9/11 ਤੋਂ 18 ਸਾਲ ਬਾਅਦ : Dr. Amarjit Singh washington D.C
Submitted by Administrator
Saturday, 14 September, 2019- 04:55 am
9/11 ਤੋਂ 18 ਸਾਲ ਬਾਅਦ :  Dr. Amarjit Singh washington D.C

        11 ਸਤੰਬਰ, 2001 ਨੂੰ ਅਮਰੀਕਨ ਧਰਤੀ 'ਤੇ ਹੋਏ ਦਹਿਸ਼ਤਗਰਦੀ ਹਮਲਿਆਂ ਨੇ, ਸਿਰਫ ਅਮਰੀਕਾ ਹੀ ਨਹੀਂ ਬਲਕਿ ਕੁਲ ਸੰਸਾਰ ਦੇ ਹਰ ਪਹਿਲੂ ਨੂੰ ਪੂਰੀ ਤਰ੍ਹਾਂ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜੇ ਇਓਂ ਕਹਿ ਲਿਆ ਜਾਵੇ ਕਿ ਪਹਿਲਾਂ ਦੁਨੀਆ ਦੇ ਲਗਭਗ 6-7 ਹਜ਼ਾਰ ਸਾਲ ਦੇ ਇਤਿਹਾਸ ਨੂੰ ਲਿਖਣ, ਸਮਝਣ ਅਤੇ ਵਿਚਾਰਨ ਲਈ ਜੀਸਸ ਕ੍ਰਾਈਸਟ ਦੇ ਜਨਮ ਵਰ੍ਹੇ ਨੂੰ ਅਧਾਰ ਬਣਾਇਆ ਜਾਂਦਾ ਸੀ ਅਤੇ ਇਸ ਤਰ੍ਹਾਂ ਬੀ. ਸੀ. ਸੰਮਤ (ਈਸਾ ਤੋਂ ਪਹਿਲਾਂ) ਅਤੇ ਏ. ਡੀ. ਸੰਮਤ (ਈਸਾ ਤੋਂ ਬਾਅਦ) ਨੂੰ ਬਿਆਨਿਆ ਜਾਂਦਾ ਸੀ ਪਰ ਹੁਣ, ਸੰਸਾਰ ਦੇ ਇਤਿਹਾਸ ਨੂੰ 9/11 ਤੋਂ ਪਹਿਲਾਂ ਅਤੇ 9/11 ਤੋਂ ਬਾਅਦ ਦੇ ਪੈਮਾਨੇ ਨਾਲ ਸਮਝਣ ਦਾ ਯਤਨ ਕੀਤਾ ਜਾਵੇਗਾ।
       ਸੱਚਮੁਚ ਹੀ 9/11 ਤੋਂ ਪਹਿਲਾਂ ਦਾ ਸੰਸਾਰ, 9/11 ਤੋਂ ਬਾਅਦ ਦੇ ਸੰਸਾਰ ਤੋਂ ਵੱਖਰਾ ਹੈ। ਮਨੁੱਖੀ ਇਤਿਹਾਸ ਵਿੱਚ ਕੋਈ ਵੀ ਐਸਾ ਦਿਨ ਨਹੀਂ ਹੈ ਜਿਸ ਨੇ ਕੁੱਲ ਸੰਸਾਰ ਦੀ ਸੋਚਣੀ, ਸੁਰੱਖਿਆ, ਆਰਥਿਕਤਾ, ਧਾਰਮਿਕਤਾ, ਸਿਆਸੀ ਸੋਚ , ਧਰੁਵੀਕਰਨ, ਮਨੁੱਖੀ ਹੱਕਾਂ ਅਤੇ ਅਜ਼ਾਦੀ ਤਹਿਰੀਕਾਂ ਆਦਿਕ ਨੂੰ ਇੰਨਾ ਪ੍ਰਭਾਵਿਤ ਕੀਤਾ ਹੋਵੇ, ਜਿੰਨਾ ਕਿ 9/11 ਨੇ ਕੀਤਾ ਹੈ।
         ਸਤੰਬਰ, 2001 ਵਿੱਚ ਸਿਰਫ ਅਮਰੀਕਾ, ਦੁਨੀਆ ਦੀ ਇੱਕੋ ਇੱਕ 'ਸੁਪਰ ਪਾਵਰ' (ਮਿਲਟਰੀ ਅਤੇ ਆਰਥਿਕ) ਸੀ ਪਰ 9/11 ਨੇ ਇਸ 'ਸਰਵਉੱਚਤਾ' ਨੂੰ ਚੈਲੰਜ ਕਰ ਦਿੱਤਾ। ਅਮਰੀਕਾ ਦੀ 'ਆਰਥਿਕ ਸ਼ਾਨ' ਦੇ ਪ੍ਰਤੀਕ 'ਵਰਲਡ ਟਰੇਡ ਸੈਂਟਰ' ਅਤੇ ਫੌਜੀ ਸ਼ਕਤੀ ਦੇ ਪ੍ਰਤੀਕ 'ਪੈਂਟਾਗਨ' ਨੂੰ ਅਲ-ਕਾਇਦਾ ਵਲੋਂ 'ਸਫਲ ਨਿਸ਼ਾਨਾ' ਬਣਾਇਆ ਗਿਆ। ਇਸ 'ਇਸਲਾਮਿਕ ਹਮਲੇ' ਨੇ, ਕਈ ਸਦੀਆਂ ਪੁਰਾਏ 'ਈਸਾਈਆਂ' (ਕਰਿਊਸੇਡਰਜ਼) ਅਤੇ ਮੁਸਲਮਾਨਾਂ (ਜਿਹਾਦੀਆਂ) ਦੇ 'ਟਕਰਾਅ' ਦਾ ਇੱਕ ਨਵਾਂ ਚੈਪਟਰ ਸ਼ੁਰੂ ਕਰ ਦਿੱਤਾ। ਇਸ ਸੰਭਾਵਤ ਟਕਰਾਅ ਸਬੰਧੀ, ਇੱਕ ਸਕਾਲਰ-ਹੰਟਿਗਟਨ ਨੇ 'ਸੱਭਿਆਤਾਵਾਂ ਦਾ ਟਕਰਾਅ' ਨਾਮੀ ਪੁਸਤਕ ਵਿੱਚ ਪਹਿਲਾਂ ਹੀ ਪੇਸ਼ਨਗੋਈ ਕੀਤੀ ਹੋਈ ਸੀ। ਪੱਛਮੀ ਦੇਸ਼ (ਲਗਭਗ ਸਾਰੇ ਹੀ ਈਸਾਈ) 9/11 ਤੋਂ ਬਾਅਦ, ਅਮਰੀਕਾ ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਢੋਲ ਦੇ ਡੱਗੇ ਨਾਲ 'ਇਸਲਾਮਿਕ ਮੂਲਵਾਦ ਅਤੇ ਦਹਿਸ਼ਤਗਰਦੀ' ਦੇ ਖਿਲਾਫ 'ਜੰਗ' ਦਾ ਐਲਾਨ ਕਰ ਦਿੱਤਾ ਗਿਆ।
         ਅਮਰੀਕਾ ਅਤੇ ਸਾਥੀ ਦੇਸ਼ਾਂ (ਖਾਸ ਕਰ ਨੈਟੋ) ਵਲੋਂ ਅਫਗਾਨਿਸਤਾਨ 'ਤੇ, 9/11 ਦੇ ਕੁਝ ਹਫਤਿਆਂ ਬਾਅਦ ਹੀ ਹੱਲਾ ਬੋਲ ਦਿੱਤਾ ਗਿਆ। ਭਾਰੀ ਬੰਬਾਰੀ ਅਤੇ ਨਵੀਨ ਹਥਿਆਰਾਂ ਦੀ ਵਰਤੋਂ ਨਾਲ 'ਤਾਲਿਬਾਨ ਸਰਕਾਰ' ਦਾ ਭੋਗ ਪਾਉਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਅਫਗਾਨਿਸਤਾਨ ਵਿੱਚ ਜਿੱਤ ਦੇ ਡੰਕੇ ਵਜਾ ਦਿੱਤੇ ਗਏ। ਹਜ਼ਾਰਾਂ ਮਾਸੂਮ ਜਾਨਾਂ ਇਸ ਬਦਲੇ ਦੀ ਅੱਗ ਦੀ ਭੇਟ ਚੜ੍ਹੀਆਂ। ਪਰ 18 ਸਾਲ ਬੀਤਣ ਬਾਅਦ ਅੱਜ ਅਫਗਾਨਿਸਤਾਨ ਪਹਿਲਾਂ ਤੋਂ ਵੀ ਬਦਤਰ ਹਾਲਤ 'ਚ ਹੈ। ਅਫਗਾਨਿਸਤਾਨ 'ਚੋਂ ਨਿਕਲਣ ਲਈ ਅਮਰੀਕਾ ਹੁਣ ਕਾਹਲਾ ਪਿਆ ਹੋਇਆ ਹੈ। ਇਸ ਸਬੰਧੀ ਅਮਰੀਕਾ ਤੇ ਤਾਲਿਬਾਨ ਵਿਚਾਲੇ ਗੱਲਬਾਤ ਦੇ ਕਈ ਗੇੜ ਚੱਲੇ ਪਰ ਇਹ ਗੱਲਬਾਤ ਸਿਰੇ ਪਹੁੰਚ ਕੇ ਟੁੱਟ ਗਈ ਜਾਪਦੀ ਹੈ।
        9/11 ਤੋਂ ਬਾਅਦ ਚੀਨ ਤੇ ਰੂਸ ਹੋਰ ਸ਼ਕਤੀਸ਼ਾਲੀ ਬਣ ਕੇ ਉੱਭਰੇ ਹਨ। ਰੂਸ ਤੇ ਚੀਨ ਨੇ ਇੱਕ ਦੂਜੇ ਦੇ ਨੇੜੇ ਆਉਣਾ ਸ਼ੁਰੂ ਕਰ ਦਿੱਤਾ ਹੈ। ਦੱਖਣੀ ਅਮਰੀਕਾ ਵਿੱਚ ਵੈਨਜ਼ੂਐਲਾ ਅਤੇ ਬੋਲੀਵੀਆ ਖੁੱਲ੍ਹ ਕੇ ਅਮਰੀਕਾ ਦੇ ਵਿਰੋਧ ਵਿੱਚ ਖੜ੍ਹੇ ਹਨ। 18 ਸਾਲ ਪਹਿਲਾਂ 11 ਸਤੰਬਰ 2001 ਨੂੰ ਅਮਰੀਕਾ 'ਤੇ ਹੋਏ ਹਮਲੇ ਨੇ ਦੁਨੀਆ ਹੀ ਬਦਲ ਦਿੱਤੀ। ਅਮਰੀਕਾ ਵਿੱਚ 3000 ਤੋਂ ਵੱਧ ਲੋਕਾਂ ਦੀ ਮੌਤ ਹੋਈ, ਤਕਰੀਬਨ ਇੰਨੇ ਹੀ ਅਮਰੀਕਨ ਸੈਨਿਕ ਅਫਗਾਨਿਸਤਾਨ 'ਚ ਮਾਰੇ ਗਏ। ਲੱਖਾਂ ਅਫਗਾਨੀ ਤੇ ਇਰਾਕੀ ਇਸ ਜੰਗ ਦੀ ਭੇਟ ਚੜ੍ਹ ਗਏ। । ਇਸ ਤੋਂ ਬਾਅਦ ਆਰੰਭ ਹੋਈ ਨਕਲੀ ਹਿੰਸਾ ਗਾਹੇ-ਬਗਾਹੇ ਕਿਸੇ ਨਾ ਕਿਸੇ ਮੁਸਲਮਾਨ ਦਿਸਦੇ ਦੀ ਬਲੀ ਲੈਂਦੀ ਆ ਰਹੀ ਹੈ, ਜਿਸ ਵਿੱਚ ਸਿੱਖ ਵੀ ਸ਼ਾਮਲ ਰਹੇ।
         ਹਾਲੇ ਤੱਕ ਲੋਕਾਂ ਦੇ ਮਨਾਂ 'ਚ ਸ਼ੰਕੇ ਹਨ ਕਿ ਇਹ ਵਾਕਿਆ ਹੀ ਹੋਇਆ ਜਾਂ ਖੁਦ ਕਾਰਵਾਇਆ ਗਿਆ। ਇਸ ਸਬੰਧੀ ਬਹੁਤ ਸਾਰੇ ਅਮਰੀਕਨ ਲੇਖਕਾਂ ਨੇ ਕਿਤਾਬਾਂ ਲਿਖੀਆਂ ਹਨ ਤੇ ਫਿਲਮਸਾਜ਼ਾਂ ਨੇ ਦਸਤਾਵੇਜ਼ੀ ਫਿਲਮਾਂ ਤਿਆਰ ਕੀਤੀਆਂ ਹਨ। ਸੱਚ ਸ਼ਾਇਦ ਕਦੇ ਵੀ ਬਾਹਰ ਨਾ ਆਵੇ। ਇਤਿਹਾਦੀ ਫੌਜਾਂ ਨੇ 'ਵੈਪਨਜ਼ ਆਫ ਮਾਸ ਡਿਸਟਰੱਕਸ਼ਨ' ਲੱਭਣ ਦੀ ਆੜ 'ਚ ਅਫਗਾਨਿਸਤਾਨ ਅਤੇ ਇਰਾਕ 'ਚ ਲੱਖਾਂ ਨਿਰਦੋਸ਼ ਮੌਤ ਦੇ ਘਾਟ ਉਤਾਰੇ ਦਿੱਤੇ ਤੇ ਇਹ ਲੜਾਈ ਮੁੱਕੀ ਨਾ ਬਲਕਿ ਸੀਰੀਆ ਅਤੇ ਹੋਰ ਕਈ ਮੁਲਕਾਂ ਤੱਕ ਵਧ ਗਈ, ਜੋ ਨਿਰੰਤਰ ਜਾਰੀ ਹੈ।
         ਇਸ ਵੈਰ 'ਚੋਂ ਉਪਜੀ ਨਫਰਤ ਹਾਲੇ ਤੱਕ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਬਹੁਤ ਸਾਰੀਆਂ ਰਾਜਸੀ ਲਹਿਰਾਂ ਨੂੰ ਅੱਤਵਾਦ ਦੇ ਨਾਂ ਹੇਠ ਬਦਨਾਮ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਭੰਡਣ ਦਾ ਰਾਹ ਲੱਭ ਪਿਆ। ਕਿਸੇ ਨੂੰ ਵੀ ਅੱਤਵਾਦੀ ਗਰਦਾਨ ਕੇ ਮਾਰਨਾ ਸੌਖਾ ਹੋ ਗਿਆ। ਲੋਕਾਂ ਨੂੰ ਲੱਗਣ ਲੱਗ ਪਿਆ ਕਿ ਇਹਦਾ ਮਰਨਾ ਸ਼ਾਇਦ ਜਾਇਜ਼ ਹੀ ਸੀ।
        9/11 ਤੋਂ ਬਾਅਦ ਇੱਕ ਮੁਲਕ ਤੋਂ ਦੂਜੇ ਮੁਲਕ ਜਾਣਾ ਔਖਾ ਹੋ ਗਿਆ। ਦੁਨੀਆ ਸ਼ਾਇਦ ਮੁੜ ਕਦੇ ਵੀ ਉਹੋ ਜਿਹੀ ਨਾ ਹੋ ਸਕੇ, ਜਿਹੋ ਜਿਹੀ 9/11 ਤੋਂ ਪਹਿਲਾਂ ਹੁੰਦੀ ਸੀ। ਅਸੀਂ 9/11 ਦੌਰਾਨ ਇਸ ਤੋਂ ਬਾਅਦ ਇਸ ਨਾਲ ਜੁੜੇ ਸਾਰੇ ਨਿਰਦੋਸ਼ਾਂ ਦੇ ਕਤਲਾਂ 'ਤੇ ਦੁੱਖ ਦਾ ਪ੍ਰਗਟਾਵਾਂ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਅਜਿਹੀਆਂ ਤਰਾਸਦੀਆਂ ਮੁੜ ਕਦੇ ਨਾ ਵਾਪਰਨ।

© 2011 | All rights reserved | Terms & Conditions