ਭਗਵੇਂ ਰੰਗ 'ਚ ਰੰਗਿਆ ਜਾ ਚੁੱਕਾ ਹੈ ਭਾਰਤ ! : Dr. Amarjit Singh washington D.C
Submitted by Administrator
Friday, 4 October, 2019- 08:21 pm
ਭਗਵੇਂ ਰੰਗ 'ਚ ਰੰਗਿਆ ਜਾ ਚੁੱਕਾ ਹੈ ਭਾਰਤ !  :  Dr. Amarjit Singh washington D.C

ਮੋਦੀ ਦੇ ਪੋਪ ਲੀਲ੍ਹਾ ਵਾਲੇ ਅਮਰੀਕੀ ਦੌਰੇ ਦਾ ਲੇਖਾ-ਜੋਖਾ - ਪੁੱਟਿਆ ਪਹਾੜ ਨਿਕਲਿਆ ਚੂਹਾ!
ਯੂ. ਐਨ. ਜਨਰਲ ਅਸੈਂਬਲੀ ਸੈਸ਼ਨ ਵਿੱਚ ਮੋਦੀ ਤੇ ਇਮਰਾਨ ਖ਼ਾਨ ਦੀਆਂ ਸਫਬੰਦੀਆਂ ਨੇ ਕਸ਼ਮੀਰ ਮਸਲੇ ਨੂੰ ਕਿੰਨਾ ਕੁ ਕੀਤਾ ਪ੍ਰਭਾਵਿਤ?
ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਸਿਰਫ਼ ਮਨਮੋਹਣ ਸਿੰਘ ਨੂੰ ਸੱਦਣਾ ਕਿੰਨਾ ਕੁ ਸਿਆਣਪ ਭਰਿਆ?
ਕੀ ਹੋਵੇਗਾ ਕਰਤਾਰਪੁਰ ਲਾਂਘੇ ਦਾ ਭਵਿੱਖ?
'ਆਰ. ਐੱਸ. ਐੱਸ. ਤੇ ਭਾਰਤ ਸਮਅਰਥਕ ਸ਼ਬਦ' - ਕ੍ਰਿਸ਼ਨ ਗੋਪਾਲ, ਜਨਰਲ ਸਕੱਤਰ ਆਰ. ਐੱਸ. ਐੱਸ.
ਭਾਰਤ ਇੱਕ ਹਿੰਦੂ ਰਾਸ਼ਟਰ ਹੈ ਅਤੇ ਇਹ ਹਮੇਸ਼ਾ ਇਵੇਂ ਹੀ ਰਹੇਗਾ - ਮੋਹਨ ਭਾਗਵਤ, ਆਰ. ਐੱਸ. ਐੱਸ. ਮੁਖੀ!


        ਵਾਸ਼ਿੰਗਟਨ (ਡੀ. ਸੀ.) 5 ਅਕਤੂਬਰ, 2019 - ਲਗਭਗ 90 ਲੱਖ ਦੀ ਅਬਾਦੀ ਵਾਲੇ ਸ਼ਹਿਰ ਅਤੇ ਦੁਨੀਆ ਦੀ ਵਪਾਰਕ ਰਾਜਧਾਨੀ ਨਿਊਯਾਰਕ ਲਈ ਸਤੰਬਰ ਮਹੀਨਾ ਬੜਾ ਅਹਿਮ ਹੁੰਦਾ ਹੈ। ਨਿਊਯਾਰਕ ਵਿੱਚ, ਦੁਨੀਆ ਦੇ 193 ਦੇਸ਼ਾਂ ਦੀ ਨੁਮਾਇੰਦਾ ਜਥੇਬੰਦੀ ਯੂਨਾਈਟਿਡ ਨੇਸ਼ਨਜ਼ ਦਾ ਹੈੱਡਕੁਆਟਰ ਸਥਿਤ ਹੈ, ਜਿੱਥੇ ਸਤੰਬਰ ਦੇ ਅਖੀਰ ਵਿੱਚ ਯੂ. ਐਨ. ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ। ਇਸ ਸੈਸ਼ਨ ਵਿੱਚ 193 ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਵਿਦੇਸ਼ ਮੰਤਰੀ ਵੱਡੇ-ਵੱਡੇ ਜਹਾਜ਼ਾਂ ਵਿੱਚ ਸਰਕਾਰੀ ਖ਼ਰਚੇ 'ਤੇ ਆਪਣੇ ਅਮਲੇ ਫੈਲੇ ਅਤੇ ਮੀਡੀਆ ਸਰਕਸ ਲੈ ਕੇ ਪਹੁੰਚਦੇ ਹਨ। ਇਸ ਸੈਸ਼ਨ ਦਾ ਪਹਿਲਾ ਬੁਲਾਰਾ ਅਮਰੀਕੀ ਰਾਸ਼ਟਰਪਤੀ ਹੁੰਦਾ ਹੈ, ਫੇਰ ਯੂ. ਐਨ. ਸੈਕ੍ਰੇਟਰੀ ਜਨਰਲ ਅਤੇ ਫੇਰ 193 ਦੇਸ਼ਾਂ ਦੇ ਨੁਮਾਇੰਦਿਆਂ ਦੀ ਵਾਰੀ ਅੰਗਰੇਜ਼ੀ ਵਰਣਮਾਲਾ ਏ. ਬੀ. ਸੀ. (ਅਲਫਾਬੈਟ) ਮੁਤਾਬਿਕ ਦੇਸ਼ਾਂ ਦੇ ਨਾਵਾਂ ਦੀ ਤਰਤੀਬ ਨਾਲ ਹੁੰਦੀ ਹੈ। ਯੂ. ਐਨ. ਸੈਸ਼ਨ ਦੌਰਾਨ ਭਾਵੇਂ ਕੋਈ ਗੰਭੀਰ ਚਰਚਾਵਾਂ ਜਾਂ ਫੈਸਲੇ ਨਹੀਂ ਲਏ ਜਾਂਦੇ ਪਰ ਹਰ ਦੇਸ਼ ਦੇ ਨੁਮਾਇੰਦਿਆਂ ਵੱਲੋਂ ਆਪਣੇ ਦੇਸ਼ ਦੇ ਵਿਰੋਧੀ ਦੇਸ਼ ਲਈ ਜੁਮਲੇਬਾਜ਼ੀ ਜ਼ਰੂਰ ਕੀਤੀ ਜਾਂਦੀ ਹੈ। ਕਈ ਵਾਰ ਇਹ ਤਕਰੀਰਾਂ ਭਾਵੇਂ ਖਾਲੀ ਕੁਰਸੀਆਂ ਨੂੰ ਹੀ ਸੁਣਾਈਆਂ ਜਾ ਰਹੀਆਂ ਹੁੰਦੀਆਂ ਹਨ, ਪਰ ਉਨ੍ਹਾਂ ਦੇ ਨਾਲ ਜਹਾਜ਼ ਭਰ ਕੇ ਆਇਆ ਮੀਡੀਆ ਆਪਣੇ-ਆਪਣੇ ਦੇਸ਼ਾਂ ਦੇ ਟੀ. ਵੀ. ਚੈਨਲਾਂ, ਪ੍ਰਿੰਟ ਮੀਡੀਏ ਵਿੱਚ ਆਪੋ-ਆਪਣੇ ਰਾਸ਼ਟਰਪਤੀ-ਪ੍ਰਧਾਨ ਮੰਤਰੀ ਦੇ ਗੁੱਡੇ ਬੰਨ੍ਹ ਰਿਹਾ ਹੁੰਦਾ ਹੈ ਕਿ ਉਸ ਨੇ ਵਿਰੋਧੀਆਂ ਦੇ ਫੱਟੇ ਚੁੱਕ ਦਿੱਤੇ। ਭਾਰਤ ਤੇ ਪਾਕਿਸਤਾਨ ਦੇ ਨੁਮਾਇੰਦਿਆਂ ਵੱਲੋਂ ਭਾਵੇਂ ਪਿਛਲੇ ਲਗਭਗ 72 ਵਰ੍ਹਿਆਂ ਤੋਂ ਇਹ ਅਮਲ ਜਾਰੀ ਹੈ ਪਰ ਇਸ ਵਾਰ ਕਸ਼ਮੀਰ ਮੁੱਦੇ ਨੂੰ ਲੈ ਕੇ ਚੱਲ ਰਹੀ ਕਸ਼ੀਦਗੀ ਕਰਕੇ ਸਭ ਦੀਆਂ ਅੱਖਾਂ ਨਿਊਯਾਰਕ ਵਲ ਲੱਗੀਆਂ ਹੋਈਆਂ ਸਨ ਕਿ ਵੇਖੀਏ ਸਾਡਾ ਭਲਵਾਨ ਕਿਹੜਾ ਦਾਅ ਮਾਰਦਾ ਹੈ।
         5 ਅਗਸਤ ਨੂੰ ਭਾਰਤੀ ਪਾਰਲੀਮੈਂਟ ਵੱਲੋਂ ਕਸ਼ਮੀਰ ਵਿੱਚ ਧਾਰਾ-370 ਅਤੇ 35 ਏ ਖਤਮ ਕਰਨ ਤੋਂ ਇਲਾਵਾ, ਜੰਮੂ-ਕਸ਼ਮੀਰ ਦਾ ਇੱਕ ਸੂਬੇ ਵਜੋਂ ਵਜੂਦ ਮਿਟਾ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ ਸੀ। ਇਹ ਫੈਸਲਾ ਲੈਣ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਤਾਇਨਾਤ 9 ਲੱਖ ਫੌਜ ਵੱਲੋਂ ਸਮੁੱਚੇ ਪ੍ਰਦੇਸ਼ ਵਿੱਚ ਕਰਫਿਊ ਲਾ ਕੇ, ਲੋਕਾਂ ਨੂੰ ਘਰਾਂ ਵਿੱਚ ਤਾੜ ਦਿੱਤਾ ਗਿਆ। ਟੈਲੀਫੋਨ, ਇੰਟਰਨੈਟ, ਸੰਚਾਰ, ਯਾਤਾਯਾਤ, ਸਿਵਲ ਲਿਬਰਟੀਜ਼ ਸਭ ਠੱਪ ਕਰ ਦਿੱਤਾ ਗਿਆ ਅਤੇ ਧਾਰਮਿਕ ਆਜ਼ਾਦੀ 'ਤੇ ਮੁਕੰਮਲ ਰੋਕ ਲਾ ਦਿੱਤੀ ਗਈ। ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਭਾਵੇਂ ਜੰਮੂ ਅਤੇ ਲੱਦਾਖ ਵਿੱਚ ਇਹ ਪਾਬੰਦੀਆਂ ਕੁਝ ਦਿਨਾਂ ਬਾਅਦ ਹਟਾ ਦਿੱਤੀਆਂ ਗਈਆਂ ਪਰ ਕਸ਼ਮੀਰ ਵਾਦੀ ਵਿਚਲੇ 80 ਲੱਖ ਲੋਕਾਂ 'ਤੇ ਇਹ ਪਾਬੰਦੀਆਂ ਨਿਰੰਤਰ ਜਾਰੀ ਹਨ।
         ਮੋਦੀ ਦੇ 21 ਸਤੰਬਰ ਨੂੰ ਹਿਊਸਟਨ ਤੋਂ ਸ਼ੁਰੂ ਹੋਏ ਦੌਰੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਸ਼ਮੀਰ-ਮੁੱਦਾ ਇੱਕ ਕੇਂਦਰੀ ਮੁੱਦਾ ਸੀ, ਜਿਸ ਲਈ ਅੰਤਰਰਾਸ਼ਟਰੀ ਮੀਡੀਏ, ਯੂਰਪੀਅਨ ਪਾਰਲੀਮੈਂਟ, ਮਨੁੱਖੀ ਅਧਿਕਾਰ ਸੰਸਥਾਵਾਂ, ਅਮਰੀਕੀ ਕਾਂਗਰਸਮੈਨਾਂ ਅਤੇ ਸੈਨੇਟਰਾਂ ਵੱਲੋਂ ਭਾਰਤ ਸਰਕਾਰ ਦੀ ਕਾਫੀ ਖਿਚਾਈ ਕੀਤੀ ਜਾ ਰਹੀ ਸੀ। ਇਸ ਸਬੰਧੀ ਦੁਨੀਆ ਦੇ ਅੱਡ-ਅੱਡ ਸ਼ਹਿਰਾਂ ਵਿੱਚ ਕਸ਼ਮੀਰੀਆਂ, ਸਿੱਖਾਂ, ਮੁਸਲਮਾਨਾਂ ਅਤੇ ਆਜ਼ਾਦੀ ਪਸੰਦ ਲੋਕਾਂ ਵੱਲੋਂ ਭਰਪੂਰ ਰੋਸ-ਵਿਖਾਵੇ ਵੀ ਕੀਤੇ ਜਾ ਰਹੇ ਸਨ। ਮੋਦੀ ਦੇ ਅਮਰੀਕੀ ਦੌਰੇ ਦੀ ਰੂਪ-ਰੇਖਾ ਉਲੀਕਣ ਵਾਲਿਆਂ ਨੇ ਸਿੱਧੀ ਅਲੋਚਨਾ ਤੋਂ ਬਚਣ ਲਈ ਮੋਦੀ ਦੌਰੇ ਦੀ ਸ਼ੁਰੂਆਤ ਬੜੀ ਪੋਪ-ਲੀਲ੍ਹਾ ਰਚ ਕੇ, ਟੈਕਸਾਸ ਦੇ ਸ਼ਹਿਰ ਹਿਊਸਟਨ ਤੋਂ 'ਹੋਡੀ-ਮੋਦੀ ਰੈਲੀ' ਰਾਹੀਂ ਕਰਵਾਈ। 50 ਹਜ਼ਾਰ ਦੀ ਸਮਰੱਥਾ ਵਾਲੇ ਫੁੱਟਬਾਲ ਸਟੇਡੀਅਮ ਨੂੰ ਭਰਨ ਲਈ ਕਈ ਮਹੀਨਿਆਂ ਤੋਂ ਜ਼ੋਰ ਲਾਇਆ ਜਾ ਰਿਹਾ ਸੀ। ਪ੍ਰਧਾਨ ਟਰੰਪ ਵੱਲੋਂ ਇਸ ਵਿੱਚ ਸ਼ਮੂਲੀਅਤ ਕਰਨ ਦੇ ਫੈਸਲੇ ਨਾਲ ਹਿੰਦੂਤਵੀ ਭੀੜ ਇਕੱਠੇ ਕਰਨ ਦਾ ਕੰਮ ਕਾਫੀ ਸੌਖਾ ਹੋ ਗਿਆ। ਟਰੰਪ ਆਪਣੀ ਖੇਡ ਖੇਡ ਰਿਹਾ ਸੀ ਕਿਉਂਕਿ 2020 ਦੀਆਂ ਪ੍ਰਧਾਗੀ ਚੋਣਾਂ ਵਿੱਚ ਹਰ ਵੋਟ ਦੀ ਅਹਿਮੀਅਤ ਹੋਵੇਗੀ ਅਤੇ ਟਰੰਪ ਸਮਝਦਾ ਸੀ ਕਿ ਜਿਹੜੀਆਂ ਦੇਸੀਆਂ ਦੀਆਂ ਵੋਟਾਂ ਹਮੇਸ਼ਾ ਡੈਮੋਕਰੈਟਾਂ ਨੂੰ ਪੈਂਦੀਆਂ ਹਨ, ਉਹ ਇਨ੍ਹਾਂ ਨੂੰ ਆਪਣੇ ਖਾਤੇ ਯਾਨੀ ਕਿ ਰਿਪਬਲਿਕਨ ਪਾਰਟੀ ਵੱਲ ਮੋੜ ਸਕਦਾ ਹੈ। ਮੋਦੀ ਦੀ ਹਿਊਸਟਨ ਰੈਲੀ ਤੋਂ ਸ਼ੁਰੂ ਹੋਇਆ ਉਸ ਦਾ ਸਫਰ ਯੂ. ਐਨ. ਸਪੀਚ ਅਤੇ ਅਖੀਰ ਅਮਰੀਕਾ ਵੱਲੋਂ ਦਹਿਸ਼ਤਗਰਦ ਐਲਾਨੇ ਗਏ ਇਰਾਨ ਦੇ ਪ੍ਰਧਾਨ ਨਾਲ ਮੁਲਾਕਾਤ ਨਾਲ ਸਮਾਪਤ ਹੋਇਆ।
         ਭਾਰਤੀ ਮੀਡੀਏ ਅਤੇ ਚਮਚਿਆਂ ਵੱਲੋਂ ਇਸ ਸਾਰੇ ਹਫਤੇ ਦੌਰਾਨ ਕੀਤੇ ਗਏ ਸ਼ੋਰ-ਸ਼ਰਾਬੇ ਦਾ ਇੱਕ ਵੀ ਪਹਿਲੂ ਸੀ ਕਿ ਮੋਦੀ ਬਾਦਸ਼ਾਹ ਸਿਕੰਦਰ ਵਾਂਗ ਅਮਰੀਕਾ 'ਚੋਂ ਦੁਨੀਆ ਨੂੰ ਫਤਹਿ ਕਰਕੇ ਪਰਤਿਆ ਹੈ। ਪਾਕਿਸਤਾਨ ਦੇ ਨੁਕਤਾਨਿਗਾਹ ਤੋਂ ਇਹ ਪ੍ਰਚਾਰਿਆ ਗਿਆ ਕਿ ਇਮਰਾਨ ਖ਼ਾਨ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਜਦੋਂ ਕਿ ਦੁਨੀਆ ਦੇ ਹਰ ਦੇਸ਼ ਦੇ ਮੁਖੀ ਨੇ ਮੋਦੀ ਨੂੰ ਮਿਲਦਿਆਂ ਹੀ 'ਹੋਡੀ-ਮੋਦੀ' ਕਹਿ ਕੇ ਉਸ ਨੂੰ ਗਲ ਨਾਲ ਲਾ ਲਿਆ। ਮੋਦੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੇ ਭਾਰਤ ਦੀ ਕਸ਼ਮੀਰ ਨੀਤੀ ਉੱਪਰ ਮੋਹਰ ਲਾ ਦਿੱਤੀ ਹੈ। ਦਿੱਲੀ ਹਵਾਈ ਅੱਡੇ ਤੇ ਉੱਤਰਦਿਆਂ ਆਰ. ਐੱਸ. ਐੱਸ. ਵਾਲਿਆਂ ਨੇ ਮੋਦੀ ਦਾ ਇਵੇਂ ਸਵਾਗਤ ਕੀਤਾ, ਜਿਵੇਂ ਉਹ 'ਸੋਨੇ ਦੀਆਂ ਖਾਣਾਂ' ਲੱਭ ਕੇ ਮੁੜਿਆ ਹੈ ਅਤੇ ਦੁਨੀਆ ਨੇ ਭਾਰਤ ਨੂੰ ਇੱਕ ਸੁਪਰ-ਪਾਵਰ ਵਜੋਂ ਮਾਨਤਾ ਦੇ ਦਿੱਤੀ ਹੈ। ਮੀਡੀਏ ਨੇ ਇੱਥੋਂ ਤੱਕ ਕਿਹਾ ਕਿ ਹਿਊਸਟਨ ਵਿੱਚ ਸੁਪਰ-ਪਾਵਰ ਅਮਰੀਕਾ ਨੇ ਭਾਰਤ ਦੇ ਪੈਰਾਂ ਵਿੱਚ ਝੁਕ ਕੇ ਨਮਨ ਕੀਤਾ ਅਤੇ ਟਰੰਪ ਨੇ ਮੋਦੀ ਨੂੰ 'ਰਾਸ਼ਟਰ-ਪਿਤਾ' ਅਤੇ 'ਦੇਸ਼ ਨੂੰ ਜੋੜਨ ਵਾਲਾ' ਖਿਤਾਬਾਂ ਨਾਲ ਨਿਵਾਜਿਆ। ਕਿਸੇ ਨੇ ਚਾਅ ਵਿੱਚ ਇਹ ਨਾਹਰਾ ਲਾਇਆ 'ਮੋਦੀ ਭਗਵਾਨ ਕੀ ਜੈ।'
         ਪਰ ਨਿਰਪੱਖ ਪੜਚੋਲ ਕਰਤਾਵਾਂ ਦੀ ਨਜ਼ਰ ਵਿੱਚ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਪ੍ਰਧਾਨ ਟਰੰਪ ਨੇ ਮੂੰਹ 'ਚੋਂ ਮੋਦੀ ਲਈ ਗਰਮ ਹਵਾ ਤਾਂ ਕੱਢੀ ਪਰ ਅਗਲੇ ਸਾਹ ਵਿੱਚ ਇਹ ਵੀ ਕਿਹਾ ਕਿ ਮੋਦੀ ਨੇ ਹਿਊਸਟਨ ਵਿੱਚ ਬੜੀ ਭੜਕਾਊ ਤਕਰੀਰ ਕੀਤੀ, ਜਿਸ ਦੀ ਮੈਨੂੰ ਬਿਲਕੁਲ ਆਸ ਨਹੀਂ ਸੀ। ਟਰੰਪ ਨੇ ਇਮਰਾਨ ਖ਼ਾਨ ਦੀ ਵੀ ਬਰਾਬਰ ਤਾਰੀਫ ਕਰਦਿਆਂ, ਮੁੜ-ਮੁੜ ਕੇ (ਕੁੱਲ ਪੰਜ ਵਾਰ) ਕਸ਼ਮੀਰ ਮੁੱਦੇ 'ਤੇ ਸਾਲਸੀ ਦੀ ਪੇਸ਼ਕਸ਼ ਕੀਤੀ। ਅਮਰੀਕਾ ਤੇ ਭਾਰਤ ਵਿਚਾਲੇ ਵਪਾਰਕ ਸਮਝੌਤਾ ਵੀ ਨਹੀਂ ਹੋ ਸਕਿਆ ਕਿਉਂਕਿ ਅਮਰੀਕਾ ਨੇ ਕੋਈ ਵੀ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ। ਹਾਂ, ਭਾਰਤ ਸਰਕਾਰ ਨੇ ਹਿਊਸਟਨ ਵਿੱਚ ਕੱਚੇ ਤੇਲ ਦੇ ਸੈਕਟਰ ਵਿੱਚ ਢਾਈ ਬਿਲੀਅਨ ਡਾਲਰ ਨਿਵੇਸ਼ ਦਾ 'ਤੋਹਫਾ' ਜ਼ਰੂਰ ਅਮਰੀਕਾ ਨੂੰ ਦਿੱਤਾ, ਜਿਸ ਦੇ ਧੰਨਵਾਦ ਵਿੱਚ ਅਮਰੀਕਾ ਨੇ ਭਾਰਤ ਨੂੰ ਫੁੱਟੀ ਕੌਡੀ ਵੀ ਨਹੀਂ ਫੜਾਈ।
         ਭਾਰਤੀ ਸਫਾਰਤਖਾਨਿਆਂ ਨੇ ਕਾਂਗਰਸਮੈਨਾਂ-ਸੈਨੇਟਰਾਂ ਨਾਲ ਲਾਮਬੰਦੀ ਕਰਕੇ ਉਨ੍ਹਾਂ ਦੀ ਇੱਕ ਭੀੜ ਹਿਊਸਟਨ ਵਿੱਚ ਇਕੱਠੀ ਜ਼ਰੂਰ ਕੀਤੀ ਪਰ ਕਸ਼ਮੀਰ ਮੁੱਦੇ 'ਤੇ ਉਹ ਉਨ੍ਹਾਂ ਨੂੰ ਚੁੱਪ ਕਰਵਾਉਣ ਵਿੱਚ ਅਸਫਲ ਰਹੇ। ਏਸ਼ੀਆ ਨਾਲ ਸਬੰਧਿਤ ਸਬ-ਕਮੇਟੀ ਦੇ ਚੇਅਰਮੈਨ ਬਰੈਡ ਸ਼ੇਰਮਨ ਨੇ 22 ਅਕਤੂਬਰ ਨੂੰ ਯੂ. ਐੱਸ. ਕਾਂਗਰਸ ਵਿੱਚ ਕਸ਼ਮੀਰ ਕੇਂਦਰਤ 'ਸੁਣਵਾਈ' ਕਰਨ ਦਾ ਐਲਾਨ ਕੀਤਾ ਹੈ। ਇਸ ਸੁਣਵਾਈ (ਹੀਅਰਿੰਗ) ਵਿੱਚ ਅਸਿਸਟੈਂਟ ਸੈਕ੍ਰੇਟਰੀ ਆਫ ਸਟੇਟ ਫਾਰ ਸਾਊਥ ਐਂਡ ਸੈਂਟਰਲ ਏਸ਼ੀਆ ਐਲਿਸੈਵਲਸ, ਬਿਊਰੋ ਆਫ ਡੈਮੋਕਰੇਸੀ ਅਤੇ ਹਿਊਮਨ ਰਾਈਟਸ ਦੇ ਡਿਪਟੀ ਅਸਿਸਟੈਂਟ ਕੈਸ੍ਰੇਟਰੀ ਸਕੌਟ ਬਸਬੀ ਅਤੇ ਕਸ਼ਮੀਰੀ ਮਨੁੱਖੀ ਹੱਕਾਂ ਦੇ ਕਾਰਕੁੰਨ ਪੇਸ਼ ਹੋ ਕੇ ਆਪਣੀ ਗਵਾਹੀ ਯਾਨੀਕਿ ਟੈਸਟੀਮਨੀ ਦੇਣਗੇ। ਕਾਂਗਰਸ ਵਿੱਚ ਹੋਣ ਵਾਲੀ ਇਹ ਅਹਿਮ ਸੁਣਵਾਈ ਦੱਸਦੀ ਹੈ ਕਿ ਭਾਰਤ ਵੱਲੋਂ ਕਸ਼ਮੀਰ ਮੁੱਦੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਨਾ ਸਿਰਫ਼ ਫੇਲ੍ਹ ਹੋਈ ਹੈ ਬਲਕਿ ਉਸ ਨੂੰ ਲੈਣੇ ਦੇ ਦੇਣੇ ਪੈ ਗਏ ਹਨ।
         ਇਸ ਦੇ ਉਲਟ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਲਗਭਗ 5 ਦਿਨ ਅਮਰੀਕਾ ਦੀ ਧਰਤੀ 'ਤੇ ਰਹੇ। ਉਨ੍ਹਾਂ ਨੇ ਦੁਨੀਆ ਦੇ ਪ੍ਰਸਿੱਧ ਚੈਨਲਾਂ - ਸੀ. ਐਨ. ਐਨ., ਐਮ. ਐੱਸ. ਐਨ. ਬੀ. ਸੀ., ਸਮੇਤ ਸੰਸਾਰ ਮੀਡੀਏ ਸਾਹਮਣੇ ਕਸ਼ਮੀਰ ਦਾ ਕੇਸ ਰੱਖਿਆ ਅਤੇ ਜੰਗ ਹੋਣ ਦੀ ਸੂਰਤ ਵਿੱਚ ਨਿਊਕਲੀਅਰ ਬਰਬਾਦੀ ਦੀ ਚਿਤਾਵਨੀ ਵੀ ਦਿੱਤੀ। ਦੋ ਵਾਰ ਉਹ ਅਮਰੀਕੀ ਪ੍ਰਧਾਨ ਟਰੰਪ ਨੂੰ ਮਿਲੇ, ਜਿਨ੍ਹਾਂ ਨੇ ਇਮਰਾਨ ਖ਼ਾਨ ਨੂੰ ਆਪਣਾ 'ਦੋਸਤ' ਦੱਸਦਿਆਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ। ਇਮਰਾਨ ਖ਼ਾਨ ਵੱਲੋਂ ਯੂ. ਐਨ. ਜਨਰਲ ਅਸੈਂਬਲੀ ਵਿੱਚ ਕੀਤੀ ਲਗਭਗ 50 ਮਿੰਟ ਦੀ ਤਕਰੀਰ, 'ਇਤਿਹਾਸਕ' ਹੋ ਨਿੱਬੜੀ। ਮੋਦੀ ਦੀ 17 ਮਿੰਟ ਦੀ ਸਪੀਚ ਇੱਕ 'ਫੂਕ ਨਿਕਲੇ ਨੇਤਾ' ਵਾਲੀ ਸੀ, ਜਿਸ ਵਿੱਚ ਉਹ ਫਰਜ਼ੀ ਵਿਕਾਸ ਦੀਆਂ ਡੀਂਗਾਂ ਮਾਰਦਾ ਰਿਹਾ, ਜਦੋਂਕਿ ਇਮਰਾਨ ਖ਼ਾਨ ਨੇ ਸਿੱਧਮ-ਸਿੱਧਾ ਆਰ. ਐੱਸ. ਐੱਸ., ਮੋਦੀ ਸਰਕਾਰ, ਹਿੰਦੂਤਵ ਦੀ ਨਾਜ਼ੀਵਾਦ ਵਿਚਾਰਧਾਰਾ ਨੂੰ ਆਪਣੇ ਨਿਸ਼ਾਨੇ 'ਤੇ ਲਿਆ। ਇਮਰਾਨ ਖ਼ਾਨ ਨੇ ਕਲਾਈਮੇਟ ਚੇਂਜ, ਗਰੀਬ ਦੇਸ਼ਾਂ ਦੇ ਲੀਡਰਾਂ ਵੱਲੋਂ ਲੁੱਟ-ਖਸੁੱਟ ਕਰਕੇ ਇਕੱਠੇ ਕੀਤੇ ਪੈਸੇ ਨੂੰ ਵਿਕਸਤ ਦੇਸ਼ਾਂ ਵਿੱਚ ਰੱਖਣ ਦਾ ਮੁੱਦਾ, ਇਸਲਾਮ ਵਿਰੋਧੀ ਨਫਰਤ ਯਾਨੀ ਕਿ ਇਸਲਾਮੋਫੋਬੀਆ ਅਤੇ ਕਸ਼ਮੀਰ ਮੁੱਦੇ ਸਬੰਧੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸ਼ੀਸ਼ਾ ਵਿਖਾਉਂਦਿਆਂ ਕਿਹਾ ਕਿ ਜੇ ਕਸ਼ਮੀਰ ਮੁੱਦੇ 'ਤੇ ਕੋਈ ਕਾਰਗਰ ਕਾਰਵਾਈ ਨਾ ਕੀਤੀ ਗਈ ਤਾਂ ਕਸ਼ਮੀਰ ਵਿੱਚ ਭਾਰੀ ਖੂਨ-ਖਰਾਬਾ ਹੋਵੇਗਾ। ਜੇ ਗੱਲ ਜੰਗ ਵੱਲ ਗਈ ਤਾਂ ਇਹ ਨਿਊਕਲੀਅਰ ਜੰਗ ਹੋ ਨਿਬੜੇਗੀ, ਜਿਸ ਦੇ ਅਸਰ ਤੋਂ ਬਾਕੀ ਦੁਨੀਆ ਵੀ ਨਹੀਂ ਬਚ ਸਕੇਗੀ। ਕਸ਼ਮੀਰ ਮੁੱਦੇ 'ਤੇ ਯੂ. ਐਨ. ਵਿੱਚ, ਚੀਨ, ਤੁਰਕੀ ਅਤੇ ਮਲੇਸ਼ੀਆ ਨੇ ਪਾਕਿਸਤਾਨ ਦੇ ਸਟੈਂਡ ਦੀ ਮੁਕੰਮਲ ਹਮਾਇਤ ਕੀਤੀ। ਇਮਰਾਨ ਖ਼ਾਨ, ਨੂੰ ਪਾਕਿਸਤਾਨ ਵਾਪਸੀ 'ਤੇ ਇੱਕ 'ਹੀਰੋ' ਵਾਂਗ ਮੰਨਿਆ ਗਿਆ ਭਾਵੇਂਕਿ ਇਹ ਸਮਾਂ ਦੀ ਦੱਸੇਗਾ ਕਿ ਉਹ ਕਸ਼ਮੀਰ ਮੁੱਦੇ 'ਤੇ ਅੱਗੋਂ ਕੀ ਕਾਰਵਾਈ ਕਰਨਗੇ?
        ਭਾਵੇਂ ਇਮਰਾਨ ਖ਼ਾਨ ਨੇ ਆਪਣੀ ਯੂ. ਐਨ. ਸਪੀਚ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੇ ਸਦਭਾਵਨਾ ਕਦਮ ਦਾ ਜ਼ਿਕਰ ਨਹੀਂ ਕੀਤਾ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਮੁੱਦੇ 'ਤੇ ਚੱਲ ਰਹੀ ਕੁੜੱਤਣ ਅਤੇ ਭਾਰਤ ਸਰਕਾਰ ਵੱਲੋਂ ਕਰਤਾਰ ਸਾਹਿਬ ਲਾਂਘੇ ਵਿੱਚ ਖੜ੍ਹੀਆਂ ਕੀਤੀਆਂ ਜਾ ਰਹੀਆਂ ਰੁਕਾਵਟਾਂ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਇਸ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਕੇ ਇਸ ਨੂੰ 9 ਨਵੰਬਰ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਉਦਘਾਟਨ ਮੌਕੇ ਵਿਸ਼ੇਸ਼ ਤੌਰ 'ਤੇ ਮਨਮੋਹਣ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ, ਜਿਹੜਾ ਕੋਈ ਸਿਆਣਪ ਭਰਿਆ ਕਦਮ ਨਹੀਂ ਸੀ। ਜਿਹੜਾ ਮਨਮੋਹਣ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹਿੰਦਿਆਂ ਸੱਦੇ ਦੇ ਬਾਵਜੂਦ ਇੱਕ ਵਾਰ ਵੀ ਪਾਕਿਸਤਾਨ ਨਹੀਂ ਗਿਆ ਸੀ, ਉਹ ਇਸ ਵੇਲੇ ਹਿੰਦੂਤਵ ਦੇ ਝੱਖੜ ਦੇ ਹੁੰਦਿਆਂ, ਪਾਕਿਸਤਾਨ ਜਾਣ ਦੀ ਕਿਵੇਂ ਜੁਅਰਤ ਕਰ ਸਕਦਾ ਹੈ? ਠੀਕ ਇਵੇਂ ਹੀ ਹੋਇਆ। ਕੈਪਟਨ ਅਮਰਿੰਦਰ ਅਨੁਸਾਰ ਮਨਮੋਹਣ ਸਿੰਘ, ਉਸ ਨਾਲ ਕਰਤਾਰਪੁਰ ਸਾਹਿਬ ਜਾਣ ਵਾਲੇ 'ਪਹਿਲੇ ਜੱਥੇ' ਵਿੱਚ ਸ਼ਾਮਲ ਹੋਵੇਗਾ ਪਰ ਉਹ ਦਹਿਸ਼ਤਗਰਦੀ ਨੂੰ ਹਵਾ ਦੇਣ ਵਾਲੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਉਦਘਾਟਨੀ ਸਮਾਰੋਹ ਵਿੱਚ ਬਿਲਕੁਲ ਸ਼ਾਮਲ ਨਹੀਂ ਹੋਣਗੇ। ਪਾਕਿਸਤਾਨ ਵਾਰ-ਵਾਰ ਆਪਣੇ ਬਚਕਾਨਾ ਕਦਮਾਂ ਨਾਲ, ਕਿਉਂ ਬੇਇੱਜ਼ਤੀ ਕਰਵਾਉਂਦਾ ਹੈ? ਇਹ ਖਦਸ਼ਾ ਵੀ ਸਿੱਖ ਚਿੰਤਕਾਂ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਭਾਵੇਂ ਸਿੱਖ ਦਬਾਅ ਹੇਠਾਂ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦਾ ਉਦਘਾਟਨੀ ਸਮਾਰੋਹ ਹੋ ਵੀ ਜਾਵੇ ਪਰ ਭਾਰਤੀ ਏਜੰਸੀਆਂ ਇਸ ਨੂੰ ਆਨੇ-ਬਹਾਨੇ ਮੁੜ ਬੰਦ ਕਰਵਾ ਸਕਦੀਆਂ ਹਨ। ਪਰ ਹਾਲ ਦੀ ਘੜੀ ਜੇ ਇਹ ਖੁੱਲ੍ਹ ਜਾਂਦਾ ਹੈ ਤਾਂ ਇਸ ਦਾ ਕਰੈਡਿਟ ਪਾਕਿਸਤਾਨ ਸਰਕਾਰ ਨੂੰ ਹੀ ਜਾਂਦਾ ਹੈ।
         ਭਾਰਤ ਵਿੱਚ ਇਸ ਵੇਲੇ ਹਿੰਦੂਤਵ ਦੀ ਹਨ੍ਹੇਰੀ ਪੂਰੇ ਜ਼ੋਰ ਨਾਲ ਝੁੱਲ੍ਹ ਰਹੀ ਹੈ। ਆਰ. ਐੱਸ. ਐੱਸ. ਦੇ ਜਨਰਲ ਸਕੱਤਰ ਕ੍ਰਿਸ਼ਨਾ ਗੋਪਾਲ ਨੇ 'ਸਾਬਕਾ ਸਿਵਲ ਸਰਵੈਂਟਸ ਫੋਰਮ' ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ 'ਭਾਰਤ ਅਤੇ ਆਰ. ਐੱਸ. ਐੱਸ. ਸਮ-ਅਰਥਕ ਸ਼ਬਦ ਹਨ।' ਭਾਵ ਆਰ. ਐੱਸ. ਐੱਸ. ਦਾ ਮਤਲਬ ਭਾਰਤ ਹੈ ਅਤੇ ਭਾਰਤ ਦਾ ਮਤਲਬ ਆਰ. ਐੱਸ. ਐੱਸ.। ਜੇ ਕੋਈ ਆਰ. ਐੱਸ. ਐੱਸ. ਦੇ ਵਿਰੁੱਧ ਹੈ ਤਾਂ ਇਸ ਦਾ ਮਤਲਬ ਹੈ, ਉਹ ਭਾਰਤ ਦੇ ਵਿਰੁੱਧ ਹੈ। ਜਦੋਂ ਆਰ. ਐੱਸ. ਐੱਸ. ਦਾ ਜਨਰਲ ਸਕੱਤਰ ਇਹ ਐਲਾਨ ਕਰ ਰਿਹਾ ਸੀ, ਠੀਕ ਉਸੇ ਸਮੇਂ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦਿੱਲੀ ਵਿੱਚ, ਇੱਕ ਪੁਸਤਕ ਦੀ ਘੁੰਡ-ਚੁਕਾਈ ਕਰ ਰਿਹਾ ਸੀ, ਜਿਸ ਦਾ ਨਾਮ ਹੈ - '21ਵੀਂ ਸਦੀ ਵਿੱਚ ਆਰ. ਐੱਸ. ਐੱਸ. ਦਾ ਰੋਡ ਮੈਪ।' ਇਸ ਮੌਕੇ ਆਰ. ਐੱਸ. ਐੱਸ. ਮੁਖੀ ਨੇ ਕਿਹਾ -'ਅਸੀਂ ਸਬ ਕੁਛ ਬਦਲ ਸਕਦੇ ਹਾਂ, ਵਿਚਾਰਧਾਰਾਵਾਂ ਬਦਲ ਸਕਦੀਆਂ ਹਨ ਪਰ ਇਹ ਸੱਚਾਈ ਕਦੀ ਨਹੀਂ ਬਦਲ ਸਕਦੀ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ...।'
         ਜ਼ਾਹਰ ਹੈ ਕਿ ਭਾਰਤ ਨੂੰ ਸੰਵਿਧਾਨਕ ਤੌਰ 'ਤੇ ਹਿੰਦੂ ਰਾਸ਼ਟਰ ਐਲਾਨਣਾ ਹੀ ਬਾਕੀ ਰਹਿ ਗਿਆ ਹੈ ਨਹੀਂ ਤਾਂ 'ਲਿੰਚਿਸਤਾਨ' ਬਣਿਆ ਭਾਰਤ ਸਚਮੁੱਚ ਹੀ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਹੈ।

© 2011 | All rights reserved | Terms & Conditions