ਖ਼ਾਲਸਾ ਗੁਰਮਤਿ ਸਕੂਲ ਸਿਆਟਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਗੁਰਮੁਖੀ, ਆਰਟ, ਕੰਪਿਊਟਰ, ਰੋਬੋਟ, ਗਤਕਾ, ਗਿੱਧਾ, ਭੰਗੜਾ ਅਤੇ ਤਕਰੀਰ ਮੁਕਾਬਲਿਆਂ ਦੇ ਨਾਲ ਨਾਲ ਖੇਡਾਂ ਵਿਚ ਪ੍ਰੇਰਤ ਕਰਨ ਦੇ ਉਪਰਾਲੇ ਵੀ ਜਾਰੀ
Submitted by Administrator
Wednesday, 12 June, 2019- 09:47 pm
ਖ਼ਾਲਸਾ ਗੁਰਮਤਿ ਸਕੂਲ ਸਿਆਟਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਗੁਰਮੁਖੀ, ਆਰਟ, ਕੰਪਿਊਟਰ, ਰੋਬੋਟ, ਗਤਕਾ, ਗਿੱਧਾ, ਭੰਗੜਾ ਅਤੇ ਤਕਰੀਰ ਮੁਕਾਬਲਿਆਂ ਦੇ ਨਾਲ ਨਾਲ ਖੇਡਾਂ ਵਿਚ ਪ੍ਰੇਰਤ ਕਰਨ ਦੇ ਉਪਰਾਲੇ ਵੀ ਜਾਰੀ


ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਿਆਟਲ ਵਿਚ ਹੋਈ ਮਾਰਾਥੋਨ ਵਿਚ ਲਿਆ ਭਾਗ


        ਸਿਆਟਲ, 9 ਜੂਨ : ਪਿਛਲੇ ਤਿੰਨ ਚਾਰ ਸਾਲਾਂ ਤੋਂ ਹੋਂਦ ਵਿਚ ਆਏ ਖ਼ਾਲਸਾ ਗੁਰਮਤਿ ਸੈਂਟਰ (ਖਾਲਸਾ ਸਕੂਲ) ਸਿਆਟਲ ਦੇ ਬੱਚਿਆਂ ਵੱਲੋਂ ਗੁਰਮੁਖੀ ਦੀ ਪੜਾਈ ਦੇ ਨਾਲ ਨਾਲ ਹੋਰ ਸਮਾਜਿਕ ਕੰਮਾਂ ਵਿਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਹੈ।ਜਿੱਥੇ ਬੱਚਿਆਂ ਨੂੰ ਗੁਰਮੁਖੀ ਦੀ ਸਾਰੀ ਸਿੱਖਿਆ ਦਿੱਤੀ ਜਾ ਰਹੀ ਹੈ ਉੱਥੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਹੋਰ ਸਹਿਯੋਗੀਆਂ ਨੂੰ ਨਾਲ ਲੈ ਕੇ ਸਰਕਾਰ ਅਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਹੋਰ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਸਿੱਖ ਧਰਮ ਤੋਂ ਅਨਜਾਣ ਲੋਕਾਂ ਵਲੋਂ ਨਸਲੀ ਵਿਤਕਰਿਆਂ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਵੱਲੋਂ ਚਲਾਏ ਪ੍ਰੋਗਰਾਮ ਉਲੀਕੇ ਜਾਂਦੇ ਹਨ।ਉਨ੍ਹਾਂ ਵੱਲੋਂ ਇਹ ਸਲਾਹ ਵੀ ਦਿੱਤੀ ਗਈ ਸੀ ਕਿ ਤੁਸੀਂ ਆਪੋ ਆਪਣੇ ਸ਼ਹਿਰਾਂ ਵਿਚ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਕਰੋ।ਜਿਸ ਨਾਲ ਇੱਥੇ ਦੇ ਬਾਸ਼ਿੰਦਿਆਂ ਨੂੰ ਤੁਹਾਡੇ ਕਲਚਰ ਬਾਰੇ ਜਾਣਕਾਰੀ ਮਿਲੇਗੀ।ਯਾਦ ਰਹੇ ਕਿ ਸਿਆਟਲ ਦੇ ਨਾਲ ਲੱਗਦੇ ਪੰਜ ਸ਼ਹਿਰਾਂ ਵਿਚ ਪਿਛਲੇ ਕੁੱਝ ਸਾਲਾਂ ਤੋਂ ‘ਸਿੱਖ ਇੱਕ ਵੱਖਰਾ ਅਤੇ ਦੁਨੀਆ ਦਾ 5ਵਾਂ ਵੱਡਾ ਧਰਮ’ ਹੋਣ ਦੇ ਮਤੇ ਵੀ ਪਾਏ ਗਏ ਸਨ।ਇਸ ਸਾਲ ਵਾਸ਼ਿੰਗਟਨ ਦੀ ਰਾਜਧਾਨੀ ਵਿਚ ਇਹ ਮਤਾ ਪਾਇਆ ਗਿਆ ਸੀ।

         ਇਸੇ ਲੜੀ ਤਹਿਤ ਖ਼ਾਲਸਾ ਸਕੂਲ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਸਿਆਟਲ ਵਿਚ 9 ਜੂਨ ਨੂੰ ਹੋ ਰਹੀ ਮਾਰਾਥੋਨ ਦੀ ਦੌੜ ਵਿਚ ਭਾਗ ਲੈਣ ਲਈ ਪ੍ਰੋਗਰਾਮ ਉਲੀਕਿਆ ਗਿਆ ਸੀ।ਹਰ ਸਾਲ ਇਸ ਦੌੜ ਵਿਚ ਭਾਗ ਲੈਣ ਵਾਲਿਆਂ ਦੀ ਕੁੱਲ ਗਿਣਤੀ 25,000 ਉੱਪਰ ਹੁੰਦੀ ਹੈ।ਇਸ ਸਾਲ ਖ਼ਾਲਸਾ ਗੁਰਮਤਿ ਸਕੂਲ ਵੱਲੋਂ ਨਰਸ ਰਣਜੀਤ ਕੌਰ ਜਿਨ੍ਹਾਂ ਨੇ ਇਸ ਵਾਰ ਵੀ ਪੂਰੀ ਮਾਰਾਥੋਨ 26.1 ਮੀਲ ਪੂਰੀ ਕੀਤੀ, ਗੁਰਜੀਤ ਕੌਰ ਬਾਸੀ, ਉਨ੍ਹਾਂ ਦੀ ਬੇਟੀ ਜਸਜੀਤ ਕੌਰ ਬਾਸੀ ਡਬਲ ਮੇਜਰ ਗਰੈਜੂਏਟ ਯੂਨੀਵਰਸਿਟੀ ਆਫ਼ ਵਾਸ਼ਿੰਗਟਨ, ਡਾ. ਦਿਲਕਰਨਜੋਤ ਸਿੰਘ ਗਰੇਵਾਲ, ਕਿਰਨ ਕੌਰ ਨਾਗਰਾ ਅਤੇ ਉਨ੍ਹਾਂ ਦੇ ਮਾਤਾ ਜੀ ਹਰਦੀਪ ਕੌਰ, ਦਲਜੀਤ ਸਿੰਘ ਸੇਠੀ ਅਤੇ ਉਨ੍ਹਾਂ ਦੀ ਬੇਟੀ, ਪਿਛਲੇ ਕਈ ਸਾਲਾਂ ਤੋਂ ਇਸ ਦੌੜ ਵਿਚ ਹਿੱਸਾ ਲੈ ਰਹੀ ਕੰਪਿਊਟਰ ਇੰਜੀਨੀਅਰ ਜੋੜੀ ਸੁਮਿਤ ਕੌਰ ਅਤੇ ਉਨ੍ਹਾਂ ਪਤੀ ਸਾਹਿਬ ਸ. ਸੁਧਾਰਥ ਸਿੰਘ , ਵਰਨ ਕੱਕੜ, ਹਰਪ੍ਰੀਤ ਕੌਰ ਪਰਹਾਰ, ਸਤਿੰਦਰ ਕੌਰ ਜੱਗੀ  ਅਤੇ ਸਤਪਾਲ ਸਿੰਘ ਪੁਰੇਵਾਲ ਨਿਰਮਾਤਾ (ਏਕ ਤੂਹੀ ਡਾਟ ਕਾਮ) ਨੇ ਵੀ ਭਾਗ ਲਿਆ।ਇੱਕ ਪੂਰੇ ਪਰਿਵਾਰ ਜੈਗ ਸਿੰਘ ਬਰਾੜ ੳਨ੍ਹਾਂ ਦੀ ਪਤਨੀ ਬਲਜੀਤ ਕੌਰ ਬਰਾੜ ਅਤੇ ਬੇਟਾ ਦਲਬੀਰ ਸਿੰਘ ਬਰਾੜ ਨੇ ਦੌੜ ਵਿਚ ਭਾਗ ਲਿਆ। ਇਹ ਸਾਰਾ ਸਫ਼ਰ 13.1 ਮੀਲ ਦਾ ਸੀ ਜਿਸ ਨੂੰ ਸਾਰਿਆਂ ਨੇ ਬੜੇ ਭਰੋਸੇ ਅਤੇ ਮਾਣ ਨਾਲ ਤਹਿ ਕੀਤਾ।ਇਸ ਵਾਰ ਇਹ ਕਾਫ਼ਲਾ ਸਿਆਟਲ ਦੇ ਮਸ਼ਹੂ੍ਰ ਮਿਊਜੀਅਮ ਈ.ਐਮ.ਪੀ ਤੋਂ ਸ਼ੁਰੂ ਹੋਇਆ।ਹਾਈਵੇ 5 ਦੀ ਐਕਸਪ੍ਰੈਸ ਲਾਈਨ ਤੋਂ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵੱਲ ਦੀ ਹੁੰਦਾ ਹੋਇਆ ਲੇਕ ਯੂਨੀਅਨ ਦੇ ਉੱਤਰ ਵਾਲੇ ਪਾਸੇ ਦੀ ਅਤੇ ਕੁਈਨਐਨ ਦੇ ਵਿਚ ਦੀ ਗੁਜਰਦਾ ਹੋਇਆ ਪਿਛਲੇ ਸਾਲ ਵਾਲੀ ਜਗ੍ਹਾ ਸਪੇਸ ਨੀਡਲ ਦੇ ਚੜਦੇ ਪਾਸੇ ਪਹੁੰਚ ਕੇ ਸਮਾਪਤ ਹੋਇਆ।ਸਫ਼ਰ ਬੜਾ ਰੋਚਕ ਸੀ।ਸੜਕਾਂ ਦੇ ਦੋਹੀਂ ਪਾਸੇ ਲੋਕ ਬਹੁਤ ਨਿੱਘਾ ਸੁਆਗਤ ਕਰ ਰਹੇ ਸਨ।ਦੌੜ ਰਹੇ ਲੋਕਾਂ ਦੀ ਹੌਸਲਾ ਅਫ਼ਜਾਈ ਲਈ ਉੱਚੀ ਉੱਚੀ ਆਵਾਜ਼ਾਂ ਦਿੰਦੇ ਸਨ “ਕਿ ਸ਼ਾਬਾਸ਼ ਤੁਸੀਂ ਦੌੜ ਪੂਰੀ ਕਰ ਲੈਣੀ ਹੈ, ਤੁਸੀਂ ਕਰ ਸਕਦੇ ਹੋ, ਤੁਸੀਂ ਅੱਧ ਤੋਂ ਵੱਧ ਤਹਿ ਕਰ ਗਏ ਹੋ ਅਤੇ ਤੁਸੀਂ ਲਗਭਗ ਪਹੁੰਚ ਚੁੱਕੇ ਹੋ ਭੱਜੋ” ਵਗ਼ੈਰਾ ਵਗ਼ੈਰਾ।ਰਸਤੇ ਵੱਖ ਵੱਖ ਭਾਈਚਾਰਿਆਂ ਵੱਲੋਂ ਮੁਫ਼ਤ ਵਿਚ ਪਾਣੀ, ਜੂਸ, ਡਰਾਈ ਫਰੂਟ ਅਤੇ ਗੈਟਰਿਡ ਆਦਿ ਦੀ ਸੇਵਾ ਦੇ ਕੀਤੀ ਜਾ ਰਹੀ ਸੀ।ਇਸ ਵਾਰ ਸਿਆਟਲ ਦੇ ਨੌਜਵਾਨਾਂ ਦੀ ਜਥੇਬੰਦੀ ‘ਸਿੱਖ ਸੋਚ’ ਵਲੋਂ ਵੀ ਅਜਿਹਾ ਸਟਾਲ ਲਾਉਣ ਦਾ ਉਪਰਾਲਾ ਕੀਤਾ ਗਿਆ ਸੀ ਪਰ ਇਜਾਜਤ ਨਹੀਂ ਮਿਲ ਸਕੀ।ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਨੇ ਵਾਅਦਾ ਕੀਤਾ ਹੈ ਕਿ ਅਗਲੇ ਸਾਲ ਜਰੂਰ ਮੌਕਾ ਦਿਆਂਗੇ।

© 2011 | All rights reserved | Terms & Conditions