''ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਅਹਿ।'' : Dr. Amarjit Singh washington D.C
Submitted by Administrator
Tuesday, 19 November, 2019- 12:56 pm
''ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਅਹਿ।'' :  Dr. Amarjit Singh washington D.C

        ਸਮੁੱਚਾ ਸਿੱਖ ਜਗਤ 12 ਨਵੰਬਰ (ਕੱਤਕ ਦੀ ਪੁੰਨਿਆ) ਨੂੰ, ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾ ਕੇ ਹਟਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ, ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਹਨ ਅਤੇ ਸਮੁੱਚੀ ਫਿਜ਼ਾ ਵਿੱਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨੀ ਗੂੰਜ ਰਹੀ ਹੈ। ਪਾਕਿਸਤਾਨ ਸਰਕਾਰ ਵਲੋਂ ਸੁਰੱਖਿਆ ਅਤੇ ਹੋਰ ਜ਼ਰੂਰਤਾਂ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ ਲੱਖਾਂ ਸ਼ਰਧਾਲੂਆਂ ਨੇ ਇਸ ਮਹਾਨ ਦਿਵਸ ਮੌਕੇ ਹਾਜ਼ਰੀਆਂ ਭਰੀਆਂ ਹਨ। ਵਿਦੇਸ਼ਾਂ 'ਚ ਥਾਂ-ਥਾਂ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਹੈ।
        ਗੁਰੂ ਨਾਨਕ ਪਾਤਸ਼ਾਹ ਵਲੋਂ ਜਗਤ ਵਿੱਚ ਪ੍ਰਗਟ ਕੀਤਾ 'ਨਿਰਮਲ ਪੰਥ' (ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ) ਅੱਜ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ (30 ਮਿਲੀਅਨ) ਹੈ ਅਤੇ ਗੁਰੂ ਨਾਨਕ ਦੀ ਉਮਤ (ਸਿੱਖ) ਦੁਨੀਆ ਦੇ ਹਰ ਕੋਨੇ ਵਿੱਚ ਨਿਵਾਸ ਕਰਦੀ ਹੈ। ਗੁਰੂ ਨਾਨਕ ਸਾਹਿਬ ਵਲੋਂ ਵੇਂਈ ਦੇ ਕੰਢੇ ਦਿੱਤਾ ਗਿਆ ਪਹਿਲਾ ਸੁਨੇਹਾ (ਸੈਰਮਨ), 'ਨਾ ਕੋ ਹਿੰਦੂ, ਨਾ ਮੁਸਲਮਾਨ', ਉਸ ਸਮੇਂ ਦੁਨੀਆ ਵਿੱਚ ਵਿਆਪਕ ਵੀਚਾਰਧਾਰਾਵਾਂ ਵਿੱਚ, ਇੱਕ 'ਨਿਵੇਕਲੇ ਅੰਦਾਜ਼' ਵਾਲਾ ਰੱਬੀ ਸੁਨੇਹਾ ਸੀ। ਇਨ੍ਹਾਂ ਦੋਹਾਂ ਧਰਮਾਂ ਦੇ ਆਗੂਆਂ (ਬ੍ਰਾਹਮਣਾਂ ਅਤੇ ਮੁਲਾਣਿਆਂ) ਨੇ, 'ਸੱਚ' ਨੂੰ ਪਾਸੇ ਕਰਕੇ, 'ਧਰਮ' ਨੂੰ ਆਪਣੇ ਹਲਵੇ-ਮਾਂਡੇ ਦਾ ਸਾਧਨ ਬਣਾਇਆ ਹੋਇਆ ਸੀ। ਭਾਈ ਗੁਰਦਾਸ ਸਥਿਤੀ ਬਿਆਨਦਿਆਂ ਕਹਿੰਦੇ ਹਨ -
'ਸੱਚ ਕਿਨਾਰੇ ਰਹਿ ਗਿਆ,
ਖਹਿ ਮਰਦੇ ਬਾਮਣ ਮੌਲਾਣੇ
ਸਿਰੋਂ ਨਾ ਮਿੱਟੇ ਆਵਣ ਜਾਣੇ।'
        ਸੱਚੀ ਜੀਵਨ ਜਾਂਚ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਪੰਥ ਵਿੱਚ ਸਰਵੋਤਮ ਦਰਜਾ ਦਿੰਦਿਆਂ ਫੁਰਮਾਇਆ -
'ਸਚਹੁੰ ਉਰੈ ਸਭ ਕੋ, ਉਪਰਿ ਸਚਿ ਅਚਾਰ।'
        ਰੱਬੀ ਨੂਰ ਨਾਲ ਜਲਵਾਗਰ, ਗੁਰੂ ਨਾਨਕ ਪਾਤਸ਼ਾਹ, ਭਾਈ ਮਰਦਾਨੇ ਸੰਗ, ਕੁਲ ਆਲਮ ਨੂੰ ਰੱਬੀ ਬਾਣੀ ਦਾ ਸੁਨੇਹਾ ਦੇਣ ਲਈ, ਚਾਰੋ ਦਿਸ਼ਾਵਾਂ (ਉੱਤਰ ਦੱਖਣ ਪੁੱਬ ਔਰ ਪਸਚਮ, ਜੈ ਜੈ ਕਾਰ ਜਪੰਤਨਰਾ) ਵੱਲ ਹਜ਼ਾਰਾਂ ਮੀਲਾਂ ਦਾ ਪੈਂਡਾ ਤਹਿ ਕਰਕੇ (ਪੰਜ ਉਦਾਸੀਆਂ) ਤਪਦੀ ਲੋਕਾਈ ਨੂੰ ਠਾਰਨ ਲਈ ਸਤਿ-ਕਰਤਾਰ ਦੀ ਗੂੰਜ-ਗੁੰਜਾਂਦਿਆਂ ਝੱਖੜਾਂ, ਹਨ੍ਹੇਰੀਆਂ, ਮਜ਼੍ਹਬੀ ਫਿਰਕੂਪੁਣਾ, ਸਭ ਔਕੜਾਂ ਦਾ ਟਾਕਰਾ ਕਰਦਿਆਂ ਜਗਤ-ਗੁਰੂ ਦੀ ਉਚਿਆਣ ਨੂੰ ਪ੍ਰਾਪਤ ਹੋਏ -
'ਜ਼ਾਹਰ ਪੀਰ, ਜਗਤ-ਗੁਰ ਬਾਬਾ'
'ਸਿੱਧ ਬੋਲਣ ਸੁਭ ਬਚਨ,
ਧੰਨ ਨਾਨਕ ਤੇਰੀ ਵਡੀ ਕਮਾਈ।'
         ਗੁਰੂ ਨਾਨਕ ਪਾਤਸ਼ਾਹ ਦੇ ਮੁਬਾਰਕ 550ਵੇਂ ਪ੍ਰਕਾਸ਼ ਦਿਵਸ ਮੌਕੇ ਅੱਜ ਗੁਰੂ ਨਾਨਕ ਪਾਤਸ਼ਾਹ ਦੇ 'ਉੱਤਮ ਪੰਥ' ਦੀ ਦਸ਼ਾ ਕੀ ਹੈ, ਇਸ 'ਤੇ ਵੀ ਵਿਚਾਰ ਕਰਨੀ ਬਣਦੀ ਹੈ। ਇਹ ਠੀਕ ਹੈ ਕਿ ਅਸੀਂ ਬੀਤੀਆਂ ਚਾਰ ਸਦੀਆਂ ਵਿੱਚ ਤਿੰਨ ਸ਼ਕਤੀਸ਼ਾਲੀ ਰਾਜਸੀ ਸ਼ਕਤੀਆਂ (ਮੁਗਲ, ਅਫਗਾਨ, ਅੰਗਰੇਜ਼ ਅਤੇ ਹਿੰਦੂਤਵੀ ਸਾਮਰਾਜ) ਨਾਲ ਟੱਕਰ ਲਈ ਹੈ ਅਤੇ ਇਨ੍ਹਾਂ ਜ਼ੁਲਮੀ ਸ਼ਕਤੀਆਂ ਦੇ ਸਿੱਖ ਕੌਮ ਦਾ ਸਰਵਨਾਸ਼ ਕਰਨ ਦੇ ਕੁਇਰਾਦਿਆਂ ਨੂੰ ਅਸਫਲ ਕੀਤਾ ਹੈ। ਪਰ ਕੀ ਜਿਹੜਾ ਰੋਲ, ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੀ ਜੋਤ ਨੌਂ ਪਾਤਸ਼ਾਹੀਆਂ ਨੇ 239 ਸਾਲ ਦੀ ਘਾਲਣਾ ਘਾਲ ਕੇ (1469 ਤੋਂ 1708 ਤੱਕ) ਸਾਡੇ ਜਿੰਮੇ ਲਾਇਆ ਸੀ, ਅਸੀਂ ਇਤਿਹਾਸ ਦੇ ਪੰਨਿਆਂ (ਭੂਤ ਅਤੇ ਵਰਤਮਾਨ) ਅਤੇ ਮਨੁੱਖੀ ਇਤਿਹਾਸ ਵਿੱਚ, ਉਹ ਰੋਲ ਅਦਾ ਕਰ ਸਕੇ ਹਾਂ?
         ਗੁਰੂ ਨਾਨਕ ਵਿਚਾਰਧਾਰਾ ਦਾ ਅੰਤਮ ਰੂਪ 'ਗੁਰੂ ਗ੍ਰੰਥ-ਗੁਰੂ ਪੰਥ' ਦੇ ਰੂਪ ਵਿੱਚ ਫਲੀਭੂਤ ਹੋਇਆ ਸੀ। ਸਮੁੱਚੀ ਰੂਹਾਨੀਅਤ ਦਾ ਸੋਮਾ, (ਪਾਤਸ਼ਾਹੀ) ਗੁਰੂ ਗ੍ਰੰਥ ਸਾਹਿਬ ਨੂੰ ਦਸਮੇਸ਼ ਪਿਤਾ ਨੇ ਚਵਰ-ਛਤਰ ਤਖਤ ਦਾ ਮਾਲਕ ਬਣਾਉਂਦਿਆਂ, 'ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ' ਦਾ ਆਦੇਸ਼ ਦਿੱਤਾ। ਗੁਰੂ ਜੋਤ ਦਾ ਸਰੀਰਕ ਜਾਮਾ ਸਤਿਗੁਰੂ ਨੇ ਪੰਜ ਕਕਾਰੀ ਅੰਮ੍ਰਿਤਧਾਰੀ ਖਾਲਸੇ ਵਿੱਚ ਜਲਵਾਗਰ ਕਰਦਿਆਂ ਫੁਰਮਾਇਆ -
'ਖਾਲਸਾ ਮੇਰੋ ਸਤਿਗੁਰ ਪੂਰਾ,
ਖਾਲਸਾ ਮੇਰੋ ਸਜਣ ਸੂਰਾ।'
        ਭਾਵ 'ਮੀਰੀ' ਦੀ ਪਾਤਸ਼ਾਹਤ ਖਾਲਸੇ ਨੂੰ ਬਖਸ਼ੀ। ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ, ਦੁਨੀਆ ਵਿੱਚ ਸੱਚ-ਹੱਕ-ਇਨਸਾਫ ਵਾਲਾ ਸਮਾਜ ਸਿਰਜਣ ਲਈ ਸਦਾ ਸੰਘਰਸ਼ਸ਼ੀਲ ਹੋਣ ਦਾ ਫੁਰਮਾਨ ਦਿੱਤਾ ਤਾਂ ਕਿ -
'ਸਾਧ ਸਮੂੰਹ ਪ੍ਰਸੰਨ ਫਿਰੈ ਜਗ
ਸ਼ਤ੍ਰ ਸਭੈ ਅਵਲੋਕਿ ਚਪੈਂਗੇ।'
        ਪਰ ਅੱਜ ਸਾਡੀ ਦਸ਼ਾ ਕੀ ਹੈ? ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਸੀ
'ਗੁਰ ਪੀਰ ਸਦਾਏ, ਮੰਗਣ ਜਾਏ
ਤਾਂ ਕੈ ਮੂਲ ਨਾ ਲਗੀਐ ਪਾਇ।
ਘਾਲਿ ਖਾਹਿ ਕਿਛ ਹਥੋਂ ਦੇਇ,
ਨਾਨਕ ਰਾਹ ਪਛਾਣਹਿ ਸੇਇ।'
          ਅੱਜ ਦੇ ਸਿੱਖਾਂ ਦੀ ਹਾਲਤ ਬਹੁਤ ਚਿੰਤਾਜਨਕ ਹੈ, ਖਾਸਕਰ ਭਾਰਤੀ ਨਕਸ਼ੇ 'ਚ ਕੈਦ ਸਿੱਖਾਂ ਦੀ। ਗੁਰੂ ਕੇ ਪਿਆਰੇ ਸਿੱਖ, ਕਦੇ ਸੌਦਾ ਸਾਧ ਅਤੇ ਕਦੇ ਨੂਰਮਹਿਲੀਆਂ ਦੀ ਗੁੰਡਾਗਰਦੀ ਦੀ ਮਾਰ ਝੱਲ ਰਹੇ ਹਨ। ਅਕਾਲੀ ਲੀਡਰਸ਼ਿਪ ਨੂੰ (ਸਮੇਤ ਧਾਰਮਿਕ ਜਥੇਦਾਰਾਂ ਦੇ) ਇਹ ਭੁੱਲ ਗਿਆ ਹੈ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਨ ਨਾ ਕਿ ਪ੍ਰਕਾਸ਼ ਸਿੰਘ ਬਾਦਲ ਦੇ। ਇਉਂ ਜਾਪਦਾ ਹੈ ਕਿ ਸਮੁੱਚਾ ਅਕਾਲੀ ਦਲ, ਬਾਦਲ ਦਾ ਸਿੱਖ ਹੈ ਅਤੇ ਅੱਗੋਂ ਬਾਦਲ ਆਰ. ਐਸ. ਐਸ. ਦਾ 'ਸਿੱਖ' ਹੈ।
         ਪੰਜਾਬ ਵਿੱਚ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਹੋ ਰਹੇ ਹਨ, ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਹੋ ਰਹੀ ਹੈ, ਪੰਥ ਦਰਦੀਆਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਗੁਰੂ ਨਾਨਕ ਦਾ ਪੰਥ 'ਖਾਮੋਸ਼ੀ' ਨਾਲ ਸਭ ਕੁਝ ਸਹਿ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਅੱਗਾਂ ਲੱਗੇ, ਮਾਸਪੁਰੀ ਬਣੇ, ਏਮਨਾਬਾਦ ਸ਼ਹਿਰ ਵਿੱਚ ਖਲੋ ਕੇ ਬਾਬਰ ਨੂੰ ਜਾਬਰ ਕਹਿੰਦਿਆਂ ਫੁਰਮਾਇਆ ਸੀ -
'ਸਚਿ ਕੀ ਬਾਣੀ ਨਾਨਕ ਆਖੈ,
ਸਚਿ ਸੁਣਾਇਸੀ ਸਚਿ ਕੀ ਬੇਲਾ'
         ਸਾਡਾ ਕਿਹੜੇ ਪਾਸਿਓਂ 'ਸਿੱਖੀ' ਵਾਲਾ ਕਿਰਦਾਰ ਰਹਿ ਗਿਆ ਹੈ?
         ਗੁਰੂ ਨਾਨਕ ਪਾਤਸ਼ਾਹ ਨੇ ਆਹਾਰ, ਪਹਿਰਾਵੇ, ਬੋਲੀ ਦੇ ਅਧਾਰ 'ਤੇ ਲੋਕਾਈ ਵਿੱਚ 'ਗੁਲਾਮ ਪ੍ਰਵਿਰਤੀ' ਦੇ ਵਰਤਾਰੇ ਦੀ ਗੱਲ ਕੀਤੀ ਸੀ। ਅੱਜ ਗੁਰੂ ਨਾਨਕ ਦੀ ਕੌਮ, ਹਿੰਦੂ ਸੱਭਿਆਚਾਰ, ਸਰਕਾਰ ਦੀ ਗੁਲਾਮੀ ਵਿੱਚ ਡੱਕੇ ਡੋਲੇ ਖਾਂਦੀ ਆਪਣੀ ਵੱਖਰੀ ਪਛਾਣ, ਆਜ਼ਾਦ ਪਰਵਾਜ਼ ਅਤੇ ਪਰਉਪਕਾਰੀ ਖਾਸੇ ਤੋਂ ਮਹਿਰੂਮ ਹੁੰਦੀ ਜਾ ਰਹੀ ਹੈ। ਸਾਡੀਆਂ ਬਹੁਤ ਸਾਰੀਆਂ ਸ਼ਰਧਾ ਭਰਪੂਰ ਕਾਰਵਾਈਆਂ ਵੀ ਮਹਿਜ਼ 'ਰਸਮੀਂ' ਹੀ ਬਣ ਗਈਆਂ ਹਨ, ਤੱਤਸਾਰ ਗਾਇਬ ਹੈ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਗੁਰਸਿੱਖੀ ਜੀਵਨ ਜਾਂਚ ਨੂੰ ਸਮਰਪਿਤ ਹੋਣ ਦਾ ਪ੍ਰਣ ਕਰੀਏ। ਪ੍ਰੋ. ਪੂਰਨ ਸਿੰਘ ਨੇ, ਸਿੱਖ ਕੌਮ ਨੂੰ ਬਿਆਨਦਿਆਂ ਕਿਹਾ ਸੀ -
'ਧੁਰ ਥੀਂ ਅਜ਼ਾਦ, ਇਹ ਸਤਿਗੁਰ ਦੇ ਬੰਦੇ'
          ਭਾਈ ਰਤਨ ਸਿੰਘ ਭੰਗੂ (ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ) ਨੇ, ਸਿੱਖ ਕੌਮ ਨੂੰ ਧੁਰੋਂ ਮਿਲੀ ਅਜ਼ਾਦ ਪਾਤਸ਼ਾਹੀ ਦਾ ਜ਼ਿਕਰ ਕਰਦਿਆਂ, ਅੰਗਰੇਜ਼ ਕੈਪਟਨ ਮਰੇ ਨੂੰ ਕਿਹਾ ਸੀ -
'ਹਮ ਪਾਤਸ਼ਾਹੀ ਸਤਿਗੁਰ ਦਈ,
ਹੰਨੇ ਹੰਨੇ ਲਾਇ।
ਜਿਹ ਜਿਹ ਬਹੇਂ ਜਮੀਨ ਮਲ,
ਤਹਿ ਤਹਿ ਤਖਤ ਬਨਾਇ'
          ਧੁਰੋਂ ਦਰਗਾਹੋਂ, ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਨਾਲ 'ਬਾਦਸ਼ਾਹਤ' ਮਾਨਣ ਵਾਲੀ ਕੌਮ, ਕਦੋਂ ਤੱਕ ਹਿੰਦੂਤਵੀਆਂ ਦੇ ਹੱਥੋਂ ਜ਼ਲੀਲ ਹੁੰਦੀ ਰਹੇਗੀ? ਗੁਲਾਮੀ ਦੇ ਸੰਗਲ ਕੱਟਣ ਲਈ ਸੰਘਰਸ਼ਸ਼ੀਲ ਹੋਈਏ। ਗੁਰਬਾਣੀ ਯਾਦ ਕਰਵਾ ਰਹੀ ਹੈ-
'ਆਪਣ ਹਥੀਂ ਆਪਣਾ,
ਆਪੇ ਹੀ ਕਾਜ ਸਵਾਰੀਐ।'

© 2011 | All rights reserved | Terms & Conditions