ਸਨਦੀਪ ਸਿੰਘ ਧਾਲੀਵਾਲ ਵਰਗੇ ਸੂਰਮੇ ਸਦਾ ਦਲੇਰ ਮਾਵਾਂ ਹੀ ਪੈਦਾ ਕਰਦੀਆਂ ਹਨ : ਮਨਦੀਪ ਕੌਰ ਪੰਨੂ
Submitted by Administrator
Monday, 30 September, 2019- 01:34 am
ਸਨਦੀਪ ਸਿੰਘ ਧਾਲੀਵਾਲ ਵਰਗੇ ਸੂਰਮੇ ਸਦਾ ਦਲੇਰ ਮਾਵਾਂ ਹੀ ਪੈਦਾ ਕਰਦੀਆਂ ਹਨ :  ਮਨਦੀਪ ਕੌਰ ਪੰਨੂ

ਇਕਨਾ ਦੇ ਘਰ ਪੁੱਤਰ, ਪੁੱਤਾਂ ਘਰ ਪੋਤਰੇ।
ਇਕਨਾ ਦੇ ਘਰ ਧੀਆ, ਧੀਆਂ ਘਰ ਦੋਹਤਰੇ।
ਇਕਨਾ ਦੇ ਘਰ ਇੱਕ, ਉਹ ਵੀ ਜਾਏ ਮਰ।
ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਝ ਨਾ ਕਰਿਆ ਕਰ।

 

          ਸਾਡੀ ਕੌਮ ਦਾ ਕੋਹਿਨੂਰ ਹੀਰਾ ਸਨਦੀਪ ਸਿੰਘ ਧਾਲੀਵਾਲ ਅੱਜ ਸਿਰ ਫਿਰੇ ਬੰਦੇ ਦੀ ਕੋਝੀ ਹਰਕਤ ਨਾਲ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਇਹੋ ਜਿਹੇ ਦਰਵੇਸ਼ ਬੰਦੇ ਦੁਨੀਆ ਤੇ ਕਦੀ-ਕਦੀ ਪੈਦਾ ਹੁੰਦੇ ਹਨ ਤੇ ਮਰ ਕੇ ਵੀ ਸਦਾ ਲਈ ਅਮਰ ਹੋ ਜਾਂਦੇ ਹਨ। ਇਹੋ ਜਿਹੇ ਇਨਸਾਨ ਆਪਣੇ-ਆਪ ਵਿੱਚ ਇਕ ਚਲਦੀ ਫਿਰਦੀ ਸੰਸਥਾ ਹੁੰਦੇ ਹਨ। ਇਹੋ ਜਿਹੀਆਂ ਸ਼ਖ਼ਸੀਅਤਾਂ ਦਾ ਨਾਮ ਲੈਂਦੇ ਹੀ ਸਾਡਾ ਸੀਨਾ ਫ਼ਖਰ ਨਾਲ ਚੌੜਾ ਹੋ ਜਾਂਦਾ ਹੈ।

         ਸਨਦੀਪ ਸਿੰਘ ਧਾਲੀਵਾਲ ਉਹ ਸ਼ੇਰ ਬਹਾਦਰ ਸੀ, ਜਿਸ ਨੇ ਸਭ ਤੋਂ ਪਹਿਲਾਂ ਪੱਗ ਬੰਨ੍ਹ ਕੇ ਡਿਊਟੀ ਕਰਨ ਦੀ ਲੜਾਈ ਲੜੀ। ਉਹਨਾਂ ਨੇ ਸਿੱਖਾਂ ਦੀ ਸੰਸਾਰ ਭਰ ਵਿੱਚ ਪਹਿਚਾਣ ਬਣਾਉਣ ਲਈ ਆਪਣਾ ਪੀਜ਼ਾ ਸਟੋਰ ਦਾ ਬਿਜ਼ਨਸ ਛੱਡ ਕੇ ਪੁਲਿਸ ਵਿੱਚ ਨੌਕਰੀ ਸ਼ੁਰੂ ਕੀਤੀ। ਪੁਲਿਸ ਦੇ ਮੁਖੀ ਨੇ ਉਹਨਾਂ ਦੇ ਬਾਰੇ ਦੱਸਿਆ ਕਿ ਸਨਦੀਪ ਸਿੰਘ ਪੁਲਿਸ ਫੋਰਸ ਦਾ ਪਹਿਲਾ ਸਿੱਖ ਸੀ ਜੋ ਪੁਲਿਸ ਵਿਭਾਗ ਵਿੱਚ ਆਪਣੇ ਧਾਰਮਿਕ ਹੱਕਾਂ ਲਈ ਵੱਡੇ ਇਤਿਹਾਸਕ ਬਦਲਾਅ ਲਿਆਉਣ ਲਈ ਲਗਾਤਾਰ ਜ਼ੋਰ ਲਾ ਰਿਹਾ ਸੀ।

         ਪ੍ਰਾਪਤ ਜਾਣਕਾਰੀ ਅਨੁਸਾਰ ਸਨਦੀਪ ਸਿੰਘ ਦਾ ਜੱਦੀ ਪਿੰਡ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦਾ ਹੈ। ਪਿਤਾ ਪਿਆਰਾ ਸਿੰਘ ਜੀ ਦੀ ਨੇਵੀ ਵਿੱਚੋ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦਾ ਪਰਿਵਾਰ ਅਮਰੀਕਾ ਵਿੱਚ ਚਲਾ ਗਿਆ। 2017 ਦਾ ਉਹ ਸਾਲ ਸੀ, ਜਦੋ ਸਨਦੀਪ ਸਿੰਘ ਨੇ ਸਿੱਖ ਕੌਮ ਨੂੰ ਸਾਰੇ ਅਮਰੀਕਾ ਵਿੱਚ #ਹੀਰੋ ਬਣਾ ਦਿੱਤਾ ਸੀ। ਉਸ ਵੇਲੇ ਟੈਕਸਾਸ, ਅਮਰੀਕਾ ਵਿੱਚ ਹੜ੍ਹ ਆਏ ਸਨ ਤਾਂ ਇਸ ਹੀਰੇ ਨੇ ਜਾਨ ਤੇ ਖੇਡ ਕੇ ਲੋਕਾਂ ਦੀ ਜਾਨ ਬਚਾਈ ਸੀ।ਅਮਰੀਕਾ ਦੇ ਸਾਰੇ ਟੀ.ਵੀ.ਚੈਨਲਾਂ ਤੇ ਇਸ ਸਿੱਖ ਦੀ ਬੱਲੇ- ਬੱਲੇ ਹੋਈ ਪਈ ਸੀ ਜਿਸ ਨਾਲ਼ ਪੂਰੀ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ ਸੀ।

         ਸਨਦੀਪ ਸਿੰਘ ਧਾਲੀਵਾਲ ਤੇ ਕਿਸੇ ਵਿਅਕਤੀ ਵੱਲੋਂ ਪਿੱਠ ਪਿੱਛੋਂ ਹਮਲਾ ਕਰ ਕੇ ਉਹਨਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਨਾਜ਼ੁਕ ਹਾਲਤ ਵਿੱਚ ਮੌਤ ਨਾਲ ਲੜਾਈ ਲੜਦੇ-ਲੜਦੇ ਉਹ ਸਾਨੂੰ ਅਲਵਿਦਾ ਆਖ ਗਏ। ਉਹ ਕਾਇਰ ਸਾਹਮਣੇ ਆ ਕੇ ਵਾਰ ਕਰਦਾ ਤਾਂ ਸ਼ੇਰ ਬਹਾਦਰ ਸੂਰਮਾ ਉਹ ਦੇ ਵਾਰ ਦਾ ਟਾਕਰਾ ਕਰਦਾ। ਅੱਜ ਜਿੱਥੇ ਉਹਨਾਂ ਦੇ ਪਰਿਵਾਰ ਤੇ ਅਮਰੀਕਾ ਦੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਪੂਰੀ ਸਿੱਖ ਕੌਮ ਨੂੰ ਵੀ ਭਾਈ ਘਨੱਈਆ ਜੀ ਦੇ ਅਸਲ ਵਾਰਸ ਨੂੰ ਗੁਆ ਲਿਆ ਹੈ। ਸੰਸਾਰ ਦਾ ਹਰ ਸਿੱਖ ਪਰਿਵਾਰ ਦੇ ਇਸ ਦੁੱਖ ਦੇ ਪਹਾੜ ਵਿੱਚ ਉਹਨਾਂ ਨਾਲ ਸ਼ਰੀਕ ਹੈ। ਹਰ ਕੋਈ ਉਹਨਾਂ ਵਿੱਚੋ ਆਪਣਾ ਭਰਾ, ਭਤੀਜਾ ਤੇ ਪੁੱਤ ਦੇਖ ਰਿਹਾ ਹੈ ਕਿਉਕਿ ਉਹ ਹਰਮਨ ਪਿਆਰੇ ਇਨਸਾਨ ਸਨ।

         ਮੇਰੀ ਕਲਮ ਵਿੱਚ ਇੰਨੀ ਤਾਕਤ ਨਹੀਂ ਕਿ ਧਾਲੀਵਾਲ ਸਾਹਿਬ ਹੁਣਾ ਦੀ ਸ਼ਖਸੀਅਤ ਬਾਰੇ ਲਿਖ ਸਕਾਂ। ਜਦੋਂ ਦੀ ਇਹ ਖਬਰ ਸੁਣੀ ਹੈ ਮਨ ਬਹੁਤ ਬੇਚੈਨ ਹੈ ਤੇ ਫੋਟੋਆਂ ਵਿੱਚ ਉਹਨਾਂ ਦਾ ਹੰਸੂ-ਹੰਸੂ ਕਰਦਾ ਚਿਹਰਾ ਸਾਨੂੰ ਚਿੜਾ ਰਿਹਾ ਹੈ।ਸਨਦੀਪ ਸਿੰਘ ਧਾਲੀਵਾਲ ਵਰਗੇ ਸੂਰਮੇ ਦਲੇਰ ਮਾਵਾਂ ਹੀ ਪੈਦਾ ਕਰਦੀਆਂ ਹਨ।ਅੱਜ ਦੇ ਸਮੇਂ ਵਿੱਚ ਜਦੋਂ ਸਿਰਫ ਤੇ ਸਿਰਫ ਹਰ ਇੱਕ ਨੂੰ ਆਪਣੀ ਹੀ ਪਈ ਹੋਈ ਹੈ ਉੱਥੇ ਸਨਦੀਪ ਸਿੰਘ ਧਾਲੀਵਾਲ ਵਰਗੇ ਯੋਧੇ ਇਨਸਾਨ ਵੀ ਹਨ ਜੋ ਸੰਸਾਰ ਭਰ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਦੇ ਨਾਲ-ਨਾਲ ਆਪਣੀ ਕੌਮ ਦਾ ਫ਼ਖਰ ਨਾਲ ਸਿਰ ਉੱਚਾ ਕਰਕੇ ਰਹਿੰਦੀ ਦੁਨੀਆ ਤੱਕ ਆਪਣੇ ਨਿਸ਼ਾਨ ਛੱਡ ਕੇ ਬਹੁਤ ਲੋਕਾਂ ਦੇ ਪ੍ਰੇਰਣਾ ਸਰੋਤ ਬਣ ਜਾਂਦੇ ਹਨ।

ਭਰੇ ਮਨ ਨਾਲ ਅਲਵਿਦਾ,
ਮਨਦੀਪ ਕੌਰ ਪੰਨੂ

 

© 2011 | All rights reserved | Terms & Conditions