰਨ ਦੇਸ਼-ਧ੍ਰੋਹੀ ਦਾ ਲੇਬਲ ਲਗਾ ਦਿੱਤਾ ਗਿਆ। ਕਾਂਗਰਸ, ਕਮਿਊਨਿਸਟ, ਸਮਾਜਵਾਦੀ, ਬਹੁਜਨ ਸਮਾਜ ਪਾਰਟੀ, ਡੀ. ਐਮ. ਕੇ., ਤ੍ਰਿਣਮੂਲ ਕਾਂਗਰਸ, ਤੇਲਗੂ ਦੇਸਮ ਪਾਰਟੀ ਆਦਿਕ ਦੇ ਲੀਡਰਾਂ ਨੇ ਵੀ ਬੀ. ਜੇ. ਪੀ. ਦੇ ਪੁਲਵਾਮਾ ਤੇ ਬਾਲਾਕੋਟ ਫਰਾਡ ਨੂੰ ਨੰਗੇ ਧੜ ਚੈਲਿੰਜ ਕਰਨ ਦੀ ਬਜਾਏ, ਉੱਚੀ ਸੁਰ ਵਿੱਚ ਦੇਸ਼-ਭਗਤੀ ਦਾ ਰਾਗ ਅਲਾਪਣ ਨੂੰ ਹੀ ਤਰਜੀਹ ਦਿੱਤੀ। ਬੀ. ਜੇ. ਪੀ. ਨੂੰ ਇਸ ਹੱਦ ਤੱਕ ਆਪਣੀ ਵਿਉਂਤਬੰਦੀ ਅਤੇ ਵਿਛਾਏ ਜਾਲ 'ਤੇ ਭਰੋਸਾ ਹੋਇਆ ਕਿ ਉਸ ਨੇ ਪ੍ਰੱਗਿਆ ਸਾਧਵੀ ਵਰਗੀ ਦਹਿਸ਼ਤਗਰਦ ਔਰਤ ਨੂੰ ਭੁਪਾਲ ਵਿੱਚ ਕਾਂਗਰਸੀ ਨੇਤਾ, ਦਿਗਵਿਜੈ ਸਿੰਘ ਦੇ ਮੁਕਾਬਲੇ ਮੈਦਾਨ ਵਿੱਚ ਉਤਾਰਿਆ। ਰੈਫੇਲ, ਭ੍ਰਿਸ਼ਟਾਚਾਰ, ਕਾਲਾ ਧੰਨ, ਬੇਰੁਜ਼ਗਾਰੀ, ਨੋਟਬੰਦੀ, ਫੇਲ੍ਹ ਵਿਦੇਸ਼ ਨੀਤੀ, ਹੇਠਾਂ ਨੂੰ ਜਾ ਰਹੀ ਆਰਥਿਕਤਾ ਆਦਿਕ ਵਿਸ਼ੇ ਚੋਣ-ਬਹਿਸਾਂ ਵਿਚੋਂ ਲਗਭਗ ਗਾਇਬ ਹੀ ਰਹੇ। ਜੇ ਮਾੜੀ-ਮੋਟੀ ਗੱਲ ਹੋਈ ਵੀ ਤਾਂ ਉਹ ਬਿਲਕੁਲ ਬੇਅਸਰ ਸਾਬਤ ਹੋਈ।

ਹੁਣ ਗੱਲ ਪੰਜਾਬ ਦੀ ਅਤੇ ਸਿੱਖਾਂ ਦੀ ਕਰੀਏ। ਪੰਜਾਬ ਤੋਂ ਬਾਹਰ 6 ਮਿਲੀਅਨ ਦੇ ਲਗਭਗ ਸਿੱਖ ਵਸਦੇ ਹਨ। ਕਿਸੇ ਵੀ ਪ੍ਰਮੁੱਖ ਸਿਆਸੀ ਪਾਰਟੀ ਨੇ ਕਿਸੇ ਪ੍ਰਭਾਵਸ਼ਾਲੀ ਸਿੱਖ ਚਿਹਰੇ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ। ਕਾਂਗਰਸ ਨੇ ਨਵਜੋਤ ਸਿੱਧੂ ਦਾ ਚਿਹਰਾ ਬੀ. ਜੇ. ਪੀ. ਨੂੰ ਗਾਲ੍ਹਾਂ ਕਢਵਾਉਣ, ਚੁਟਕਲੇ ਸੁਣਾਉਣ ਅਤੇ 'ਭਾਰਤ ਮਾਤਾ ਕੀ ਜੈ' ਕਹਾਉਣ ਲਈ ਜ਼ਰੂਰ ਵਰਤਿਆ। ਕਾਂਗਰਸ ਪਾਰਟੀ ਨੇ ਤਿੰਨ ਪ੍ਰਮੁੱਖ ਸਿੱਖ ਵਿਰੋਧੀ ਕਿਰਦਾਰਾਂ, ਰਵਨੀਤ ਬਿੱਟੂ, ਮੁਨੀਸ਼ ਤਿਵਾੜੀ ਅਤੇ ਰਾਜਾ ਵੜਿੰਗ ਨੂੰ ਪਾਰਟੀ ਟਿਕਟਾਂ ਦਿੱਤੀਆਂ, ਜਿਨ੍ਹਾਂ ਨੇ ਹਿੰਦੂਆਂ ਦੀ ਖੁਸ਼ਨੁਦੀ ਕਰਦਿਆਂ ਸਿੱਖਾਂ ਖਿਲਾਫ ਆਪਣੀ ਭੜਾਸ ਕੱਢੀ। ਸਰਕਾਰੀ ਜਬਰ ਦੀ ਸ਼ਲਾਘਾ ਕਰਦਿਆਂ, ਪੰਜਾਬ ਨੂੰ ਅਖੌਤੀ ਕਾਲੇ ਦੌਰ 'ਚੋਂ ਕੱਢਣ ਦਾ ਸਿਹਰਾ ਬੁੱਚੜ ਮੁੱਖ ਮੰਤਰੀ ਬੇਅੰਤੇ ਦੇ ਸਿਰ 'ਤੇ ਬੰਨ੍ਹਿਆ। ਕੈਪਟਨ ਅਮਰਿੰਦਰ ਨੇ ਆਪਣੀ ਦੋਗਲੀ ਨੀਤੀ ਅਨੁਸਾਰ ਹਿੰਦੂਆਂ ਨੂੰ ਵੀ ਖੁਸ਼ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ 'ਯਾਦਗਾਰ ਬਣਾਉਣ' ਤੱਕ ਲੈ ਆਂਦਾ। ਆਰ. ਐਸ. ਐਸ. ਦੀ ਐਕਸਟੈਨਸ਼ਨ ਬਾਦਲ ਅਕਾਲੀ ਦਲ ਨੇ ਮੋਦੀ-ਮੋਦੀ ਦਾ ਮੰਤਰ ਇੰਨੀ ਉੱਚੀ ਤੇ ਸ਼ਰਧਾ ਨਾਲ ਪੜਨਾ ਸ਼ੁਰੂ ਕੀਤਾ ਹੋਇਆ ਹੈ ਕਿ ਬੀ. ਜੇ. ਪੀ. ਨੂੰ ਵੀ ਫਿਕਰ ਪੈ ਗਿਆ ਹੈ ਕਿ ਅਸਲੀ ਹਿੰਦੂਤਵੀ ਅਸੀਂ ਹਾਂ ਜਾਂ ਇਹ।

         ਹੁਣ ਗੱਲ ਮੁੱਦਿਆਂ ਦੀ ਕਰੀਏ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦਾ ਚੋਣ-ਮੈਨੀਫੈਸਟੋ ਕਿਤੇ ਨਜ਼ਰ ਨਹੀਂ ਆਇਆ। ਅਕਾਲੀ ਦਲ ਨੇ ਅਨੰਦਪੁਰ ਦੇ ਮਤੇ, ਵੱਧ ਅਧਿਕਾਰਾਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਪਾਣੀ ਦੇ ਮੁੱਦਿਆਂ ਨੂੰ ਤਾਂ ਚਿਰੋਕਣਾ ਅਲਵਿਦਾ ਕਿਹਾ ਹੋਇਆ ਹੈ। ਪੰਜਾਬੀ ਏਕਤਾ ਪਾਰਟੀ ਅਤੇ ਡਾ. ਧਰਮਵੀਰ ਗਾਂਧੀ ਦੀ ਪਾਰਟੀ 'ਪੰਜਾਬੀ ਮੁੱਦਿਆਂ' ਦੀ ਗੱਲ ਤਾਂ ਕਰਦੀਆਂ ਹਨ ਪਰ ਅਜੇ ਇਨ੍ਹਾਂ ਪਾਰਟੀਆਂ ਨੇ ਆਪਣੀ ਹੋਂਦ ਸਥਾਪਤ ਕਰਨੀ ਹੈ। ਪੰਜਾਬ ਵਿੱਚ ਕਾਂਗਰਸ ਤੇ ਬੀ. ਜੇ. ਪੀ.-ਅਕਾਲੀਆਂ ਨੇ ਨਵੰਬਰ '84 ਦੀ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਇਸ ਵਾਰ ਇੱਕ ਸਿਆਸੀ ਫੁੱਟਬਾਲ ਵਜੋਂ ਵਰਤਿਆ। ਬੀ. ਜੇ. ਪੀ. ਅਤੇ ਅਕਾਲੀ, ਕਾਂਗਰਸ ਨੂੰ ਨਵੰਬਰ '84 ਲਈ ਦੋਸ਼ੀ ਦੱਸਦੇ ਹਨ ਜਦੋਂਕਿ ਕਾਂਗਰਸ ਵਲੋਂ ਬੀ. ਜੇ. ਪੀ. ਤੇ ਗੁਜਰਾਤ ਹਿੰਸਾ ਦਾ ਮੋੜਵਾਂ ਵਾਰ ਕੀਤਾ ਜਾਂਦਾ ਹੈ।

         ਇਸ ਵਾਰ ਰਾਜੀਵ ਗਾਂਧੀ ਵਿਸ਼ੇਸ਼ ਚਰਚਾ ਵਿੱਚ ਹੈ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਹੁਣ ਪ੍ਰਿਅੰਕਾ ਗਾਂਧੀ ਵੀ 'ਸਟਾਰ ਕੰਪੇਨਰ' ਬਣ ਗਈ ਹੈ। ਬੀ. ਜੇ. ਪੀ. ਤੇ ਅਕਾਲੀਆਂ ਵਲੋਂ ਰਾਜੀਵ ਗਾਂਧੀ ਨੂੰ ਨਵੰਬਰ '84 ਦੀ ਸਿੱਖ ਨਸਲਕੁਸ਼ੀ ਲਈ ਦੋਸ਼ੀ ਦੱਸਿਆ ਜਾ ਰਿਹਾ ਹੈ ਪਰ ਸੋਨੀਆ ਗਾਂਧੀ ਪਰਿਵਾਰ ਦੇ ਅੰਦਰੂਨੀ ਸਰਕਲ ਦੇ ਮੈਂਬਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪੈਤਰਾ ਨੇ ਇਸ ਨੂੰ 'ਹੂਆ ਸੋ ਹੂਆ' ਕਹਿ ਕੇ, ਸਿੱਖਾਂ ਨੂੰ ਹੋਰ ਵੀ ਜ਼ਲੀਲ ਕੀਤਾ। ਰਾਹੁਲ ਗਾਂਧੀ ਵਲੋਂ ਇਸ ਨੂੰ 'ਗਲਤ' ਕਹਿਣ ਦਾ ਡਰਾਮਾ ਕੀਤਾ ਗਿਆ। ਪਰ ਅਮਰਿੰਦਰ, ਨਵਜੋਤ ਸਿੱਧੂ ਸਮੇਤ ਕਾਂਗਰਸ ਦੇ ਸਿੱਖ ਚਿਹਰਿਆਂ ਵਲੋਂ ਰਾਜੀਵ ਗਾਂਧੀ ਨੂੰ 'ਨਿਰਦੋਸ਼' ਦੱਸਦਿਆਂ ਉਸ ਦੀ 'ਸ਼ਰਾਫਤ' ਦੇ ਕਸੀਦੇ ਲਗਾਤਾਰ ਪੜ੍ਹੇ ਜਾ ਰਹੇ ਹਨ।

         ਅਕਾਲੀਆਂ ਨੂੰ ਜਦੋਂ ਬੀ. ਜੇ. ਪੀ. ਦੇ ਸਿੱਖ-ਵਿਰੋਧੀ ਰੋਲ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕੰਨ ਵਲੇਟ ਕੇ 'ਨਮੋ ਨਮੋ' (ਨਰਿੰਦਰ ਮੋਦੀ ਨਰਿੰਦਰ ਮੋਦੀ) ਦਾ ਉੱਚੀ-ਉੱਚੀ ਜਾਪ ਕਰਨ ਲੱਗ ਜਾਂਦੇ ਹਨ। ਨਵੰਬਰ '84 ਦੀ ਸਿੱਖ ਨਸਲਕੁਸ਼ੀ ਦੀ ਰੱਸਾ-ਕਸ਼ੀ ਖੇਡ ਦੇ ਨਾਲ ਨਾਲ, ਇਸ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵੀ ਚੰਗਾ ਸਿਆਸੀਕਰਨ ਕੀਤਾ ਗਿਆ ਹੈ। ਇਸ ਦੋਸ਼ ਦੇਣ ਖੇਡ (ਬਲੇਮ ਗੇਮ) ਵਿੱਚ ਕਾਂਗਰਸੀ, ਸਿੱਖਾਂ ਅਤੇ ਅਕਾਲੀ ਸਿੱਖਾਂ ਵਿੱਚ ਆਪਣੇ-ਇਸ਼ਟ ਗੁਰੂ ਦੀ ਬੇਅਦਬੀ ਦੀ ਕੋਈ ਪੀੜ ਨਜ਼ਰ ਨਹੀਂ ਆਉਂਦੀ ਸਿਰਫ ਸਿਆਸੀ ਲਾਹਾ ਲੈਣ ਦੀ ਘਟੀਆ ਸਿਆਸੀ ਬਿਰਤੀ ਹੀ ਪ੍ਰਤੱਖ ਜ਼ਾਹਰ ਹੁੰਦੀ ਹੈ।

          ਚੰਗੇ ਉਮੀਦਵਾਰਾਂ ਵਿੱਚ ਸਿਰਦਾਰ ਸਿਮਰਨਜੀਤ ਸਿੰਘ ਮਾਨ, ਬੀਬੀ ਪਰਮਜੀਤ ਕੌਰ ਖਾਲੜਾ, ਮਨਵਿੰਦਰ ਸਿੰਘ ਗਿਆਸਪੁਰਾ, ਡਾ. ਧਰਮਵੀਰ ਗਾਂਧੀ ਤੇ ਸੁਖਪਾਲ ਖਹਿਰਾ ਦਾ ਨਾਂ ਲਿਆ ਜਾ ਸਕਦਾ ਹੈ ਪਰ ਇਸ ਵਾਰ ਪ੍ਰਦੇਸੀ ਸਿੱਖਾਂ ਵਲੋਂ ਪੰਜਾਬ-ਚੋਣਾਂ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਵਿਖਾਈ ਜਾ ਰਹੀ। 2014 ਦੀਆਂ ਪਾਰਲੀਮਾਨੀ ਚੋਣਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਦੇਸੀ ਸਿੱਖਾਂ ਨੇ ਐਨੇ ਪੈਸੇ ਅਤੇ ਵਹੀਰਾਂ ਘੱਤ ਕੇ ਆਮ ਆਦਮੀ ਪਾਰਟੀ ਦੀ ਮੱਦਦ ਕੀਤੀ ਸੀ। ਨਤੀਜੇ ਵਜੋਂ ਇਸ ਪਾਰਟੀ ਨੇ 4 ਪਾਰਲੀਮਾਨੀ ਸੀਟਾਂ ਅਤੇ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ ਸੀ ਪਰ ਇਸ ਪਾਰਟੀ ਦੇ 'ਉੱਜੜਨ' ਦੀ ਆਪਾ-ਧਾਪੀ ਨੇ ਪ੍ਰਦੇਸੀ ਸਿੱਖਾਂ ਨੂੰ ਨਿਰਾਸ਼ ਕੀਤਾ ਹੈ।

         ਅਸੀਂ ਸਮਝਦੇ ਹਾਂ ਕਿ ਇਸ ਨਿਰਾਸ਼ਤਾ ਵਿੱਚੋਂ ਹੀ ਆਸ ਦੀ ਕਿਰਣ ਨਿਕਲੇਗੀ। ਜਦੋਂ ਤੱਕ ਸਿੱਖਾਂ ਦੇ ਵੱਡੇ ਹਿੱਸੇ ਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਭਾਰਤੀ ਗੁਲਾਮੀ 'ਚੋਂ ਛੁਟਕਾਰਾ ਪਾਏ ਬਿਨ੍ਹਾ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਉਦੋਂ ਤੱਕ ਅਸੀਂ ਪ੍ਰਛਾਵਿਆਂ ਦਾ ਪਿੱਛਾ ਕਰਦੇ ਰਹਾਂਗੇ।

         ਬੇਸ਼ੱਕ ਭਾਰਤ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਸਿੱਖਾਂ ਨੂੰ ਸਿਆਸੀ ਤੌਰ 'ਤੇ ਗੈਰ-ਪ੍ਰਭਾਵੀ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ ਪਰ ਸਿੱਖਾਂ ਦਾ ਤੀਸਰੀ ਧਿਰ ਵਾਰਾ ਵਜੂਦ, ਗੁਰੂ ਨਾਨਕ ਸਾਹਿਬ ਨੇ ਜੱਗ-ਜ਼ਾਹਰ ਕੀਤਾ ਹੋਇਆ ਹੈ। ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਦੁਨੀਆ ਨੇ ਇਸ ਤੀਸਰੀ ਧਿਰ ਦਾ ਜਲਵਾ ਵੇਖਿਆ ਹੈ। ਲੋੜ ਹੈ ਕਿ 'ਕਰਾਰੇ ਤੇਜ਼ ਵਾਲਾ' ਪੰਥ ਖਾਲਸਾ ਆਪਣੇ ਵਜੂਦ ਨੂੰ ਪਛਾਣਦਿਆਂ, ਭਾਰਤ ਤੇ ਪਾਕਿਸਤਾਨ ਵਿਚਕਾਰ ਬੱਫਰ ਸਟੇਟ ਖਾਲਿਸਤਾਨ ਦੀ ਕਾਇਮੀ ਦੇ ਆਪਣੇ ਸੰਘਰਸ਼ ਨੂੰ ਮੰਜ਼ਿਲੇ-ਮਕਸੂਦ 'ਤੇ ਪਹੁੰਚਾਉਣ ਲਈ ਇਮਾਨਦਾਰੀ ਨਾਲ ਸੰਘਰਸ਼ ਨੂੰ ਅੱਗੇ ਤੋਰੇ। ਭਾਰਤੀ ਸਿਆਸੀ ਸਿਸਟਮ 'ਚੋਂ ਸਿੱਖਾਂ ਲਈ ਨਾ ਪਹਿਲਾਂ ਕੁਝ ਨਿਕਲਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਕੁਝ ਨਿਕਲਣਾ ਹੈ।
© 2011 | All rights reserved | Terms & Conditions