ਅਮਰੀਕਾ-ਪਾਕਿਸਤਾਨ ਸਬੰਧਾਂ ਵਿੱਚ ਮੁੜ ਤੋਂ ਆਈ ਬਹਾਰ ! : Dr. Amarjit Singh washington D.C
Submitted by Administrator
Saturday, 6 July, 2019- 03:16 pm
ਅਮਰੀਕਾ-ਪਾਕਿਸਤਾਨ ਸਬੰਧਾਂ ਵਿੱਚ ਮੁੜ ਤੋਂ ਆਈ ਬਹਾਰ ! :  Dr. Amarjit Singh washington D.C


ਇਮਰਾਨ ਖਾਨ 20 ਜੁਲਾਈ ਨੂੰ ਆ ਰਹੇ ਹਨ ਅਮਰੀਕਾ ਦੇ ਦੌਰੇ 'ਤੇ!

ਅਮਰੀਕਾ ਨੇ ਰਾਅ ਦੀ ਸਰਪ੍ਰਸਤੀ ਵਾਲੀ 'ਬਲੋਚਿਸਤਾਨ ਲਿਬਰੇਸ਼ਨ ਆਰਮੀ' ਨਾਂ ਦੀ ਦਹਿਸ਼ਤਗਰਦ ਜਥੇਬੰਦੀ 'ਤੇ ਲਾਈ ਪਾਬੰਦੀ!

ਅਮਰੀਕਾ-ਭਾਰਤ ਸਬੰਧਾਂ ਵਿੱਚ ਆਈ ਖਟਾਸ!

ਅਮਰੀਕਾ-ਪਾਕਿਸਤਾਨ ਅਤੇ ਅਮਰੀਕਾ-ਭਾਰਤ ਦੇ ਪਿਛਲੇ 72

ਸਾਲਾਂ ਦੇ ਸਬੰਧਾਂ 'ਤੇ ਇੱਕ ਪੰਛੀ ਝਾਤ!
         ਵਾਸ਼ਿੰਗਟਨ (ਡੀ. ਸੀ.) 6 ਜੁਲਾਈ, 2019- ਸਿਆਸਤ ਬਾਰੇ ਇੱਕ ਮਸ਼ਹੂਰ ਅਖਾਣ ਹੈ - 'ਸਿਆਸਤ ਵਿੱਚ ਕਦੀ ਨਾ ਕੋਈ ਪੱਕਾ ਦੋਸਤ ਹੁੰਦਾ ਹੈ ਅਤੇ ਨਾ ਹੀ ਪੱਕਾ ਦੁਸ਼ਮਣ, ਜੇ ਕੁਝ ਪੱਕਾ ਹੁੰਦਾ ਹੈ ਤਾਂ ਉਹ ਹੁੰਦੇ ਹਨ ਹਿੱਤ।' ਅਸੀਂ ਸਮਝਦੇ ਹਾਂ ਕਿ ਅਮਰੀਕਾ ਦੇ ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਵਿੱਚ ਕਦੀ ਮਿਠਾਸ ਅਤੇ ਕਦੀ ਖਟਾਸ ਦਾ ਦੌਰ ਇਸ ਅਖਾਣ ਨੂੰ ਠੀਕ ਸਾਬਤ ਕਰਦਾ ਹੈ।


          ਦੂਸਰੇ ਸੰਸਾਰ ਯੁੱਧ ਦੇ 1945 ਵਿੱਚ ਖਾਤਮੇ ਤੋਂ ਬਾਅਦ ਬ੍ਰਿਟਿਸ਼ ਰਾਜ ਦਾ ਸੂਰਜ ਅਸਤ ਹੋ ਗਿਆ। ਅਮਰੀਕਾ ਅਤੇ ਸੋਵੀਅਤ ਯੂਨੀਅਨ ਦੋ 'ਸੁਪਰ-ਪਾਵਰਾਂ' ਦਾ ਜਨਮ ਹੋਇਆ। ਜਨਮ ਦੇ ਨਾਲ ਹੀ ਇਨ੍ਹਾਂ ਵਿੱਚ 'ਸੀਤ-ਯੁੱਧ' ਸ਼ੁਰੂ ਹੋ ਗਿਆ। ਕੋਰੀਆ, ਵੀਅਤਨਾਮ, ਕੰਬੋਡੀਆ ਆਦਿ ਦੀਆਂ ਮਾਰੂ 'ਪਰੋਕਸੀ ਜੰਗਾਂ ਹੋਈਆਂ, ਜਿਨ੍ਹਾਂ ਵਿੱਚ ਲੱਖਾਂ ਲੋਕ ਮਾਰੇ ਗਏ। ਦੋਹਾਂ ਸ਼ਕਤੀਆਂ ਨੇ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਨੂੰ ਆਪਣੇ-ਆਪਣੇ ਖੇਮਿਆਂ ਵਿੱਚ ਵੰਡ ਲਿਆ। ਇਸ ਦੌਰ ਵਿੱਚ ਪਾਕਿਸਤਾਨ, ਅਮਰੀਕਾ ਦੇ ਖੰਭਾਂ ਹੇਠ ਚਲਾ ਗਿਆ ਅਤੇ ਭਾਰਤੀ ਸਟੇਟ ਵਿੱਚ ਸੋਵੀਅਤ ਯੂਨੀਅਨ ਦੀ ਅਜ਼ਾਰੇਦਾਰੀ ਕਾਇਮ ਹੋ ਗਈ। 1962 ਦੀ ਭਾਰਤ-ਚੀਨ ਜੰਗ ਵਿੱਚ ਸੋਵੀਅਤ ਯੂਨੀਅਨ 'ਨਿਊਟਰਲ' ਹੋ ਗਿਆ ਪਰ ਅਮਰੀਕਾ ਨੇ ਭਾਰਤ ਦੀ ਮਦਦ ਕੀਤੀ। ਯੂ. ਐਨ. ਦਾ ਰਿਕਾਰਡ ਇਸ ਗੱਲ ਦਾ ਸਬੂਤ ਹੈ ਕਿ ਇਸ ਦੌਰ ਵਿੱਚ ਭਾਰਤ ਨੇ, ਸੋਵੀਅਤ ਯੂਨੀਅਨ ਨਾਲੋਂ ਵੀ ਜ਼ਿਆਦਾ ਵਾਰ, ਅਮਰੀਕਾ ਦੇ ਖਿਲਾਫ ਵੋਟ ਪਾਈ। ਪਾਕਿਸਤਾਨ ਦਾ ਅਮਰੀਕਾ ਨੇ ਫੌਜੀਕਰਣ ਕੀਤਾ, ਜਦੋਂਕਿ ਸੋਵੀਅਤ ਯੂਨੀਅਨ ਭਾਰਤ ਨੂੰ ਹਥਿਆਰ ਦੇਣ ਵਾਲਾ ਅਤੇ ਪ੍ਰਾਈਵੇਟ ਸੈਕਟਰ ਵਿੱਚ ਇਸ ਦਾ ਮਸ਼ੀਨੀਕਰਣ ਕਰਨ ਵਾਲਾ ਦੇਸ਼ ਬਣ ਗਿਆ। ਪਾਕਿਸਤਾਨ ਦੀ ਵਿਦੇਸ਼ ਨੀਤੀ ਦੀ ਇਹ ਸਫਲਤਾ ਰਹੀ ਹੈ ਕਿ ਉਸ ਨੇ ਇੱਕੋ ਵੇਲੇ ਅਮਰੀਕਾ ਅਤੇ ਚੀਨ ਨਾਲ ਦੋਸਤੀ ਨਿਭਾਈ। 1970ਵਿਆਂ ਵਿੱਚ ਪਾਕਿਸਤਾਨ ਦੀ ਮਦਦ ਨਾਲ ਅਮਰੀਕਾ-ਚੀਨ ਸਬੰਧ ਬਹਾਲ ਹੋਏ।

        ਸੋਵੀਅਤ ਯੂਨੀਅਨ ਵਲੋਂ 1979 ਵਿੱਚ ਅਫਗਾਨਿਸਤਾਨ 'ਤੇ ਕਬ²ਜ਼ਾ ਉਸ ਲਈ ਬੜਾ ਮਾਰੂ ਸਿੱਧ ਹੋਇਆ। ਇਸ ਤੋਂ ਪਹਿਲਾਂ ਉਹ ਹੰਗਰੀ ਤੇ ਚੈਕੋਸਲਵਾਕੀਆ ਨਾਲ ਇਹ ਸਲੂਕ ਕਰ ਚੁੱਕਾ ਸੀ। ਪਰ ਇਸ ਵਾਰ, ਅਮਰੀਕਾ ਨੇ ਵੀਅਤਨਾਮ ਦੀ ਹਾਰ ਦਾ ਬਦਲਾ ਲੈਣ ਲਈ ਪਾਕਿਸਤਾਨ ਨੂੰ ਫਰੰਟ ਸਟੇਟ ਬਣਾ ਕੇ, ਅਫਗਾਨਿਸਤਾਨ ਵਿੱਚ ਸੋਵੀਅਤ ਯੂਨੀਅਨ ਦੇ ਖਿਲਾਫ ਪਰੌਕਸੀ ਵਾਰ ਸ਼ੁਰੂ ਕੀਤੀ। ਭਾਰਤ ਨੇ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ 'ਤੇ ਹਮਲੇ ਦੀ ਹਮਾਇਤ ਕੀਤੀ। ਲਗਭਗ 10 ਸਾਲ ਚੱਲੀ ਇਸ ਜੰਗ ਵਿੱਚ ਨਾ-ਸਿਰਫ ਸੋਵੀਅਤ ਯੂਨੀਅਨ ਦੀ ਹਾਰ ਹੋਈ ਬਲਕਿ ਇਸ ਦੇ ਆਰਥਿਕ ਭਾਰ ਥੱਲੇ ਦੱਬਿਆ ਸੋਵੀਅਤ ਯੂਨੀਅਨ ਅਖੀਰ 15 ਅੱਡ-ਅੱਡ ਦੇਸ਼ਾਂ ਵਿੱਚ ਵੰਡਿਆ ਗਿਆ ਅਤੇ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋ ਗਿਆ। ਉਪਰੋਕਤ ਦੌਰ ਵਿੱਚ ਸੋਵੀਅਤ ਯੂਨੀਅਨ ਨੇ ਬੰਗਲਾ ਦੇਸ਼ ਬਣਾਉਣ, ਭਾਰਤ ਵਿੱਚ ਲਗਾਈ ਐਮਰਜੈਂਸੀ, ਜੂਨ-84 ਵਿੱਚ ਦਰਬਾਰ ਸਾਹਿਬ 'ਤੇ ਹਮਲਾ, ਕਸ਼ਮੀਰ ਦੇ ਮਸਲੇ ਸਮੇਤ ਹਰ ਮੁੱਦੇ 'ਤੇ ਭਾਰਤ ਨੂੰ ਠੋਕ ਕੇ ਹਮਾਇਤ ਦਿੱਤੀ।

         1990ਵਿਆਂ ਵਿੱਚ ਭਾਰਤ ਨੇ ਪਲਟੀ ਮਾਰੀ ਅਤੇ ਆਰਥਿਕ ਸੁਧਾਰਾਂ ਦੇ ਨਾਂ ਥੱਲੇ, ਅਮਰੀਕਾ ਦੇ ਨੇੜੇ ਸਰਕਣਾ ਸ਼ੁਰੂ ਕੀਤਾ। ਅਮਰੀਕਨ ਪੂੰਜੀਪਤੀਆਂ ਲਈ ਭਾਰਤ ਦੇ ਦਰਵਾਜ਼ੇ ਖੁੱਲ੍ਹਣ ਦੀ ਦੇਰ ਸੀ ਕਿ ਅਮਰੀਕਾ-ਭਾਰਤ ਸਬੰਧਾਂ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਹੋਈ। ਜਿੰਨਾ ਭਾਰਤ ਅਮਰੀਕਾ ਦੇ ਨੇੜੇ ਆਉਂਦਾ ਗਿਆ, ਓਨੀ ਪਾਕਿਸਤਾਨ ਤੋਂ ਦੂਰੀ ਬਣਦੀ ਗਈ।

          11 ਸਤੰਬਰ, 2001 ਨੂੰ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ 'ਤੇ ਹੋਏ ਦਹਿਸ਼ਤਗਰਦ ਹਮਲਿਆਂ ਨੇ, ਅਮਰੀਕਾ-ਪਾਕਿਸਤਾਨ ਸਬੰਧਾਂ ਨੂੰ ਅੱਗੇ ਰਸਾਤਲ ਵਲ ਧੱਕਣਾ ਸ਼ੁਰੂ ਕੀਤਾ। ਅਮਰੀਕਾ ਵਲੋਂ ਅਫਗਾਨਿਸਤਾਨ ਤੇ ਹਮਲੇ ਨੂੰ ਲਗਭਗ 18 ਸਾਲ ਬੀਤ ਚੁੱਕੇ ਹਨ ਅਤੇ ਅਮਰੀਕੀ ਫੌਜ ਅਜੇ ਵੀ ਅਫਗਾਨਿਸਤਾਨ ਵਿੱਚ ਫਸੀ ਹੋਈ ਹੈ। ਦਹਿਸ਼ਤਗਰਦ ਹਮਲੇ ਤੋਂ 10 ਸਾਲ ਬਾਅਦ, ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਨੇ ਐਬਟਾਬਾਦ ਦੇ ਨੇੜੇ ਇੱਕ ਅਪਰੇਸ਼ਨ ਵਿੱਚ ਮਾਰਿਆ। ਪਾਕਿਸਤਾਨ ਵਲੋਂ ਓਬਾਮਾ ਨੂੰ 10 ਸਾਲ ਲੁਕੋਈ ਰੱਖਣ ਲਈ, ਅਮਰੀਕਾ ਨੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਨੂੰ ਹੁਲਾਰਾ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਲੈ ਆਂਦਾ। ਅਮਰੀਕੀ ਪ੍ਰਧਾਨ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਅਤੇ ਪ੍ਰਧਾਨਗੀ ਦੇ ਮੁੱਢਲੇ ਦਿਨਾਂ ਵਿੱਚ ਪਾਕਿਸਤਾਨ ਨੂੰ ਚੰਗੀ ਤਰ੍ਹਾਂ ਦਬੱਲਿਆ। ਵਰਲਡ ਬੈਂਕ ਅਤੇ ਆਈ. ਐਮ. ਆਫ. ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਮੱਦਦ 'ਤੇ ਵੀ ਰੋਕ ਲਾ ਦਿੱਤੀ। ਇਸ ਦੇ ਉਲਟ ਅਮਰੀਕਾ ਨੇ ਭਾਰਤ ਨਾਲ ਨਾ ਸਿਰਫ ਨਿਊਕਲੀਅਰ ਸੰਧੀ ਕੀਤੀ ਬਲਕਿ ਭਾਰਤ ਨੂੰ ਹਰ ਕਿਸਮ ਦਾ ਫੌਜੀ ਸਾਜ਼ੋ-ਸਮਾਨ ਵੀ ਵੇਚਿਆ। ਚੀਨ ਦਾ ਕਾਫੀਆ ਤੰਗ ਕਰਨ ਲਈ ਭਾਰਤ ਨੂੰ ਇੱਕ 'ਫਰੰਟ ਸਟੇਟ' ਵਜੋਂ ਖੜ੍ਹਾ ਕੀਤਾ ਗਿਆ।

         ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਹਕੂਮਤ ਬਣਨ ਤੋਂ ਬਾਅਦ, ਪਾਕਿਸਤਾਨ ਵਿੱਚ ਬਹੁਤ ਸਾਰੀਆਂ ਸਿਆਸੀ-ਆਰਥਿਕ ਤਬਦੀਲੀਆਂ ਸ਼ੁਰੂ ਹੋਈਆਂ। ਭ੍ਰਿਸ਼ਟਾਚਾਰ ਅਤੇ ਦਹਿਸ਼ਤਗਰਦੀ ਦੇ ਖਿਲਾਫ ਕਾਰਵਾਈਆਂ ਤੋਂ ਇਲਾਵਾ ਭਾਰਤੀ ਭੜਕਾਹਟ ਦੇ ਬਾਵਜੂਦ ਇਮਰਾਨ ਖਾਨ ਨੇ ਇੱਕ ਸਟੇਟਸਮੈਨ ਵਾਂਗ ਵਰਤਾਰਾ ਕੀਤਾ। ਉਸ ਨੇ ਅਮਰੀਕੀ ਦਬਾਅ ਅੱਗੇ ਝੁਕਣ ਤੋਂ ਇਨਕਾਰ ਕੀਤਾ ਪਰ ਕੋਈ ਬੇਲੋੜੀ ਬਿਆਨਬਾਜ਼ੀ ਨਹੀਂ ਕੀਤੀ। ਅਮਰੀਕਾ, ਭਾਰਤ ਦੇ ਵਰਤਾਰੇ ਤੋਂ ਬਹੁਤ ਜਲਦੀ ਨਿਰਾਸ਼ ਹੋ ਗਿਆ। ਅਫਗਾਨਿਸਤਾਨ ਵਿੱਚ ਭਾਰਤ ਦਾ ਨਿਰਾਸ਼ਾਜਨਕ ਰੋਲ, ਇਰਾਨ ਨਾਲ ਸਬੰਧ ਜਾਰੀ ਰੱਖਣ ਦੀ ਨੀਤੀ, ਵਪਾਰਕ ਤੌਰ 'ਤੇ ਅਮਰੀਕਾ ਦੀਆਂ ਆਯਾਤ ਵਸਤੂਆਂ 'ਤੇ ਵਾਧੂ ਟੈਕਸ ਲਾਉਣਾ, ਰੂਸ ਤੋਂ ਐਸ-400 ਮਿਜ਼ਾਇਲ ਡਿਫੈਂਸ ਸਿਸਟਮ ਦੀ ਖਰੀਦਦਾਰੀ ਆਦਿ ਮੁੱਦਿਆਂ ਨੂੰ ਲੈ ਕੇ ਅਮਰੀਕਾ ਨੇ ਭਾਰਤ 'ਤੇ ਦਬਾਅ ਬਣਾਉਣਾ ਸ਼ੁਰੂ ਕੀਤਾ। ਪਿਛਲੇ ਹਫਤੇ, ਅਮਰੀਕਾ ਵਿਦੇਸ਼ ਸਕੱਤਰ ਮਾਈਕ ਪੋਮਪੀਓ ਵਲੋਂ ਭਾਰਤ ਦਾ ਦੋ ਰੋਜ਼ਾ ਦੌਰਾ ਇਨ੍ਹਾਂ ਮੁੱਦਿਆਂ 'ਤੇ ਹੀ ਕੇਂਦਰਤ ਰਿਹਾ ਅਤੇ ਪੂਰੀ ਤਰ੍ਹਾਂ ਅਸਫਲ ਰਿਹਾ।

         ਇਸ ਸਮੇਂ ਦੌਰਾਨ ਅਮਰੀਕਾ ਨੇ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ। ਅਮਰੀਕੀ ਪ੍ਰਧਾਨ ਨੇ ਲਿਖਤੀ ਤੌਰ 'ਤੇ ਇਮਰਾਨ ਖਾਨ ਨੂੰ ਬੇਨਤੀ ਕੀਤੀ ਕਿ ਉਹ ਤਾਲਿਬਾਨ ਨਾਲ ਗੱਲਬਾਤ ਵਿੱਚ ਉਸ ਦੀ ਮੱਦਦ ਕਰੇ। ਇਸੇ ਪ੍ਰਸੰਗ ਵਿੱਚ ਤਾਲਿਬਾਨੀ ਵਫਦ, ਗੁਲਬਦੀਨ ਹਿਕਮਤਯਾਰ ਅਤੇ ਅਫਗਾਨਿਸਤਾਨ ਦੇ ਪ੍ਰਧਾਨ ਅਸ਼ਰਫ ਰਾਜਡੀ ਨੇ ਇਮਰਾਨ ਖਾਨ ਨਾਲ ਮੁਲਕਾਤਾਂ ਕੀਤੀਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 20 ਜੁਲਾਈ ਤੋਂ 25 ਜੁਲਾਈ ਤੱਕ ਅਮਰੀਕਾ ਦੇ ਦੌਰੇ 'ਤੇ ਆ ਰਹੇ ਹਨ, ਜਿੱਥੇ ਕਿ ਉਨ੍ਹਾਂ ਦੀ ਪ੍ਰਧਾਨ ਟਰੰਪ ਨਾਲ ਮੁਲਾਕਾਤ ਤੈਅ ਹੈ। ਅਮਰੀਕਾ ਨੇ ਪਾਕਿਸਤਾਨ ਵੱਲ ਸਦਭਾਵਨਾ ਦਾ ਪ੍ਰਗਟਾਵਾ ਕਰਦਿਆਂ, ਬਲੋਚਿਸਤਾਨ ਲਿਬਰੇਸ਼ਨ ਆਰਮੀ ਨਾਂ ਦੀ ਦਹਿਸ਼ਤਗਰਦ ਜਥੇਬੰਦੀ 'ਤੇ ਪਾਬੰਦੀ ਲਾ ਦਿੱਤੀ ਹੈ।

          ਧਿਆਨ ਰਹੇ ਬੀ. ਐਲ. ਏ. ਨਾਂ ਦੀ ਇਹ ਜਥੇਬੰਦੀ ਭਾਰਤੀ ਖੁਫੀਆ ਏਜੰਸੀ ਰਾਅ ਵਲੋਂ ਖੜ੍ਹੀ ਕੀਤੀ ਗਈ ਸੀ। ਪਿਛਲੇ ਸਮੇਂ ਵਿੱਚ ਬਲੋਚਿਸਤਾਨ ਵਿੱਚ ਚੀਨੀ ਇੰਜਨੀਅਰਾਂ 'ਤੇ ਹਮਲਾ, ਕਰਾਚੀ ਦੇ ਚੀਨੀ ਕੌਂਸਲੇਟ 'ਤੇ ਹਮਲਾ, ਗਵਾਦਰ ਪੋਰਟ ਦੇ ਨੇੜਲੇ ਹੋਟਲ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਬੀ. ਐਲ. ਏ. ਨੇ ਲਈ ਸੀ। ਇਨ੍ਹਾਂ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ। ਪਾਕਿਸਤਾਨ ਵਲੋਂ ਇਹ ਵਾਰ-ਵਾਰ ਕਿਹਾ ਜਾਂਦਾ ਰਿਹਾ ਹੈ ਕਿ ਰਾਅ ਏਜੰਸੀ ਬੀ. ਐਲ. ਏ. ਰਾਹੀਂ ਬਲੋਚਿਸਤਾਨ ਵਿੱਚ ਗੜਬੜ ਕਰਵਾ ਰਹੀ ਹੈ। ਭਾਰਤੀ ਏਜੰਸੀ ਰਾਅ ਦੇ ਉੱਚ ਅਧਿਕਾਰੀ ਕੁਲਭੂਸ਼ਣ ਯਾਦਵ ਨੂੰ ਪਾਕਿਸਤਾਨ ਨੇ ਬਲੋਚਿਸਤਾਨ ਵਿੱਚ ਹੀ ਕਾਬੂ ਕੀਤਾ ਸੀ। ਅਮਰੀਕਾ ਵਲੋਂ ਬੀ. ਐਲ. ਏ. 'ਤੇ ਲਾਈ ਪਾਬੰਦੀ, ਭਾਰਤੀ ਹਕੂਮਤ ਦੇ ਮੂੰਹ 'ਤੇ ਕਰਾਰੀ ਚਪੇੜ ਵਾਂਗ ਹੈ।

          ਸਾਊਥ ਏਸ਼ੀਆ ਵਿੱਚ ਤੇਜ਼ੀ ਨਾਲ ਬਦਲ ਰਹੀਆਂ ਸਥਿਤੀਆਂ, 30 ਮਿਲੀਅਨ ਸਿੱਖ ਕੌਮ ਦੇ ਨੁਕਤਾ-ਨਿਗਾਹ ਤੋਂ ਵੀ ਬੜੀਆਂ ਅਹਿਮ ਹਨ। ਪਾਕਿਸਤਾਨ ਵਲੋਂ 28 ਨਵੰਬਰ, 2018 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਐਲਾਨ ਤੋਂ ਬਾਅਦ, ਸਿੱਖ ਕੌਮ ਅਤੇ ਸਿੱਖ ਹੋਮਲੈਂਡ ਪੰਜਾਬ ਵੀ ਅੰਤਰਰਾਸ਼ਟਰੀ ਰਾਡਾਰ 'ਤੇ ਹੈ। ਚੀਨ, ਅਮਰੀਕਾ, ਰੂਸ, ਜਪਾਨ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਅੰਬੈਸਡਰ ਅਤੇ ਉੱਚ-ਅਧਿਕਾਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆ ਚੁੱਕੇ ਹਨ। ਇਨ੍ਹਾਂ ਵਲੋਂ ਸਿੱਖਾਂ ਅਤੇ ਪੰਜਾਬ ਵਿੱਚ ਖਾਸ ਦਿਲਚਸਪੀ ਵਿਖਾਈ ਜਾ ਰਹੀ ਹੈ। ਪਾਕਿਸਤਾਨ ਦੀ ਮੌਜੂਦਾ ਹਕੂਮਤ ਦਾ ਰਵੱਈਆ ਸਿੱਖਾਂ ਪ੍ਰਤੀ ਬਹੁਤ ਦੋਸਤਾਨਾ ਹੈ। ਪਾਕਿਸਤਾਨ ਦੇ ਅਮਰੀਕਾ ਨਾਲ ਸੁਧਰਦੇ ਸਬੰਧ, ਆਜ਼ਾਦੀ ਦੇ ਪੱਖ ਤੋਂ ਵੀ ਬੜੇ ਅਹਿਮ ਹਨ। ਨਾਜ਼ੀਆਂ ਦੀ ਤਰਜ਼ ਦੀ ਭਾਰਤੀ ਹਿੰਦੂ ਸਟੇਟ ਹੌਲ਼ੀ-ਹੌਲ਼ੀ ਬੇ-ਨਕਾਬ ਹੋ ਰਹੀ ਹੈ।

© 2011 | All rights reserved | Terms & Conditions