ਲਗਭਗ ਢਾਈ ਮਹੀਨੇ ਬਾਅਦ ਵੀ ਕਸ਼ਮੀਰ ਦੀ ਘੇਰਾਬੰਦੀ ਜਿਉਂ ਦੀ ਤਿਉਂ ! : Dr. Amarjit Singh washington D.C
Submitted by Administrator
Friday, 18 October, 2019- 05:39 pm
ਲਗਭਗ ਢਾਈ ਮਹੀਨੇ ਬਾਅਦ ਵੀ ਕਸ਼ਮੀਰ ਦੀ ਘੇਰਾਬੰਦੀ ਜਿਉਂ ਦੀ ਤਿਉਂ ! :  Dr. Amarjit Singh washington D.C

'ਭਾਰਤ, ਪਾਕਿਸਤਾਨ ਵਲ ਜਾਣ ਵਾਲੇ ਪਾਣੀ ਨੂੰ ਰੋਕ ਦੇਵੇਗਾ'-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
'ਪਾਕਿਸਤਾਨ ਦੇ ਅੱਗੋਂ ਹੋਰ ਟੁਕੜੇ ਕਰਾਂਗੇ' - ਰਾਜਨਾਥ ਸਿੰਘ, ਰੱਖਿਆ ਮੰਤਰੀ
'ਅਸੀਂ ਅਗਲੀ ਜੰਗ ਰਵਾਇਤੀ ਹਥਿਆਰਾਂ ਨਾਲ ਜਿੱਤਾਂਗੇ' - ਵਿਪਿਨ ਰਾਵਤ, ਫੌਜ ਮੁਖੀ
'ਭਾਰਤ ਦੇ ਮੁਸਲਮਾਨ, ਦੁਨੀਆ ਦੇ ਬਾਕੀ ਮੁਸਲਮਾਨਾਂ ਨਾਲੋਂ ਸਭ ਤੋਂ ਜ਼ਿਆਦਾ ਖੁਸ਼' - ਮੋਹਨ ਭਾਗਵਤ, ਆਰ. ਐੱਸ. ਐੱਸ. ਮੁਖੀ
'ਭਾਰਤ ਸਰਕਾਰ, ਸਾਵਰਕਰ ਨੂੰ ਭਾਰਤ ਰਤਨ ਦੇ ਖਿਤਾਬ ਨਾਲ ਨਿਵਾਜੇ' - ਮਹਾਂਰਾਸ਼ਟਰ ਬੀ. ਜੇ. ਪੀ.

        ਵਾਸ਼ਿੰਗਟਨ (ਡੀ. ਸੀ.) 19 ਅਕਤੂਬਰ, 2019 - ਜਦੋਂ ਮੋਦੀ ਸਰਕਾਰ ਨੇ ਸੰਵਿਧਾਨਕ ਗੁੰਡਾਗਰਦੀ ਕਰਦਿਆਂ, 5 ਅਗਸਤ ਨੂੰ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਕੇ, ਜੰਮੂ-ਕਸ਼ਮੀਰ ਦੀ ਇੱਕ ਸੂਬੇ ਵਜੋਂ ਹੋਂਦ ਨੂੰ ਵੀ ਮਿਟਾ ਦਿੱਤਾ ਸੀ ਤਾਂ ਅਸੀਂ ਇਸ ਕਾਲਮ ਵਿੱਚ ਲਿਖਿਆ ਸੀ ਕਿ ਹੁਣ ਅਗਲਾ ਕਦਮ 1960 ਵਿੱਚ ਪ੍ਰਵਾਨ ਕੀਤੀ ਗਈ 'ਇੰਡਸ ਵਾਟਰ ਸੰਧੀ' ਨੂੰ ਖਤਮ ਕਰਨ ਦਾ ਹੋਵੇਗਾ। ਯਾਦ ਰਹੇ ਇਸ ਸੰਧੀ ਅਨੁਸਾਰ ਸਤਿਲੁਜ, ਬਿਆਸ ਤੇ ਰਾਵੀ ਦਰਿਆਵਾਂ ਦੇ ਮੁਕੰਮਲ ਪਾਣੀਆਂ (ਅੱਪਰ ਅਤੇ ਲੋਅਰ ਰਾਈਪੇਰੀਅਨ) 'ਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਹੱਕ ਮੰਨਿਆ ਗਿਆ ਸੀ ਅਤੇ ਝਨਾਂ, ਜਿਹਲਮ ਅਤੇ ਦਰਿਆਏ ਸਿੰਧ ਨੂੰ ਪਾਕਿਸਤਾਨ ਦੀ ਮਲਕੀਅਤ ਮੰਨਿਆ ਗਿਆ ਸੀ। ਭਾਵੇਂ ਕਿ ਝਨਾਂ ਤੇ ਜਿਹਲਮ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿੱਚੋਂ ਵਗਦੇ ਹਨ ਪਰ ਉਸ ਦੇ ਪਾਣੀਆਂ 'ਤੇ ਭਾਰਤ ਦਾ ਕੋਈ ਕੰਟਰੋਲ ਨਹੀਂ ਹੈ। ਵਰਲਡ ਬੈਂਕ ਵਲੋਂ ਕਰਵਾਈ ਗਈ ਇਸ ਸੰਧੀ ਨੂੰ ਲਾਗੂ ਕਰਨ ਤੋਂ ਬਾਅਦ, ਵਰਲਡ ਬੈਂਕ ਵਲੋਂ ਦਿੱਤੇ ਪੈਸੇ ਨਾਲ ਭਾਰਤ ਨੇ ਸਤਿਲੁਜ ਦਰਿਆ 'ਤੇ ਭਾਖੜਾ ਡੈਮ ਬਣਾਇਆ ਅਤੇ ਪਾਕਿਸਤਾਨ ਨੇ ਜੇਹਲਮ ਦਰਿਆ 'ਤੇ ਅਜ਼ਾਦ ਕਸ਼ਮੀਰ ਦੇ ਜ਼ਿਲ੍ਹਾ ਮੀਰਪੁਰ ਵਿੱਚ ਮੰਗਲਾ ਡੈਮ ਬਣਾਇਆ। ਇਸ ਸੰਧੀ ਦੇ ਉਪਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਪਾਕਿਸਤਾਨ ਦੇ ਫੌਜੀ ਪ੍ਰਧਾਨ ਅਯੂਬ ਖਾਨ ਨੇ ਦਸਤਖਤ ਕੀਤੇ। ਥੋੜੇ ਬਹੁਤ ਖਿਚਾਅ ਦੇ ਬਾਵਜੂਦ ਪਿਛਲੇ ਲਗਭਗ 60 ਸਾਲ ਤੋਂ ਇਸ ਸੰਧੀ 'ਤੇ ਅਮਲ ਹੋ ਰਿਹਾ ਹੈ। ਹੁਣ ਇਉਂ ਜਾਪਦਾ ਹੈ ਕਿ ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ਸੂਬੇ ਦੀ ਹੋਂਦ ਮਿਟਾਉਣ ਤੋਂ ਬਾਅਦ, ਇੰਡਸ ਵਾਟਰ ਸੰਧੀ ਦਾ ਭੋਗ ਪਾਉਣ ਦੀ ਸਰਗਰਮੀ ਸ਼ੁਰੂ ਹੋ ਚੁੱਕੀ ਹੈ।

        ਮੋਦੀ ਨੇ ਹਰਿਆਣੇ ਦੇ ਚਰਖੀ ਦਾਦਰੀ ਕਸਬੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, 'ਪਿਛਲੇ 70 ਸਾਲਾਂ ਤੋਂ ਉਹ ਪਾਣੀ, ਜਿਹੜਾ ਭਾਰਤ ਤੇ ਹਰਿਆਣੇ ਦੇ ਕਿਸਾਨਾਂ ਦੀ ਮਲਕੀਅਤ ਹੈ, ਪਾਕਿਸਤਾਨ ਨੂੰ ਜਾ ਰਿਹਾ ਹੈ। ਮੈਂ ਇਸ ਪਾਣੀ ਨੂੰ ਰੋਕ ਕੇ ਤੁਹਾਡੇ ਖੇਤਾਂ ਅਤੇ ਘਰਾਂ ਤੱਕ ਪਹੁੰਚਾਵਾਂਗਾ। ਇਸ ਪਾਣੀ 'ਤੇ ਹਰਿਆਣੇ ਅਤੇ ਰਾਜਸਥਾਨ ਦੇ ਕਿਸਾਨਾਂ ਦਾ ਹੱਕ ਹੈ। ਮੈਂ ਤੁਹਾਡੀ ਲੜਾਈ ਲੜਾਂਗਾ।' ਮੋਦੀ ਦਾ ਇਹ ਬਿਆਨ ਦੋ-ਧਾਰਾ ਹੈ। ਇੱਕ ਪਾਸੇ ਉਹ ਪਾਕਿਸਤਾਨ ਨੂੰ ਕੱਟਦਾ ਹੈ, ਦੂਸਰੇ ਪਾਸੇ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਵੀ ਉਹਦੇ ਹੱਕ ਤੋਂ ਮਹਿਰੂਮ ਕਰਦਾ ਹੈ। ਮੋਦੀ ਦੀ ਇਹ ਧਮਕੀ ਇੰਡਸ ਵਾਟਰ ਸੰਧੀ ਨੂੰ ਖਤਮ ਕਰਕੇ, ਜਿਹਲਮ, ਝਨਾਂ ਦੇ ਪਾਣੀਆਂ ਨੂੰ ਰਾਜਸਥਾਨ-ਹਰਿਆਣੇ ਵੱਲ ਮੋੜਨ ਦੀ ਵਕਾਲਤ ਹੈ। ਉਸ ਨੇ ਇਸ ਬਿਆਨ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ। ਹਾਲਾਂਕਿ ਹਕੀਕਤ ਇਹ ਹੈ ਕਿ ਸਤਿਲੁਜ, ਬਿਆਸ, ਰਾਵੀ, ਝਨਾਂ ਤੇ ਜਿਹਲਮ 'ਚੋਂ ਕੋਈ ਵੀ ਦਰਿਆ ਹਰਿਆਣੇ ਅਤੇ ਰਾਜਸਥਾਨ ਨੂੰ ਛੂੰਹਦਾ ਤੱਕ ਨਹੀਂ। ਸਤਿਲੁਜ, ਬਿਆਸ ਤੇ ਰਾਵੀ ਪੂਰਬੀ ਪੰਜਾਬ 'ਚ ਵਗਦੇ ਹਨ ਜਦੋਂ ਕਿ ਸਤਿਲੁਜ ਤੇ ਰਾਵੀ ਪੂਰਬੀ ਪੰਜਾਬ 'ਚੋਂ ਨਿੱਕਲ ਕੇ ਪਾਕਿਸਤਾਨੀ ਪੰਜਾਬ ਵਿੱਚ ਜਾ ਵੜਦੇ ਹਨ। ਮੋਦੀ ਸਰਕਾਰ ਦੀ ਇਹ ਨੀਤੀ, ਪੂਰਬੀ ਪੰਜਾਬ ਦੇ ਪਾਣੀਆਂ ਨੂੰ ਖੋਹ ਕੇ ਹਰਿਆਣੇ ਅਤੇ ਰਾਜਸਥਾਨ ਨੂੰ ਦੇਣ ਦੀ ਹੈ। ਸਤਿਲੁਜ-ਯਮੁਨਾ ਲਿੰਕ ਨਹਿਰ ਯੋਜਨਾ ਵੀ ਇਸੇ ਨੀਤੀ ਦਾ ਹਿੱਸਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ, ਇਸ 'ਤੇ ਸਖਤ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਪਰ ਅਫਸੋਸ! ਪੰਜਾਬ ਦੀ ਕਿਸੇ ਧਿਰ ਨੇ ਇਸ ਬਿਆਨ 'ਤੇ ਅਜੇ ਤੱਕ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ। ਕੀ ਅਸੀਂ ਬਿਲਕੁਲ ਸਾਹ-ਸੱਤ ਹੀਣ ਹੋ ਗਏ ਹਾਂ?
         ਹਰਿਆਣੇ ਦੇ ਪਟੌਦੀ ਕਸਬੇ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੋਦੀ ਦੇ ਨਹਿਲੇ 'ਤੇ ਦਹਿਲਾ ਮਾਰਦਿਆਂ, ਪਾਕਿਸਤਾਨ ਨੂੰ ਵੰਗਾਰਦਿਆਂ ਕਿਹਾ, 'ਸੁਧਰ ਜਾਓ! ਨਹੀਂ ਤੇ ਪਹਿਲਾਂ ਅਸੀਂ ਬੰਗਲਾ ਦੇਸ਼ ਬਣਾ ਕੇ ਤੁਹਾਡੇ ਦੇ ਟੋਟੇ ਕੀਤੇ ਸਨ, ਹੁਣ ਅਸੀਂ ਪਾਕਿਸਤਾਨ ਨੂੰ ਕਈ ਟੁਕੜਿਆਂ ਵਿੱਚ ਵੰਡ ਦੇਵਾਂਗੇ! ਕਸ਼ਮੀਰ ਸਾਡਾ ਹੈ ਅਤੇ ਇਸ ਬਾਰੇ ਬਕਬਕ ਬੰਦ ਕਰੋ।' ਯਾਦ ਰਹੇ, ਪਟੌਦੀ ਹਲਕੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਮੁਸਲਮਾਨ ਰਹਿੰਦੇ ਹਨ ਕਿਉਂਕਿ ਕਦੀ ਇਹ 'ਪਟੌਦੀ ਰਿਆਸਤ' ਸੀ, ਜਿਸ ਦਾ ਨਵਾਬ ਮੁਸਲਮਾਨ ਹੈ। ਜਦੋਂ ਮੋਦੀ ਤੇ ਰਾਜਨਾਥ ਹਰਿਆਣੇ ਵਿੱਚ ਪਾਕਿਸਤਾਨ ਦੀ ਐਸੀ-ਤੈਸੀ ਫੇਰ ਰਹੇ ਸਨ, ਉਦੋਂ ਦਿੱਲੀ ਦੀ ਫੌਜੀ ਡਿਫੈਂਸ ਸੰਸਥਾ ਵਿੱਚ ਭਾਰਤੀ ਫੌਜੀ ਮੁਖੀ ਵਿਪਿਨ ਰਾਵਤ ਪਾਕਿਸਤਾਨ ਨੂੰ ਲਲਕਾਰ ਰਿਹਾ ਸੀ। ਡਿਫੈਂਸ ਰਿਸਰਚ ਸੰਸਥਾ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ, ਵਿਪਨ ਰਾਵਤ ਨੇ ਕਿਹਾ, 'ਫੌਜ ਵਿੱਚ ਦੇਸੀ ਕਾਢ ਤਕਨੀਕਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਅਸੀਂ ਜਿਹੜੀ ਅਗਲੀ ਜੰਗ ਲੜਾਂਗੇ, ਉਹ ਅਸੀਂ ਦੇਸੀ-ਤਕਨੀਕਾਂ ਦੇ ਸਹਾਰੇ ਜਿੱਤਾਂਗੇ।' ਇਸ ਮੌਕੇ ਮੰਚ 'ਤੇ ਖੁਫੀਆ ਤੰਤਰ ਦਾ ਬਾਦਸ਼ਾਹ ਅਜੀਤ ਡੋਵਾਲ ਵੀ ਮੌਜੂਦ ਸੀ, ਜਿਹੜਾ ਕਿ ਮੋਦੀ, ਅਮਿਤ ਸ਼ਾਹ ਦੀ ਕਾਤਲ ਜੋੜੀ ਦੇ ਨਾਲ ਜੁੜਿਆ 'ਤੀਸਰਾ ਸਾਜ਼ਿਸ਼ਕਾਰੀ' ਹੈ, ਜਿਹੜਾ ਪਾਕਿਸਤਾਨ ਦੀ ਹੋਂਦ ਮਿਟਾਉਣ ਲਈ ਭਵਿੱਖ ਦੀ ਜੰਗ ਲਈ ਮੋਰਚਾਬੰਦੀ ਕਰ ਰਿਹਾ ਹੈ। ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇਹ ਫਿਰਕੂ-ਖੂਨੀ ਤਿੱਕੜੀ, ਸਾਊਥ ਏਸ਼ੀਆ ਨੂੰ ਨਿਊਕਲੀਅਰ ਜੰਗ ਦੇ ਬੂਥੇ ਵਿੱਚ ਧੱਕ ਰਹੇ ਹਨ, ਜਿਸ ਵਿੱਚੋਂ ਮੁਕੰਮਲ ਤਬਾਹੀ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲੇਗਾ।
          ਆਰ. ਐਸ. ਐਸ. ਜਮਾਤ ਜਿੱਥੇ ਬਾਬਰੀ ਮਸੀਤ ਦੀ ਥਾਂ 'ਤੇ ਰਾਮ-ਮੰਦਰ ਬਣਾਉਣ ਲਈ ਭਾਰਤੀ ਸੁਪਰੀਮ ਕੋਰਟ ਦੇ ਹਾਂ-ਪੱਖੀ ਫੈਸਲੇ ਦੀ ਉਡੀਕ ਵਿੱਚ ਹੈ, ਉੱਥੇ ਉਹ ਭਾਰਤ ਵਿੱਚੋਂ ਮੁਸਲਮਾਨਾਂ, ਯਹੂਦੀਆਂ, ਇਸਾਈਆਂ ਦੇ 'ਪਰਸਨਲ ਲਾਅ' ਖਤਮ ਕਰਕੇ ਸਭ ਨੂੰ ਹਿੰਦੂ ਕਾਨੂੰਨ ਦੇ ਦਾਇਰੇ ਹੇਠ ਲਿਆਉਣ ਦੀ ਅਗਲੀ ਵਿਉਂਤਬੰਦੀ 'ਤੇ ਅਮਲ ਕਰ ਰਹੀ ਹੈ। ਸਿੱਖ, ਬੋਧੀ ਤੇ ਜੈਨੀ ਤਾਂ ਪਹਿਲਾਂ ਹੀ ਕਾਨੂੰਨਨ ਤੌਰ 'ਤੇ ਹਿੰਦੂ ਬਣਾਏ ਹੋਏ ਹਨ। ਪਿਛਲੇ ਦਿਨੀਂ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੇ ਸਪੱਸ਼ਟਤਾ ਨਾਲ ਕਿਹਾ ਸੀ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਅਤੇ ਹਮੇਸ਼ਾਂ ਇਵੇਂ ਹੀ ਰਹੇਗਾ।
          ਘੱਟਗਿਣਤੀ ਮੁਸਲਮਾਨਾਂ ਦੇ ਜ਼ਖਮਾਂ 'ਤੇ ਅੱਗੋਂ ਲੂਣ ਛਿੜਕਦਿਆਂ ਮੋਹਨ ਭਾਗਵਤ ਨੇ ਕਿਹਾ ਹੈ ਕਿ 'ਦੁਨੀਆਂ ਦੇ ਮੁਸਲਮਾਨਾਂ ਵਿੱਚ ਸਭ ਤੋਂ ਜ਼ਿਆਦਾ ਖੁਸ਼ ਭਾਰਤ ਦੇ ਮੁਸਲਮਾਨ ਹਨ। ਇਸ ਲਈ ਉਨ੍ਹਾਂ ਨੂੰ ਹਿੰਦੂ ਸੱਭਿਅਤਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।' ਇਸ ਬਿਆਨ ਰਾਹੀਂ ਮੋਹਨ ਭਾਗਵਤ ਮੁਸਲਮਾਨਾਂ ਨੂੰ ਇਹ ਕਹਿ ਰਿਹਾ ਹੈ ਕਿ ਜ਼ਲੀਲ ਅਤੇ ਬਰਬਾਦ ਹੋ ਕੇ ਵੀ ਹਿੰਦੂਆਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਕੇ ਕਹੋ, ਭਾਰਤ ਮਾਤਾ ਕੀ ਜੈ!!
         ਬੀਜੇਪੀ ਦੀ ਮਹਾਰਾਸ਼ਟਰਾ ਇਕਾਈ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਮੰਗ ਰੱਖੀ ਹੈ ਕਿ ਹਿੰਦੂਤਵੀ ਵਿਚਾਰਧਾਰਾ ਦੇ ਮੋਢੀ ਸਾਵਰਕਰ ਨੂੰ 'ਭਾਰਤ-ਰਤਨ' ਐਵਾਰਡ ਨਾਲ ਨਿਵਾਜਿਆ ਜਾਏ। ਯਾਦ ਰਹੇ ਇਹ ਉਹ ਹੀ ਸਾਵਰਕਰ ਹੈ, ਜਿਸ ਨੇ 'ਹਿੰਦੂ ਰਾਸ਼ਟਰ' ਦਾ ਸਿਧਾਂਤ ਦਿੱਤਾ, ਹਿੰਦੂ ਮਹਾਂਸਭਾ ਦਾ ਪ੍ਰਧਾਨ ਰਿਹਾ ਅਤੇ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ ਗਾਂਧੀ ਦੇ ਕਤਲ ਲਈ ਪ੍ਰੇਰਤ ਕੀਤਾ। ਸਾਵਰਕਰ 'ਤੇ ਗਾਂਧੀ ਕਤਲ ਕੇਸ ਦਾ ਮੁਕੱਦਮਾ ਵੀ ਚੱਲਿਆ ਪਰ ਸਬੂਤਾਂ ਦੀ ਘਾਟ ਕਰਕੇ ਇਸ ਨੂੰ ਬਰੀ ਕਰ ਦਿੱਤਾ ਗਿਆ। ਵਾਜਪਾਈ ਨੇ ਇਸ ਦਾ ਬੁੱਤ ਪਾਰਲੀਮੈਂਟ ਹਾਲ ਵਿੱਚ ਲਵਾਇਆ ਅਤੇ ਅੰਡੇਮਾਨ-ਨਿਕੋਬਾਰ ਹਵਾਈ ਅੱਡੇ ਦਾ ਨਾਂ, ਸਾਵਰਕਰ ਦੇ ਨਾਂ 'ਤੇ ਰੱਖਿਆ। ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇੱਕ ਪਾਸੇ ਮੋਦੀ ਸਰਕਾਰ ਗਾਂਧੀ ਦੇ 150ਵੇਂ ਜਨਮ ਦਿਨ 'ਤੇ ਜਸ਼ਨ ਮਨਾ ਰਹੀ ਹੈ, ਉੱਥੇ ਦੂਸਰੇ ਪਾਸੇ ਗਾਂਧੀ ਦੇ ਸਾਵਰਕਰ ਨੂੰ 'ਭਾਰਤ-ਰਤਨ' ਦੇਣ ਦੀਆਂ ਤਿਆਰੀਆਂ ਵੀ ਕਰ ਰਹੀ ਹੈ। ਇਸ ਨੂੰ ਕਹਿੰਦੇ -
'ਰੋਟੀ ਖਾਵੋ ਸ਼ੱਕਰ ਨਾਲ
ਦੁਨੀਆਂ ਲੁੱਟੋ ਮਕਰ ਨਾਲ।'
         ਕਸ਼ਮੀਰ ਘਾਟੀ ਦੇ 80 ਲੱਖ ਲੋਕ ਪਿਛਲੇ ਢਾਈ ਮਹੀਨੇ ਤੋਂ ਇੱਕ ਖੁੱਲ੍ਹੀ ਜੇਲ੍ਹ ਵਿੱਚ ਬੰਦ ਹਨ। ਅਜੇ ਵੀ ਉੱਥੇ ਸਕੂਲ, ਕਾਲਜ, ਬਜ਼ਾਰ, ਪਬਲਿਕ ਟਰਾਂਸਪੋਰਟ, ਇੰਟਰਨੈਟ ਸੇਵਾਵਾਂ ਆਦਿ ਸਭ ਬੰਦ ਹਨ। ਪੋਸਟ-ਪੇਡ ਫੋਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਪਰ ਫੌਰਨ ਐਸ. ਐਮ. ਐਸ. ਭੇਜਣ 'ਤੇ ਪਾਬੰਦੀ ਲਾ ਦਿੱਤੀ ਗਈ। ਕਸ਼ਮੀਰ ਵਿੱਚ ਜ਼ਿੰਦਗੀ ਪੂਰੀ ਤਰ੍ਹਾਂ ਖਲੋਤੀ ਹੋਈ ਹੈ। ਵਪਾਰ ਦਾ ਹਾਲ ਇਹ ਹੈ ਕਿ ਹੁਣ ਜੰਮੂ ਦੇ ਵਪਾਰੀ ਵੀ ਚੀਕਾਂ ਮਾਰ ਰਹੇ ਹਨ ਕਿ ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏੇ ਹਾਂ। ਜੰਮੂ ਦਾ ਸਾਰਾ ਕਾਰੋਬਾਰੀ ਦਾਰੁਮਦਾਰ ਕਸ਼ਮੀਰ ਵਾਦੀ ਨਾਲ ਜੁੜਿਆ ਹੋਇਆ ਹੀ ਹੈ। ਸਰਦੀਆਂ ਵਿੱਚ ਜੰਮੂ ਸ਼ਹਿਰ, ਜੰਮੂ-ਕਸ਼ਮੀਰ ਸਟੇਟ ਦੀ ਰਾਜਧਾਨੀ ਬਣ ਜਾਂਦਾ ਸੀ। ਇਸ ਤਰ੍ਹਾਂ ਸਾਰਾ ਸੈਕਟਰੀਏਟ ਤੇ ਸਟਾਫ ਜੰਮੂ ਪਹੁੰਚ ਜਾਂਦੇ ਸਨ, ਜਿਹੜਾ ਜੰਮੂ ਨੂੰ ਆਰਥਿਕ ਤਰੱਕੀ ਵੀ ਦਿੰਦਾ ਸੀ। ਹੁਣ ਜੰਮੂ-ਕਸ਼ਮੀਰ ਇੱਕ ਯੂਨੀਅਨ ਟੈਰੀਟਰੀ ਬਣ ਗਿਆ ਹੈ। ਇਸ ਲਈ ਜੰਮੂ ਦਾ ਭਵਿੱਖ ਵੀ ਅਨਿਸ਼ਚਿਤ ਹੋ ਗਿਆ ਹੈ। ਧਾਰਾ 370 ਟੁੱਟਣ 'ਤੇ ਕੱਛਾਂ ਵਜਾਉਣ ਵਾਲੇ ਡੋਗਰੇ ਹੁਣ ਢਿੱਡ ਵਿੱਚ ਘਸੁੰਨ ਦੇ ਕੇ ਰੋ ਰਹੇ ਹਨ।
          ਭਾਰਤ ਵਲੋਂ ਅੰਤਰਰਾਸ਼ਟਰੀ ਦਬਾਅ ਤੋਂ ਬਚਣ ਲਈ ਦਾਅਵੇ ਕੀਤੇ ਜਾ ਰਹੇ ਹਨ ਕਿ ਵਾਦੀ- ਕਸ਼ਮੀਰ ਵਿੱਚ ਜ਼ਿੰਦਗੀ ਆਮ ਵਾਂਗ ਹੋ ਗਈ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇਸ਼ ਵੇਲੇ ਕਸ਼ਮੀਰ ਵਾਦੀ ਦੇ ਲੋਕਾਂ ਵਿੱਚ ਪਸਰੀ ਮੌਤ ਵਰਗੀ ਚੁੱਪ, ਭਾਰਤੀ ਹਾਕਮਾਂ ਨੂੰ ਖੌਫਜ਼ਦਾ ਕਰ ਰਹੀ ਹੈ ਕਿਉਂਕਿ ਲੋਕ ਬਿਲਕੁਲ ਰਿਐਕਟ ਨਹੀਂ ਕਰ ਰਹੇ। ਸਰਕਾਰ ਚਾਹੁੰਦੀ ਹੈ ਕਿ ਲੋਕ 'ਹਿੰਸਕ' ਹੋਣ ਅਤੇ ਇਸ ਤਰ੍ਹਾਂ ਫੌਜ ਨੂੰ ਉਨ੍ਹਾਂ ਦੀ ਅੱਗੋਂ ਨਸਲਕੁਸ਼ੀ ਕਰਨ ਦਾ ਮੌਕਾ ਮਿਲੇ ਪਰ ਕਸ਼ਮੀਰੀ ਆਪਣੇ ਰੋਹ ਨੂੰ ਅੰਦਰ ਦਬਾ ਕੇ ਬੈਠੇ, ਠੀਕ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਸ਼ਮੀਰੀਆਂ ਦੀ ਚੁੱਪੀ ਤੂਫਾਨ ਆਉਣ ਤੋਂ ਪਹਿਲਾਂ ਸਮੁੰਦਰ ਦੇ ਸ਼ਾਂਤ ਹੋ ਜਾਣ ਵਾਂਗ ਹੈ।

© 2011 | All rights reserved | Terms & Conditions