ਕੌਮੀ ਅਕਸ ਨੂੰ ਢਾਹ ਲਾਉਣ ਵਾਲਿਆਂ ਨੂੰ ਪਛਾੜੀਏ : Dr. Amarjit Singh washington D.C
Submitted by Administrator
Saturday, 2 November, 2019- 12:44 am
ਕੌਮੀ ਅਕਸ ਨੂੰ ਢਾਹ ਲਾਉਣ ਵਾਲਿਆਂ ਨੂੰ ਪਛਾੜੀਏ :  Dr. Amarjit Singh washington D.C


         ਰੋਜ਼ਾਨਾ ਕਿਸੇ ਨਾ ਕਿਸੇ ਪਾਸਿਓਂ ਨੌਜਵਾਨਾਂ ਦੇ ਲੜਨ-ਭਿੜਨ ਜਾਂ ਹੋਛੇ ਕੰਮ ਕਰਦਿਆਂ ਦੀਆਂ ਵੀਡੀਓਜ਼ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਸਾਡੀ ਨੌਜਵਾਨੀ ਦਿਸ਼ਾਹੀਣ ਹੋ ਚੁੱਕੀ ਹੈ। ਕੋਈ ਵਿਚਾਰਧਾਰਾ ਨਹੀਂ, ਕੋਈ ਸੋਚ ਨਹੀਂ, ਬੱਸ ਹੁੱਲੜਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਏ ਹਨ। ਸਾਰੇ ਨੌਜਵਾਨ ਅਜਿਹੇ ਨਹੀਂ ਪਰ ਇਹ ਥੋੜੇ ਆਪਣੀਆਂ ਹਰਕਤਾਂ ਕਾਰਨ ਬਹੁਤਿਆਂ 'ਤੇ ਭਾਰੂ ਪੈ ਰਹੇ ਹਨ। ਜੋ ਅਕਸ ਇਹ ਸਿਰਜ ਰਹੇ ਹਨ, ਉਸ ਨਾਲ ਉਨ੍ਹਾਂ ਬਹੁਤਿਆਂ ਨੌਜਵਾਨਾਂ ਦਾ ਵੀ ਨੁਕਸਾਨ ਹੋ ਰਿਹਾ, ਜੋ ਕਿ ਅਜਿਹੀਆਂ ਹਰਕਤਾਂ ਬਿਲਕੁਲ ਨਹੀਂ ਕਰਦੇ, ਆਪਣੀ ਪੜ੍ਹਾਈ ਅਤੇ ਕੰਮ 'ਚ ਮਸਤ ਹਨ।
         ਇਸ ਸਭ ਪਿੱਛੇ ਸਾਡਾ ਧਰਮ ਤੋਂ ਦੂਰ ਹੋਣਾ, ਪਰਿਵਾਰ ਵਲੋਂ ਚੰਗੀ ਪਾਲਣਾ ਨਾ ਹੋਣਾ, ਸਮਾਜ ਦਾ ਨਿਘਾਰ ਅਤੇ ਨੌਜਵਾਨੀ 'ਤੇ ਭਾਰੂ ਪੈ ਰਿਹਾ ਮਾੜਾ ਸੰਗੀਤ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਸਾਡੇ ਨੌਜਵਾਨ ਆਪਣੇ ਧਾਰਮਿਕ ਅਤੇ ਸਮਾਜਿਕ ਨਾਇਕਾਂ ਬਾਰੇ ਜਾਨਣ ਜਾਂ ਉਨ੍ਹਾਂ ਦੇ ਕੀਤੇ ਤੋਂ ਸੇਧ ਲੈਣ ਦੀ ਬਜਾਇ ਉਨ੍ਹਾਂ ਫੁਕਰੇ ਗਾਇਕਾਂ ਨੂੰ ਰੋਲ ਮਾਡਲ ਸਮਝ ਰਹੇ ਹਨ, ਜੋ ਖੁਦ ਅਫਰੀਕਨ-ਅਮਰੀਕਨ ਰੈਪਰਾਂ/ਗਾਇਕਾਂ ਦੀ ਨਕਲ ਕਰਦੇ ਹਨ।
          ਬਹੁਤ ਸਾਰੇ ਅਫਰੀਕਨ-ਅਮਰੀਕਨ ਰੈਪਰ/ਗਾਇਕ ਗਰੀਬੀ 'ਚ ਪਲ਼ੇ ਜਾਂ ਅਨਾਥ ਬਣ ਗਏ, ਉਹ ਆਪਣਾ ਉਹ ਦਰਦ ਤੇ ਜੋ ਜੋ ਉਨ੍ਹਾਂ ਝੱਲਿਆ, ਉਸ ਬਾਰੇ ਗਾਉਂਦੇ ਹਨ ਪਰ ਸਾਡੇ ਇਹ ਫੁਕਰੇ ਗਾਇਕ ਚੰਗੇ ਘਰਾਂ 'ਚ ਪਲ਼ ਕੇ, ਵਧੀਆ ਪਰਿਵਾਰਾਂ 'ਚ ਰਹਿ ਕੇ ਉਨ੍ਹਾਂ ਵਾਲੀਆਂ ਫੀਲਿੰਗਾਂ ਨਾਲੇ ਆਪ ਲੈਂਦੇ ਹਨ ਤੇ ਨਾਲੇ ਹੋਰਾਂ ਨੂੰ ਦਿਵਾਈ ਜਾਂਦੇ ਹਨ, ਜੋ ਇੱਕ ਨਸ਼ੇ ਵਾਂਗ ਜਵਾਨੀ ਨੂੰ ਘੁਣ ਦੀ ਤਰ੍ਹਾਂ ਖਾ ਰਿਹਾ ਹੈ। ਇਹ ਕਿਸੇ ਕੌਮ ਦੀ ਜਵਾਨੀ ਨੂੰ ਸੁਸਤ ਮੌਤ ਦੇਣ ਦੇ ਤੁੱਲ ਹੈ। ਕਿਸੇ ਕੌਮ ਦੀ ਜਵਾਨੀ ਦੇ ਮੂੰਹ 'ਤੇ ਗੀਤ ਕਿਹੋ ਜਿਹੇ ਨੇ, ਇਹ ਉਸ ਕੌਮ ਦੀ ਹੋਣੀ ਅਤੇ ਭਵਿੱਖ ਤੈਅ ਕਰਦੇ ਹਨ ਤੇ ਸਾਡੀ ਜਵਾਨੀ ਦੇ ਮੂੰਹ 'ਤੇ ਜੋ ਗੀਤ ਹਨ, ਉਹ ਵਿਨਾਸ਼ ਦੀ ਨਿਸ਼ਾਨੀ ਹਨ।
          ਕੱਪੜੇ ਪਹਿਨਣ, ਵਾਲ ਕਟਾਉਣ, ਤੁਰਨ, ਵਿਚਰਨ ਦੇ ਢੰਗ ਤੋਂ ਉਨ੍ਹਾਂ ਦੀ ਨਕਲ ਕਰਦੇ ਹਨ। ਜੇ ਉਨ੍ਹਾਂ ਦੀ ਹੀ ਨਕਲ ਕਰਨੀ ਹੈ ਤਾਂ ਮਾਰਟਿਨ ਲੂਥਰ ਕਿੰਗ ਦੀ ਕਰੋ, ਬਰਾਕ ਓਬਾਮਾ ਦੀ ਕਰੋ, ਮਾਈਕਲ ਜੌਰਡਨ ਦੀ ਜਾਂ ਓਪਰਾ ਵਿਨਫਰੀ ਦੀ ਕਰ ਲਓ।
         ਅਸੀਂ ਅਜਿਹੀ ਅਲਗਰਜ਼ੀ ਕਰਕੇ ਪਹਿਲਾਂ ਪੰਜਾਬ ਦਾ ਪਾਣੀ ਗਵਾਇਆ ਤੇ ਫਿਰ ਪੰਜਾਬ ਦੀ ਜਵਾਨੀ ਨਸ਼ਿਆਂ ਮੂੰਹ ਪਵਾਈ ਤੇ ਹੁਣ ਸਾਡਾ ਦੁਨੀਆਂ ਭਰ 'ਚ ਬਣਿਆ ਅਕਸ ਦਾਅ 'ਤੇ ਹੈ। ਸਾਡਾ ਜੋ ਅਕਸ ਰਵੀ ਸਿੰਘ, ਜਗਮੀਤ ਸਿੰਘ, ਹਰਜੀਤ ਸਿੰਘ ਸੱਜਣ, ਤਨਮਨਜੀਤ ਸਿੰਘ ਢੇਸੀ ਜਾਂ ਪੰਜਾਬ ਵਿਚਲੇ ਚੰਗੇ ਖਿਡਾਰੀ/ਲੇਖਕ/ਗਾਇਕ/ਕਵੀ ਘੜ੍ਹ ਰਹੇ ਹਨ, ਉਸਨੂੰ ਚੰਦ ਕੁ ਗਾਇਕ ਪੁੱਠਾ ਗੇੜਾ ਦੇ ਕੇ ਤਬਾਹ ਕਰਨ ਦੀ ਕੋਸ਼ਿਸ਼ ਵਿੱਚ ਹਨ ਤੇ ਅਸੀਂ ਚੁੱਪ ਚਾਪ ਤਮਾਸ਼ਾ ਦੇਖ ਰਹੇ ਹਾਂ ਜਾਂ ਹਾਂਡੀ ਵਾਂਗ ਆਪਣੇ ਕੰਢੇ ਸਾੜ ਕੇ ਦੁਖੀ ਹੋ ਰਹੇ ਹਾਂ। ਜਦਕਿ ਲੋੜ ਹੈ ਕਿ ਹੁਣ ਸਮੂਹਿਕ ਤੌਰ 'ਤੇ ਇਸ ਬਾਰੇ ਆਵਾਜ਼ ਚੁੱਕੀ ਜਾਵੇ।
          ਕੌਮ ਦੇ ਨੌਜਵਾਨੋ! ਗਾਣਿਆਂ 'ਚ ਇਹ ਲੜਾਈਆਂ ਮਹਿਜ਼ ਦ੍ਰਿਸ਼ ਹੁੰਦੇ ਹਨ ਪਰ ਅਸਲ 'ਚ ਕੀਤੀਆਂ ਇਹ ਲੜਾਈਆਂ ਪੈਸੇ ਦਾ ਉਜਾੜਾ, ਭਵਿੱਖ ਖਰਾਬ ਕਰਦੀਆਂ ਹਨ ਤੇ ਮਨ ਦਾ ਚੈਨ ਸਦਾ ਲਈ ਖੋਹ ਲੈਂਦੀਆਂ ਹਨ। ਡਿਪੋਰਟੇਸ਼ਨਾਂ ਲਗਦੀਆਂ ਤੇ ਫਿਰ ਨਾਲ ਨਾ ਤਾਂ ਜੁੰਡੀ ਦੇ ਯਾਰਾਂ ਨੇ ਖੜ੍ਹਨਾ ਤੇ ਨਾ ਇਨ੍ਹਾਂ ਗਾਉਣ ਵਾਲਿਆਂ ਨੇ।
          ਕੈਨੇਡਾ ਸਰਕਾਰ ਪੜ੍ਹਾਈ ਲਈ ਆਏ ਵਿਦਿਆਰਥਿਆਂ ਨੂੰ ਪੱਕੇ ਕਰਨ ਲਈ ਕਨੂੰਨ ਦਿਨ ਬ ਦਿਨ ਸਖਤ ਕਰ ਰਹੀ ਹੈ। ਤੁਸੀਂ ਪੱਕੇ ਤਾਂ ਹੀ ਹੋ ਸਕਣਾ, ਜੇਕਰ ਬਹੁਤ ਮਿਹਨਤ ਨਾਲ ਪੜ੍ਹੋਂਗੇ। ਤੁਹਾਡੇ ਘਰਦਿਆਂ ਨੇ ਆਪਣੇ ਸੁਪਨੇ ਵੇਚ ਕੇ ਤੁਹਾਡੇ ਸੁਪਨੇ ਪੂਰੇ ਕਰਨ ਲਈ ਜ਼ਫਰ ਜਾਲ਼ੇ ਹਨ, ਉਨ੍ਹਾਂ ਮਾਪਿਆਂ ਦੀਆਂ ਆਸਾਂ ਟੁੱਟਣ ਨਾ ਦਿਓ, ਸਿਆਣੇ ਬਣੋ।
          ਜਦ ਕੁਝ ਹੋਰ ਸਮੇਂ ਤੱਕ ਇਸੇ ਕੈਨੇਡਾ ਸਰਕਾਰ ਨੇ ਵਿਅਰਥ ਸਮਾਂ ਟਪਾਉਣ ਵਾਲਿਆਂ ਨੂੰ ਡਿਪੋਰਟ ਕਰਨਾ ਸ਼ੁਰੂ ਕਰਨਾ ਤਾਂ ਫਿਰ ਤੁਹਾਨੂੰ ਬਹੁਤ ਦੁੱਖ ਲੱਗਣਾ, ਪਰ ਫਿਰ ਲੰਘਿਆ ਸਮਾਂ ਵਾਪਸ ਨੀ ਆਉਣਾ। ਅਸਟਰੇਲੀਆ 'ਚ ਅਜਿਹਾ ਹੋ ਚੁੱਕਾ ਤੇ ਕੈਨੇਡਾ 'ਚ ਅਜਿਹਾ ਹੋਣ ਜਾ ਰਿਹਾ, ਇਹ ਗੱਲ ਪੱਥਰ 'ਤੇ ਲਕੀਰ ਸਮਝੋ। ਹਾਲੇ ਵੀ ਉਹ ਕਰਨ ਲੱਗ ਪਵੋ, ਜੋ ਕਰਨ ਲਈ ਤੁਹਾਡੇ ਮਾਪਿਆਂ ਨੇ ਤੁਹਾਨੂੰ ਇੱਥੇ ਭੇਜਿਆ ਹੈ। ਇੱਕ ਵਾਰ ਦੀ ਠੋਕਰ ਲੱਗੀ ਮੁੜ ਸਾਰੀ ਊਮਰ ਸੁਰਤ ਨਹੀਂ ਸੰਭਾਲੀ ਜਾਣੀ, ਕਿਉਂਕਿ ਬਹੁਤੇ ਮਾਪਿਆਂ ਨੇ ਪਿੱਛਾ ਸਾਫ ਕਰਕੇ ਤੁਹਾਡੇ 'ਤੇ ਐਡਾ ਵੱਡਾ ਰਿਸਕ ਲਿਆ ਹੈ ਕਿ ਬੱਚਾ ਸੈੱਟ ਹੋ ਜਊ, ਪੈਸੇ ਫਿਰ ਬਣ ਜਾਣਗੇ।
ਇੱਕ ਪਾਸੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਪਰ ਅਸੀਂ ਉਨ੍ਹਾਂ ਵਲੋਂ ਦਿੱਤੇ ਸੰਦੇਸ਼ ਤੋਂ ਕੋਹਾਂ ਦੂਰ ਚਲੇ ਗਏ ਹਾਂ। ਨਾ ਆਪ ਸੁਧਰ ਰਹੇ ਹਾਂ ਤੇ ਨਾ ਕੋਲ ਵਿਗੜ ਰਹੇ ਨੂੰ ਰੋਕਣ-ਟੋਕਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਾਰੇ ਰਲ਼ ਕੇ ਇਸ ਸਮਾਜਿਕ ਬੁਰਾਈ ਖਿਲਾਫ ਹੀ ਨਿੱਤਰ ਪਈਏ ਤਾਂ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਸਫਲ ਕਰ ਸਕਦੇ ਹਾਂ।
          ਇਹ ਇੱਕ ਸਮਾਜਿਕ ਲੜਾਈ ਹੈ, ਜੋ ਹਰ ਪਲ, ਹਰ ਥਾਂ ਹਰੇਕ ਵਲੋਂ ਲੜੀ ਜਾ ਸਕਦੀ ਹੈ, ਕਿਸੇ ਅਗਵਾਈ ਜਾਂ ਸਾਥ ਦੀ ਲੋੜ ਨਹੀਂ। ਜੋ ਸਮਝਣਾ ਚਾਹੁੰਦਾ, ਓਹਨੂੰ ਸਮਝਾ ਦਓ, ਜਿਹਨੂੰ ਟੋਕਣਾ ਬਣਦਾ, ਓਹਨੂੰ ਟੋਕ ਦਿਓ, ਜਿਹਨੂੰਰੋਕਣਾ ਬਣਦਾ ਓਹਨੂੰ ਰੋਕੋ।
          ਆਓ! ਸਾਰੇ ਆਪਣੇ ਫਰਜ਼ ਪਛਾਣੀਏ ਤੇ ਕੌਮੀ ਅਕਸ ਨੂੰ ਢਾਹ ਲਾਉਣ ਵਾਲਿਆਂ ਨੂੰ ਪਛਾੜੀਏ।

© 2011 | All rights reserved | Terms & Conditions