ਹਿੰਦੂਤਵੀ ਵਿਚਾਰਧਾਰਾ ਦਾ ਝੰਡਾ ਮੁੜ ਲਾਲ ਕਿਲ੍ਹੇ 'ਤੇ ਲਹਿਰਾਇਆ ! : Dr. Amarjit Singh washington D.C
Submitted by Administrator
Monday, 27 May, 2019- 03:27 am
ਹਿੰਦੂਤਵੀ ਵਿਚਾਰਧਾਰਾ ਦਾ ਝੰਡਾ ਮੁੜ ਲਾਲ ਕਿਲ੍ਹੇ 'ਤੇ ਲਹਿਰਾਇਆ ! :  Dr. Amarjit Singh washington D.C

ਗਾਂਧੀ ਦਾ 'ਰਾਮ-ਰਾਜ' ਦਾ ਸੁਫਨਾ ਉਸ ਦੇ 'ਹੱਤਿਆਰਿਆਂ' ਨੇ ਕੀਤਾ ਪੂਰਾ!

ਪਾਕਿਸਤਾਨ ਦੇ ਬਾਨੀ ਮਿਸਟਰ ਜਿਨਾਹ ਇੱਕ ਵਾਰ ਫੇਰ ਠੀਕ ਸਾਬਤ ਹੋਏ!

ਭਾਰਤੀ ਨਕਸ਼ੇ ਵਿੱਚ ਕੈਦ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਨੂੰ 'ਅਸਲੀਅਤ' ਦੇ ਨੇੜੇ ਹੋਣ ਦੀ ਲੋੜ!

ਹਕੀਕਤ ਨੂੰ ਸਮਝਦਿਆਂ ਭਾਰਤੀ ਕੈਦਖਾਨੇ 'ਚੋਂ ਨਿਕਲਣ ਲਈ ਸੰਜੀਦਾ, ਨਰੋਈ ਵਿਓਂਤਬੰਦੀ ਦੀ ਲੋੜ!

 

ਵਾਸ਼ਿੰਗਟਨ (ਡੀ. ਸੀ.) 25 ਮਈ, 2019 - ਦੁਨੀਆ ਦੇ ਸਭ ਤੋਂ ਵੱਡੇ ਅਖੌਤੀ ਲੋਕਤੰਤਰ ਭਾਰਤ ਦੇ 130 ਕਰੋੜ ਲੋਕਾਂ ਨੇ 'ਹਿੰਦੂ, ਹਿੰਦੀ, ਹਿੰਦੂਸਤਾਨ' ਦੀ ਵਿਚਾਰਧਾਰਾ ਵਿੱਚ ਯਕੀਨ ਰੱਖਣ ਵਾਲੀ ਬੀ. ਜੇ. ਪੀ. ਪਾਰਟੀ ਨੂੰ ਭਾਰੀ ਬਹੁਮਤ ਨਾਲ ਦੁਬਾਰਾ ਰਾਜ-ਸੱਤਾ 'ਤੇ ਕਾਬਜ਼ ਕੀਤਾ ਹੈ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਬੀ. ਜੇ. ਪੀ. ਅਤੇ ਉਸ ਦੀ ਸਹਿਯੋਗੀ ਪਾਰਟੀਆਂ ਨੂੰ 350 ਸੀਟਾਂ, ਕਾਂਗਰਸ ਸਮੇਤ ਦੂਸਰੀਆਂ ਧਿਰਾਂ ਨੂੰ 192 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਬੀ. ਜੇ. ਪੀ. ਵਲੋਂ ਮਨਾਏ ਗਏ ਜਿੱਤ ਦੇ ਜਸ਼ਨ ਵਿੱਚ ਮੋਦੀ ਨੇ ਕਿਹਾ, 'ਲੋਕਾਂ ਨੇ ਫਕੀਰ ਦੀ ਝੋਲੀ ਭਰ ਦਿੱਤੀ ਹੈ।' ਇੱਕ ਦਿਨ ਪਹਿਲਾਂ ਤੱਕ, ਈ. ਵੀ. ਐਮ. ਮਸ਼ੀਨਾਂ ਨਾਲ ਛੇੜਛਾੜ ਦਾ ਮਾਮਲਾ ਮੁੱਖ ਸੁਰਖੀਆਂ ਵਿੱਚ ਸੀ ਪਰ ਅੱਜ ਉਸ ਦੀ ਚਰਚਾ ਤੱਕ ਵੀ ਸੁਣਨ 'ਚ ਨਹੀਂ ਮਿਲੀ। 'ਹਿੰਦੂ ਲਹਿਰ' ਨੇ 'ਸੋਚ ਕਾਬੂ ਯੰਤਰ' (ਮਾਈਂਡ ਕੰਟਰੋਲ ਤਕਨੀਕ) ਰਾਹੀਂ ਲੋਕਾਂ ਵਿੱਚ ਹਿੰਦੂ ਹੋਣ ਦਾ ਜਾਨੂੰਨ ਜਿਸ ਸਫਲਤਾ ਨਾਲ ਭਰਿਆ ਹੈ, ਉਹ ਸਿਰ ਚੜ੍ਹ ਕੇ ਬੋਲ ਰਿਹਾ ਹੈ। 'ਹਿੰਦੂ ਜਨੂੰਨ' ਦੀ ਸੁਨਾਮੀ ਵਿੱਚ ਮੋਦੀ ਦੀਆਂ ਪੰਜ ਸਾਲ ਦੀਆਂ ਅਸਫਲਤਾਵਾਂ, ਕੱਖਾਂ ਦੇ ਕਾਨਿਆਂ ਵਾਂਗ ਰੁੜ-ਪੁੜ ਗਈਆਂ ਹਨ ਅਤੇ ਮੋਦੀ ਇੱਕ ਨਵੇਂ 'ਬਜਰੰਗ ਬਲੀ' ਦੇ ਅਵਤਾਰ ਵਿੱਚ, ਕੇਦਾਰਨਾਥ ਦੀ ਗੁਫਾ ਵਿੱਚੋਂ ਨਿਕਲ ਕੇ, ਪਾਰਲੀਮੈਂਟ ਹਾਊਸ ਵਿੱਚ ਮੁੜ ਪ੍ਰਗਟ ਹੋਇਆ ਹੈ।

ਆਰ. ਐਸ. ਐਸ. ਦੇ ਜਨਮਦਾਤਾ ਅਤੇ ਪ੍ਰਤਿਪਾਲਕ ਡਾ. ਹੈਡਗਵੇਅਰ, ਗੋਲਵਲਕਰ ਸਮੇਤ ਸਾਵਰਕਰ ਦੀ ਹਿੰਦੂ ਵਿਚਾਰਧਾਰਾ ਭਾਰਤ ਵਿੱਚ ਨਾ-ਸਿਰਫ ਪਿਛਲਿਆਂ 95 ਸਾਲਾਂ ਵਿੱਚ ਪ੍ਰਫੁੱਲਤ ਹੀ ਹੋਈ ਹੈ ਬਲਕਿ ਉਸ ਨੇ ਪੂਰੇ ਢੋਲ-ਢਮੱਕੇ ਨਾਲ ਸੱਤਾ 'ਤੇ ਮੁੜ ਕਬਜ਼ਾ ਕੀਤਾ ਹੈ।

ਕਿਸੇ ਵਿਚਾਰਧਾਰਾ ਦੇ ਠੀਕ ਜਾਂ ਗਲਤ ਹੋਣ ਦੀ ਇੱਕ ਵੱਖਰੀ ਬਹਿਸ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰ. ਐਸ. ਐਸ. ਕੋਲ ਇੱਕ ਬੇਮਿਸਾਲ ਸੰਗਠਨ, ਪੈਸਾ ਅਤੇ ਵਿਓਂਤਬੰਦੀ ਹੈ, ਜਿਸ ਦੇ ਬਲਬੂਤੇ ਉਨ੍ਹਾਂ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ। 1947 ਤੋਂ ਬਾਅਦ 1992 ਤੱਕ ਤਿੰਨ ਵਾਰ ਆਰ. ਐਸ. ਐਸ. 'ਤੇ ਪਾਬੰਦੀ ਲੱਗਣ ਦੇ ਬਾਵਜੂਦ ਆਰ. ਐਸ. ਐਸ. ਦਾ ਅੱਜ ਦੇ ਮੁਕਾਮ 'ਤੇ ਪਹੁੰਚਣਾ ਇੱਕ 'ਸਫਲ ਕੇਸ ਸਟੱਡੀ' ਹੈ, ਜਿਸ ਨੂੰ ਸਮਝਣ ਦੀ ਲੋੜ ਹੈ। ਇਨ੍ਹਾਂ 95 ਸਾਲਾਂ ਵਿੱਚ ਆਰ. ਐਸ. ਐਸ. ਨੇ 1000 ਸਾਲ ਦੀ ਗੁਲਾਮੀ ਨੂੰ ਆਪਣੀ ਕਿਸਮਤ ਸਮਝਣ ਵਾਲੇ ਹਿੰਦੂਆਂ ਵਿੱਚ ਕਿਵੇਂ ਇੰਨਾ ਵੱਡਾ ਬਦਲਾਅ ਲਿਆਂਦਾ ਕਿ ਉਹ ਇਸ ਨਾਹਰੇ ਵਿੱਚ ਵਿਸ਼ਵਾਸ਼ ਕਰਨ ਲੱਗੇ - 'ਗਰਵ ਸੇ ਕਹੋ ਕਿ ਹਮ ਹਿੰਦੂ ਹੈਂ।' ਇਨ੍ਹਾਂ ਚੋਣ-ਨਤੀਜਿਆਂ ਵਿੱਚ ਹਿੰਦੂਆਂ ਨੇ ਆਪਣੇ 'ਹਿੰਦੂ ਗਰਵ' ਦਾ ਹੀ ਪ੍ਰਗਟਾਵਾ ਕੀਤਾ ਹੈ। ਜੇ ਸਾਧਵੀ ਪ੍ਰੱਗਿਆ, ਸਾਖਸ਼ੀ ਮਹਾਰਾਜ, ਗਿਰੀਰਾਜ ਸਿੰਘ ਵਰਗੇ 'ਨਫਰਤ ਦੇ ਚੱਲਦੇ-ਫਿਰਦੇ ਬੰਬ' ਭਾਰੀ ਬਹੁਮਤ ਨਾਲ ਜਿੱਤਦੇ ਹਨ, ਇਹ ਇਹ 'ਹਿੰਦੂ ਗਰਵ' ਨਹੀਂ ਤਾਂ ਹੋਰ ਕੀ ਹੈ?

ਗਾਂਧੀ ਨੇ ਹਿੰਦੂ-ਰਾਜ ਨੂੰ 'ਰਾਮ-ਰਾਜ' ਕਹਿ ਕੇ ਇਹ ਸੁਫਨਾ ਸੈਕੂਲਰਿਜ਼ਮ (ਧਰਮ ਨਿਰਪੱਖ) ਦੀ ਮਿੱਠੀ ਖੰਡ ਵਿੱਚ ਲਪੇਟ ਕੇ ਵੇਚਿਆ ਸੀ, ਸਿੱਖ ਜਿਸ ਦੇ ਬਹੁਤ ਜਲਦ ਖਰੀਦਦਾਰ ਬਣ ਗਏ ਸਨ। ਮਿਸਟਰ ਮੁਹੰਮਦ ਅਲੀ ਜਿਨਾਹ ਕੁਝ ਅਰਸਾ ਤਾਂ ਕਾਂਗਰਸ ਦਾ ਹਿੱਸਾ ਬਣ ਕੇ ਇਸ ਪਾਸੇ ਤੁਰੇ ਪਰ ਬਹੁਤ ਜਲਦੀ ਉਨ੍ਹਾਂ ਨੇ ਗਾਂਧੀ-ਨਹਿਰੂ-ਪਟੇਲ ਦੀ ਕਪਟੀ ਤਿੱਕੜੀ ਦੇ ਅੰਦਰ ਨੂੰ ਭਾਂਪ ਲਿਆ। ਉਨ੍ਹਾਂ ਨੇ ਆਪਣੀ ਕੌਮ ਦੀ ਮੁਕੰਮਲ ਆਜ਼ਾਦੀ ਦਾ ਮਤਾ 23 ਮਾਰਚ, 1940 ਨੂੰ ਲਾਹੌਰ ਵਿੱਚ ਪਾਸ ਕਰਕੇ, ਸੱਤ ਸਾਲ ਦੇ ਵਿੱਚ-ਵਿੱਚ ਪਾਕਿਸਤਾਨ ਹਾਸਲ ਕਰ ਲਿਆ। ਸਿੱਖ ਲੀਡਰਸ਼ਿੱਪ ਗਾਂਧੀ-ਨਹਿਰੂ ਦੇ 'ਲਾਰਾ-ਲੱਪਾ ਚੱਕਰਵਿਊ' ਵਿੱਚ ਐਸੀ ਫਸੀ ਕਿ 1947 ਵਿੱਚ ਸੁਨਹਿਰੀ ਭਵਿੱਖ ਘੜਨ ਦੇ ਮੌਕੇ ਨੂੰ ਗਵਾ ਕੇ ਹਿੰਦੂ ਬਹੁਗਿਣਤੀ ਦੀ ਗੁਲਾਮੀ ਵਿੱਚ ਆ ਫਸੀ। ਪਿਛਲੇ 72 ਸਾਲਾਂ ਦੀ ਸਿੱਖ ਗੁਲਾਮੀ, ਘੱਲੂਘਾਰਿਆਂ ਦਾ ਇੱਕ ਇਤਿਹਾਸ ਬਿਆਨ ਕਰਦੀ ਹੈ।

ਬੇਸ਼ੱਕ ਨੱਥੂ ਰਾਮ ਗੌਡਸੇ ਦੇ ਹਤਿਆਰੇ ਜਾਂ ਦੇਸ਼ਭਗਤ ਹੋਣ ਦੀ ਬਹਿਸ ਇਸ ਚੋਣ-ਮੁਹਿੰਮ ਵਿੱਚ ਵੀ ਸੁਣਨ ਨੂੰ ਮਿਲੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਾਂਧੀ ਦੇ ਗੌਡਸੇ ਦੀ ਵਿਚਾਰਧਾਰਾ ਇੱਕ ਦੂਸਰੀ ਦੀ 'ਪੂਰਕ' ਬਣੀ। ਗਾਂਧੀ ਦਾ 'ਸੌਫਟ ਹਿੰਦੂਤਵ' ਹੁਣ ਆਰ. ਐਸ. ਐਸ. ਦੇ 'ਹਾਰਡ ਹਿੰਦੂਤਵ' ਵਿੱਚ ਤਬਦੀਲ ਹੋਇਆ ਹੈ, ਮੁੱਢਲਾ ਸਿਧਾਂਤ ਨਹੀਂ ਬਦਲਿਆ।

ਚੋਣ-ਨਤੀਜਿਆਂ ਨੂੰ ਲੈ ਕੇ ਸਿੱਖ ਸਫਾਂ ਵਿੱਚ ਇੱਕ ਮਾਯੂਸੀ ਦਾ ਆਲਮ ਹੈ, ਵਿਸ਼ੇਸ਼ਕਰ ਪੰਜਾਬ ਵਿੱਚ ਸਿੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੀ ਜਿੱਤ ਤੋਂ। ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ, ਬੀਬੀ ਪਰਮਜੀਤ ਕੌਰ ਖਾਲੜਾ, ਮਨਵਿੰਦਰ ਸਿੰਘ ਗਿਆਸਪੁਰਾ, ਡਾਕਟਰ ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ ਆਦਿ ਦੀ ਹਾਰ ਇਸ ਦੁੱਖ ਨੂੰ ਹੋਰ ਵੀ ਡੂੰਘਾ ਕਰਦੀ ਹੈ। ਪਰ ਸਾਨੂੰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ-ਵਿਸ਼ੇਸ਼ਕਰ ਬਹੁਗਿਣਤੀ ਹਿੰਦੂਆਂ ਦੀ ਜ਼ਹਿਨੀਅਤ ਨੂੰ। ਮੋਦੀ ਨੂੰ 'ਹਿੰਦੂ ਗਰਵ' ਦੇ ਪ੍ਰਤੀਕ ਵਜੋਂ ਉਭਾਰਿਆ ਗਿਆ ਹੈ - ਵਿਸ਼ੇਸ਼ ਕਰਰਕੇ ਪਾਕਿਸਤਾਨ ਤੇ ਮੁਸਲਮਾਨਾਂ ਦੇ ਖਿਲਾਫ ਇੱਕ 'ਸ਼ਕਤੀ' ਦੀ ਆੜ ਵਿੱਚ, ਬਾਲਾਕੋਟ ਦਾ 'ਫੇਲ੍ਹ ਹਮਲਾ' ਵੀ ਇੱਕ ਜਿੱਤ ਵਜੋਂ ਪੇਸ਼ ਕੀਤਾ ਗਿਆ। ਯਾਦ ਰਹੇ 1971 ਵਿੱਚ ਇੰਦਰਾ ਗਾਂਧੀ ਨੇ ਫੌਜ ਦੀ ਮਦਦ ਨਾਲ ਪੂਰਬੀ ਬੰਗਾਲ ਨੂੰ 'ਬੰਗਲਾਦੇਸ਼' ਬਣਾਇਆ ਸੀ ਅਤੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਆਤਮ-ਸਮਰਪਣ ਕਰਨ 'ਤੇ ਮਜ਼ਬੂਰ ਕੀਤਾ ਸੀ। ਉਦੋਂ ਇੰਦਰਾ ਗਾਂਧੀ ਨੇ ਕਿਹਾ ਸੀ -'1000 ਸਾਲ ਕੀ ਹਾਰ ਕਾ ਬਦਲਾ ਲੇ ਲੀਆ ਗਿਆ ਹੈ।' ਉਦੋਂ ਦੇ ਭਾਰਤੀ ਜਨਸੰਘ ਦੇ ਆਗੂ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ 'ਮਾਂ ਦੁਰਗਾ ਕਾ ਅਵਤਾਰ' ਕਹਿ ਕੇ ਨਿਵਾਜਿਆ ਸੀ। ਉਸ ਤੋਂ ਬਾਅਦ ਇੰਦਰਾ ਗਾਂਧੀ ਭਾਰੀ ਬਹੁਮਤ ਨਾਲ ਜਿੱਤੀ ਸੀ।

ਜੂਨ-84 ਦੇ ਘੱਲੂਘਾਰੇ ਵੇਲੇ ਆਰ. ਐਸ. ਐਸ. ਸਮੇਤ ਭਾਰਤ ਦੀ ਹਿੰਦੂ ਬਹੁਗਿਣਤੀ ਇੰਦਰਾ ਗਾਂਧੀ ਨੂੰ ਵਧਾਈ ਦੇਣ 'ਤੇ ਲੱਗੀ ਸੀ। 31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਹੋਈਆਂ ਪਾਰਲੀਮਾਨੀਚੋਣਾਂ ਵਿੱਚ ਰਾਜੀਵ ਗਾਂਧੀ ਲਗਭਗ ਤਿੰਨ ਚੌਥਾਈ ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ ਸੀ। ਭਾਰਤੀ ਜਨਤਾ ਪਾਰਟੀ ਨੂੰ ਸਿਰਫ ਦੋ ਸੀਟਾਂ ਮਿਲੀਆਂ ਸਨ। ਉਦੋਂ ਵੀ ਭਾਰਤ ਦੇ ਬਹੁਗਿਣਤੀ ਹਿੰਦੂਆਂ ਨੇ ਕਾਂਗਰਸ ਦੇ ਹੱਕ ਵਿੱਚ ਇਸ ਲਈ ਫਤਵਾ ਦਿੱਤਾ ਸੀ ਕਿਉਂਕਿ ਉਸ ਨੇ ਸਿੱਖਾਂ ਨੂੰ ਸਬਕ ਸਿਖਾਇਆ ਸੀ।

ਮੋਦੀ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ 'ਹਿੰਦੂ ਹਿਰਦੈ ਸਮਰਾਟ' ਬਣਿਆ ਸੀ ਅਤੇ ਹੁਣ ਉਹ 'ਹਨੂੰਮਾਨ ਦਾ ਅਵਤਾਰ' ਹੈ। ਅਗਲੇ ਪੰਜ ਵਰ੍ਹਿਆਂ ਵਿੱਚ ਘੱਟਗਿਣਤੀ ਕੌਮਾਂ ਨਾਲ ਕੀ ਵਾਪਰੇਗਾ- ਇਹ ਦੱਸਣ ਦੀ ਲੋੜ ਨਹੀਂ ਹੈ।

ਬੱਦਲਾਂ ਦੇ ਸਮੂਹ ਵਿੱਚੋਂ ਬਿਜਲੀ ਦੀ ਲਿਸ਼ਕ ਵੀ ਪੈਂਦੀ ਹੈ। ਇਸ ਚੋਣ-ਨਤੀਜੇ ਨੂੰ ਵੇਖਦਿਆਂ ਘੱਟਗਿਣਤੀਆਂ ਨੂੰ ਸੰਜੀਦਾ ਅਤੇ ਨਰੋਈ ਵਿਉਂਤਬੰਦੀ ਕਰਨ ਦੀ ਲੋੜ ਹੈ। ਹਿੰਦੂ ਬਹੁਗਿਣਤੀ ਦੀ ਜ਼ਹਿਨੀਅਤ ਸਾਡੇ ਸਾਹਮਣੇ ਹੈ। ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਨੂੰ ਸਾਂਝੀ ਲਾਮਬੰਦੀ ਕਰਨ ਦੀ ਲੋੜ ਹੈ। ਜੇ ਹਿੰਦੂ ਨੂੰ ਹਿੰਦੂ ਹੋਣ ਵਿੱਚ ਗਰਵ ਹੈ ਅਤੇ ਉਹ ਹਿੰਦੂ ਰਾਸ਼ਟਰ ਵਿੱਚ ਯਕੀਨ ਰੱਖਦਾ ਹੈ ਤਾਂ ਫਿਰ ਸਿੱਖਾਂ ਨੂੰ ਸਿੱਖ ਹੋਣ ਵਿੱਚ ਕਿਉਂ ਫਖਰ ਨਾ ਹੋਵੇ ਅਤੇ ਉਹ ਖਾਲਿਸਤਾਨ ਦੀ ਮੰਗ ਨਿਸੰਗ ਹੋ ਕੇ ਕਿਉਂ ਨਾ ਕਰਨ? ਇਹ ਪਲ ਮਾਯੂਸੀ ਦੇ ਨਾ ਹੋ ਕੇ ਵਿਚਾਰ ਦੇ ਹੋਣੇ ਚਾਹੀਦੇ ਹਨ ਤਾਂਕਿ 30 ਮਿਲੀਅਨ ਸਿੱਖ ਕੌਮ ਇਸ ਤੋਂ ਸਬਕ ਲੈ ਕੇ, ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਵਲ ਰਵਾਨਾ ਹੋ ਸਕੇ।

ਖਾਲਿਸਤਾਨ ਜ਼ਿੰਦਾਬਾਦ!!

© 2011 | All rights reserved | Terms & Conditions