ਹਿੰਦੂਤਵੀ ਦਹਿਸ਼ਤਗਰਦੀ ਕਰਨ ਵਾਲਿਆਂ ਨੇ ਪ੍ਰਾਪੇਗੰਡੇ ਵਿੱਚ ਨਾਜ਼ੀਆਂ ਨੂੰ ਵੀ ਪਛਾੜ ਦਿੱਤਾ !: Dr. Amarjit Singh washington D.C
Submitted by Administrator
Sunday, 19 May, 2019- 03:21 pm
ਹਿੰਦੂਤਵੀ ਦਹਿਸ਼ਤਗਰਦੀ ਕਰਨ ਵਾਲਿਆਂ ਨੇ ਪ੍ਰਾਪੇਗੰਡੇ ਵਿੱਚ ਨਾਜ਼ੀਆਂ ਨੂੰ ਵੀ ਪਛਾੜ ਦਿੱਤਾ !:  Dr. Amarjit Singh washington D.C

'ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਇੱਕ ਹਿੰਦੂ, ਨੱਥੂ ਰਾਮ ਗੋਡਸੇ ਸੀ ' - ਕਮਲ ਹਸਨ ਫਿਲਮ ਕਲਾਕਾਰ

'ਨੱਥੂ ਰਾਮ ਗੋਡਸੇ ਇੱਕ ਦੇਸ਼-ਭਗਤ ਸੀ' -ਸਾਧਵੀ ਪ੍ਰੱਗਿਆ

ਭਾਰਤੀ ਗ੍ਰਹਿ-ਮੰਤਰਾਲੇ ਵਲੋਂ 28 ਮਾਰਚ ਨੂੰ ਜਾਰੀ ਸਰਕੂਲਰ ਵਿੱਚ ਇਸਲਾਮਿਕ ਤੇ ਸਿੱਖ ਦਹਿਸ਼ਤਗਰਦੀ ਨੂੰ ਦੇਸ਼ ਲਈ ਦੱਸਿਆ ਗਿਆ ਵੱਡਾ ਖਤਰਾ!

'ਹਿੰਦੂ ਕਦੇ ਦਹਿਸ਼ਤਗਰਦ ਹੋ ਹੀ ਨਹੀਂ ਸਕਦਾ' - ਨਰਿੰਦਰ ਮੋਦੀ
        ਵਾਸ਼ਿੰਗਟਨ (ਡੀ. ਸੀ.) 18 ਮਈ, 2019 - ਭਾਰਤ ਵਿੱਚ ਇਸ ਵੇਲੇ ਪਾਰਲੀਮਾਨੀ ਚੋਣਾਂ ਦੇ ਦੌਰ ਵਿੱਚ ਜਿੱਥੇ ਫੇਕ ਨਿਊਜ਼ ਅਤੇ ਗੋਦੀ ਮੀਡੀਏ ਰਾਹੀਂ ਬੀ. ਜੇ. ਪੀ. ਨੇ ਆਪਣੇ ਵਿਰੋਧੀਆਂ ਨੂੰ ਭਾਂਜ ਦਿੱਤੀ ਹੋਈ ਹੈ, ਉਥੇ ਉਨ੍ਹਾਂ ਦੇ ਝੋਲੇ ਵਿੱਚ ਵੱਡੀ ਗਿਣਤੀ ਵਿੱਚ ਦੇਸ਼-ਵਿਰੋਧੀ ਗਰਦਾਨਣ ਦੇ ਬਿੱਲੇ ਵੀ ਹਨ, ਜਿਹੜੇ ਕਿ ਉਹ ਹਰ ਵਿਰੋਧੀ ਆਵਾਜ਼ ਨੂੰ ਦਬਾਉਣ ਦੇ ਲਈ ਖੁੱਲ੍ਹ ਕੇ ਇਸਤੇਮਾਲ ਕਰਦੇ ਹਨ। 1920ਵਿਆਂ 'ਚ ਹੋਂਦ 'ਚ ਆਈ ਆਰ. ਐਸ. ਐਸ. ਜਮਾਤ ਦਾ ਦਹਿਸ਼ਤਗਰਦੀ ਨਾਲ ਚੋਲੀ-ਦਾਮਨ ਦਾ ਸਬੰਧ ਹੈ। ਆਰ. ਐਸ. ਐਸ. ਨੂੰ ਜਨਮ ਦੀ ਘੁੱਟੀ ਹੀ ਨਾਜ਼ੀ ਵਿਚਾਰਧਾਰਾ ਨੇ ਦਿੱਤੀ ਸੀ। ਭਾਵੇਂ ਸਮਾਜ ਸੇਵੀ ਸੰਸਥਾ ਦੀ ਆੜ ਵਿੱਚ, ਆਰ. ਐਸ. ਐਸ. ਨੇ ਆਪਣੀਆਂ ਜੜ੍ਹਾਂ ਲਾਈਆਂ ਸਨ ਪਰ ਇਸ ਨਾਲ ਜੁੜੇ ਰਹੇ ਗੋਲਵਲਕਰ, ਸਾਵਰਕਰ, ਨੱਥੂ ਰਾਮ ਗੋਡਸੇ ਸਮੇਤ ਬਹੁਤ ਸਾਰੇ ਮਰਾਠੇ ਹਿੰਦੂ ਬੁੱਧੀਜੀਵੀ, 'ਹਿੰਸਾ' ਨੂੰ ਹੀ ਹਿੰਦੂ ਮੁਕਤੀ ਦਾ ਰਾਹ ਸਮਝਦੇ ਸਨ। ਇਨ੍ਹਾਂ ਦੀਆਂ ਪਬਲੀਕੇਸ਼ਨਜ਼ ਵਿੱਚ ਹਿਟਲਰ ਅਤੇ ਮੁਸੋਲਿਨੀ ਦੀ ਪੁੱਜ ਕੇ ਤਾਰੀਫ ਕੀਤੀ ਜਾਂਦੀ ਸੀ। ਇਨ੍ਹਾਂ ਦਾ ਐਲਾਨੀਆ ਨਿਸ਼ਾਨਾ 'ਹਿੰਦੂ, ਹਿੰਦੀ, ਹਿੰਦੂਸਤਾਨ' ਸੀ, ਜਿਸ ਦੀ ਪ੍ਰਾਪਤੀ ਲਈ ਘੱਟਗਿਣਤੀ ਕੌਮਾਂ ਨੂੰ ਨਾਜ਼ੀਆਂ ਦੀ ਤਰਜ਼ 'ਤੇ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਯਾਦ ਰਹੇ ਗਾਂਧੀ ਨੂੰ ਮਾਰਨ ਵਾਲਾ ਆਰ. ਐਸ. ਐਸ. ਤੇ ਸਾਵਰਕਰ ਦਾ ਚੇਲਾ ਨੱਥੂ ਰਾਮ ਗੋਡਸੇ ਕੋਈ ਭਾੜੇ ਦਾ ਕਾਤਲ ਨਹੀਂ ਸੀ। ਉਹ ਇੱਕ ਲਿਖਾਰੀ ਵੀ ਸੀ ਤੇ ਆਪਣੇ ਹਿੰਦੂਤਵ ਮਿਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ। ਗਾਂਧੀ ਨੂੰ ਮਾਰਨ ਤੋਂ ਪਹਿਲਾਂ ਉਹ ਸਾਵਰਕਰ ਤੋਂ ਇਸ ਸ਼ੁੱਭ ਕੰਮ ਲਈ 'ਅਸ਼ੀਰਵਾਦ' ਲੈਣ ਗਿਆ ਸੀ। ਨਹਿਰੂ ਵਜ਼ਾਰਤ ਵਿੱਚ ਗ੍ਰਹਿ ਮੰਤਰੀ ਪਟੇਲ ਦੀ ਵੀ ਆਰ. ਐਸ. ਐਸ. ਨਾਲ ਹਮਦਰਦੀ ਸੀ। ਗਾਂਧੀ ਦੇ ਕਤਲ ਤੋਂ ਬਾਅਦ ਇੱਕ ਸਾਲ ਤੋਂ ਜ਼ਿਆਦਾ ਸਮਾਂ ਆਰ. ਐਸ. ਐਸ. 'ਤੇ ਪਾਬੰਦੀ ਵੀ ਲੱਗੀ ਸੀ ਪਰ ਪਟੇਲ ਨੇ ਆਰ. ਐਸ. ਐਸ. ਦੀ ਪੂਰੀ ਮੱਦਦ ਕੀਤੀ ਸੀ।

         ਕਮਲ ਹਸਨ ਦੱਖਣੀ ਭਾਰਤ, ਵਿਸ਼ੇਸ਼ਕਰ ਤਾਮਿਲਨਾਡੂ ਵਿੱਚ ਇੱਕ ਭਵਿੱਖ ਦੇ ਨੇਤਾ ਵਜੋਂ ਉੱਭਰ ਰਿਹਾ ਹੈ। ਉਹ ਇੱਕ ਪ੍ਰਸਿੱਧ ਅਦਾਕਾਰ, ਕਲਾਕਾਰ ਹੈ ਤੇ ਐਲਾਨੀਆ ਤੌਰ 'ਤੇ ਨਾਸਤਿਕ ਹੈ। ਉਸ ਨੇ ਇੱਕ ਸਿਆਸੀ ਪਾਰਟੀ 'ਮਕਾਲ ਨਿਧੀ ਮੈਯਮ' ਬਣਾਈ ਹੈ। ਪਿਛਲੇ ਦਿਨੀਂ ਉਸ ਨੇ ਤਾਮਿਲਨਾਡੂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੂਸਰੇ ਧਰਮਾਂ ਨੂੰ ਅੱਤਵਾਦੀ ਨਾਲ ਜੋੜਨ ਵਾਲੇ ਇਹ ਕਿਉਂ ਭੁੱਲ ਜਾਂਦੇ ਹਨ ਕਿ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਇੱਕ ਹਿੰਦੂ, ਨੱਥੂ ਰਾਮ ਗੋਡਸੇ ਸੀ। ਜਿਸ ਥਾਂ 'ਤੇ ਇਹ ਚੋਣ ਜਲਸਾ ਹੋ ਰਿਹਾ ਸੀ, ਉਥੇ ਗਾਂਧੀ ਦਾ ਬੁੱਤ ਲੱਗਾ ਹੋਇਆ ਸੀ। ਉਸ ਨੇ ਤਿਰੰਗੇ ਦੇ ਤਿੰਨ ਰੰਗਾਂ ਦਾ ਜ਼ਿਕਰ ਕਰਦਿਆਂ, ਭਾਰਤ ਦੀ ਵਿਭਿੰਨਤਾ ਦੀ ਨੀਤੀ ਵੱਲ ਮੁੜਨ ਦੀ ਅਪੀਲ ਕੀਤੀ।

         ਕਮਲ ਹਸਨ ਦੇ ਇਸ ਬਿਆਨ ਤੋਂ ਬਾਅਦ ਹਿੰਦੂਤਵੀਆਂ ਨੇ ਤੂਫਾਨ ਖੜ੍ਹਾ ਕਰ ਦਿੱਤਾ। ਰੱਖਿਆ ਮੰਤਰੀ ਨਿਰਮਲਾ ਨੇ ਕਿਹਾ ਕਿ ਹਤਿਆਰੇ ਤੇ ਅੱਤਵਾਦੀ ਵਿੱਚ ਫਰਕ ਹੁੰਦਾ ਹੈ। ਬੀ. ਜੇ. ਪੀ. ਦੇ 'ਕਲਾਕਾਰ' ਵਿਵੇਕ ਓਬਰਾਏ ਨੇ ਕਿਹਾ ਕਿ ਕਮਲ ਹਸਨ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ। ਯਾਦ ਰਹੇ ਕਿ ਇਹ ਵਿਵੇਕ ਓਬਰਾਏ ਨੇ ਨਰਿੰਦਰ ਮੋਦੀ ਦੀ ਜੀਵਨੀ 'ਤੇ ਬਣੀ ਫਿਲਮ ਵਿੱਚ, ਮੋਦੀ ਦਾ ਰੋਲ ਅਦਾ ਕੀਤਾ ਹੈ। ਕਮਲ ਹਸਨ ਦੇ ਖਿਲਾਫ ਪੁਲਿਸ ਥਾਣੇ ਵਿੱਚ ਐਫ. ਆਈ. ਆਰ. ਰਜਿਸਟਰ ਕਰ ਲਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭੋਪਾਲ ਤੋਂ ਬੀ. ਜੇ. ਪੀ. ਦੀ ਉਮੀਦਵਾਰ ਅਤੇ ਖੁਦ ਵੱਡੀ ਦਹਿਸ਼ਤਗਰਦ ਪ੍ਰੱਗਿਆ ਸਾਧਵੀ ਨੇ ਨੱਥੂ ਰਾਮ ਗੌਡਸੇ ਨੂੰ 'ਇੱਕ ਵੱਡਾ ਦੇਸ਼ ਭਗਤ' ਦੱਸਿਆ ਹੈ, ਜਿਸ ਦੇ ਜਵਾਬ ਵਿੱਚ ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਜੇ ਗੋਡਸੇ ਦੇਸ਼ ਭਗਤ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਗਾਂਧੀ ਦੇਸ਼-ਧ੍ਰੋਹੀ ਹੈ। ਬੀ. ਜੇ. ਪੀ. ਨੇ ਇਸ ਬਿਆਨ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ।

         ਨਰਿੰਦਰ ਮੋਦੀ ਨੇ ਤਾਂ ਇਸ ਮੁੱਦੇ 'ਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਨਿਊਜ਼ ਐਕਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੋਦੀ ਨੇ ਕਿਹਾ, 'ਸਾਡੇ ਸੱਭਿਆਚਾਰ ਵਿੱਚ, ਕੋਈ ਹਿੰਦੂ ਕਦੀ ਦਹਿਸ਼ਤਗਰਦ ਹੋ ਹੀ ਨਹੀਂ ਸਕਦਾ ਤੇ ਜਿਹੜਾ ਦਹਿਸ਼ਤਗਰਦ ਹੈ, ਉਹ ਹਿੰਦੂ ਨਹੀਂ ਹੈ।' ਮੋਦੀ ਨੇ ਅੱਗੇ ਕਿਹਾ, 'ਹਿੰਦੂ ਦਹਿਸ਼ਤਗਰਦੀ ਦਾ ਜੁਮਲਾ ਕਾਂਗਰਸ ਨੇ ਘੜਿਆ ਹੈ ਅਤੇ ਇਹ ਹਿੰਦੂਆਂ ਨੂੰ ਬਦਨਾਮ ਕਰਨ ਲਈ ਹੈ।' ਇਸ ਸਾਰੀ ਸਥਿਤੀ ਦੀ ਤ੍ਰਾਸਦੀ ਇਹ ਹੈ ਕਿ ਹਜ਼ਾਰਾਂ ਮੁਸਲਮਾਨਾਂ ਦਾ ਕਾਤਲ ਇੱਕ ਵੱਡਾ ਦਹਿਸ਼ਤਗਰਦ ਮੋਦੀ, ਡੱਗੇ ਦੀ ਚੋਟ ਨਾਲ ਕਹਿ ਰਿਹਾ ਹੈ ਕਿ 'ਹਿੰਦੂ ਕਦੀ ਦਹਿਸ਼ਤਗਰਦ ਹੋ ਹੀ ਨਹੀਂ ਸਕਦਾ।' ਇਸ ਤੋਂ ਵੱਡੀ ਬੇਸ਼ਰਮੀ ਹੋਰ ਕੀ ਹੋ ਸਕਦੀ ਹੈ?

         ਇੱਕ ਪਾਸੇ ਬੀ. ਜੇ. ਪੀ. ਦੇ ਲੀਡਰ ਚੀਖ-ਚਿਹਾੜਾ ਪਾ ਰਹੇ ਹਨ ਕਿ ਕਿਸੇ ਧਰਮ ਨੂੰ ਖਾਸਕਰ ਹਿੰਦੂ ਧਰਮ ਨੂੰ ਦਹਿਸ਼ਤਗਰਦੀ ਨਾਲ ਨਹੀਂ ਜੋੜਿਆ ਜਾ ਸਕਦਾ ਪਰ ਦੂਸਰੇ ਪਾਸੇ ਮੋਦੀ ਸਰਕਾਰ ਨੇ ਸਿੱਖ ਧਰਮ 'ਤੇ ਇਸਲਾਮ ਦੋਹਾਂ ਧਰਮਾਂ 'ਤੇ ਦਹਿਸ਼ਤਗਰਦੀ ਦਾ ਪੱਕਾ-ਲੇਬਲ ਲਗਾ ਦਿੱਤਾ ਹੈ। ਪ੍ਰਸਿੱਧ ਅੰਗਰੇਜ਼ੀ ਰਸਾਲੇ 'ਕਾਰਵਾਂ' ਵਿੱਚ ਨਿਕਿਤਾ ਸਕਸੈਨਾ ਦਾ ਇੱਕ ਲੇਖ ਛਪਿਆ ਹੈ, ਜਿਸ ਦਾ ਸਿਰਲੇਖ ਹੈ ਕਿ 'ਮੋਦੀ ਹਿੰਦੂ ਦਹਿਸ਼ਤਗਰਦੀ ਨੂੰ ਇੱਕ ਬੇਇੱਜ਼ਤੀ ਕਹਿੰਦਾ ਹੈ ਪਰ ਉਸ ਦੀ ਸਰਕਾਰ ਇਸਲਾਮਿਕ ਤੇ ਸਿੱਖ ਦਹਿਸ਼ਤਗਰਦੀ ਦੀ ਜਾਂਚ-ਪੜਤਾਲ ਕਰ ਰਹੀ ਹੈ।' ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਰਵਾਂ ਕੋਲ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ 28 ਮਾਰਚ, 2019 ਨੂੰ ਜਾਰੀ ਕੀਤੇ ਇੱਕ ਸਰਕੂਲਰ ਦੀ ਕਾਪੀ ਮੌਜੂਦ ਹੈ, ਜਿਸ ਵਿੱਚ 'ਇਸਲਾਮਿਕ ਤੇ ਸਿੱਖ ਦਹਿਸ਼ਤਗਰਦੀ' 'ਤੇ ਅੱਖ ਰੱਖਣ ਲਈ ਇੱਕ 'ਸਟੈਂ²ਿਡੰਗ ਫੋਕਸ ਗਰੁੱਪ' ਬਣਾਇਆ ਗਿਆ ਹੈ। ਇਸ ਗਰੁੱਪ ਦਾ ਜਨਮ 20 ਤੋਂ 22 ਦਸੰਬਰ 2018 ਨੂੰ, ਗੁਜਰਾਤ ਦੇ ਕੈਵਿਦਿਆ ਸ਼ਹਿਰ ਵਿੱਚ, ਭਾਰਤ ਭਰ ਦੇ ਸੂਬਿਆਂ ਦੇ ਪੁਲਿਸ ਮੁਖੀਆਂ ਦੇ ਇਕੱਠ ਵਿੱਚ ਹੋਇਆ ਸੀ। ਮੋਦੀ ਨੇ ਵੀ ਇਸ ਕਾਨਫਰੰਸ ਵਿੱਚ ਹਿੱਸਾ ਲਿਆ ਸੀ। ਇਸ ਕਾਨਫਰੰਸ ਵਿੱਚ 'ਇਸਲਾਮਿਕ ਤੇ ਸਿੱਖ ਦਹਿਸ਼ਤਗਰਦੀ' ਦੇ ਖਿਲਾਫ ਲੜਨ ਲਈ 12 ਏਜੰਸੀਆਂ 'ਤੇ ਅਧਾਰਿਤ 'ਸਟੈਂਡਿੰਗ ਫੋਕਸ ਗਰੁੱਪ' ਬਣਾਇਆ ਗਿਆ ਸੀ। ਜਿਹੜਾ ਸਰਕੂਲਰ, ਗ੍ਰਹਿ ਮੰਤਰਾਲੇ ਵਲੋਂ ਕਰਨਲ ਦਵਿੰਦਰ ਮਿਸ਼ਰਾ ਨੇ 28 ਮਾਰਚ, 2019 ਨੂੰ ਭੇਜਿਆ ਹੈ, ਉਹ 12 ਏਜੰਸੀਆਂ ਦੇ ਮੁਖੀਆਂ ਨੂੰ ਸੰਬੋਧਿਤ ਹੈ। ਇਨ੍ਹਾਂ ਏਜੰਸੀਆਂ ਵਿੱਚ ਇੰਟਲੀਜੈਂਸ ਬਿਓਰੋ, ਰਾਅ, ਸੀ. ਬੀ. ਆਈ., ਐਨ. ਆਈ. ਏ., ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ, ਰੈਵੇਨਿਊ ਇੰਟੈਲੀਜੈਂਸ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼, ਸੈਂਟਰਲ ਇਕਨੌਮਿਕ ਇੰਟੈਲੀਜੈਂਸ ਬਿਓਰੋ, ਸਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਐਨਫੋਰਸਮੈਂਟ ਡਾਇਰੈਕਟੋਰੇਟ ਸ਼ਾਮਲ ਹਨ। ਇਨ੍ਹਾਂ ਏਜੰਸੀਆਂ ਤੋਂ ਇਲਾਵਾ ਪੰਜਾਬ, ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੇ ਪੁਲਿਸ ਮੁਖੀ ਕਰਮਵਾਰ ਦਿਨਕਰ ਗੁਪਤਾ, ਦਿਲਬਾਗ ਸਿੰਘ ਅਤੇ ਅਮੁੱਲਿਆ ਪਟਨਾਇਕ ਵੀ ਇਸ 'ਇਸਲਾਮਿਕ ਤੇ ਸਿੱਖ ਦਹਿਸ਼ਤਗਰਦੀ' ਦੇ ਸਟੈਂਡਿੰਗ ਗਰੁੱਪ ਦਾ ਹਿੱਸਾ ਹਨ।

         ਪਾਠਕਜਨ! ਇਨ੍ਹਾਂ ਹਿੰਦੂਤਵੀ ਦਹਿਸ਼ਤਗਰਦਾਂ ਨੇ ਪ੍ਰਾਪੇਗੰਡਾ ਜੰਗ ਵਿੱਚ ਨਾਜ਼ੀਆਂ ਨੂੰ ਵੀ ਮਾਤ ਦੇ ਦਿੱਤੀ ਹੈ। ਇਨ੍ਹਾਂ ਨੇ 'ਮੂੰਹ ਮੇ ਰਾਮ ਰਾਮ, ਬਗਲ ਮੇ ਛੁਰੀ' ਅਖਾਣ ਨੂੰ ਸਹੀ ਅਰਥਾਂ ਵਿੱਚ ਸਮਝਾਇਆ ਹੈ।

© 2011 | All rights reserved | Terms & Conditions