ਕਰਤਾਰਪੁਰ ਸਾਹਿਬ ਦਾ ਲਾਂਘਾ ਬਨਾਮ ਰਾਜਨੀਤੀ : ਮਨਦੀਪ ਕੌਰ ਪੰਨੂ
Submitted by Administrator
Saturday, 2 November, 2019- 04:04 pm
ਕਰਤਾਰਪੁਰ ਸਾਹਿਬ ਦਾ ਲਾਂਘਾ ਬਨਾਮ ਰਾਜਨੀਤੀ : ਮਨਦੀਪ ਕੌਰ ਪੰਨੂ

ਕਰਤਾਰਪੁਰ ਸਾਹਿਬ ਦਾ ਲਾਂਘਾ ਬਨਾਮ ਰਾਜਨੀਤੀ

ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਸਥਾਨ ਤੇ ਗੁਰੂ ਸਾਹਿਬ ਨੇ ਆਪਣੀ ਜਿੰਦਗੀ ਦੇ ਆਖਰੀ ਸਾਲ ਬਿਤਾਏ ਤੇ ਖੇਤਾਂ ਵਿੱਚ ਹੱਥੀ ਕਿਰਤ ਕੀਤੀ।

ਪੰਜਾਬ ਦੀ ਵੰਡ ਤੋ ਬਾਅਦ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁੱਤ ਸਾਰੇ ਗੁਰੂਘਰ ਲਹਿੰਦੇ ਪੰਜਾਬ ਵਿੱਚ ਰਹਿ ਗਏ ਤੇ ਨਾਨਕ ਨਾਮ ਲੇਵਾ ਸਿੱਖ ਆਪਣੀ ਨਿਤਾ ਪਰਤੀ ਦੀ ਅਰਦਾਸ ਵਿੱਚ ਦਿਨ ਵਿੱਚ ਦੋ ਵਾਰ ਇਹਨਾਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਬੇਨਤੀ ਕਰਦਾ ਰਿਹਾ। ਹਰ ਇਕ ਸਿੱਖ ਦਾ ਮਨ ਗੁਰੂਘਰਾਂ ਦੇ ਦਰਸ਼ਨਾਂ ਲਈ ਲੋਚਦਾ ਰਹਿੰਦਾ। ਪੰਜਾਬੀ ਲਹਿਰ ਦੇ ਉਪਰਾਲੇ ਸਦਕਾ ਇਧਰ ਵਾਲੇ ਪੰਜਾਬ ਦੇ ਲੋਕ ਰਹਿੰਦੇ ਪੰਜਾਬ ਦੇ ਗੁਰੂਘਰਾਂ ਦੇ ਦਰਸ਼ਨਾਂ ਕਰਵਾਉਂਦੇ ਰਹਿੰਦੇ। ਜਿਹਨਾਂ ਵਿੱਚ ਮੁੱਖ ਤੌਰ ਤੇ ਨਾਸਿਰ ਢਿੱਲੋ ਤੇ ਲਵਲੀ ਸਿੰਘ ਹੁਣਾ ਦਾ ਨਾਮ ਵਰਨਣਯੋਗ ਹੈ।

ਮਰਹੂਮ ਕੁਲਦੀਪ ਸਿੰਘ ਵਡਾਲਾ ਹੁਣਾ ਨੇ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਚੜਦੇ ਪੰਜਾਬ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਰਹੀ ਹੈ। ਉਹ ਅਕਸਰ ਕਿਹਾ ਕਰਦੇ ਸੀ ਕਿ ਮੈਂ ਰਹਾਂ ਜਾਂ ਨਾ ਰਹਾ, ਇਹ ਲਾਂਘਾ ਜਰੂਰ ਖੁਲੇਗਾ। ਭਵਿੱਖ ਵਿੱਚ ਜਦੋ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚਲੇਗੀ ਤਾਂ ਮਹਿਰੂਮ ਕੁਲਦੀਪ ਸਿੰਘ ਵਡਾਲਾ ਹੁਰਾਂ ਵੱਲੋਂ ਕੀਤੀਆਂ ਹੋਈਆਂ ਅਰਦਾਸਾਂ ਦਾ ਜ਼ਿਕਰ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।ਅਕਾਲ ਪੁਰਖ ਦੇ ਸ਼ੁਕਰਾਨੇ ਤੋਂ ਬਾਅਦ ਵਡਾਲਾ ਸਾਹਿਬ ਹੁਰਾਂ ਦਾ ਬਹੁਤ-ਬਹੁਤ ਸ਼ੁਕਰਾਨਾ, ਇਹੋ ਜਿਹੀਆਂ ਰੂਹਾਂ ਧਰਤੀ ਤੇ ਵਾਰ-ਵਾਰ ਜਨਮ ਲੈਣ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਰਹਿਣ।

ਪਾਕਿਸਤਾਨ ਦੇ ਵਜੀਰੇ ਆਲਮ ਇਮਰਾਨ ਖਾਨ ਹੁਣਾ ਨੇ ਜਦੋ ਆਪਣੇ ਕਾਰਜਕਾਲ ਦੀ ਕਮਾਨ ਸੰਭਾਲੀ ਤਾਂ ਨਵਜੋਤ ਸਿੰਘ ਸਿੱਧੂ ਹੁਣਾ ਨੇ ਉਹਨਾਂ ਨੂੰ ਇਸ ਲਾਂਘੇ ਨੂੰ ਖੋਲਣ ਲਈ ਬੇਨਤੀ ਕੀਤੀ। ਉਸ ਸਮੇਂ ਵਿਰੋਧੀ ਧਿਰ ਤੇ ਸਿੱਧੂ ਦੀ ਆਪਣੀ ਪਾਰਟੀ ਵਾਲਿਆਂ ਸਿੱਧੂ ਤੇ ਵੰਨ-ਸੁਵੰਨੇ ਇਲਜਾਮ ਲਗਾਏ।

ਆਖਰਕਾਰ ਸੰਗਤਾਂ ਦੀਆਂ ਅਰਦਾਸਾਂ ਤੇ ਸਿੱਧੂ ਦੀ ਬੇਨਤੀ ਨੂੰ ਸਵੀਕਾਰ ਕਰਕੇ ਇਮਰਾਨ ਖਾਨ ਸਾਹਿਬ ਹੁਣਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਐਲਾਨ ਕੀਤਾ।

ਜਿਸ ਦਿਨ ਦਾ ਪਾਕਿਸਤਾਨ ਸਰਕਾਰ ਨੇ ਲਾਂਘਾ ਖੋਲਣ ਦਾ ਐਲਾਨ ਕੀਤਾ, ਉਸ ਦਿਨ ਤੋਂ ਹੀ ਅਖੌਤੀ ਦਰਦੀਆਂ, ਧਾਰਮਿਕ ਜਥੇਬੰਦੀਆਂ ਤੇ ਛੋਟੀ ਸੋਚ ਦੇ ਲੋਕਾਂ ਨੇ ਵੱਖ-ਵੱਖ ਤਰਾਂ ਦੇ ਇਲਜ਼ਾਮ ਲਾ ਕੇ ਇਸ ਲਾਂਘੇ ਨੂੰ ਬੰਦ ਕਰਾਉਣ ਦਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਇਹਨਾਂ ਇਲਜਾਮਾਂ ਵਿੱਚ ਇੱਕ ਸਭ ਤੋ ਵੱਧ ਤੂਲ ਫੜਨ ਵਾਲਾ ਮੁੱਦਾ ਹੈ 20 ਡਾਲਰਾਂ ਦਾ ਰੌਲਾ।
ਸ਼ੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਵਿੱਚ ਹਰ ਰੋਜ ਰੋਲ਼ਾ ਪੈ ਰਿਹਾ ਹੈ ਕਿ ਪਾਕਿਸਤਾਨ ਨੇ ਵੀਹ ਡਾਲਰ ਇਸ ਯਾਤਰਾ ਲਈ ਫੀਸ ਰੱਖੀ ਹੈ।

ਇਸ ਨੂੰ ਭਾਰਤ ਦੇ ਕੁੱਝ ਲੋਕ "ਜਜ਼ੀਆ" ਨਾਲ ਤੁਲਨਾ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਜਦੋ 20 ਡਾਲਰ ਖਰਚਣ ਦਾ ਕਿਸੇ ਸਿੱਖ ਨੂੰ ਇਤਰਾਜ ਨਹੀਂ ਤਾਂ ਵਿਹਲੀ ਜਨਤਾ ਕਿਉਂ ਚੀਕ ਰਹੀ ਹੈ। ਉਹਨਾਂ ਭਲੇਮਾਣਸਾਂ ਨੂੰ ਕੋਈ ਦੱਸ ਦਿਉ ਕਿ ਸਿੱਖ ਤਾਂ ਗੁਰੂ ਪਿੱਛੇ ਤਾਜਾਂ ਤੇ ਤਖਤਾਂ ਨੂੰ ਜੁੱਤੀ ਦੀ ਨੌਕ ਤੇ ਰੱਖਦਾ ਹੈ। ਗੁਰੂ ਨੂੰ ਪਿਆਰ ਕਰਨ ਵਾਲੇ ਤਾਂ ਆਪਣੇ ਗੁਰੂ ਤੋਂ ਆਪਣੀ ਸਾਰੀ ਉਮਰ ਦੀ ਜਮਾਂ-ਪੂੰਜੀ ਇਕ ਪਲ ਵਿੱਚ ਨਿਛਾਵਰ ਕਰ ਦਿੰਦਾ ਹੈ, ਜਿਸ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਜੀ ਤੇ ਦੀਵਾਨ ਟੋਡਰ ਮੱਲ ਜੀ ਦਾ ਨਾਮ ਜ਼ਿਕਰਯੋਗ ਹੈ। ਗੁਰੂ ਨੂੰ ਪਿਆਰ ਕਰਨ ਵਾਲੇ
ਤਾਂ ਆਪਾ-ਆਪ ਨਿਛਾਵਰ ਕਰਨ ਲੱਗੇ ਨਹੀਂ ਸੋਚਦੇ, ਜਿਸ ਵਿੱਚ ਪੀਰ ਬੁੱਧੂ ਸ਼ਾਹ ਜੀ,ਭਾਈ ਸੰਗਤ ਸਿੰਘ ਜੀ ਰੰਘਰੇਟੇ ਤੇ ਅਨੇਕਾਂ ਸ਼ਹੀਦਾਂ ਦੇ ਨਾਮ ਵਰਨਣਯੋਗ ਹਨ।

ਇਸ ਤੋ ਇਲਾਵਾ ਇਕ ਹੋਰ ਗੱਲ ਜੇਕਰ ਹੋਰ ਧਾਰਮਿਕ ਸਥਾਨਾਂ ਤੇ ਜਾਣ ਵੇਲੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਇੰਨੇ ਪੈਸੇ ਖਰਚ ਕਰਕੇ ਜਾ ਸਕਦੇ ਹਨ ਤਾਂ 20 ਡਾਲਰ ਤਾਂ ਕਿ 100 ਡਾਲਰ ਖਰਚਣ ਲੱਗੇ ਨਹੀਂ ਸੋਚਣਗੇ।

ਅਖੌਤੀ ਲੇਖਕ ਦਰਬਾਰ ਸਾਹਿਬ ਦੇ ਲੰਗਰ ਤੇ ਜੀ ਐਸ ਟੀ ਲਗਾਉਣ ਵੇਲੇ ਪਤਾ ਨਹੀਂ ਕਿਉ ਮੂੰਹ ਵਿੱਚ ਘੁੰਘਣੀਆਂ ਪਾ ਕੇ ਰਹਿ ਗਏ ਸਨ ਜਾਂ ਗੂੰਗੇ ਹੋ ਗਏ ਸਨ। ਇਹੋ ਜਿਹੇ ਲੋਕ ਅੱਡੀਆਂ ਚੁੱਕ ਕੇ ਸਿੱਖਾਂ ਨੂੰ ਇਹ ਸਮਝਾ ਰਹੇ ਹਨ ਕਿ ਪਾਕਿਸਤਾਨ ਤੁਹਾਨੂੰ ਲੁੱਟ ਰਿਹਾ ਹੈ। ਪਤਾ ਨਹੀਂ ਕਿੱਥੇ ਬੈਠ ਕੇ ਇਹੋ ਜਿਹੀਆਂ ਵਿਉਂਤਾਂ ਬਣਾਉਦੇ ਹਨ????

ਅਖੌਤੀ ਪੰਥ ਦਰਦੀ, ਲੀਡਰਾਂ ਤੇ ਲੇਖਕਾਂ ਨੂੰ ਬੇਨਤੀ ਹੈ ਕਿ ਹੋਰ ਬਹੁੱਤ ਮੁੱਦਿਆਂ ਵਿੱਚ ਤੁਸੀਂ ਪਾਕਿਸਤਾਨ ਸਰਕਾਰ ਦੀ ਨਿੰਦਿਆ ਕਰ ਲਿਉ। ਇਸ ਮਾਮਲੇ ਵਿੱਚ ਜਿੱਥੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ, ਉਹ ਦੇ ਵਿੱਚ ਰੋਟੀਆਂ ਸੇਕਣਾ ਤੇ ਸਿੱਖਾਂ ਨੂੰ ਭੁੱਖੇ-ਨੰਗੇ ਸਾਬਤ ਕਰਨਾ ਬੰਦ ਕਰੋ।

ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਉ ਅਸੀਂ ਸਾਰੇ ਇਸ ਸ਼ਤਾਬਦੀ ਦੇ ਪਵਿੱਤਰ ਮੌਕੇ ਇਸ ਸਮੇਂ ਦੇ ਗਵਾਹ ਬਣੀਏ
ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਈਏ। ਜਦੋਂ ਸੰਗਤਾਂ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਜਾਣਗੀਆਂ ਤਾਂ ਉਹ ਸ਼ਰਧਾ ਦੇ ਰੰਗ ਵਿੱਚ ਰੰਗੀਆਂ ਬਹੁੱਤ ਹੀ ਭਾਵੁਕ ਹੋਣਗੀਆਂ ਕਿਉਕਿ ਇੰਨੇ ਸਾਲਾਂ ਦੀ ਅਰਦਾਸਾਂ ਜੋ ਪੂਰੀਆਂ ਹੋ ਰਹੀਆਂ ਹਨ।
ਧੰਨਵਾਦ ਸਹਿਤ,
ਮਨਦੀਪ ਕੌਰ ਪੰਨੂ

© 2011 | All rights reserved | Terms & Conditions