'ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ' : Dr. Amarjit Singh washington D.C
Submitted by Administrator
Friday, 18 October, 2019- 05:34 pm
'ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ' :  Dr. Amarjit Singh washington D.C


4 ਸਾਲ ਬਾਅਦ ਵੀ ਦੋਸ਼ੀ ਸਜ਼ਾ ਤੋਂ ਦੂਰ!
ਪੰਥਕ ਲੀਡਰਸ਼ਿਪ ਕੌਮੀ ਜਜ਼ਬਿਆਂ ਨੂੰ ਸਹੀ ਦਿਸ਼ਾ ਦੇਵੇ!


         1 ਜੂਨ, 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) 'ਚੋਂ 'ਗਾਇਬ' ਕਰ ਦਿੱਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ 100 ਪਵਿੱਤਰ ਅੰਗ, 12 ਅਕਤੂਬਰ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿੱਲਰੇ ਹੋਏ ਮਿਲੇ। ਜਾਗਤ ਜੋਤਿ ਗੁਰੂ ਇਸ਼ਟ ਦੀ ਇਸ ਬੇਹੁਰਮਤੀ ਨੇ, ਦੁਨੀਆਂ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ। ਪੰਜਾਬ ਵਿੱਚ ਥਾਂ-ਥਾਂ ਸਿੱਖ ਸੰਗਤਾਂ ਨੇ ਬਾਹਰ ਨਿੱਕਲ ਕੇ ਰੋਸ-ਧਰਨੇ ਤੇ ਵਿਖਾਵੇ ਸ਼ੁਰੂ ਕੀਤੇ। ਇਹ ਸਮੁੱਚੀ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ ਸੀ ਅਤੇ ਕਿਤੇ ਵੀ ਕੋਈ ਹਿੰਸਕ ਪ੍ਰਦਰਸ਼ਨ ਨਹੀਂ ਹੋਇਆ।
         ਬਹਿਬਲ ਕਲਾਂ ਵਿੱਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਹਜ਼ਾਰਾਂ ਸਿੱਖ ਸੰਗਤਾਂ ਵਲੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ ਜਦੋਂ ਕਿ ਅਚਾਨਕ ਮੌਕੇ 'ਤੇ ਪੁਲਿਸ ਅਧਿਕਾਰੀ ਚਰਨਜੀਤ ਸ਼ਰਮਾ ਨੇ (ਕਿਸੇ ਫੋਨ ਕਾਲ ਆਦੇਸ਼ ਤੋਂ ਬਾਅਦ) ਸਿੱਖ ਸੰਗਤਾਂ 'ਤੇ ਬਿਨਾਂ ਕਿਸੇ ਵਾਰਨਿੰਗ ਦੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਇਸ ਜਲਿਆਂਵਾਲਾ ਬਾਗ ਸਟਾਈਲ ਗੋਲੀਬਾਰੀ ਵਿੱਚ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋਏ। ਸਿੱਖ ਸੰਗਤਾਂ ਦਾ ਰੋਹ ਕਾਬੂ ਤੋਂ ਬਾਹਰ ਰੋਣ ਤੋਂ ਰੋਕਣ ਲਈ ਸੁਮੇਧ ਸਿੰਘ (ਡੀ. ਜੀ. ਪੀ. ਪੁਲਿਸ) ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਚਰਨਜੀਤ ਸ਼ਰਮੇ ਨੂੰ ਮੁਅੱਤਲ ਕਰ ਦਿੱਤਾ ਗਿਆ।
        ਅਕਾਲੀਆਂ ਦੇ ਖਿਲਾਫ, ਸਿੱਖਾਂ ਦਾ ਰੋਹ ਪ੍ਰਚੰਡ ਹੋਇਆ ਅਤੇ ਕਈ ਥਾਈਂ ਇਨ੍ਹਾਂ ਨੇ ਭੱਜ ਕੇ ਆਪਣੀ ਹਿਫਾਜ਼ਤ ਕੀਤੀ। ਅਸਤੀਫਿਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਅਤੇ ਇਉਂ ਲੱਗਾ ਕਿ ਬਾਦਲਾਂ ਦਾ ਪੰਜਾਬ ਵਿੱਚ ਭੋਗ ਪੈ ਜਾਏਗਾ, ਜੋ ਪੈ ਵੀ ਗਿਆ। ਇਸੇ ਪਿਛੋਕੜ ਵਿੱਚ 10 ਨਵੰਬਰ, 2015 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ 'ਸਰਬੱਤ ਖਾਲਸਾ' ਸੱਦਿਆ ਗਿਆ। ਸਰਕਾਰੀ ਰੁਕਾਵਟਾਂ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਮੁਕਾਮ 'ਤੇ ਪਹੁੰਚੀਆਂ। ਦੁਨੀਆਂ ਭਰ ਦੇ ਸਿੱਖਾਂ ਵਿੱਚ ਇੱਕ ਉਤਸ਼ਾਹ, ਰੋਹ ਤੇ ਪੁਨਰ-ਜਾਗ੍ਰਿਤੀ ਦਾ ਦੌਰ ਸਾਹਮਣੇ ਆਇਆ।
        14 ਅਕਤੂਬਰ, 2018 ਨੂੰ ਬਹਿਬਲ ਕਲਾਂ ਕਾਂਡ ਨੂੰ ਵਾਪਰਿਆਂ ਚਾਰ ਸਾਲ ਪੂਰੇ ਹੋ ਗਏ ਹਨ। ਇਸ ਕਾਂਡ ਦੀ ਜਾਂਚ ਲਈ ਥਾਪੇ 'ਜੋਰਾ ਸਿੰਘ ਕਮਿਸ਼ਨ' ਨੇ ਆਪਣੇ ਮਾਲਕਾਂ ਨੂੰ ਖੁਸ਼ ਰੱਖਦਿਆਂ ਆਪਣੀ ਰਿਪੋਰਟ ਵਿੱਚ ਸਿਰਫ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ। ਸਿਤਮਜ਼ਰੀਫੀ ਇਹ ਹੈ ਕਿ ਜਦੋਂ ਜੋਰਾ ਸਿੰਘ ਆਪਣੀ ਰਿਪੋਰਟ ਦੇਣ ਲਈ ਸਿਵਲ-ਸੈਕਟ੍ਰੀਏਟ ਪਹੁੰਚਿਆ ਤਾਂ ਉੱਥੇ ਸਿਰਫ ਇੱਕ ਚਪੜਾਸੀ ਮੌਜੂਦ ਸੀ। ਇਹ ਜਾਅਲੀ ਜਿਹੀ ਰਿਪੋਰਟ ਲੈਣ ਲਈ ਵੀ ਕੋਈ ਤਿਆਰ ਨਹੀਂ ਸੀ। ਪੰਜਾਬ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇੱਕ ਮੈਂਬਰੀ 'ਜਸਟਿਸ ਮਾਰਕੰਡੇ ਕਾਟਜੂ ਕਮਿਸ਼ਨ' ਰਾਹੀਂ ਇਸ ਕਾਂਡ ਦੀ ਖੁੱਲ੍ਹੀ ਸੁਣਵਾਈ ਕਰਵਾਈ। ਜਸਟਿਸ ਕਾਟਜੂ ਨੇ ਆਪਣੀ ਰਿਪੋਰਟ ਵਿੱਚ 'ਬਿਨਾਂ ਭੜਕਾਹਟ ਦੇ' ਕੀਤੀ ਗਈ ਫਾਇਰਿੰਗ ਅਤੇ ਕਿਸੇ ਉੱਪਰੋਂ ਆਏ ਆਦੇਸ਼ ਦਾ ਜ਼ਿਕਰ ਕੀਤਾ। ਗੱਲ ਅੱਗੇ ਨਹੀਂ ਤੁਰੀ ਅਤੇ ਬਹੁਤ ਕੁਝ ਸਿੱਖ ਲੀਡਰਾਂ ਵਲੋਂ ਵੀ ਮੀਡੀਆ ਬਿਆਨਬਾਜ਼ੀ ਤੱਕ ਹੀ ਸੀਮਤ ਰਿਹਾ। ਕੈਪਟਨ ਸਰਕਾਰ ਵਲੋਂ ਥਾਪੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਬਾਹਰ ਆ ਚੁੱਕੀ ਹੈ ਤੇ ਦੋਸ਼ੀਆਂ ਦੇ ਨਾਮ ਵੀ। ਪੰਜਾਬ ਵਿਧਾਨ ਸਭਾ 'ਚ ਵੀ ਇਸ ਮਾਮਲੇ 'ਤੇ ਕਾਂਗਰਸ ਆਪਣੇ ਆਪ ਨੂੰ ਸ਼ਾਬਾਸ਼ ਦੇ ਚੁੱਕੀ ਹੈ ਪਰ ਫੋਕੀ ਗੱਲਬਾਤ ਤੋਂ ਅਗਾਂਹ ਕੁਝ ਵੀ ਨਹੀਂ ਹੋ ਰਿਹਾ। ਦੋਸ਼ੀ ਹਾਲੇ ਵੀ ਸਜ਼ਾ ਤੋਂ ਦੂਰ ਹਨ। ਕਾਂਗਰਸ ਤੇ ਸੀ. ਬੀ. ਆਈ. ਦੀ ਜਾਂਚ ਦੀ ਖਿੱਦੋ-ਖੂੰਡੀ ਖੇਡ 'ਚ ਸਿੱਖ ਜਜ਼ਬਾਤਾਂ ਨੂੰ ਰੋਲ਼ਿਆ ਜਾ ਰਿਹਾ ਹੈ।
         ਪਿਛਲੇ ਚਾਰ ਵਰ੍ਹਿਆਂ ਵਿੱਚ ਪੰਜਾਬ ਭਰ ਵਿੱਚ ਗੁਰੂ ਗਰੰਥ ਸਾਹਿਬ ਅਤੇ ਬਾਣੀ ਦੇ ਗੁਟਕਿਆਂ ਦੇ ਅਪਮਾਨ ਦੀਆਂ ਦਰਜਨਾਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਕੋਈ ਵੀ ਦੋਸ਼ੀ ਨਹੀਂ ਫੜ੍ਹਿਆ ਗਿਆ। ਮਲੇਰਕੋਟਲੇ ਵਿੱਚ ਕੁਰਾਨ ਸ਼ਰੀਫ ਦੀ ਬੇਹੁਰਮਤੀ ਦੇ ਸਿਲਸਿਲੇ ਵਿੱਚ ਪੁਲਿਸ ਨੇ ਪਠਾਨਕੋਟ ਦੇ ਦੋ ਪ੍ਰਮੁੱਖ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂਆਂ ਨੂੰ ਕਾਬੂ ਕੀਤਾ ਸੀ ਅਤੇ ਉਨ੍ਹਾਂ ਤੋਂ ਸਬੰਧਿਤ ਮਟੀਰੀਅਲ, ਗੱਡੀ, ਲਾਈਟਰ ਆਦਿ ਬਰਾਮਦ ਕੀਤੇ ਸਨ। ਪਰ ਫੌਰਨ ਬਾਅਦ, ਉਨ੍ਹਾਂ ਦੋਹਾਂ ਹਿੰਦੂਤਵੀ ਆਗੂਆਂ ਦਾ ਸਬੰਧ ਦਿੱਲੀ ਵਿਧਾਨ ਸਭਾ ਦੇ ਮੈਂਬਰ, ਆਮ ਆਦਮੀ ਪਾਰਟੀ ਦੇ ਨਰੇਸ਼ ਯਾਦਵ ਨਾਲ ਜੋੜ ਕੇ ਸਾਰੀ ਕਹਾਣੀ ਨੂੰ ਅੱਡ ਸਪਿੰਨ ਦੇ ਦਿੱਤੀ ਗਈ। ਇਸ ਵਰ੍ਹੇ ਦੌਰਾਨ ਹਿੰਦੂਤਵੀਆਂ ਨੂੰ ਵੰਗਾਰਨ ਵਾਲੇ ਭਾਈ ਜੋਗਾ ਸਿੰਘ ਖਾਲਿਸਤਾਨੀ 'ਤੇ ਵੀ ਹਮਲਾ ਹੋਇਆ। ਹਸਪਤਾਲ ਵਿੱਚ ਕਈ ਹਫਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਵਿੱਚ ਜੂਝਦਿਆਂ ਉਹ ਵੀ ਅਖੀਰ ਦਮ ਤੋੜ ਗਏ। ਅਸਲ ਦੋਸ਼ੀਆਂ ਦੀ ਪਛਾਣ ਹੋਣ ਦੇ ਬਾਵਜੂਦ ਉਹ ਅਜੇ ਤੱਕ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ ਕਿਉਂਕਿ ਇਨਸਾਫ ਦੀ ਤੱਕੜੀ ਦੀ ਡੰਡੀ ਸਟੇਟ ਦੇ ਹੱਥ ਵਿੱਚ ਹੈ।
        ਸਿੱਖ ਕੌਮ ਇਸ ਵੇਲੇ ਮੁੜ ਉਦਾਸੀ ਅਤੇ ਦਿਲਗੀਰੀ ਦਾ ਸ਼ਿਕਾਰ ਹੈ। ਉਨ੍ਹਾਂ ਨੂੰ ਇਨ੍ਹਾਂ ਘਿਨਾਉਣੀਆਂ ਹਰਕਤਾਂ ਦਾ ਇਨਸਾਫ਼ ਨਹੀਂ ਮਿਲ ਰਿਹਾ।
        ਅਸੀਂ ਦੇਖ ਰਹੇ ਹਾਂ ਕਿ ਕੌਮ ਨੂੰ ਜਦ ਵੀ ਹਾਕ ਮਾਰੀ ਗਈ ਹੈ, ਕੌਮ ਨੇ ਦੂਣ-ਸਵਾਏ ਜੋਸ਼ ਨਾਲ ਵਾਪਸ ਹੁੰਗਾਰਾ ਭਰਿਆ ਹੈ। ਬੀਤੇ ਛੇ ਸਾਲਾਂ 'ਚ ਕੌਮ ਨੇ ਤਿੰਨ ਵਾਰ ਵੱਡੇ ਇਕੱਠ ਕਰਕੇ ਦਿਖਾਏ ਹਨ। ਪਹਿਲਾਂ ਭਾਈ ਰਾਜੋਆਣਾ ਨੂੰ ਫਾਂਸੀ ਦੇ ਐਲਾਨ ਦੇ ਉਲਟ, ਦੂਜਾ ਸਰਬੱਤ ਖਾਲਸਾ ਮੌਕੇ ਤੇ ਤੀਜਾ ਹੁਣ ਬਰਗਾੜੀ 'ਚ। ਕੌਮੀ ਜਜ਼ਬੇ 'ਚ ਕਿਤੇ ਘਾਟ ਨਹੀਂ, ਜੇ ਘਾਟ ਹੈ ਤਾਂ ਲੀਡਰਸ਼ਿਪ 'ਚ, ਜੋ ਇਸ ਤੂਫਾਨ ਨੂੰ ਸਹੀ ਦਿਸ਼ਾ ਨਹੀਂ ਦੇ ਰਹੀ। ਇਸ ਵੱਲ ਤਵੱਜੋਂ ਦੇਣ ਦੀ ਲੋੜ ਹੈ ਵਰਨਾ ਕੌਮ ਨੂੰ ਨਿਰਾਸ਼ਾ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੇ ਬਚਾਅ ਲਈ ਭਾਰਤੀ ਸਟੇਟ ਤੇ ਅਦਾਲਤਾਂ ਪੱਬਾਂ ਭਾਰ ਹਨ ਪਰ ਜੇਕਰ ਪੰਥਕ ਲੀਡਰਸ਼ਿਪ ਲੋਕ ਰੋਹ ਨੂੰ ਸਹੀ ਦਿਸ਼ਾ ਦੇ ਦੇਣ ਤਾਂ ਸਰਕਾਰ ਨੂੰ ਕੁਰਸੀ ਬਚਾਉਣ ਲਈ ਦੋਸ਼ੀਆਂ ਨੂੰ ਫੜਨਾ ਹੀ ਪਵੇਗਾ।

© 2011 | All rights reserved | Terms & Conditions