'ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ' : Dr. Amarjit Singh washington D.C
Submitted by Administrator
Saturday, 1 June, 2019- 05:47 am
'ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ' :  Dr. Amarjit Singh washington D.C

ਘੱਲੂਘਾਰਾ ਜੂਨ '84 ਦੌਰਾਨ ਸਿੱਖੀ ਦੀ ਆਨ-ਸ਼ਾਨ ਦੀ ਰਾਖੀ ਲਈ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਲਹੂ ਭਿੱਜਿਆ ਕੇਸਰੀ ਸਲਾਮ !

'ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ'

        ਜੂਨ 2019 ਦੇ ਪਹਿਲੇ ਹਫਤੇ ਘੱਲੂਘਾਰਾ '84 ਨੂੰ ਵਾਪਰਿਆਂ ਪੂਰੇ 35 ਸਾਲ ਹੋ ਗਏ ਹਨ। ਭਾਵੇਂ ਮਨੋਵਿਗਿਆਨ ਦੇ ਡਾਕਟਰਾਂ ਅਨੁਸਾਰ ਕਿਸੇ ਵੀ ਦੁਖਾਂਤਕ ਸਦਮੇ ਦੀ ਯਾਦ ਦੀ ਉਮਰ ਵੱਧ ਤੋਂ ਵੱਧ ਛੇ ਮਹੀਨੇ ਹੁੰਦੀ ਹੈ ਪਰ 35 ਸਾਲ ਬੀਤ ਜਾਣ ਬਾਅਦ ਵੀ ਇਸ ਹਫ਼ਤੇ ਵਿੱਚ ਹਰ ਗੁਰਸਿੱਖ ਮਾਈ-ਭਾਈ ਨੂੰ ਟੈਂਕ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਅੰਦਰ ਨਹੀਂ, ਆਪਣੀ ਛਾਤੀ 'ਤੇ ਚੜ੍ਹੇ ਮਹਿਸੂਸ ਹੁੰਦੇ ਹਨŒ। ਤੋਪਾਂ ਦੇ ਗੋਲੇ ਅਕਾਲ ਤਖਤ ਸਾਹਿਬ 'ਤੇ ਨਹੀਂ ਪਰ ਆਪਣੇ ਸਾਰੇ ਵਜੂਦ 'ਤੇ ਡਿੱਗਦੇ ਮਹਿਸੂਸ ਹੁੰਦੇ ਹਨ! ਖਾਲਸਾ ਪੰਥ ਦੀ ਆਨ-ਸ਼ਾਨ ਲਈ ਆਵਾਜ਼ ਬੁਲੰਦ ਕਰਨ ਵਾਲੇ, 20ਵੀਂ ਸਦੀ ਦੇ ਮਹਾਨ ਸਿੱਖ, ਪੂਰਨ ਸੰਤ-ਸਿਪਾਹੀ, ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸੁਨੇਹਾ ਕੌਮ ਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ - 'ਜਿਸ ਦਿਨ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਭਾਰਤੀ ਫੌਜ ਨੇ ਪੈਰ ਪਾਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ!' ਸੰਤ ਜੀ ਦੀ ਸਿੰਘ-ਗਰਜਣਾ ਅੱਜ ਵੀ ਕੌਮੀ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਖਾਲਿਸਤਾਨ ਦੀ ਸ਼ਮ੍ਹਾਂ 'ਤੇ ਕੁਰਬਾਨ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਅਕਾਲ ਤਖਤ ਦੀ ਰਾਖੀ ਕਰਦਿਆਂ ਸ਼ਹੀਦੀ ਪਾਉਣ ਵਾਲੇ ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਦੀ ਯਾਦ ਖਾਲਿਸਤਾਨ ਦੇ ਸਿਪਾਹ ਸਿਲਾਰਾਂ ਦੇ ਰਾਹ ਨੂੰ ਰੁਸ਼ਨਾ ਰਹੀ ਹੈ। ਧਰਮ ਹੇਤ ਕੁਰਬਾਨੀਆਂ ਕਰਨ ਵਾਲੇ, ਇਤਿਹਾਸ ਤੇ ਲੋਕ ਯਾਦ ਦਾ ਅਮਿੱਟ, ਅਮਰ ਹਿੱਸਾ ਬਣ ਜਾਂਦੇ ਹਨ।

         ਭਾਰਤ ਦੇ ਬ੍ਰਾਹਮਣਵਾਦੀ ਜ਼ਾਲਮ ਸਾਮਰਾਜ ਦੀ ਮਲਿਕਾ, ਕਾਂਗਰਸੀ ਆਗੂ ਇੰਦਰਾ ਗਾਂਧੀ ਨੇ ਖਾਲਸਾ ਪੰਥ ਨੂੰ ਵੰਗਾਰ ਕੇ ਆਪਣੀ ਜਾਨ ਤੋਂ ਤਾਂ ਹੱਥ ਧੋਣੇ ਹੀ ਸਨ, ਉਸ ਨੇ ਭਾਰਤਵਰਸ਼ ਨਾਂ ਦੇ ਦੇਸ਼ ਨੂੰ ਸਫਾਇ-ਹਸਤੀ ਤੋਂ ਮਿਟਾਉਣ ਦਾ ਰਾਹ ਵੀ ਪੱਧਰਾ ਕਰ ਦਿੱਤਾ। ਕੌਮ ਨੂੰ ਆਪਣੇ ਅਣਖੀ ਸਪੁੱਤਰਾਂ ਭਾਈ ਬੇਅੰਤ ਸਿੰਘ-ਭਾਈ ਸਤਵੰਤ ਸਿੰਘ 'ਤੇ ਬੜਾ ਮਾਣ ਹੈ, ਜਿਨ੍ਹਾਂ ਨੇ 'ਇੰਦਰਾ ਪਾਪਣ' ਦਾ ਅੰਤ ਕਰਕੇ ਨਹਿਰੂ ਖਾਨਦਾਨ ਬਰਾਂਡ ਡਿਕਟੇਟਰਸ਼ਿਪ ਦੀ ਧੁੰਨੀ ਵਿੱਚ ਤੀਰ ਮਾਰਿਆ ਸੀ। ਬੇ-ਗੁਨਾਹ ਭਾਈ ਕਿਹਰ ਸਿੰਘ ਨੂੰ ਫਾਂਸੀ ਦੇਣਾ ਇਨ੍ਹਾਂ ਦੇ ਇਨਸਾਫ ਦਾ ਜਨਾਜ਼ਾ ਉੱਠਣਾ ਸੀ। ਇੱਕ ਤਾਮਿਲ ਭੈਣ ਧੇਨੂੰ ਨੇ ਰਾਜੀਵ ਨੂੰ ਬਿਲੇ ਲਾ ਕੇ ਬਾਕੀ ਰਹਿੰਦਾ ਕੰਮ ਨਿਬੇੜਿਆ। ਅੱਜ ਭਾਰਤ ਦਾ ਨਕਸ਼ਾ-ਆਮ ਵੇਖਣ ਵਾਲੇ ਨੂੰ ਇਕਸਾਰ ਨਜ਼ਰ ਆਉਂਦਾ ਹੈ ਪਰ ਥੋੜ੍ਹੀ ਜਿਹੀ ਇਕਾਗਰਤਾ ਨਾਲ ਵੇਖਣ ਵਾਲਾ ਇਸ 'ਚੋਂ 15 ਤੋਂ ਜ਼ਿਆਦਾ ਦੇਸ਼ ਉੱਭਰਦੇ ਸਪੱਸ਼ਟ ਦੇਖ ਸਕਦਾ ਹੈ। ਨਕਸਲੀਆਂ ਦੇ ਹਥਿਆਰਬੰਦ ਸੰਘਰਸ਼ ਤੇ ਭਾਰਤ ਦੇ 612 ਜ਼ਿਲ੍ਹਿਆਂ 'ਚ ਉਨ੍ਹਾਂ ਦੀ ਚੜ੍ਹਾਈ ਨੇ ਭਾਰਤੀ ਹਾਕਮਾਂ ਦੀ ਭੂਤਨੀ ਭੁਲਾਈ ਹੋਈ ਹੈ। ਖਾਲਿਸਤਾਨੀ ਇਨਕਲਾਬ ਨੇ ਬ੍ਰਾਹਮਣਵਾਦੀ ਸਾਮਰਾਜ ਦੇ ਅੰਤ ਦਾ ਮੁੱਢ ਬੰਨ੍ਹਿਆ ਹੈ। ਸਾਰਾ ਹਿੰਦੋਸਤਾਨ ਬਾਰੂਦ ਦੇ ਢੇਰ 'ਤੇ ਬੈਠਾ ਸਪੱਸ਼ਟ ਨਜ਼ਰ ਆ ਰਿਹਾ ਹੈ, ਜਿਸ ਦੇ ਧਮਾਕੇ ਨਾਲ ਇਸ ਨੇ ਟੁੱਕੜੇ-ਟੁੱਕੜੇ ਹੋਣਾ ਹੀ ਹੋਣਾ ਹੈ।

         ਘੱਲੂਘਾਰਾ ਹਫਤੇ ਦੀ ਯਾਦ ਵਿੱਚ ਉਨ੍ਹਾਂ ਹਜ਼ਾਰਾਂ ਧਰਮੀ ਫੌਜੀਆਂ ਦੀ ਮਹਾਨ ਕੁਰਬਾਨੀ ਨੂੰ ਕੌਮ ਕਿਵੇਂ ਭੁੱਲ ਸਕਦੀ ਹੈ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅਪਮਾਨ ਦੀ ਖਬਰ ਸੁਣਦਿਆਂ ਹੀ ਸ੍ਰੀ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਸਨ। ਕਿੰਨੀ ਪਵਿੱਤਰ ਭਾਵਨਾ ਤੇ ਗੁਰੂ ਪਿਆਰ ਵਿੱਚ ਗੜੁੱਚ ਸਨ ਇਹ ਰੂਹਾਂ, ਜਿਨ੍ਹਾਂ ਨੇ ਬਦਲਾ ਭਾਵਨਾ ਵੱਸ ਕਿਸੇ ਮਾਸੂਮ 'ਤੇ ਗੋਲੀ ਨਹੀਂ ਚਲਾਈ, ਬੱਸ ਮੂੰਹ ਅੰਮ੍ਰਿਤਸਰ ਵੱਲ ਕਰਕੇ ਤੁਰ ਗਏ। ਸੈਂਕੜੇ ਰਸਤੇ ਵਿੱਚ ਸ਼ਹੀਦ ਕਰ ਦਿੱਤੇ ਗਏ, ਕਈ ਕੈਦੀ ਬਣਾ ਲਏ ਗਏ। ਰਾਮਗੜ੍ਹ, ਅਸਾਮ, ਪੂਨਾ, ਪੁੰਛ, ਗੰਗਾਨਗਰ ਆਦਿ ਹਜ਼ਾਰਾਂ ਮੀਲ ਦੂਰ ਦੁਰਾਡੀਆਂ ਥਾਵਾਂ ਤੋਂ ਤੁਰੇ ਇਨ੍ਹਾਂ ਗੁਰੂ ਪਿਆਰਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕਿਸੇ ਨੇ ਅੰਮ੍ਰਿਤਸਰ ਪਹੁੰਚਣ ਨਹੀਂ ਦੇਣਾ ਪਰ ਇੱਥੇ ਤਾਂ ਸੀਨੇ ਖਿੱਚ ਖਾਧੀ ਵਾਲੇ ਗੁਰੂ ਦੇ ਮੁਰੀਦ ਸਨ, ਜਿਹੜੇ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੋਂ ਕੁਰਬਾਨ ਹੋਣਾ ਲੋਚਦੇ ਸਨ। ਇਹ ਖਾਲਸਾ ਜੀ ਦੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਤੋਂ ਆਉਣ ਵਾਲੀਆਂ ਸਿੱਖ ਨਸਲਾਂ ਵੀ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਜਿੱਥੇ ਕੌਮ ਨੇ ਇਨ੍ਹਾਂ ਕੁਰਬਾਨ ਰੂਹਾਂ ਨੂੰ ਸਿਜਦਾ ਕਰਨਾ ਹੈ, ਉੱਥੇ ਬੈਰਕਾਂ ਛੱਡ ਕੇ ਅੰਮ੍ਰਿਤਸਰ ਪੁੱਜਣ ਦਾ ਹੋਕਾ ਦੇਣ ਵਾਲੇ ਬਾਦਲ ਵਰਗਿਆਂ ਨੂੰ ਲਾਹਣਤਾਂ ਵੀ ਪਾਉਣੀਆਂ ਹਨ।

         ਜੰਗ ਅਜੇ ਜਾਰੀ ਹੈ । ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜਨਰਲ ਵੈਦਿਆ ਨੂੰ ਜਮਪੁਰੀ ਪਹੁੰਚਾ ਕੇ 'ਖਾਲਿਸਤਾਨ ਜ਼ਿੰਦਾਬਾਦ' ਕਹਿੰਦਿਆਂ ਗਲ਼ਾਂ ਵਿੱਚ ਫਾਂਸੀ ਦੇ ਰੱਸੇ ਪਾਏ ਸਨ। ਕੌਮ ਨੂੰ ਇਸ ਮੌਕੇ ਸੁਨੇਹਾ ਵੀ ਇਹ ਹੀ ਦਿੱਤਾ ਸੀ ਕਿ 'ਖਾਲਿਸਤਾਨ ਦੀ ਕਾਇਮੀ ਤੱਕ ਆਰਾਮ ਨਾਲ ਨਹੀਂ ਬੈਠਣਾ।' ਅਜੇ ਕੱਲ੍ਹ ਦੀ ਗੱਲ ਹੈ ਕਿ ਕਿਵੇਂ ਭਾਈ ਦਿਲਾਵਰ ਸਿੰਘ ਸੂਰਮੇ ਨੇ ਪੰਜਾਬ ਦੇ ਜ਼ਾਲਮ ਸੂਬੇਦਾਰ ਬੇਅੰਤੇ ਦਾ ਅੰਤ ਉਸ ਦੇ ਸਭ ਤੋਂ ਸੁਰੱਖਿਅਤ ਕਿਲ੍ਹੇ ਵਿੱਚ ਕੀਤਾ। ਇਨ੍ਹਾਂ 35 ਵਰ੍ਹਿਆਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਸ਼ਹੀਦੀਆਂ ਕੌਮੀ ਘਰ ਬਣਾਉਣ ਲਈ ਹੋ ਚੁੱਕੀਆਂ ਹਨ। ਇਨ੍ਹਾਂ 35 ਵਰ੍ਹਿਆਂ ਵਿੱਚ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੇ, ਆਪਣੇ ਨੱਕ ਵਿੱਚ ਆਪ ਹੀ ਨੱਥ ਪਾ ਕੇ, ਇਸ ਦੀ ਰੱਸੀ ਬੀ. ਜੇ. ਪੀ. ਨੂੰ ਫੜਾਈ ਹੋਈ ਹੈ। ਪੰਥਕ ਭਾਵਨਾ ਨਾਲ ਓਤਪੋਤ ਸਿੰਘ ਭਾਵੇਂ ਕਈਆਂ ਨੂੰ ਸ਼ਾਂਤ ਸਮੁੰਦਰ ਜਾਪਦੇ ਹਨ ਪਰ ਇਹ ਚਿੰਗਾਰੀਆਂ ਭਾਂਬੜ ਬਣ ਕੇ ਮੱਚਣ ਦੀ ਤੌਫੀਕ ਰੱਖਦੀਆਂ ਹਨ। ਜੇ ਲੋਕਾਂ ਤੋਂ ਆਪਣੀਆਂ ਰਾਜਸੀ ਉਮੰਗਾਂ ਅਤੇ ਉਨ੍ਹਾਂ ਨਾਲ ਹੋ ਰਹੇ ਵਿਤਕਰਿਆਂ ਦਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਹੱਕ ਵੀ ਖੋਹ ਲਿਆ ਜਾਂਦਾ ਹੈ ਤਾਂ ਜ਼ਾਹਰ ਹੈ ਕਿ ਉਹ ਸੰਘਰਸ਼ ਦਾ ਕੋਈ ਹੋਰ ਰਸਤਾ ਹੀ ਅਪਣਾਉਣਗੇ। ਇਸ ਥਿਊਰੀ ਨੂੰ ਸਿਰਫ ਸਿੱਖ ਫਿਲਾਸਫੀ ਹੀ ਮਾਨਤਾ ਨਹੀਂ ਦਿੰਦੀ ਸਗੋਂ 193 ਦੇਸ਼ਾਂ ਦੀ ਪ੍ਰਤੀਨਿਧਤਾ ਕਰਕੇ ਯੂਨਾਇਟਿਡ ਨੇਸ਼ਨਜ਼ ਵਲੋਂ ਪ੍ਰਵਾਨਿਤ (10 ਦਸੰਬਰ, 1948 ਨੂੰ) ਚਾਰਟਰ ਆਫ ਹਿਊਮਨ ਰਾਈਟਸ ਦੀ ਭੂਮਿਕਾ (ਪ੍ਰੀ ਐਂਬਲ) ਵਿੱਚ ਲਿਖਿਆ ਹੋਇਆ ਹੈ - 'ਜੇ ਕਿਸੇ ਵੀ ਮਨੁੱਖ ਨੂੰ, ਆਪਣੇ ਹੱਕਾਂ ਦੀ ਰਾਖੀ ਲਈ ਅਖੀਰਲੇ ਹਥਿਆਰ-ਬਗਾਵਤ ਦੇ ਰਸਤੇ 'ਤੇ ਪੈਣ ਤੋਂ ਰੋਕਣਾ ਹੈ ਤਾਂ ਉਸ ਦੇ ਮਨੁੱਖੀ ਹੱਕ, ਕਾਨੂੰਨੀ ਪ੍ਰਕਿਰਿਆ ਦੇ ਰਾਜ ਨਾਲ ਸੁਰੱਖਿਅਤ ਕੀਤੇ ਜਾਣੇ ਚਾਹੀਦੇ ਹਨ।

(9f a man is not to be compelled as a last resort to rebellion, his human rights must be protected by the rule of the law).

          ਯੂਨਾਇਟਿਡ ਨੇਸ਼ਨਜ਼ ਦਾ ਇਹ ਸਿਧਾਂਤ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ, ਵਲੋਂ 'ਜ਼ਫਰਨਾਮੇ' ਵਿੱਚ ਔਰੰਗਜੇਬ ਨੂੰ ਲਿਖੇ ਇਸ ਸ਼ਿਅਰ ਦਾ, ਲਗਭਗ ਅੰਗਰੇਜ਼ੀ ਤਰਜ਼ਮਾ ਹੀ ਹੈ -

'ਚੂੰ ਕਾਰ ਅਜ਼ ਹਮਾ ਹੀਲਤੇ, ਦਰ ਗੁਜ਼ਸ਼ਤ!

ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ'

          ਸਿੱਖੀ ਆਨ-ਸ਼ਾਨ ਦੇ ਰਾਖਿਆਂ ਦੀ ਯਾਦ ਵਿੱਚ ਜਿੱਥੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ, ਉੱਥੇ ਇਹ ਪ੍ਰਣ ਵੀ ਕਰੀਏ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਇਸ ਲਈ ਤਾਰੀ ਜਾਣ ਵਾਲੀ ਕੋਈ ਵੀ ਕੀਮਤ ਬਹੁਤ ਜ਼ਿਆਦਾ ਨਹੀਂ ਹੈ। ਸ਼ਹੀਦਾਂ ਨੇ ਆਪਣੀ ਸ਼ਹਾਦਤ ਨਾਲ ਖਾਲਿਸਤਾਨ ਦੀਆਂ ਨੀਂਹਾਂ ਨੂੰ ਪੱਕਿਆਂ ਕੀਤਾ ਹੈ। ਅਜੇ ਸਾਡੇ ਜ਼ਿੰਮੇ ਸ਼ਹੀਦਾਂ ਦਾ ਕਰਜ਼ ਬਾਕੀ ਹੈ। ਪਿਛਲੇ ਵਰ੍ਹਿਆਂ ਦੌਰਾਨ, ਜਿੱਥੇ ਭਾਰਤ ਸਰਕਾਰ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਏ ਦੀ ਹਿੰਦੂ ਜ਼ਹਿਨੀਅਤ ਬੇਨਕਾਬ ਹੋਈ ਹੈ, ਉੱਥੇ 30 ਮਿਲੀਅਨ ਸਿੱਖ ਕੌਮ ਵੀ ਪੂਰੀ 'ਭਾਵਨਾਤਮਕ ਏਕਤਾ' ਦਾ ਵਿਖਾਵਾ ਕਰ ਰਹੀ ਹੈ। ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿੱਚ ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਵਲੋਂ ਰੋਸ ਵਿਖਾਵਿਆਂ, ਕੈਂਡਲ ਲਾਈਟ ਵਿਜਿਲਜ਼, ਸੈਮੀਨਾਰਾਂ ਅਤੇ ਸ਼ਹੀਦੀ ਸਮਾਗਮਾਂ ਰਾਹੀਂ ਆਪਣੇ ਗੁਰੂ ਨੂੰ ਪੂਰਨ ਸਮਰਪਿਤ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ, ਹਮੇਸ਼ਾ ਵਾਂਗ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਭੜਕਾ ਕੇ ਮੁੜ ਹਿੰਦੂਤਵੀਆਂ ਦੀ ਝੋਲੀ ਹੀ ਪਿਆ ਹੈ। 35 ਵਰ੍ਹੇ ਬੀਤਣ ਬਾਅਦ, ਸਿੱਖ ਜਵਾਨੀ ਇੱਕ ਵਾਰ ਫਿਰ ਗੁਰੂ-ਪਿਆਰ ਦੇ ਹੁਲਾਰ ਵਿੱਚ ਹੈ ਪਰ ਜੇ ਇਸ ਨੂੰ ਸਿਆਣੀ ਲੀਡਰਸ਼ਿਪ ਵਲੋਂ ਕੋਈ ਦਿਸ਼ਾ-ਨਿਰਦੇਸ਼ ਨਾ ਦਿੱਤਾ ਗਿਆ ਤਾਂ ਭਾਰਤੀ ਖੁਫੀਆ ਏਜੰਸੀਆਂ, ਇਸ ਸਥਿਤੀ ਨੂੰ ਮੁੜ ਆਪਣੇ ਹੱਕ ਵਿੱਚ ਵੀ ਭੁਗਤਾ ਸਕਦੀਆਂ ਹਨ, ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਅਖੌਤੀ 'ਹਿੰਸਾ' ਅਤੇ ਪੰਜਾਬ ਦੇ 'ਅਮਨ-ਚੈਨ' ਦੇ ਨਾਂ ਹੇਠ, ਭਵਿੱਖ ਵਿੱਚ, ਸਿੱਖ ਨਸਲਕੁਸ਼ੀ ਦੇ ਅਗਲੇ ਦੌਰ ਦੀ ਆਰੰਭਤਾ ਹੋ ਸਕਦੀ ਹੈ। ਸਿੱਖ ਸਮਾਜ ਨੂੰ ਤਾਰ-ਤਾਰ ਕਰਨ ਲਈ 'ਦਲਿਤ ਸਿੱਖ' ਅਤੇ 'ਉੱਚੀਆਂ ਜਾਤਾਂ ਦੇ ਸਿੱਖ' ਆਦਿ ਲਕਬਾਂ ਨਾਲ ਖੁਫੀਆ ਏਜੰਸੀਆਂ ਮਾਹੌਲ ਵਿੱਚ ਇੱਕ ਨਫਰਤ ਅਤੇ ਭੜਕਾਹਟ ਪੈਦਾ ਕਰ ਰਹੀਆਂ ਹਨ। ਭਾਰਤੀ ਖੁਫੀਆ ਏਜੰਸੀਆਂ ਦੇ ਇਸ ਹਮਲੇ ਤੋਂ ਖਬਰਦਾਰ ਹੋਣ ਦੀ ਲੋੜ ਹੈ। ਨਹੀਂ ਤਾਂ ਇਸ ਵਿੱਚੋਂ ਸਿੱਖ ਕੌਮ ਦੀ ਮੁਕੰਮਲ ਤਬਾਹੀ ਨਿੱਕਲ ਸਕਦੀ ਹੈ।

         ਬੇਸ਼ੱਕ ਦੁਨੀਆ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਪਰ ਭਾਰਤੀ ਸਟੇਟ ਦੇ ਸਿੱਖ-ਵਿਰੋਧੀ ਏਜੰਡੇ ਵਿੱਚ ਪਿਛਲੇ 35 ਵਰ੍ਹਿਆਂ ਵਿੱਚ ਬਿਲਕੁਲ ਵੀ ਕੋਈ ਤਬਦੀਲੀ ਨਹੀਂ ਆਈ।

         10 ਸਾਲ ਮਨਮੋਹਨ ਸਿੰਘ ਦੇ ਰਾਜ 'ਚ ਗੁਲਾਮੀ ਕੱਟਣ ਤੋਂ ਬਾਅਦ ਹੁਣ ਭਾਰਤ 'ਚ ਵਸਦੇ ਸਿੱਖਾਂ ਦੀ ਹੋਣੀ ਹਿੰਦੂਤਵੀ ਮੋਦੀ ਸਰਕਾਰ ਦੇ ਹੱਥ ਹੈ, ਜਿਨ੍ਹਾਂ ਨੇ ਅੰਦਰੋਂ ਤੇ ਬਾਹਰੋਂ ਹਮਲੇ ਕਰਕੇ ਸਿੱਖਾਂ ਨੂੰ ਅੰਦਰੋਂ ਅਤੇ ਬਾਹਰੋਂ ਖਤਮ ਕਰਨ ਲਈ ਪਹਿਲਾਂ ਵਾਂਗ ਹੀ ਜ਼ੋਰ ਲਾਇਆ ਹੋਇਆ ਹੈ। ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦਾ ਹੜ੍ਹ ਸਭ ਤੋਂ ਵਿਕਰਾਲ ਰੂਪ ਧਾਰ ਚੁੱਕਾ ਹੈ। ਇੱਕ ਸਾਜ਼ਿਸ਼ ਅਧੀਨ ਨੌਜਵਾਨਾਂ ਦੀ ਸੋਚ ਅਤੇ ਸਰੀਰ ਗਾਲ਼ਿਆ ਜਾ ਰਿਹਾ ਹੈ ਤਾਂ ਕਿ ਅਣਖ ਦੇ ਮੁਜੱਸਮੇ ਸਿੱਖ ਨੌਜਵਾਨ ਜ਼ੁਲਮ ਵਿਰੁੱਧ ਆਵਾਜ਼ ਜਾਂ ਤਲਵਾਰ ਚੁੱਕਣ ਜੋਗੇ ਹੀ ਨਾ ਰਹਿਣ। ਇਸ ਕਾਰਜ 'ਚ ਬਾਦਲਦਲੀਏ ਹਿੰਦੂਤਵੀਆਂ ਨਾਲ ਪੂਰੀ ਤਰ੍ਹਾਂ ਬਗਲਗੀਰ ਹਨ। ਹੁਣ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਵੀ ਪੂਰੀ ਤਰ੍ਹਾਂ ਹਿੰਦੂਤਵੀ ਬੀਨ 'ਤੇ ਮੇਲ੍ਹ ਰਿਹਾ ਹੈ ਤੇ ਸਿੱਖਾਂ ਦੇ ਸਰਬਨਾਸ਼ 'ਚ ਹਾਕਮਾਂ ਦਾ ਮੋਹਰਾ ਬਣ ਚੁੱਕਾ ਹੈ।

         ਇਸੇ ਮਹੀਨੇ ਹਿੰਦੂਤਵੀ ਲਗਾਤਾਰ ਦੂਜੀ ਵਾਰ ਭਾਰਤ ਦੀ ਸੱਤਾ 'ਤੇ ਕਾਬਜ਼ ਹੋਏ ਹਨ। ਇਸ ਤਰ੍ਹਾਂ ਉਨ੍ਹਾਂ 1920 ਵਿੱਚ ਹਿੰਦੂਤਵੀ ਆਗੂਆਂ ਗੋਲਵਲਕਰ ਤੇ ਸਾਵਰਕਰ ਵਲੋਂ ਲਿਆ 'ਹਿੰਦੂ ਰਾਸ਼ਟਰ' ਦਾ ਸੁਪਨਾ 99 ਸਾਲ ਵਿੱਚ ਸਾਕਾਰ ਕਰ ਲਿਆ ਹੈ। ਹੁਣ ਉਨ੍ਹਾਂ ਦਾ ਮੁੱਖ ਨਿਸ਼ਾਨਾ ਘੱਟ ਗਿਣਤੀਆਂ ਨੂੰ ਹਿੰਦੂ ਸਮਾਜ ਵਿੱਚ ਜਜ਼ਬ ਕਰਨਾ ਹੋਵੇਗਾ। ਜਿਹੜੇ ਜਜ਼ਬ ਹੋਣ ਤੋਂ ਬਾਗੀ ਹੋਣਗੇ, ਉਨ੍ਹਾਂ ਦੀ ਕੁੱਲ ਨਾਸ ਕੀਤੀ ਜਾਵੇਗੀ। ਸਿੱਖਾਂ ਲਈ ਇਹ ਬਹੁਤ ਚੁਣੌਤੀ ਭਰਿਆ ਸਮਾਂ ਹੋਵੇਗਾ। ਕੇਵਲ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ 'ਚ ਫੈਲੇ ਸਿੱਖਾਂ ਨੂੰ ਨਿਗਲਣ ਲਈ ਅਨੇਕਾਂ ਬਾਹਵਾਂ ਵਾਲਾ ਹਿੰਦੂਤਵੀ ਦੈਂਤ ਨਿਗਲਣ ਦੀ ਕੋਸ਼ਿਸ਼ ਕਰੇਗਾ। ਸਿੱਖ ਆਪਣੇ ਸ਼ਾਨਾਮੱਤੇ ਵਿਰਸੇ ਤੋਂ ਸੇਧ ਅਤੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਹੀ ਇਸ ਜ਼ੁਲਮ ਖਿਲਾਫ਼ ਜੂਝ ਸਕਣਗੇ।

         ਜੂਨ 1984 ਦੀ 35ਵੀਂ ਵਰ੍ਹੇਗੰਢ 'ਤੇ ਪ੍ਰਦੇਸੀ ਖਾਲਸਾ ਜੀ ਵਲੋਂ ਆਪਣੀ ਹੋਂਦ ਤੇ ਆਜ਼ਾਦ ਸੋਚ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜੋ ਕਿ ਅਤਿ ਜ਼ਰੂਰੀ ਹੈ ਤੇ ਜੋ ਸੁਨੇਹਾ ਦਿੰਦਾ ਹੈ, 'ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ।'

         ਇਹ ਨਾਜ਼ੁਕ ਦੌਰ ਆਪਸ ਵਿੱਚ ਲੜ ਕੇ ਨਹੀਂ ਬਲਕਿ ਰਲ਼ ਕੇ ਲੰਘਣਾ ਹੈ। ਅਸੀਂ ਸਮਝਦੇ ਹਾਂ ਕਿ ਦੇਸ-ਪ੍ਰਦੇਸ ਵਿਚਲੇ ਪੰਥ ਦਰਦੀ ਸੂਝਵਾਨ, ਗੁਰਸਿੱਖ ਵੀਰ-ਭੈਣਾਂ ਸਿਰ ਜੋੜ ਕੇ ਬੈਠਣ ਅਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਗੰਭੀਰ, ਨਿੱਘਰ ਅਤੇ ਦੂਰਦਰਸ਼ੀ ਪ੍ਰਭਾਵਾਂ ਵਾਲੀ ਰਣਨੀਤੀ ਬਣਾਈ ਜਾਵੇ।

© 2011 | All rights reserved | Terms & Conditions