ਪਾਣੀਆਂ ਦੇ ਸੰਕਟ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖ ਯੂਥ ਆਫ ਪੰਜਾਬ ਨੇ ਇੱਕ ਕਾਨਫਰੰਸ ਆਯੋਜਿਤ ਕਰਨ ਦਾ ਲਿਆ ਫੈਸਲਾ
Submitted by Administrator
Friday, 26 July, 2019- 07:14 pm
ਪਾਣੀਆਂ ਦੇ ਸੰਕਟ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖ ਯੂਥ ਆਫ ਪੰਜਾਬ ਨੇ ਇੱਕ ਕਾਨਫਰੰਸ ਆਯੋਜਿਤ ਕਰਨ ਦਾ ਲਿਆ ਫੈਸਲਾ

ਹੁਸ਼ਿਆਰਪੁਰ : ਪੰਜਾਬ ਅਤੇ ਦੁਨੀਆਂ ਅੰਦਰ ਵੱਧਦੇ ਪਾਣੀਆਂ ਦੇ ਸੰਕਟ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੌਜਵਾਨ ਸੰਘਰਸ਼ੀਲ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਨੇ ੩ ਅਗਸਤ ਨੂੰ ਗੁਰਦੁਆਰਾ ਸਿੰਘ ਸਭਾ, ਹੁਸ਼ਿਆਰਪੁਰ ਵਿਖੇ ਇੱਕ ਕਾਨਫਰੰਸ ਆਯੋਜਿਤ ਕਰਨ ਦਾ ਫੈਸਲਾ ਕੀਤਾ।ਜਿਸ ਵਿੱਚ ਦਰਿਆਈ ਅਤੇ ਜਮੀਨੀ ਪਾਣੀਆਂ ਦੇ ਮੁੱਦੇ ਬਾਰੇ ਸਿਆਸੀ, ਕਾਨੂੰਨੀ ਅਤੇ ਆਰਥਿਕ ਸਮਝ ਰੱਖਣ ਵਾਲੇ ਵਿਦਵਾਨ ਆਪਣੇ ਵਿਚਾਰ ਸਾਂਝੇ ਕਰਨਗੇ। ਅੱਜ ਏਥੇ ਹੋਈ ਮੀਟਿੰਗ ਵਿੱਚ ਬੋਲਦਿਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜੋ ਪੰਜਾਬ ਦੇ ਪਾਣੀਆਂ ਦੇ ਹਾਲਾਤ ਹਨ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ। ਪੰਜਾਬ ਨੂੰ ਇੱਕ ਸਾਜਿਸ਼ ਤਹਿਤ ਰੇਗਿਸਤਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਦਰਿਆਈ ਪਾਣੀ ਗ਼ੈਰ-ਰਾਏਪੇਰੀਅਨ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗੈਰ-ਕਾਨੂੰਨੀ ਹੈ ਅਤੇ ਦੂਸਰੇ ਪਾਸੇ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪਈਆਂ ਹਨ ਅਤੇ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਆਪਣੀਆਂ ਖੇਤੀ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਜ਼ਮੀਨ ਹੇਠਲਾ ਪਾਣੀ ਕੱਢਣ। ਉਨਾ ਕਿਹਾ ਕਿ ਸੱਭ ਤੋਂ ਵੱਡੀ ਚਲਾਕੀ ਪੰਜਾਬ ਨਾਲ 'ਰਾਜਸਥਾਨ ਕੈਨਾਲ' ਕੱਢਣ ਵੇਲੇ ਖੇਡੀ ਗਈ ਜੋ ਪੰਜਾਬ ਵਿਚ ਵਗਦੇ ਕੁਲ ਪਾਣੀ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਲੈ ਕੇ ਜਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਿਆਂ ਕਿਹਾ ਕਿ ਰਾਜਸਥਾਨ ਨੂੰ ਨਰਬਦਾ (ਨਰਮਦਾ) ਦੇ ਸਰਦਾਰ ਸਰੋਵਰ ਡੈਮ 'ਚੋਂ ਪਾਣੀ ਦੇਣ ਤੋਂ ਇਸ ਲਈ ਜਵਾਬ ਦੇ ਦਿਤਾ ਗਿਆ ਸੀ ਕਿ ਰਾਜਸਥਾਨ ਇਸ ਦਰਿਆ ਦਾ ਰਿਪੇਰੀਅਨ ਸੂਬਾ ਨਹੀਂ ਹੈ। ਤਾਂ ਫਿਰ ਪੰਜਾਬ ਵਿਚੋਂ ੬੪੦ ਕਿਲੋਮੀਟਰ ਲੰਮੀ ਇਕ ਏਕੜ ਚੌੜੀ 'ਰਾਜਸਥਾਨ ਕੈਨਾਲ' ਇਸ ਗ਼ੈਰਰਿਪੇਰੀਅਨ ਸੂਬੇ ਲਈ ਕੁਦਰਤੀ ਵਹਾਅ ਦੇ ਉਲਟ ਜਾ ਕੇ ਕਿਉਂ ਦਿਤੀ ਗਈ? ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ ਜੋ ਕੇ ਜ਼ਰਖੇਜ਼ ਜ਼ਮੀਨ ਅਤੇ ਕੀਮਤੀ ਪਾਣੀ ਉੱਪਰ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ ਕਾਰਨ ਕਿਸਾਨੀ ਬਰਬਾਦ ਹੋ ਰਹੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਹੱਦ ਤੱਕ ਨੀਵਾਂ ਹੋ ਗਿਆ ਹੈ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਸਮਾਂ ਰਹਿੰਦੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਦਰਿਆਈ ਪਾਣੀਆਂ ਦਾ ਹੱਕ ਨਾ ਮਿਲਿਆ ਤਾਂ ਪੰਜਾਬ ਸਹਿਜੇ ਹੀ ਮਾਰੂਥਲ ਵਿੱਚ ਤਬਦੀਲ ਹੋ ਜਾਵੇਗਾ। ਉਹਨਾ ਦਰਿਆਈ ਪਾਣੀ ਨੂੰ ਗੰਧਲ਼ਾ ਕੀਤੇ ਜਾਣ ਉਤੇ ਵੀ ਡਾਢੀ ਚਿੰਤਾ ਪ੍ਰਗਟਾਈ। ਮੀਟਿੰਗ ਵਿੱਚ ਬੋਲਦਿਆ ਦਲ ਖਾਲਸਾ ਦੇ ਸਕੱਤਰ ਜਰਨਲ ਪ੍ਰਮਜੀਤ ਸਿੰਘ ਟਾਡਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਕਲੌਤੇ ਕੁਦਰਤੀ ਸਰੋਤ ਦਰਿਆਈ ਪਾਣੀਆਂ ਦੀ ਦਿਨ ਦਿਹਾੜੇ ਹੋ ਰਹੀ ਲੁੱਟ ਖਿਲਾਫ ਲਾਮਬੰਦ ਹੋਣ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁੱਖਮਰੀ ਅਤੇ ਸੋਕੇ ਦੀ ਮਾਰ ਤੋਂ ਬਚਾਇਆ ਜਾ ਸਕੇ। ਮੀਟਿੰਗ ਨੂੰ ਸੰਬੋਧਨ ਹੁੰਦਿਆਂ ਰਣਵੀਰ ਸਿੰਘ ਨੇ ਕਿਹਾ ਕਿ ਲੁਧਿਆਣਾ ਵਿੱਚ ਬੀਤੇ ਦਿਨੀਂ ਕੁਝ ਸ਼ਰਾਰਤੀ ਵਿਅਕਤੀਆਂ ਵਲੋ ਜੋ ਸਿੱਖ ਰਹਿਤ ਮਰਿਯਾਦਾ ਅਤੇ ਅੰਮ੍ਤਿ ਦੀ ਵਿਧੀ ਦਾ ਮਜ਼ਾਕ ਬਣਾਇਆ ਗਿਆ ਸੀ ਉਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੇ ਜਾਣ ਬੁਝ ਕੇ ਦੋਸ਼ੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀ ਕੀਤੀ।ਅੱਜ ਦੀ ਮੀਟਿੰਗ ਇਸ ਦੀ ਨਿਖੇਧੀ ਕਰਦੇ ਹੋਏ ਇਹ ਮੰਗ ਕਰਦੀ ਹੈ ਕਿ ਇਨਾ ਮੁਜ਼ਰਮਾ ਨੂੰ ਗਰਿਫਤਾਰ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਚੇਤਾਵਨੀ ਦੇਦਿੰਆਂ ਕਿਹਾ ਕਿ ਆਏ ਦਿਨ ਹੋ ਰਹੀਆਂ ਇਹੋ ਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਸਿੱਖ ਨੌਜਵਾਨਾਂ ਚ ਭਾਰੀ ਰੋਹ ਪੈਦਾ ਕਰ ਰਹੀਆਂ ਹਨ,ਜਿਸਦੇ ਨਤੀਜੇ ਠੀਕ ਨਹੀ ਹੋਣਗੇ। ਮੀਟਿੰਗ ਵਿੱਚ ਬੋਲਦਿਆ ਸਿੱਖ ਯੂਥ ਆਫ ਪੰਜਾਬ ਦੇ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਦਲ ਖਾਲਸਾ,ਅਕਾਲੀ ਦਲ ਅੰਮ੍ਰਿਤਸਰ ,ਯੁਨਾਈਟਿਡ ਅਕਾਲੀ ਦਲ ਵਲੋ ਕਿਸਾਨ ਭਵਨ ਚੰਡੀਗੜ ਵਿਖੇ ੨੬ ਜੁਲਾਈ ਨੂੰ ਪੰਥਕ ਮਸਲਿਆਂ 'ਤੇ ਬੁਲਾਈ ਇਕੱਤਰਤਾ ਵਿੱਚ ਉਹਨਾਂ ਦੀ ਜਥੇਬੰਦੀ ਵੀ ਸ਼ਮੂਲੀਅਤ ਕਰੇਗੀ। ਇਸ ਸਮੇ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਹਰਮੋਏ, ਬਹਾਦਰ ਸਿੰਘ ਜਲੰਧਰ, ਗੁਰਦੀਪ ਸਿੰਘ ਕਾਲਕਟ, ਸੁਖਜਿੰਦਰ ਸਿੰਘ, ਵਰਿੰਦਰ ਸਿੰਘ, ਸੰਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਹਾਜ਼ਰ ਸਨ।

© 2011 | All rights reserved | Terms & Conditions